“ਵਾਤਾਵਰਣ ਨੂੰ ਸੰਭਾਲੋ, ਪ੍ਰਦੂਸ਼ਣ ਨੂੰ ਘਟਾਉਣ ਵਿੱਚ ਯੋਗਦਾਨ ਪਾਓ, ਸੁੱਕੀ ਠੰਢ ...”
(20 ਨਵੰਬਰ 2026)
ਸਿਹਤ ਪੱਖੋਂ ਦੇਖਿਆ ਜਾਵੇ ਤਾਂ ਅਕਤੂਬਰ ਦਾ ਮਗਰਲਾ ਅੱਧ ਅਤੇ ਨਵੰਬਰ ਦਾ ਸਾਰਾ ਮਹੀਨਾ ਸਾਰੇ ਸਾਲ ਵਿੱਚੋਂ ਬਹੁਤ ਨਾਜ਼ਕ ਸਮਾਂ ਮੰਨਿਆ ਜਾਂਦਾ ਹੈ। ਬਾਕੀ ਸਾਢੇ ਦਸਾਂ ਮਹੀਨਿਆਂ ਐਨੀਆਂ ਕੁਦਰਤੀ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਇਸ ਡੇਢ ਮਹੀਨੇ ਵਿੱਚ ਹੋ ਜਾਂਦੀਆਂ ਹਨ। ਸਿਆਣੇ ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਲਈ ਤਾਂ ਇਹ ਹੋਰ ਵੀ ਖਤਰਨਾਕ ਹੈ। ਮੋਟੇ ਤੌਰ ’ਤੇ ਇਸਦੇ ਤਿੰਨ ਮੁੱਖ ਕਾਰਨ ਸਾਹਮਣੇ ਆਉਂਦੇ ਹਨ। ਇੱਕ, ਖਾਣ-ਪੀਣ; ਦੂਜਾ, ਪ੍ਰਦੂਸ਼ਣ; ਤੀਜਾ, ਮੌਸਮ।
ਖਾਣ-ਪੀਣ - ਖਾਣ-ਪੀਣ ਸਾਡਾ ਪਹਿਲਾਂ ਹੀ ਗਲਤ ਹੋ ਚੁੱਕਾ ਹੈ। ਉੱਪਰੋਂ ਨਵੰਬਰ ਮਹੀਨੇ ਵਿੱਚ ਵਿਆਹ-ਸ਼ਾਦੀਆਂ ਅਤੇ ਭੋਗ ਵਗੈਰਾ ਦੇ ਪ੍ਰੋਗਰਾਮ ਬਹੁਤ ਆਉਂਦੇ ਹਨ। ਹੁੰਦਾ ਕੀ ਹੈ? ਅਸੀਂ ਜਾਂਦੇ ਹਾਂ ਤੇ ਜਾਂਦੇ ਹੀ ਮਠਿਆਈ ਅਤੇ ਨਾਲ ਤਲੇ ਹੋਏ ਪਕੌੜੇ ਅਤੇ ਹੋਰ ਨਿਕ ਸੁਕ ਖਾ ਕੇ ਘੰਟੇ ਦੋ ਘੰਟੇ ਲਈ ਬੈਠਣਾ ਪੈ ਜਾਂਦਾ ਹੈ। ਇਹ ਜੋ ਤਲੀਆਂ ਚੀਜ਼ਾਂ ਖਾ ਕੇ ਬੈਠਣ ਦਾ ਸਮਾਂ ਹੁੰਦਾ ਹੈ, ਇਹ ਸਾਡੀ ਸਿਹਤ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ਕੁਲੈਸਟਰੌਲ ਅਤੇ ਬੀ ਪੀ ਵਗੈਰਾ ਇਹਦੇ ਨਾਲ ਹੀ ਵਧਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਅਤੇ ਸਿੱਧਾ ਕਾਰਨ ਬਣਦੇ ਹਨ। ਬਹੁਤੇ ਪ੍ਰੋਗਰਾਮਾਂ ਜਾਂ ਦੁਕਾਨਾਂ ’ਤੇ ਤਾਂ ਤੇਲ ਦੀ ਕੁਆਲਿਟੀ ਵੀ ਬਹੁਤ ਹਲਕੇ ਪੱਧਰ ਦੀ ਹੁੰਦੀ ਹੈ।
ਪ੍ਰਦੂਸ਼ਣ - ਪ੍ਰਦੂਸ਼ਣ ਤਾਂ ਸੜਕਾਂ ’ਤੇ ਚਲਦੇ ਵਹੀਕਲਾਂ ਦੇ ਧੂੰਏਂ ਅਤੇ ਫੈਕਟਰੀਆਂ ਨੇ ਹੀ ਬਹੁਤ ਫੈਲਾਅ ਰੱਖਿਆ ਹੈ। ਇਨ੍ਹਾਂ ਤੋਂ ਇਲਾਵਾ ਦਿਵਾਲੀ ਅਤੇ ਗੁਰਪੁਰਬ ਵੀ ਨਵੰਬਰ ਮਹੀਨੇ ਵਿੱਚ ਹੀ ਆਉਂਦੇ ਹਨ ਤੇ ਝੋਨੇ ਦੀ ਕਟਾਈ ਵੀ ਅਕਤੂਬਰ-ਨਵੰਬਰ ਮਹੀਨੇ ਵਿੱਚ ਹੁੰਦੀ ਹੈ। ਨਤੀਜੇ ਵਜੋਂ ਜੋ ਆਤਿਸ਼ਬਾਜ਼ੀ ਅਤੇ ਪਟਾਕੇ ਚਲਦੇ ਹਨ, ਦੀਵੇ ਬਲਦੇ ਹਨ ਤੇ ਨਾੜ ਨੂੰ ਅੱਗ ਲਗਦੀ ਹੈ, ਇਹ ਸਭ ਸਾਡੀ, ਖਾਸ ਕਰਕੇ ਸਾਡੇ ਬਜ਼ੁਰਗਾਂ ਦੀ ਸਿਹਤ ਲਈ ਬਹੁਤ ਮਾਰੂ ਸਿੱਧ ਹੁੰਦੇ ਹਨ।
ਮੌਸਮ - ਮੌਸਮ ਦੀ ਗੱਲ ਕਰੀਏ ਤਾਂ ਹਲਕੀ-ਹਲਕੀ ਸਰਦੀ ਸ਼ੁਰੂ ਹੁੰਦੀ ਹੈ ਅਤੇ ਸੁੱਕੀ ਠੰਢ ਪੈਂਦੀ ਹੈ। ਵਾਤਾਵਰਣ ਅਤੇ ਪੌਣ-ਪਾਣੀ ਤਾਂ ਪਹਿਲਾਂ ਹੀ ਖਰਾਬ ਹੁੰਦਾ ਹੈ। ਸਿੱਟੇ ਵਜੋਂ ਜ਼ੁਕਾਮ ਅਤੇ ਗਲੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਬੁਖਾਰ ਚੜ੍ਹਦਾ ਹੈ, ਸੈੱਲ ਘਟਦੇ ਹਨ; ਜਿਨ੍ਹਾਂ ਦੀ ਵਜਾਹ ਨਾਲ ਸਰੀਰ ਵਿੱਚ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਤਾਕਤ ਘਟ ਜਾਂਦੀ ਹੈ। (ਬਹੁਤੇ ਤਾਂ ਡੇਂਗੂ ਕਰਕੇ ਪਹਿਲਾਂ ਹੀ ਇਨ੍ਹਾਂ ਬਿਮਾਰੀਆਂ ਜਾਂ ਕਹਿ ਲਓ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ।) ਬੰਦਾ ਬਾਹਰ ਨਿਕਲਦਾ ਹੈ; ਠੰਢ ਕਾਰਨ ਨਾੜੀਆਂ ਸੁੰਗੜੀਆਂ ਹੁੰਦੀਆਂ ਹਨ, ਜਿਸਦੀ ਵਜਾਹ ਨਾਲ ਗਾੜ੍ਹੇ ਹੋ ਚੁੱਕੇ ਖੂਨ ਦਾ ਪ੍ਰਵਾਹ ਰੁਕਦਾ ਹੈ, ਦਿਲ ਨੂੰ ਪੂਰੀ ਸਪਲਾਈ ਨਹੀਂ ਪਹੁੰਚਦੀ ਅਤੇ ਨਤੀਜਾ ਦਿਲ ਦੇ ਦੌਰੇ ਵਿੱਚ ਨਿਕਲਦਾ ਹੈ। ਇਸੇ ਕਰਕੇ ਬਹੁਤੇ ਡਾਕਟਰ ਤਾਂ ਦਿਲ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਤੋਂ ਉੱਕਾ ਹੀ ਮਨ੍ਹਾ ਵੀ ਕਰਦੇ ਹਨ।
ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ - ਇਸ ਮਹੀਨੇ ਵਿੱਚ ਬਜ਼ੁਰਗਾਂ ਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ। ਸਵੇਰੇ ਹਨੇਰੇ ਵਿੱਚ ਸੈਰ ’ਤੇ ਜਾਣ ਦੀ ਬਜਾਏ ਧੁੱਪ ਚੜ੍ਹਨ ਤੋਂ ਬਾਅਦ ਜਾਓ। ਗਰਮ ਕੱਪੜੇ ਪਾ ਕੇ ਨਿਕਲੋ, ਗਲਾ ਅਤੇ ਸਿਰ ਢਕ ਕੇ ਰੱਖੋ। ਪਾਣੀ ਵੱਧ ਪੀਓ, ਤਲੀਆਂ ਅਤੇ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਵਿਆਹਾਂ-ਭੋਗਾਂ ’ਤੇ ਜਾਣਾ ਹੀ ਪਵੇ ਤਾਂ ਥੋੜ੍ਹਾ ਖਾਓ। ਘਰ ਆ ਕੇ ਥੋੜ੍ਹੀ ਜਿਹੀ ਸੈਰ ਜ਼ਰੂਰ ਕਰੋ। ਆਪਣੀ ਬੀ.ਪੀ. ਅਤੇ ਸ਼ੂਗਰ ਦੀ ਦਵਾਈ ਸਮੇਂ ਸਿਰ ਲਓ, ਅਤੇ ਛਾਤੀ ਵਿੱਚ ਭਾਰੀਪਨ ਜਾਂ ਸਾਹ ਫੁੱਲਣ ਨੂੰ ਹਲਕਾ ਨਾ ਸਮਝੋ, ਤੁਰੰਤ ਡਾਕਟਰ ਨੂੰ ਦਿਖਾਓ।
ਸੋ ਮੋਰੇ ਦੋਸਤੋ ਆਪਣਾ ਖਾਣ-ਪੀਣ ਸਹੀ ਕਰੋ। ਵਾਤਾਵਰਣ ਨੂੰ ਸੰਭਾਲੋ, ਪ੍ਰਦੂਸ਼ਣ ਨੂੰ ਘਟਾਉਣ ਵਿੱਚ ਯੋਗਦਾਨ ਪਾਓ, ਸੁੱਕੀ ਠੰਢ ਤੋਂ ਬਚੋ ਅਤੇ ਸਿਹਤ ਦਾ ਖਿਆਲ ਰੱਖੋ। ਆਪਣੇ ਮਨੋਰੰਜਨ ਜਾਂ ਸੌਖ ਲਈ ਦੂਜਿਆਂ ਲਈ ਮੁਸੀਬਤਾਂ ਨਾ ਖੜ੍ਹੀਆਂ ਕਰੋ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਪਾਓ।
ਨਵੰਬਰ ਵਿੱਚ ਖਾਣਾ ਘੱਟ, ਪਾਣੀ ਵੱਧ, ਸੈਰ ਧੁੱਪ ਚੜ੍ਹਨ ਤੋਂ ਬਾਅਦ ਅਤੇ ਪਟਾਕਿਆਂ ਤੋਂ ਗੁਰੇਜ਼ - ਇਹੀ ਬਜ਼ੁਰਗਾਂ ਲਈ ਸਭ ਤੋਂ ਵੱਡੀ ਦਵਾਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































