“ਜੇ ਅੰਗਰੇਜ਼ਾਂ ਨੇ ਜ਼ੁਲਮ ਕੀਤੇ, ਲੁੱਟਿਆ ਤੇ ਕੁੱਟਿਆ, ਹੁਣ ਵੀ ਤਾਂ ਉਹੀ ਕੁਝ ਹੀ ...”
(16 ਅਗਸਤ 2026)
ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਇਸ ਲੇਖ ਦਾ ਮਕਸਦ ਅੰਗਰੇਜ਼ਾਂ ਨੂੰ ਕਲੀਨ ਚਿੱਟ ਦੇਣਾ ਨਹੀਂ, ਸਗੋਂ ਅੰਗਰੇਜ਼ਾਂ ਤੋਂ ਬਾਅਦ ਦੀਆਂ ਸਰਕਾਰਾਂ ਦੇ ਕੰਮਾਂ ਨਾਲ ਮਹਿਜ਼ ਤੁਲਨਾ ਕਰਨਾ ਹੀ ਹੈ। ਬੇਸ਼ਕ ਇਤਿਹਾਸ ਕਦੇ ਕਾਲਾ ਚਿੱਟਾ ਨਹੀਂ ਹੁੰਦਾ ਪਰ ਮੁਲਕ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਵਾਲ ਉੱਠਦਾ ਹੈ ਕਿ ਕੀ ਅੰਗਰੇਜ਼ਾਂ ਦਾ ਰਾਜ ਅੱਜ ਨਾਲੋਂ ਵੀ ਮਾੜਾ ਸੀ?
ਸੰਨ 1608 ਦੇ ਨੇੜੇ ਅੰਗਰੇਜ਼ਾਂ ਨੇ ਪਹਿਲੀ ਵਾਰ ਭਾਰਤ ਦੀ ਧਰਤੀ (ਸੂਰਤ ਸ਼ਹਿਰ) ’ਤੇ ਪੈਰ ਰੱਖਿਆ। ਸ਼ੁਰੂ ਵਿੱਚ ਉਨ੍ਹਾਂ ਦਾ ਮੁੱਖ ਮਕਸਦ ਸਿਰਫ ਅਤੇ ਸਿਰਫ ਵਪਾਰ ਕਰਨਾ ਹੀ ਸੀ। ਇਸੇ ਉਦੇਸ਼ ਦੇ ਤਹਿਤ ਉਨ੍ਹਾਂ ਨੇ ਆਪਣੀਆਂ ਬਸਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਇਸ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ, ਜਿਸਦਾ ਮੁੱਖ ਕਾਰਨ ਸੀ ਅਸਥਿਰ ਰਾਜ ਪ੍ਰਬੰਧ ਅਤੇ ਕਾਨੂੰਨ ਅਤੇ ਨਿਆਂ ਪ੍ਰਬੰਧ ਦਾ ਮਾੜਾ ਹਾਲ। ਨਤੀਜੇ ਵਜੋਂ ਚੋਰਾਂ, ਡਾਕੂਆਂ ਅਤੇ ਲੁਟੇਰਿਆਂ ਦੀ ਭਰਮਾਰ ਸੀ। ਹਫੜਾ-ਦਫੜੀ ਵਾਲਾ ਮਾਹੌਲ ਸੀ। ਇਸੇ ਤਹਿਤ ਆਤਮ-ਸੁਰੱਖਿਆ ਦੇ ਤੌਰ ’ਤੇ ਉਨ੍ਹਾਂ ਨੇ ਹਥਿਆਰਬੰਦ ਦਸਤੇ ਬਣਾ ਕੇ ਰੱਖਣੇ ਸ਼ੁਰੂ ਕਰ ਲਏ।
ਉੱਧਰ ਉੰਨੀਵੀਂ ਸਦੀ ਤਕ ਪਹੁੰਚਦਿਆਂ-ਪਹੁੰਚਦਿਆਂ ਭਾਰਤ ਦਾ ਹਾਲ ਡੱਡੂਆਂ ਦੀ ਪੰਸੇਰੀ ਦੀ ਤਰ੍ਹਾਂ ਹੋ ਗਿਆ ਸੀ। ਮੁਗਲ ਸਲਤਨਤ ਆਪਣੀ ਢਹਿੰਦੀ ਕਲਾ ਵੱਲ ਵਧ ਰਹੀ ਸੀ ਤੇ ਹਰ ਪਾਸੇ ਬਗਾਵਤ ਦਾ ਜ਼ੋਰ ਸੀ। ਛੋਟੀਆਂ ਸਲਤਨਤਾਂ ਅਤੇ ਨਵਾਬਾਂ ਨੇ ਆਪਣੇ ਅਲੱਗ ਰਾਜਾਂ ਦੇ ਝੰਡੇ ਬੁਲੰਦ ਕਰ ਲਏ ਸਨ। ਹਰ ਪਾਸੇ ਹਿੰਸਾ, ਲੁੱਟ-ਖਸੁੱਟ, ਕਤਲੋਗਾਰਤ ਅਤੇ ਆਪਹੁਦਰੀਆਂ ਦਾ ਜ਼ੋਰ ਸੀ। ਉਦੋਂ ਤਕ ਅੰਗਰੇਜ਼ ਵੀ ਤਾਕਤ ਫੜ ਚੁੱਕੇ ਸਨ। ਅੰਤ 1858 ਦਾ ਵਿਦਰੋਹ, ਜਿਸ ਨੂੰ ਅਜ਼ਾਦੀ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ ਏ, ਨੂੰ ਕੁਚਲ ਕੇ ਅੰਗਰੇਜ਼ਾਂ ਨੇ ਭਾਰਤ ਵਿੱਚ ਮੁੰਕਮਲ ਤੌਰ ’ਤੇ ਆਪਣੇ ਸਾਮਰਾਜ ਦਾ ਝੰਡਾ ਗੱਡ ਦਿੱਤਾ ਅਤੇ ਤਕਰੀਬਨ 190 ਸਾਲ (1757 ਤੋਂ 1857 ਤਕ ਕੰਪਨੀ ਰਾਜ ਦੇ ਤੌਰ ’ਤੇ ਅਤੇ 1858 ਤੋਂ 1947 ਤਕ ਬ੍ਰਿਟਿਸ਼ ਰਾਜ ਦੇ ਤੌਰ ’ਤੇ) ਭਾਰਤ ਦੀ ਧਰਤੀ ’ਤੇ ਆਪਣਾ ਰਾਜ ਕੀਤਾ।
ਨਿਰਸੰਦੇਹ ਇਸ ਸਮੇਂ ਦੌਰਾਨ ਉਨ੍ਹਾਂ ਨੇ ਭਾਰਤੀਆਂ ’ਤੇ ਬੇਤਹਾਸ਼ਾ ਜ਼ੁਲਮ ਕੀਤੇ। ਮੁਲਕ ਨੂੰ ਆਰਥਿਕ ਤੌਰ ’ਤੇ ਲੁੱਟਿਆ ਗਿਆ। ਅਨਾਜ ਬਾਹਰ ਭੇਜਣ ਕਾਰਨ ਮੁਲਕ ਵਿੱਚ ਕਾਲ ਵੀ ਪਿਆ। ਜਲ੍ਹਿਆਂਵਾਲਾ ਬਾਗ ਜਿਹਾ ਬਦਨੁਮਾ ਸਾਕਾ ਹੋਇਆ। ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਤਹਿਤ ਧਾਰਮਿਕ ਅਤੇ ਜਾਤੀ ਤੌਰ ’ਤੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਗਿਆ, ਇਨਸਾਨੀਅਤ ਦੇ ਤੌਰ ’ਤੇ ਨੀਵਾਂ ਦਿਖਾਇਆ ਗਿਆ। ਰੰਗ, ਨਸਲ ਦਾ ਭੇਦ-ਭਾਵ ਕੀਤਾ ਗਿਆ। ਭਾਰਤੀ ਲੋਕਾਂ ਨੂੰ ਨੌਕਰਾਂ ਅਤੇ ਗੁਲਾਮਾਂ ਦੀ ਤਰ੍ਹਾਂ ਵਰਤਿਆ ਗਿਆ ਪਰ ਇਸਦੇ ਨਾਲ ਹੀ ਬਹੁਤ ਸਾਰੇ ਉਸਾਰੂ ਕੰਮ ਵੀ ਹੋਏ ਜੋ ਸ਼ਾਇਦ ਡੱਡੂਆਂ ਦੀ ਪੰਸੇਰੀ ਵਾਲੇ ਭਾਰਤ ਵਿੱਚ ਸੰਭਵ ਹੀ ਨਹੀਂ ਸਨ। ਆਉ ਅੰਗਰੇਜ਼ਾਂ ਦੇ ਕੁਝ ਉਸਾਰੂ ਕੰਮਾਂ, ਜੋ ਭਾਵੇਂ ਉਨ੍ਹਾਂ ਦੀ ਆਪਣੀ ਸਹੂਲਤ ਲਈ ਹੀ ਕੀਤੇ ਗਏ, ’ਤੇ ਝਾਤ ਮਾਰੀਏ।
1. ਸਭ ਤੋਂ ਪਹਿਲਾਂ ਤਾਂ ਅੰਗਰੇਜ਼ਾਂ ਨੇ ਡੱਡੂਆਂ ਦੀ ਪੰਸੇਰੀ ਨੂੰ ਇਕੱਠੀ ਕੀਤਾ। ਸਮੁੱਚੇ ਭਾਰਤੀਆਂ ਨੂੰ ਇੱਕ ਸਾਂਝੀ ਪਛਾਣ ਦੇ ਕੇ ਏਕੇ ਦੇ ਸੂਤਰ ਵਿੱਚ ਪਰੋਇਆ। 500 ਦੇ ਕਰੀਬ ਰਿਆਸਤਾਂ ਨੂੰ ਇੱਕ ਨਕਸ਼ੇ ’ਤੇ ਲਿਆਂਦਾ।
2. ਪੱਕੀਆਂ ਸੜਕਾਂ ਅਤੇ ਰੇਲਵੇ ਲਾਈਨਾਂ ਦਾ ਜਾਲ਼ ਵਿਛਾਇਆ।
3. ਸਮੁੰਦਰੀ ਵਪਾਰ ਕਰਨ ਹਿਤ ਬੰਦਰਗਾਹਾਂ ਦਾ ਨਿਰਮਾਣ ਕੀਤਾ।
4. ਦਰਿਆਵਾਂ ’ਤੇ ਪੁਲ ਬਣਾਏ। ਸਿੰਜਾਈ ਵਾਸਤੇ ਨਹਿਰਾਂ ਕੱਢੀਆਂ। ਬਿਜਲੀ ਦਾ ਨਿਰਮਾਣ ਕੀਤਾ। ਪਾਵਰ ਸਟੇਸ਼ਨ ਅਤੇ ਪਾਵਰ ਪਲਾਂਟ ਲਾਏ। ਜਲ ਬਿਜਲੀ ਪ੍ਰਾਜੈਕਟ ਲਾਏ। ਬੇਸ਼ਕ ਉਨ੍ਹਾਂ ਦੇ ਬਿਜਲੀ ਨਿਰਮਾਣ ਦਾ ਉਦੇਸ਼ ਆਮ ਲੋਕਾਂ ਦੀ ਸਹੂਲਤ ਦੀ ਬਜਾਏ ਫੈਕਟਰੀਆਂ, ਰੇਲਾਂ ਅਤੇ ਅਫਸਰਾਂ ਦੇ ਘਰਾਂ ਤਕ ਬਿਜਲੀ ਪਹੁੰਚਾਉਣਾ ਹੀ ਸੀ, ਪਰ ਸ਼ੁਰੂਆਤ ਤਾਂ ਕੀਤੀ ਗਈ।
5. ਕਾਨੂੰਨ, ਅਦਾਲਤਾਂ, ਸਕੂਲ, ਕਾਲਜ ਅਤੇ ਖੇਡ ਦੇ ਮੈਦਾਨ ਬਣਾ ਕੇ ਸਿੱਖਿਆ ਅਤੇ ਖੇਡਾਂ ਦਾ ਵਿਸਥਾਰ ਕੀਤਾ। ਇਸੇ ਅੰਗਰੇਜ਼ੀ ਸਿੱਖਿਆ ਨਾਲ ਹੀ ਗਾਂਧੀ, ਨਹਿਰੂ, ਭਗਤ ਸਿੰਘ ਤੇ ਅੰਬੇਦਕਰ ਵਗੈਰਾ ਪੜ੍ਹੇ ਅਤੇ ਅੱਗੇ ਵਧੇ।
6. ਡਾਕ, ਤਾਰ ਮਹਿਕਮਾ ਬਣਾ ਕੇ ਸੂਚਨਾ ਦੇ ਆਦਾਨ-ਪਰਦਾਨ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ।
7. ਸਿਹਤ ਸੰਬੰਧੀ ਸਿਵਲ ਹਸਪਤਾਲਾਂ ਦਾ ਜਾਲ਼ ਵਿਛਾਇਆ ਗਿਆ।
8. ਬਹਾਦਰ ਕੌਮਾਂ (ਸਿੱਖ ਅਤੇ ਗੋਰਖੇ ਆਦਿ) ਨੂੰ ਪਛਾਣ ਕੇ ਫੌਜ ਵਿੱਚ ਪਹਿਲ ਦੇ ਅਧਾਰ ’ਤੇ ਭਰਤੀ ਕੀਤਾ ਗਿਆ। ਬਕਾਇਦਾ ਉਨ੍ਹਾਂ ਦੀਆਂ ਵੱਖਰੀਆਂ ਰੈਜਮੈਂਟਾਂ ਬਣਾਈਆਂ ਗਈਆਂ।
9. ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਬਾਲ ਵਿਆਹ ਅਤੇ ਸਤੀ ਪ੍ਰਥਾ ਜਿਹੀਆਂ ਬੁਰਾਈਆਂ ਉੱਤੇ ਰੋਕ ਲਾਈ ਗਈ।
ਕੁੱਲ ਮਿਲਾ ਕੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਅੰਗਰੇਜ਼ਾਂ ਨੇ ਆਪਣੇ ਦੋ ਸੌ ਸਾਲ ਦੇ ਰਾਜ ਵਿੱਚ ਜੋ ਨਿਰਮਾਣ ਜਾਂ ਵਿਕਾਸ ਕਾਰਜ ਕੀਤਾ, ਉਹ ਪੂਰੀ ਮਜ਼ਬੂਤੀ ਅਤੇ ਤਨਦੇਹੀ ਨਾਲ ਕੀਤਾ। ਉਨ੍ਹਾਂ ਦੇ ਬਣਾਏ ਪੁਲ, ਸੜਕਾਂ ਅਤੇ ਇਮਾਰਤਾਂ ਆਪਣੀ ਮਿਆਦ ਹੰਢਾ ਕੇ ਵੀ ਮਜ਼ਬੂਤੀ ਨਾਲ ਖੜ੍ਹੀਆਂ ਹਨ ਪਰ ਸਾਡੇ ਨਿਕੰਮੇ, ਲੁਟੇਰੇ ਅਤੇ ਮਤਲਬ ਪ੍ਰਸਤ ਲੀਡਰਾਂ ਨੇ ਅਜ਼ਾਦੀ ਤੋਂ ਬਾਅਦ ਮੁਲਕ ਨੂੰ ਲੁੱਟ ਕੇ ਖਾ ਲਿਆ। ਨਵੇਂ ਬਣਾਏ ਪੁਲ, ਸੜਕਾਂ ਅਤੇ ਇਮਾਰਤਾਂ ਰੇਤ ਦੀ ਤਰ੍ਹਾਂ ਖਿਲਰ ਰਹੀਆਂ ਹਨ। ਅਜ਼ਾਦੀ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਸਾਡੇ ਦੇਸ਼ਭਗਤ ਸ਼ਹੀਦ ਯੋਧੇ ਜੇ ਕਿਧਰੇ ਹੁਣ ਆ ਕੇ ਮੁਲਕ ਦੀ ਹਾਲਤ ਦੇਖਣ ਤਾਂ ਆਪਣੇ ਮੱਥੇ ਉੱਤੇ ਹੱਥ ਮਾਰ ਕੇ ਕਹਿਣ, “ਯਾਰ ਇਨ੍ਹਾਂ ਲੋਕਾਂ ਲਈ ਅਸੀਂ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਨ੍ਹਾਂ ਨੇ ਚੋਰਾਂ ਅਤੇ ਠੱਗਾਂ ਦੇ ਹੱਥ ਮੁਲਕ ਦੀ ਵਾਗਡੋਰ ਦੇ ਰੱਖੀ ਹੈ।”
ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਜੇ ਅੰਗਰੇਜ਼ ਨਾ ਆਉਂਦੇ ਤਾਂ ਭਾਰਤ ਹੁਣ ਵੀ ਡੱਡੂਆਂ ਦੀ ਪੰਸੇਰੀ ਹੀ ਹੋਣਾ ਸੀ ਅਤੇ ਇੱਥੋਂ ਦੇ ਲੋਕਾਂ ਅਤੇ ਰਾਜਿਆਂ ਨੇ ਅੱਜ ਵੀ ਆਪਸ ਵਿੱਚ ਲੜ-ਲੜ ਕੇ ਮਰਦੇ ਹੋਣਾ ਸੀ, ਜਿਵੇਂ ਕਿ ਹੁਣ ਲੜ ਰਹੇ ਹਨ। ਗਲਤੀ ਅੰਗਰੇਜ਼ਾਂ ਦੀ ਨਹੀਂ, ਗਲਤੀ ਸਾਡੀ ਹੈ ਜੋ ਅਸੀਂ ਅਜ਼ਾਦੀ ਤੋਂ ਬਾਅਦ ਆਪਣੇ ਢਾਂਚੇ ਨੂੰ ਸੰਭਾਲ ਨਹੀਂ ਸਕੇ ਤੇ ਹਾਲੇ ਤਕ ਵੀ ਅੰਗਰੇਜ਼ਾਂ ਦੀ ਲੁੱਟ-ਖਸੁੱਟ ਵਾਲੀ ਲੀਹ ਤੋਂ ਪਾਸੇ ਨਹੀਂ ਹਟ ਪਾਏ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਈ ਖਾਮੀਆਂ ਹੋਣ ਦੇ ਬਾਵਜੂਦ ਵੀ ਇਨ੍ਹਾਂ ਕਾਲੇ ਅੰਗਰੇਜ਼ਾਂ ਨਾਲੋਂ ਗੋਰੇ ਅੰਗਰੇਜ਼ ਕਈ ਗੁਣਾ ਚੰਗੇ ਸਨ। ਜੇ ਅੰਗਰੇਜ਼ਾਂ ਦਾ ਰਾਜ ਪ੍ਰਬੰਧ ਮਾੜਾ ਹੁੰਦਾ ਤਾਂ ਅੱਜ ਸਾਡੇ ਨੌਜਵਾਨ ਕਤਾਰਾਂ ਬੰਨ੍ਹ ਕੇ ਉਨ੍ਹਾਂ ਦਿਆਂ ਦੇਸ਼ਾਂ ਵੱਲ ਕੂਚ ਨਾ ਕਰਦੇ। ਅੱਜ ਸਾਡੇ ਕੋਲ ਅਜ਼ਾਦੀ ਵੀ ਹੈ, ਸਰੋਤ ਵੀ ਹਨ, ਵੋਟ ਵੀ ਹੈ, ਫਿਰ ਵੀ ਬੱਚੇ ਉਨ੍ਹਾਂ ਦੇ ਦੇਸ਼ਾਂ ਵੱਲ ਭੱਜ ਰਹੇ ਹਨ। ਅਜ਼ਾਦੀ ਛੱਡ ਉੱਥੇ ਜਾ ਕੇ ਗੁਲਾਮੀ ਕਰ ਰਹੇ ਹਨ। ਕਸੂਰ ਕਿਸਦਾ ਹੋਇਆ? ਇਸ ਤੋਂ ਵੱਡੀ ਨਾਕਾਮੀ ਕੀ ਹੋਵੇਗੀ? ਅੰਗਰੇਜ਼ ਤਾਂ ਬਾਹਰਲੇ ਸਨ, ਗੈਰ ਸਨ, ਉਨ੍ਹਾਂ ਨੇ ਤਾਂ ਲੁੱਟਣਾ ਹੀ ਸੀ। ਇਸੇ ਮਕਸਦ ਤਹਿਤ ਕੰਪਨੀ ਖੋਲ੍ਹੀ ਸੀ ਪਰ ਸਾਡੇ ਲੀਡਰਾਂ ਨੇ ਕੀ ਕੀਤਾ? ਇਹ ਤਾਂ ਆਪਣੇ ਸਨ। ਇਨ੍ਹਾਂ ਨੇ ਕਿਹੜਾ ਘੱਟ ਗੁਜ਼ਾਰੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇ ਅੰਗਰੇਜ਼ ਨਾ ਜਾਂਦੇ ਤਾਂ ਵੀ ਮੁਲਕ ਦੀ ਹਾਲਤ ਅੱਜ ਜਿੰਨੀ ਮਾੜੀ ਨਹੀਂ ਸੀ ਹੋਣੀ। ਜੇ ਅੰਗਰੇਜ਼ਾਂ ਨੇ ਜ਼ੁਲਮ ਕੀਤੇ, ਲੁੱਟਿਆ ਤੇ ਕੁੱਟਿਆ, ਹੁਣ ਵੀ ਤਾਂ ਉਹੀ ਕੁਝ ਹੀ ਹੋ ਰਿਹਾ ਹੈ।
ਖੈਰ ਦਿਲੀ ਤਮੰਨਾ ਹੈ ਕਿ ਭਵਿੱਖ ਵਿੱਚ ਮੁਲਕ ਇੰਨੀ ਤਰੱਕੀ ਕਰੇ, ਇੰਨਾ ਅਬਾਦ ਹੋਵੇ ਕਿ ਮੈਨੂੰ ਨਵਾਂ ਲੇਖ ਲਿਖਣਾ ਪਵੇ, ਜਿਸਦਾ ਸਿਰਲੇਖ ਹੋਵੇ “ਅੰਗਰੇਜ਼ਾਂ ਦਾ ਰਾਜ ਬਹੁਤ ਮਾੜਾ ਸੀ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































