ShangaraSBhullar7ਜਿਨ੍ਹਾਂ ਦੇਸ਼ ਭਗਤਾਂ ਨੇ ਆਜ਼ਾਦੀ ਲਈ ਜੰਗ ਲੜੀ ਅਤੇ ਇੱਕ ਆਜ਼ਾਦ ਦੇਸ਼ ਦਾ ਸੁਪਨਾ ...
(29 ਅਗਸਤ 2019)

 

ਦੇਸ਼ ਦਾ 73ਵਾਂ ਆਜ਼ਾਦੀ ਦਿਵਸ ਬੜੇ ਚਾਅ, ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਹ ਮਨਾਇਆ ਵੀ ਜਾਣਾ ਚਾਹੀਦਾ ਸੀ। ਇਹ ਤਮਾਮ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ। ਇਸ ਲਈ ਦੇਸ਼ ਭਗਤਾਂ ਨੂੰ ਆਪਣੇ ਗਲੋਂ ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਅਨੇਕਾਂ ਕੁਰਬਾਨੀਆਂ ਕਰਨੀਆਂ ਪਈਆਂ, ਤਸੀਹੇ ਝੱਲਣੇ ਪਏ, ਘਰੋਂ ਬੇਘਰ ਹੋਣਾ ਪਿਆ, ਜ਼ਮੀਨਾਂ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ। ਇਸ ਤੋਂ ਵੀ ਵੱਧ ਅੰਗਰੇਜ਼ਾਂ ਨੇ ਦੇਸ਼ ਦੀ ਵੰਡ ਵੇਲੇ ਜੋ ਰੈਡਕਲਿਫ ਦੀ ਲਕੀਰ ਵਾਹੀ, ਉਸ ਹੈਂਸਿਆਰੀ ਨੇ ਘੱਟੋ ਘੱਟ ਦੱਸ ਲੱਖ ਲੋਕ ਮੌਤ ਦੇ ਮੂੰਹ ਵਿੱਚ ਧੱਕ ਦਿੱਤੇ ਅਤੇ ਦੋਹਾਂ ਪਾਸਿਆਂ ਤੋਂ ਉੱਜੜੇ ਲੋਕਾਂ ਦੀ ਜੋ ਆਮਦੋ ਰਾਫਤ ਹੋਈ ਉਸ ਦੇ ਜ਼ਖਮ ਅੱਜ ਸੱਤਰ ਬਹੱਤਰ ਸਾਲਾਂ ਪਿੱਛੋਂ ਵੀ ਤਰੋਤਾਜ਼ਾ ਹਨ। ਜਿਨ੍ਹਾਂ ਦੇ ਜੀਅ ਵਿੱਛੜ ਗਏ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਅਤੇ ਜੋ ਖੂਨ ਖਰਾਬਾ ਹੋਇਆ ਉਸ ਨਾਲ ਇਤਿਹਾਸ ਦੇ ਪੰਨੇ ਖੂਨ ਨਾਲ ਗੜੁੱਚ ਹੋਏ ਪਏ ਹਨ। ਇਹੋ ਜਿਹੇ ਔਖੇ ਹਾਲਾਤ ਵਿੱਚੋਂ ਲੰਘ ਕੇ ਜੇ ਅੱਜ ਆਜ਼ਾਦੀ ਮਿਲੀ ਤਾਂ ਸਾਫ਼ ਸਪਸ਼ਟ ਹੈ ਕਿ ਇਹ ਬੜੇ ਮਹਿੰਗੇ ਭਾਅ ਮਿਲੀ ਅਤੇ ਇਸ ਲਈ ਸਾਨੂੰ ਬੜੀ ਵੱਡੀ ਕੀਮਤ ਤਾਰਨੀ ਪਈ।

ਪਿਛਲੇ ਇੰਨੇ ਵਰ੍ਹਿਆਂ ਵਿੱਚ ਇਸ ਆਜ਼ਾਦ ਹੋਏ ਲੋਕਰਾਜੀ ਦੇਸ਼ ਨੂੰ ਅਨੇਕਾਂ ਸਰਕਾਰਾਂ ਨੇ ਚਲਾਇਆ ਹੈ। ਇਨ੍ਹਾਂ ਵਿੱਚ ਬਹੁਤਾ ਸਮਾਂ ਕਾਂਗਰਸ ਹੁਕਮਰਾਨ ਰਹੀ ਹੈ। ਮੋਟੇ ਤੌਰ ’ਤੇ ਲਗਭਗ ਸਾਢੇ ਪੰਜ ਦਹਾਕੇ ਇਕੱਲੀ ਕਾਂਗਰਸ ਨੇ ਹਕੂਮਤ ਕੀਤੀ ਹੈ ਅਤੇ ਬਾਕੀ ਦੇ ਵਰ੍ਹਿਆਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਨੇ। ਕੁਲ ਮਿਲਾ ਕੇ ਹੁਣ ਤਕ ਚਾਰ ਗੈਰ ਕਾਂਗਰਸੀ ਸਰਕਾਰਾਂ ਬਣੀਆਂ ਹਨ। ਪਹਿਲੀ ਜਨਤਾ ਸਰਕਾਰ, ਜੋ ਜਿੰਨੀ ਛੇਤੀ ਬਣੀ ਉੰਨੀ ਛੇਤੀ ਹੀ ਟੁੱਟ ਗਈ। ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਰਹੀ। ਦੋ ਹਜ਼ਾਰ ਚੌਦਾਂ ਤੋਂ ਲੈ ਕੇ ਹੁਣ ਤਕ ਮੋਦੀ ਦੀ ਸਰਕਾਰ। ਇਸ ਵੇਲੇ ਵੀ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਸਰਕਾਰ ਕੰਮ ਕਰ ਰਹੀ ਹੈ। ਬਿਨਾਂ ਸ਼ੱਕ ਇਨ੍ਹਾਂ ਸਾਰੀਆਂ ਸਰਕਾਰਾਂ ਨੇ ਆਪਣੀ ਯਥਾਸੰਭਵ ਸ਼ਕਤੀ ਅਤੇ ਸੋਚ ਮੁਤਾਬਿਕ ਵੱਖ ਵੱਖ ਪਹਿਲੂਆਂ ਤੋਂ ਦੇਸ਼ ਦਾ ਮੂੰਹ ਮੱਥਾ ਸੰਵਾਰਿਆ ਹੈ। ਪਿਛਲੇ ਸੱਤਰ੍ਹਾਂ ਵਰ੍ਹਿਆਂ ਵਿੱਚ ਬੜਾ ਫਰਕ ਪਿਆ ਹੈ। ਅਸੀਂ ਬਹੁਤ ਸਾਰੇ ਖੇਤਰਾਂ ਵਿੱਚ ਯਕੀਨਨ ਤਰੱਕੀ ਕੀਤੀ ਹੈ। ਲੱਗਦੇ ਹੱਥ ਬਹੁਤ ਸਾਰੇ ਖੇਤਰਾਂ ਵਿੱਚ ਬਹੁਤ ਪਿੱਛੇ ਵੀ ਰਹੇ ਹਾਂ। ਕਿਹਾ ਜਾ ਸਕਦਾ ਹੈ ਕਿ ਕਮਾਇਆ ਵੀ ਹੈ ਅਤੇ ਗੁਆਇਆ ਹੈ। ਕੌੜਾ ਸੱਚ ਇਹ ਕਿ ਖੱਟਿਆ ਘੱਟ ਹੈ ਗੁਆਇਆ ਵਧੇਰੇ ਹੈ।

ਇਸ ਵੇਲੇ ਚੂੰਕਿ ਮੁਲਕ ਵਿੱਚ ਨਰਿੰਦਰ ਮੋਦੀ ਦੀ ਦੂਜੀ ਸਰਕਾਰ ਹੈ ਅਤੇ ਇਹ ਉਨ੍ਹਾਂ ਨੇ ਲੋਕਾਂ ਨੂੰ ਇਹ ਕਹਿ ਕੇ ਬਣਾਈ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਵੱਖ ਵੱਖ ਖੇਤਰਾਂ ਵਿੱਚ ਜਿੰਨਾ ਕੰਮ ਕੀਤਾ, ਉੰਨਾ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਨੇ ਕੱਟੜ ਵਿਰੋਧੀ ਕਾਂਗਰਸ ਨੂੰ ਤਾਂ ਨਿੰਦਣਾ ਹੀ ਸੀ ਸਗੋਂ ਇਸ ਦੇਸ਼ ਵਿੱਚ ਬਣੀ ਪਹਿਲੀ ਭਾਜਪਾ ਮੁਖੀ ਵਾਜਪਾਈ ਸਰਕਾਰ ਨੂੰ ਵੀ ਨਹੀਂ ਬਖਸ਼ਿਆ। ਹਾਂ, ਉਨ੍ਹਾਂ ਨੇ ਖੁਦ ਪਿਛਲੇ ਵਰ੍ਹਿਆਂ ਵਿੱਚ ਇਸ ਦੇਸ਼ ਲਈ ਕੀ ਕੁਝ ਕੀਤਾ, ਇਸਦਾ ਜ਼ਿਕਰ ਤਾਂ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹੈ ਹੀ।

ਆਓ ਵੇਖੀਏ ਕਿ ਉਨ੍ਹਾਂ ਨੇ ਹਰ ਵਰ੍ਹੇ ਆਜ਼ਾਦੀ ਦਿਵਸ ’ਤੇ ਲਾਲ ਕਿਲੇ ਦੀ ਫਸੀਲ ਤੋਂ ਦੇਸ਼ਵਾਸੀਆਂ ਨਾਲ ਜਿਹੜੇ ਵਾਅਦੇ ਦਾਅਵੇ ਕੀਤੇ, ਉਨ੍ਹਾਂ ਨੂੰ ਕਿੰਨਾ ਕੁ ਅਮਲੀ ਰੂਪ ਦੇਣ/ਦਿਵਾਉਣ ਵਿੱਚ ਕਾਮਯਾਬ ਰਹੇ ਹਨ? ਇਹ ਕਹਿਣਾ ਕੁੱਥਾਂ ਨਹੀਂ ਹੋਵੇਗਾ ਕਿ ਉਨ੍ਹਾਂ ਕੋਲ ਨਵੇਂ ਵਿਚਾਰਾਂ, ਵਿਉਂਤਾਂ ਅਤੇ ਵਾਅਦਿਆਂ ਦਾ ਇੱਕ ਜਖ਼ੀਰਾ ਹੈ ਜਿਸ ਨਾਲ ਉਹ ਲੋਕਾਂ ਨੂੰ ਵੱਡੇ ਵੱਡੇ ਸਬਜ਼ਬਾਗ ਦਿਖਾ ਸਕਣ ਦੇ ਜਾਦੂਗਰ ਹਨ। ਹਾਂ, ਬਹੁਤੇ ਸਬਜ਼ਬਾਗ ਹਰਿਆਲੀ ਜਾਂ ਵਿਕਾਸ ਵਿੱਚ ਬਦਲਣ ਦੀ ਥਾਂ ਵੀਰਾਨੀ ਜਾਂ ਭੰਬਲਭੂਸੇ ਵਿੱਚ ਪਏ ਰਹੇ ਹਨਦੇਸ਼ਵਾਸੀਆਂ ਦਾ ਸੁਭਾਅ ਪਿਛਲੇ ਸੱਤਰ੍ਹਾਂ ਸਾਲਾਂ ਤੋਂ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦੇ ਫੋਕੇ ਲਾਰਿਆਂ, ਨਾਹਰਿਆਂ ਅਤੇ ਸਬਜ਼ਬਾਗ ਦਿਖਾਉਣ ਦੇ ਸੁਪਨਿਆਂ ਵਾਲਾ ਬਣ ਗਿਆ ਹੈ, ਜਿਸ ਤੋਂ ਲੋਕ ਤੁਰਤ ਪ੍ਰਭਾਵਤ ਹੋ ਜਾਂਦੇ ਹਨ। ਇਸ ਸਭ ਦੇ ਉਲਟ ਅੱਜ ਜੋ ਦੇਸ਼ ਵਿੱਚ ਚੁੱਪ ਜਾਂ ਖੌਫ ਦਾ ਮਾਹੌਲ ਹੈ, ਬੇਰੋਜ਼ਗਾਰੀ, ਮਹਿੰਗਾਈ ਲਗਾਤਾਰ ਵਧ ਰਹੀ ਹੈ, ਵਸੋਂ, ਅੱਤਵਾਦ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਪਾਕਿਸਤਾਨ ਨਾਲ ਚੰਗੇ ਸੰਬਧ ਨਾ ਬਣ ਸਕਣਾ, ਵਿੱਦਿਆ ਅਤੇ ਸਿਹਤ ਪ੍ਰਣਾਲੀ ਦਾ ਦਿਨੋ ਦਿਨ ਡਿਗਦਾ ਮਿਆਰ, ਲੋਕਰਾਜ ਦੇ ਚਾਰੇ ਥੰਮ੍ਹਾਂ ਦਾ ਢਹਿ ਢੇਰੀ ਹੋ ਜਾਣਾ, ਜੀਵਨ ਦੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਲੋਕ ਸੇਵਾ ਦੀ ਥਾਂ ਸਵੈ ਕੇਂਦਰਿਤ ਹੋਣਾ, ਸਿਆਸਤ ਨੂੰ ਕਮਾਈ ਦਾ ਜ਼ਰੀਆ ਬਣਾਉਣਾ ਅਤੇ ਸਭ ਤੋਂ ਵੱਧ ਅਮੀਰ ਅਤੇ ਗਰੀਬ ਦਾ ਵਧ ਰਿਹਾ ਪਾੜਾ ਦੇਸ਼ ਨੂੰ ਪਿਛਾਂਹ ਵੱਲ ਤੋਰ ਰਿਹਾ ਹੈ।

ਆਓ ਇਸ ਉੱਤੇ ਜ਼ਰਾ ਵਿਸਥਾਰ ਸਹਿਤ ਚਰਚਾ ਕਰੀਏਨਰਿੰਦਰ ਮੋਦੀ ਨੇ 2014 ਵਿੱਚ ਪਹਿਲੀ ਵਾਰ ਲਾਲ ਕਿਲੇ ਤੋਂ ਆਜ਼ਾਦੀ ਦਿਵਸ ਮੌਕੇ ਕੌਮ ਦੇ ਨਾਂ ਸੰਬੋਧਨ ਵਿੱਚ ਆਖਿਆ ਸੀ ਕਿ ਵਿਦੇਸ਼ਾਂ ਵਿੱਚ ਵੱਡੇ ਲੋਕਾਂ ਦਾ ਪਿਆ ਕਾਲਾ ਧਨ ਲਿਆ ਕੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਚਾੜ੍ਹਿਆ ਜਾਵੇਗਾ। ਉਨ੍ਹਾਂ ਤਾਂ ਇੱਕ ਮੁਨੀਮ ਵਾਂਗ ਇਹ ਅੰਕੜੇ ਵੀ ਜੜ੍ਹ ਦਿੱਤੇ ਸਨ ਕਿ ਇਹ ਕਾਲਾ ਧਨ ਇੰਨੀ ਮਾਤਰਾ ਵਿੱਚ ਹੈ ਕਿ ਹਰ ਭਾਰਤੀ ਦੇ ਹਿੱਸੇ 15-15 ਲੱਖ ਰੁਪਏ ਆਉਣਗੇ। ਉਹ ਵਾਅਦਾ ਕਿੱਥੇ ਹੈ? ਇਸਦਾ ਤਾਂ ਹੁਣ ਉਹ ਨਾਂ ਲੈਣਾ ਹੀ ਭੁੱਲ ਗਏ ਹਨ। ਉਨ੍ਹਾਂ ਨੇ ਇੱਕ ਹੋਰ ਵੱਡਾ ਵਾਅਦਾ ਇਹ ਕੀਤਾ ਸੀ ਕਿ ਹੁਣ ਭਾਰਤ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤਕ ਆਪਣਾ ਬਣੇਗਾ ਅਤੇ ਇਹੋ ਜਿਹਾ ਸਮਾਨ ਕਿਸੇ ਵੀ ਬਾਹਰਲੇ ਮੁਲਕ ਤੋਂ ਨਹੀਂ ਮੰਗਾਵਾਂਗੇ। ਸੱਚ ਪੁੱਛੋ ਤਾਂ ਮੈਂਨੂੰ ਉਨ੍ਹਾਂ ਦਾ ਇਹ ਵਾਅਦਾ ਇੱਕ ਅਸਲੀ ਦੇਸ ਭਗਤ ਵਾਲਾ ਲੱਗਾ ਸੀ। ਜਿਸ ਦੇਸ਼ ਕੋਲ ਆਪਣਾ ਹਰ ਤਰ੍ਹਾਂ ਦਾ ਛੋਟੇ ਤੋਂ ਲੈ ਕੇ ਵੱਡਾ ਉਤਪਾਦਨ ਹੈ, ਉਸ ਨੂੰ ਸਹੀ ਅਰਥਾਂ ਵਿੱਚ ਆਪਣੇ ਪੈਰਾਂ ਉੱਤੇ ਖੜ੍ਹਾ ਹੋਇਆ ਕਿਹਾ ਜਾ ਸਕਦਾ ਹੈ। ਇਸ ਨਾਲ ਹਰ ਹੱਥ ਨੂੰ ਕੰਮ ਮਿਲਦਾ ਹੈ ਅਤੇ ਮੂੰਹ ਨੂੰ ਰੋਟੀ। ਇਹ ਮਿਹਨਤ ਦਾ ਮੁਅੱਜ਼ਜ਼ਾ ਹੈ। ਮਿਹਨਤੀ, ਹਿੰਦੁਸਤਾਨੀਆਂ ਨਾਲ ਦਾ ਕੋਈ ਨਹੀਂ। ਹਾਂ, ਮੁਸ਼ਕਿਲ ਇਹ ਹੈ ਕਿ ਇਨ੍ਹਾਂ ਹੱਥਾਂ ਨੂੰ ਕੰਮ ਹੀ ਨਹੀਂ ਮਿਲਦਾ। ਇਸੇ ਲਈ ਦੇਸ਼ ਦੀ ਅਧੀ ਤੋਂ ਵਧ ਵਸੋਂ ਨੂੰ ਰੋਟੀ ਦੇ ਲਾਲੇ ਪਏ ਰਹਿੰਦੇ ਹਨ। ਪ੍ਰਧਾਨ ਮੰਤਰੀ ਦੇ ਇਸ ਵਾਅਦੇ ਨੂੰ ਜੇ ਦੇਖਿਆ ਜਾਵੇ ਤਾਂ ਪੰਜ ਸਾਲ ਤੋਂ ਵੱਧ ਹੋਣ ਵਾਲੇ ਹਨ। ਮੈਂਨੂੰ ਨਹੀਂ ਲਗਦਾ ਇਸ ਦਿਸ਼ਾ ਵਿੱਚ ਗੋਹੜੇ ਵਿੱਚੋਂ ਪੂਣੀ ਵੀ ਛੋਹੀ ਗਈ ਹੋਵੇ ਬਲਕਿ ਅਸੀਂ ਤਾਂ ਬਾਹਰਲੇ ਮੁਲਕੋਂ ਜਿਹੜੇ ਲੜਾਕੂ ਜਹਾਜ਼ ਖਰੀਦੇ ਹਨ ਉਨ੍ਹਾਂ ਵਿੱਚ ਆਪਣੇ ਲੋਕਾਂ ਦੀ ਦਲਾਲੀ ਕਰਕੇ ਦੁਨੀਆ ਭਰ ਵਿੱਚ ਬਦਨਾਮ ਹੋਏ ਪਏ ਹਾਂ।

ਇਸ ਦੇਸ਼ ਕੋਲ ਚੋਟੀ ਦੇ ਸਾਇੰਸਦਾਨ ਹਨ, ਇੰਜਨੀਅਰ ਹਨ, ਦਿਮਾਗੀ ਹੁਨਰ ਵਾਲੇ ਹੱਥ ਹਨ, ਸੂਝ ਬੂਝ ਹੈ ਫਿਰ ਵੀ ਸਾਡਾ ਬਹੁਤ ਸਾਰਾ ਕੀਮਤੀ ਸਰਮਾਇਆ ਬਾਹਰਲੇ ਮੁਲਕਾਂ ਤੋਂ ਲੋੜੀਂਦੇ ਹਥਿਆਰ ਅਤੇ ਵਸਤਾਂ ਲੈਣ ਉੱਤੇ ਹੀ ਖਰਚ ਹੋ ਜਾਂਦਾ ਹੈਇਸ ਖਰਚੇ ਨੂੰ ਠੱਲ੍ਹ ਪਾਉਣ ਵਾਲਾ ਮੋਦੀ ਦਾ ਇਹ ਨਾਅਰਾ ਬਹੁਤ ਦਰੁਸਤ ਸੀ। ਸਵਾਲਾਂ ਦਾ ਸਵਾਲ ਇਹ ਹੈ ਕਿ ਇਸਦਾ ਹੁਣ ਤਕ ਬਣਿਆ ਕੀ ਹੈ? ਜਵਾਬ ਹੈ ਕਿ ਨਾ ਤਾਂ ਕੁਝ ਬਣਿਆ ਹੈ ਅਤੇ ਨਾ ਹੀ ਸ਼ਾਇਦ ਨੇੜ ਭਵਿੱਖ ਵਿੱਚ ਬਣ ਸਕੇ, ਜਦੋਂ ਧਾਰਨਾ ਇਹ ਬਣੇ ਕਿ ਫੋਕੇ ਲਾਰਿਆਂ ਨਾਲ ਵੋਟ ਬੈਂਕ ਸਥਾਪਤ ਕਰੋ, ਸਰਕਾਰ ਬਣਾਓ, ਪੰਜ ਸਾਲ ਖੂਬ ਐਸ਼ ਕਰੋ, ਦੁਨੀਆ ਘੁੰਮੋ ਫਿਰੋ। ਇਸ ਵੇਲੇ ਦੇਸ਼ਵਾਸੀਆਂ ਨੂੰ ਭੁੱਲ ਜਾਓ। ਉਂਜ ਵੀ ਸਾਡੇ ਲੋਕਾਂ ਦੀ ਯਾਦਦਾਸ਼ਤ ਬੜੀ ਕਮਜ਼ੋਰ ਹੈ। ਇਹ ਤੁਰਤ ਨੇਤਾਵਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਹਨਾਂ ਦੀ ਸਰਕਾਰ ਵੀ ਬਣਾ ਦੇਂਦੇ ਹਨ। ਜਦੋਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਮੱਥੇ ਉੱਤੇ ਦੁਹੱਥੜਾਂ ਮਾਰ ਕੇ ਰੋਂਦੇ ਪਿੱਟਦੇ ਹਨ। ਇਹ ਨਵੀਂ ਗੱਲ ਨਹੀਂ। ਹਰ ਪੰਜ ਸਾਲ ਪਿੱਛੋਂ ਇਹੀਓ ਤਮਾਸ਼ਾ ਹੁੰਦਾ ਹੈ। ਹਾਂ, ਕਦੀ ਕਦੀ “ਉੱਤਰ ਕਾਟੋ ਮੈਂ ਚੜ੍ਹਾਂ” ਦੀ ਖੇਡ ਬਣ ਜਾਂਦੀ ਹੈ। ਨਵੀਂ ਧਿਰ ਦੇ ਆਪਣੇ ਦਾਈਏ ਹੁੰਦੇ ਹਨ, ਮਨਸੂਬੇ ਹੁੰਦੇ ਹਨ। ਉਨ੍ਹਾਂ ਦੀ ਪੂਰਤੀ ਹੀ ਉਨ੍ਹਾਂ ਦਾ ਧਰਮ ਹੈ, ਭਾਵੇਂ ਦੂਜਿਆਂ ਦਾ ਘਾਣ ਹੋ ਜਾਵੇ। ਅੱਜ ਇਸ ਦੇਸ਼ ਨੂੰ ਜਿਸ ਕਦਰ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਉਸ ਦੇ ਮੱਦੇਨਜ਼ਰ ਜਨਤਾ ਕੋਹਲੂ ਵਿੱਚ ਪੀੜ੍ਹੀ ਜਾ ਰਹੀ ਹੈ। ਨੇਤਾਵਾਂ ਨੂੰ ਕੋਈ ਲੱਥੀ ਚੜ੍ਹੀ ਨਹੀਂ। ਵੇਖਦਿਆਂ ਹੀ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਤੇ ਜਾਇਜ਼ ਨਾਜਾਇਜ਼ ਕੰਮ ਧੰਦੇ ਉਸਰਨ ਲੱਗਦੇ ਹਨ। ਯਾਦ ਆਉਂਦਾ ਹੈ ਜਿਨ੍ਹਾਂ ਦੇਸ਼ ਭਗਤਾਂ ਨੇ ਆਜ਼ਾਦੀ ਲਈ ਜੰਗ ਲੜੀ ਅਤੇ ਇੱਕ ਆਜ਼ਾਦ ਦੇਸ਼ ਦਾ ਸੁਪਨਾ ਲਿਆ, ਕੀ ਅੱਜ ਇਹ ਉਹੋ ਦੇਸ਼ ਹੈ ਜਿਸ ਵਿੱਚ ਮਹਿਜ਼ ਸੱਤਰ੍ਹਾਂ ਵਰ੍ਹਿਆਂ ਵਿੱਚ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਿਰੇ ਦਾ ਨਿਘਾਰ ਆ ਗਿਆ ਹੈ - ਬੇਸ਼ੱਕ ਆਪਣੇ ਚਾਰ ਚੁਫੇਰੇ ਨਜ਼ਰ ਮਾਰ ਕੇ ਦੇਖ ਲਓ। ਆਖਰ ਕੀ ਕਹੀਏ ਇਸ ਆਜ਼ਾਦੀ ਨੂੰ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1715)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author