“ਭੁੱਖੇ ਨੂੰ ਅੰਨ ਦੇਣ ਵਾਂਗ ਹੀ ਲੋੜਵੰਦਾਂ ਨੂੰ ਕੱਪੜੇ ਦਿੱਤੇ ਜਾਣ। ਲੋੜਵੰਦ ਮਰੀਜ਼ਾਂ ਦੀ ਦਵਾ-ਦਾਰੂ ਨਾਲ ...”
(3 ਜਨਵਰੀ 2026)
ਲੰਗਰ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਦੇਖੀਏ ਕਿ ਲੰਗਰ ਦੀ ਰਵਾਇਤ ਕਦੋਂ ਅਤੇ ਕਿੱਥੋਂ ਸ਼ੁਰੂ ਹੋਈ। ਜਿੱਥੋਂ ਤਕ ਅਸੀਂ ਪੜ੍ਹਦੇ-ਸੁਣਦੇ ਆਏ ਹਾਂ, ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ (ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਬਾਬਾ ਨਾਨਕ ਵੀ ਕਿਹਾ ਜਾਂਦਾ ਹੈ) ਨੂੰ ਜਦੋਂ ਉਹਨਾਂ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਨੇ ਵਪਾਰ ਕਰਨ ਲਈ ਵੀਹ ਰੁਪਏ ਦਿੱਤੇ ਤਾਂ ਉਹਨਾਂ ਨੇ ਇਨ੍ਹਾਂ ਰੁਪਈਆਂ ਦਾ ਭੋਜਨ ਖਰੀਦ ਕੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ ਤੇ ਇਸਨੂੰ ‘ਸੱਚ ਦੇ ਵਪਾਰ’ ਦਾ ਨਾਂ ਦਿੱਤਾ। ਬਾਅਦ ਵਿੱਚ ਜਦੋਂ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ ਤਾਂ ਤੀਜੇ ਗੁਰੂ ਅਮਰਦਾਸ ਜੀ ਨੇ ‘ਸੰਗਤ ਤੇ ਪੰਗਤ’ ਦੀ ਰੀਤ ਤੋਰਦਿਆਂ ਬਕਾਇਦਾ ਲੰਗਰ ਦੀ ਪਰੰਪਰਾ ਸ਼ੁਰੂ ਕਰ ਦਿੱਤੀ। ਅੱਜ ਇਹ ਲੰਗਰ ਦੁਨੀਆ ਭਰ ਵਿੱਚ ਪ੍ਰਚਲਿਤ ਹੋ ਚੁੱਕਾ ਹੈ ਤੇ ਤਕਰੀਬਨ ਹਰ ਗੁਰਦੁਆਰਾ ਸਾਹਿਬ ਵਿੱਚ ਵਰਤਾਇਆ ਜਾਂਦਾ ਹੈ। ਇੱਥੇ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਰਾਜੇ-ਮਹਾਰਾਜੇ ਅਤੇ ਅਮੀਰ ਲੋਕ ਆਪਣੀਆਂ ਮਨੋਕਾਮਨਾਵਾਂ ਅਤੇ ਇੱਛਾਵਾਂ ਦੀ ਪੂਰਤੀ ਲਈ ਜਾਂ ਹੋਰ ਦਿਆਲੂ ਪ੍ਰਵਿਰਤੀ ਦੇ ਲੋਕ ਗ਼ਰੀਬਾਂ ਲਈ ਤਿਆਰ ਕੀਤੇ ਭੋਜਨ ਦੀ ਵਿਵਸਥਾ ਕਰਦੇ ਸਨ ਜਿਸ ਨੂੰ ਕਿ ਜੱਗ ਜਾਂ ਭੰਡਾਰੇ ਦਾ ਨਾਂ ਦਿੱਤਾ ਜਾਂਦਾ ਸੀ। ਬਦਲੇ ਵਿੱਚ ਲੋਕ ਉਹ ਭੋਜਨ ਛਕ ਕੇ ਜੱਗ/ਭੰਡਾਰਾ ਲਾਉਣ ਵਾਲੇ ਦਾ ਗੁਣ-ਗਾਣ ਕਰਦੇ ਸਨ ਤੇ ਢੇਰ ਸਾਰੀਆਂ ਅਸੀਸਾਂ ਦਿੰਦੇ ਸਨ। ਇਸੇ ਕਰਕੇ ਜੱਗ ਜਾਂ ਭੰਡਾਰਾ ਲਾਉਣ ਨੂੰ ਧਰਮ ਦਾ ਕੰਮ ਸਮਝਿਆ, ਮੰਨਿਆ ਜਾਂਦਾ ਸੀ।
ਅਜੋਕੇ ਹਾਲਾਤ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਬਾਬੇ ਨਾਨਕ ਵੱਲੋਂ “ਭੁੱਖੇ ਸਾਧੂਆਂ” ਦਾ ਢਿੱਡ ਭਰਨ ਲਈ ਛਕਾਇਆ ਭੋਜਨ, ਬਾਅਦ ਵਿੱਚ ਲੋੜਵੰਦਾਂ ਲਈ ਲੰਗਰ ਵਿੱਚ ਤਬਦੀਲ ਹੁੰਦਾ ਹੋਇਆ ਅੱਜ ਮਹਿਜ਼ ਸ਼ਾਨ ਅਤੇ ਦਿਖਾਵੇ ਵਿੱਚ ਤਬਦੀਲ ਹੋ ਕੇ ਰਹਿ ਗਿਆ ਹੈ। ਬਹੁਤੀਆਂ ਥਾਂਵਾਂ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਕਈ-ਕਈ ਲੰਗਰ ਕੋਲ-ਕੋਲ ਚੱਲ ਰਹੇ ਹੁੰਦੇ ਹਨ ਅਤੇ ਹਰ ਆਉਂਦੇ-ਜਾਂਦੇ ਨੂੰ ਆਪਣੇ ਲਾਏ ਲੰਗਰ ਵਿੱਚ ਰੋਕਣ ਦਾ ‘ਸੇਵਾਦਾਰਾਂ’ ਦਾ ਆਪਸ ਵਿੱਚ ਪੂਰਾ ਮੁਕਾਬਲਾ ਅਤੇ ਕਸ਼ਮਕਸ਼ ਚੱਲ ਰਹੀ ਹੁੰਦੀ ਹੈ। ਬਹੁਤੇ ਥਾਈਂ ਤਾਂ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਗੱਡੀਆਂ ਨੂੰ ਰੋਕਣ ਦੇ ਮਕਸਦ ਤਹਿਤ ਪੁਰਾਣੇ ਟਾਇਰਾਂ ਜਾਂ ਹੋਰ ਰੋਕਾਂ ਦੇ ਨਾਲ ਅੱਧੀ ਸੜਕ ਘੇਰੀ ਹੁੰਦੀ ਹੈ, ਜਿਸ ਕਾਰਨ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ ਤੇ ਕੋਈ ਅਣ-ਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਨ੍ਹਾਂ ਚੱਲ ਰਹੇ ਲੰਗਰਾਂ ਵਿੱਚੋਂ ਕਈ ‘ਸਰਦੇ-ਪੁੱਜਦੇ ਲੋਕ’ ਚੱਕਵੇਂ ਲੰਗਰ ਦੇ ਰੂਪ ਵਿੱਚ ਬਾਲਟੀਆਂ, ਡੱਬੇ (ਨਾ ਹੋਣ ਤਾਂ ਲਿਫਾਫੇ ਵੀ ਚੱਲਦੇ ਨੇ) ਭਰ ਕੇ ਲੈ ਜਾਂਦੇਹਨ ਜਾਂ ਫਿਰ ਅੱਧ-ਪਚੱਧ ਖਾ ਕੇ ਬਾਕੀ ਦਾ ਸੁੱਟ ਕੇ ਬਰਬਾਦ ਕਰ ਦਿੰਦੇ ਹਨ। ਆਥਣੇ ਜਿਹੇ ‘ਸੇਵਾਦਾਰ’ ਲੰਗਰ ਦਾ ਕੰਮ ਮੁਕਾ ਕੇ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ ਜਨ। ‘ਰੱਜਿਆਂ ਹੋਇਆਂ’ ਨੂੰ ਜਬਰਦਸਤੀ ਰੋਕ ਕੇ, ਧੱਕੇ ਨਾਲ ਲੰਗਰ ਛਕਾਉਣ ਨੂੰ ਹੀ ਲੰਗਰ ਦੀ ਪ੍ਰਾਪਤੀ ਅਤੇ ਸਫਲਤਾ ਸਮਝ (ਮੰਨ) ਲਿਆ ਜਾਂਦਾ ਹੈ। ਦਾਨੀ ਸੱਜਣ ਸਪੀਕਰਾਂ ਵਿੱਚ ਆਪਣਾ ਨਾਂ, ਮਹਿਮਾ ਅਤੇ ਉਸਤਤ ਸੁਣ ਕੇ ਖੁਸ਼ ਹੋ ਜਾਂਦੇ ਹਨ ਅਤੇ ਪ੍ਰਬੰਧਕਾਂ ਦੀ ਉਹਨਾਂ ਦੇ ਸਿਰ ’ਤੇ ‘ਬੱਲੇ-ਬੱਲੇ’ ਹੋ ਜਾਂਦੀ ਹੈ ਪਰ ਹਕੀਕਤ ਵਿੱਚ ਅਸਲ ਲੋੜਵੰਦ ਲੰਗਰ ਦੀ ਪਹੁੰਚ ਤੋਂ ਕਿਤੇ ਪਰਾਂ ਰਹਿ ਜਾਂਦੇ ਹਨ।
ਇਨ੍ਹਾਂ ਬੇਲੋੜੇ ਅਤੇ ਬੇਵਜ੍ਹਾ ਚੱਲਦੇ ਲੰਗਰਾਂ ਨੇ ਇਹ ਹਾਲਾਤ ਕਰ ਦਿੱਤੇ ਹਨ ਕਿ ਬਹੁਤੇ ਥਾਂਈਂ ਤਾਂ ਲੋਕ ਸੁਆਦ ਲਈ ਹੀ ਮੇਲਿਆਂ ਵਿੱਚ ਤੁਰੇ ਫਿਰਦੇ ਹਨ। ਕਈ ਆਖ ਦਿੰਦੇ ਹਨ, “ਨਾਲੇ ਤਾਂ ਦੋ ਦਿਨ ਘੁੰਮ ਫਿਰ ਆਵਾਂਗੇ ਤੇ ਨਾਲੇ ਵਿਹਲੀਆਂ ਛਕ ਆਵਾਂਗੇ।” ਇੱਥੇ ਇਹ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ ਕਿ ਜੇਕਰ ਲੰਗਰਾਂ ਦੀ ਗਿਣਤੀ ਸੀਮਿਤ ਕਰ ਦਿੱਤੀ ਜਾਵੇ ਤੇ ਵੰਨ-ਸੁਵੰਨੇ, ਸੁਆਦਿਸ਼ਟ ਪਦਾਰਥ ਘਟਾ ਕੇ ਸਾਦਾ ਭੋਜਨ ਹੀ ਵਰਤਾਇਆ ਜਾਵੇ ਤਾਂ ਬਹੁਤ ਹੱਦ ਤਕ ਮੇਲਿਆਂ ਵਿੱਚ ਘੁੰਮਦੇ ਹੁੱਲੜ੍ਹਬਾਜ਼ਾਂ ਦੀ ਗਿਣਤੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਸ਼ਰਾਰਤੀ ਅਨਸਰਾਂ ਦੀ ਗਿਣਤੀ ਘਟੇਗੀ। ਸਿੱਟੇ ਵਜੋਂ ਅਣ-ਸੁਖਾਵੀਆਂ ਘਟਨਾਵਾਂ ਵੀ ਘੱਟ ਹੋਣਗੀਆਂ ਅਤੇ ਸ਼ਰਧਾ ਵੱਸ ਜਾਣ ਵਾਲੇ ਲੋਕਾਂ (ਸ਼ਰਧਾਲੂਆਂ) ਲਈ ਵੀ ਬਹੁਤ ਕੁਝ ਸਹਿਜ ਹੋ ਜਾਵੇਗਾ।
ਬਹੁਤੇ ਵੀਰ ਇਹ ਤਰਕ ਵੀ ਦਿੰਦੇ ਹਨ ਕਿ ਲੰਗਰ ਇੱਥੇ ਸਾਡੇ ਹਿ ਚੱਲਦੇ ਹਨ, ਬਾਹਰਲੇ ਦੇਸ਼ਾਂ ਵਿੱਚ ਕੋਈ ਨਹੀਂ ਪੁੱਛਦਾ। ਅਸਲ ਵਿੱਚ ਉਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਸੋਚ ਅਤੇ ਤਰੀਕਾ ਅਲੱਗ ਹੈ। ਸਾਡੇ ਵਾਂਗ ਵਿਖਾਵਾ ਨਹੀਂ ਕਰਦੇ ਉਹ ਲੋਕ। ਜਿਸਦੇ ਕੋਲ ਵਾਧੂ ਜਾਂ ਬੇਲੋੜੀ ਚੀਜ਼ ਹੁੰਦੀ ਹੈ, ਉਹ ਚੁੱਪ ਕਰਕੇ ਇੱਕ ਨਿਸ਼ਚਿਤ ਥਾਂ ’ਤੇ ਦੇ ਆਉਂਦਾ ਹੈ ਅਤੇ ਜਿਸਨੂੰ ਲੋੜ ਹੁੰਦੀ ਹੈ, ਉਹ ਨਿਸ਼ਚਿਤ ਥਾਂ ਤੋਂ ਲੈ ਆਉਂਦਾ ਹੈ। ਬੱਸ ਗੱਲ ਖਤਮ। ਕੋਈ ਰੌਲਾ-ਰੱਪਾ ਨਹੀਂ, ਕੋਈ ਸ਼ੋਰ-ਸ਼ਰਾਬਾ ਨਹੀਂ। ਅਸਲ ਵਿੱਚ ਸਾਡੇ ਵਾਂਗ ਮਹਿਜ਼ ਦਾਲ-ਰੋਟੀ ਨੂੰ ਹੀ ਲੰਗਰ ਨਹੀਂ ਸਮਝਦੇ ਉਹ ਲੋਕ। ਨਾ ਖਾਣੇ ਨੂੰ ਬੇਵਜ੍ਹਾ ਬਰਬਾਦ ਕਰਦੇ ਹਨ, ਨਾ ਸਾਡੇ ਵਾਂਗ ਭੁੱਖ ਖਿਲਾਰਦੇ ਹਨ ਅਤੇ ਨਾ ਹੀ ਸਾਡੇ ਜਿੰਨੇ ਭੁੱਖੜ ਹਨ ਉਹ ਲੋਕ।
ਆਖਰ ਵਿੱਚ ਇੱਕ ਗੱਲ ਕਹਾਂਗਾ ਕਿ ਸਰਕਾਰਾਂ ਦੀਆਂ ਮੁਫਤ ਦੀਆਂ ਸਹੂਲਤਾਂ ਨੇ ਲੋਕ ਨਿਕੰਮੇ ਬਣਾ ਕੇ ਰੱਖ ਦਿੱਤੇ ਹਨ। ਕਿੰਨਾ ਚੰਗਾ ਹੋਵੇ ਜੇਕਰ ਲੋੜਵੰਦਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਲੰਗਰਾਂ ਦੀ ਰੂਪ-ਰੇਖਾ ਅਤੇ ਦਿੱਖ ਨੂੰ ਬਦਲਿਆ ਜਾਵੇ। ਬਜਾਏ ਰੋਟੀ-ਦਾਲ ਜਾਂ ਹੋਰ ਸੁਆਦਿਸ਼ਟ ਪਕਵਾਨਾਂ ਦੇ ਕਿਤਾਬਾਂ ਦੇ ਲੰਗਰ ਲਾਏ ਜਾਣ, ਗਰੀਬ ਅਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਵਿੱਚ ਮਦਦ ਕੀਤੀ ਜਾਵੇ। ਭੁੱਖੇ ਨੂੰ ਅੰਨ ਦੇਣ ਵਾਂਗ ਹੀ ਲੋੜਵੰਦਾਂ ਨੂੰ ਕੱਪੜੇ ਦਿੱਤੇ ਜਾਣ। ਲੋੜਵੰਦ ਮਰੀਜ਼ਾਂ ਦੀ ਦਵਾ-ਦਾਰੂ ਨਾਲ ਮਦਦ ਕੀਤੀ ਜਾਵੇ। ਬਾਹਰ ਸੜਕਾਂ ਅੱਤੇ ਲੰਗਰ ਲਾ ਕੇ ਲੋਕਾਂ ਨੂੰ ਜਬਰੀ ਛਕਾਉਣ ਨਾਲੋਂ ਉਹੀ ਲੰਗਰ ਹਸਪਤਾਲਾਂ ਵਿੱਚ ਲਾਏ ਜਾਣ। ਸਹੀ ਮਾਅਨਿਆਂ ਵਿੱਚ ਇਹੀ ਕਹਾਵੇਗਾ ‘ਅਸਲ ਲੰਗਰ’।
(ਨੋਟ-ਮੇਰੇ ਇਸ ਲੇਖ ਦਾ ਸੰਬੰਧ ਸਿਰਫ ਤੇ ਸਿਰਫ ਸੜਕਾਂ-ਰਾਹਾਂ ’ਤੇ ਚੱਲਦੇ ਲੰਗਰਾਂ ਨਾਲ ਹੈ, ਇਸ ਨੂੰ ਗੁਰਦੁਆਰਿਆਂ ਜਾਂ ਮੰਦਰਾਂ ਵਿੱਚ ਚੱਲਦੇ ਲੰਗਰਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ।)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































