“ਕੁਦਰਤ ਦੇ ਹਿਸਾਬ ਨਾਲ ਵੇਖੀਏ ਅਤੇ ਸੋਚੀਏ ਤਾਂ ਕੁਦਰਤ ਦਾ ਕਾਇਦਾ-ਕਾਨੂੰਨ ਵੀ ਇਹੀ ਕਹਿੰਦਾ ਹੈ ...”
(20 ਸਤੰਬਰ 2025)
ਆਏ ਦਿਨ ਸਮਾਜ ਵਿੱਚ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਹੈ, ਜੋ ਬਹੁਤ ਹੀ ਕਰੂਰ ਅਤੇ ਮੰਦਭਾਗੀ ਹੁੰਦੀ ਹੈ, ਅਤੇ ਜਿਹੜੀ ਸਾਨੂੰ ਧੁਰ ਅੰਦਰ ਤਕ ਵਿਚਲਿਤ ਕਰ ਦਿੰਦੀ ਹੈ। ਸਾਡਾ ਮਨ ਦੁੱਖ ਤੇ ਰੋਹ ਨਾਲ ਭਰ ਜਾਂਦਾ ਹੈ। ਪਰ ਉਸ ਤੋਂ ਵੀ ਜ਼ਿਆਦਾ ਵਿਚਲਿਤ ਕਰਦਾ ਹੈ ਉਸ ਘਟਨਾ ਪ੍ਰਤੀ ਸਾਡਾ ਪੱਖ ਅਤੇ ਨਜ਼ਰੀਆ। ਪਤਾ ਨਹੀਂ ਸਾਡੀ ਕਿਹੋ ਜਿਹੀ ਆਦਤ ਜਾਂ ਸੁਭਾਅ ਹੋ ਗਿਆ ਹੈ ਕਿ ਅਸੀਂ ਸਭ ਤੋਂ ਪਹਿਲਾਂ ਮਰਨ ਵਾਲੇ ਅਤੇ ਮਾਰਨ ਵਾਲੇ ਦੀ ਜਾਤ ਅਤੇ ਧਰਮ ਨੂੰ ਦੇਖਦੇ ਹਾਂ। ਅਸੀਂ ਦੇਖਦੇ ਹਾਂ ਕਿ ਮਰਨ ਵਾਲਾ ਕਿਹੜੀ ਸਮੁਦਾਇ ਜਾਂ ਭਾਈਚਾਰੇ ਤੋਂ ਹੈ ਤੇ ਮਾਰਨ ਵਾਲਾ ਕਿਹੜੇ ਤੋਂ। ਉਸ ਤੋਂ ਬਾਅਦ ਹੀ ਅਸੀਂ ਸਹੀ ਅਤੇ ਗਲਤ ਦਾ ਫੈਸਲਾ ਲੈਂਦੇ ਹਾਂ, ਤੈਅ ਕਰਦੇ ਹਾਂ ਕਿ ਕਿਹਦੇ ਹੱਕ ਵਿੱਚ ਖੜ੍ਹਨਾ ਹੈ ਤੇ ਉਸੇ ਹਿਸਾਬ ਨਾਲ ਆਪਣਾ ਨਜ਼ਰੀਆ ਅਤੇ ਵਿਚਾਰ ਪ੍ਰਗਟ ਕਰਦੇ ਹਾਂ।
ਸਿਰਫ ਚਾਰ ਕੁ ਘਟਨਾਵਾਂ ਅਤੇ ਉਨ੍ਹਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਇਨ੍ਹਾਂ ਵਿੱਚੋਂ ਇੱਕ ਘਟਨਾ ਤਾਂ ਹਾਲ ਹੀ ਵਿੱਚ ਹੁਸ਼ਿਆਰਪੁਰ ਵਿੱਚ ਵਾਪਰਦੀ ਹੈ, ਜਿਸ ਵਿੱਚ ਇੱਕ ਨਸ਼ਈ ਪ੍ਰਵਾਸੀ ਵਿਅਕਤੀ (‘ਭਈਏ’) ਵੱਲੋਂ ਇੱਕ ਪੰਜ ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਤੋਂ ਬਾਅਦ ਬਹੁਤ ਬੇਦਰਦੀ ਅਤੇ ਕਰੂਰਤਾ ਨਾਲ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਸਮੁੱਚੇ ਪ੍ਰਵਾਸੀ ਸਮਾਜ (ਗੈਰ ਪੰਜਾਬੀ) ਪ੍ਰਤੀ ਸਿੱਧੇ ਹੋ ਜਾਂਦੇ ਹਾਂ ਤੇ ਉਨ੍ਹਾਂ ਨੂੰ ਪੰਜਾਬ ਵਿੱਚੋਂ ਭਜਾਉਣ ਦੀਆਂ ਗੱਲਾਂ ਕਰਨ ਲਗ ਜਾਂਦੇ ਹਾਂ। ਨਿਰਸੰਦੇਹ ਘਟਨਾ ਬਹੁਤ ਮਾੜੀ ਹੈ ਤੇ ਸੰਬੰਧਿਤ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਸਜ਼ਾ ਦਾ ਹੱਕਦਾਰ ਸਮੁੱਚਾ ਭਾਈਚਾਰਾ ਕਿਉਂ? ਬਾਕੀ ਕੁਨਬੇ ਦਾ ਕੀ ਕਸੂਰ? ਦੂਜੀ ਘਟਨਾ ਵਿੱਚ ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਅਤੇ ਉੱਥੇ ਗਲਤ ਤਰੀਕੇ ਨਾਲ ਲਾਈਸੈਂਸ ਬਣਾ ਕੇ ਡਰਾਇਵਰੀ ਕਰਦੇ ਟਰੱਕ ਚਾਲਕ ਪੰਜਾਬੀ ਨੌਜਵਾਨ ਦੀ ਅਣਗਹਿਲੀ, ਕਾਹਲੀ ਅਤੇ ਬੇਧਿਆਨੀ ਦੇ ਨਤੀਜੇ ਵਜੋਂ ਇੱਕ ਪਰਿਵਾਰ ਦੇ ਤਿੰਨ ਜੀਆਂ ਦੇ ਖਤਮ ਹੋਣ ਤੋਂ ਬਾਅਦ ਮੰਗ ਕਰਨ ਲਗਦੇ ਹਾਂ, ਪਟੀਸ਼ਨਾਂ ਸਾਈਨ ਕਰਦੇ ਹਾਂ ਕਿ ਉਪਰੋਕਤ ਨੌਜਵਾਨ ਸਾਡੇ ਆਪਣੇ ਸਮਾਜ ਅਤੇ ਭਾਈਚਾਰੇ ਦਾ ਹੈ, ਇਸ ਕਰਕੇ ਉਹਦੀ ਸਜ਼ਾ ਮੁਆਫ਼ ਕਰ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਕੇ ਉੱਥੇ ਵਸਦੇ ਬਾਕੀ ਭਾਈਚਾਰੇ ਲਈ ਔਕੜਾਂ ਅਤੇ ਮੁਸ਼ਕਲਾਂ ਤਾਂ ਖੜ੍ਹੀਆਂ ਕਰਦੇ ਹੀ ਹਾਂ, ਨਾਲ ਹੀ ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਨਫਰਤ ਦੇ ਪਾਤਰ ਵੀ ਬਣਾਉਂਦੇ ਹਾਂ। ਤੀਜੀ ਘਟਨਾ ਵਿੱਚ ਇੱਕ ਨੌਜਵਾਨ ਪਰਿਵਾਰ ਤੋਂ ਚੋਰੀ ਬਾਹਰ ਵਿਦੇਸ਼ ਵਿੱਚੋਂ ਆ ਕੇ ਪਿੰਡ ਦੇ ਇੱਕ ਬੱਚੇ ਨੂੰ ਅਗਵਾ ਕਰ ਲੈਂਦਾ ਹੈ। ਪੁਲਿਸ ਦੀ ਚੌਕਸੀ ਨਾਲ ਬੱਚਾ ਤਾਂ ਬਚ ਜਾਂਦਾ ਹੈ ਪਰ ਅਗਵਾਕਾਰ ਨੌਜਵਾਨ ਪੁਲਿਸ ਨਾਲ ਮੁੱਠਭੇੜ ਦੌਰਾਨ ਮਾਰਿਆ ਜਾਂਦਾ ਹੈ। ਉੱਥੇ ਅਸੀਂ ਇਹ ਰੌਲਾ ਪਾ ਲੈਂਦੇ ਹਾਂ ਕਿ ਮੁੰਡਾ ਸਿੱਖ ਸੀ ਤੇ ਪੁਲਿਸ ਨੇ ਜਾਣ-ਬੁੱਝ ਕੇ ਮਾਰਿਆ ਹੈ। ਇਵੇਂ ਹੀ ਇੱਕ ਪੰਜਾਬੀ ਨੌਜਵਾਨ ਵਿਦੇਸ਼ ਵਿੱਚ ਇੱਕ ਤੇਰਾਂ ਸਾਲ ਦੀ ਕੁੜੀ ਨਾਲ ਰੇਪ ਕਰਕੇ ਭੱਜ ਜਾਂਦਾ ਹੈ ਤੇ ਉਦੋਂ ਅਸੀਂ ਮੂਕ ਦਰਸ਼ਕ ਬਣ ਜਾਂਦੇ ਹਾਂ। ਚਾਰਾਂ ਘਟਨਾਵਾਂ ਵਿੱਚ ਅੱਡੋ-ਅੱਡ ਨਜ਼ਰੀਏ। ਹੋਰ ਸੁਣੋ, ਪਿੰਡ ਕੰਮੋਆਣਾ ਦੇ ਛੇ ਸਾਲਾ ਜੁਆਕ ਨਾਲ ਪਿੰਡ ਦੇ ਤਿੰਨ ਨੌਜਵਾਨਾਂ ਨੇ ਕੁਕਰਮ ਕਰਕੇ ਬੱਚੇ ਦੀ ਬੁਰੀ ਹਾਲਤ ਕਰ ਦਿੱਤੀ। ਦੋਸ਼ੀ ਫੜੇ ਵੀ ਗਏ ਤੇ ਜੇਲ੍ਹ ਵੀ ਭੇਜ ਦਿੱਤੇ ਗਏ। ਕਰਨ ਵਾਲੀ ਗੱਲ ਇਹ ਹੈ ਕਿ ਤਿੰਨੋਂ ਨੌਜਵਾਨ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹਨ। ਕੀ ਇੱਥੇ ਵੀ ਭਈਆਂ ਦਾ ਕਸੂਰ ਹੈ? ਅਤੀਤ ਵਿੱਚ ਬਲਾਤਕਾਰ ਜਿਹੇ ਅਜਿਹੇ ਅਨੇਕਾਂ ਘਿਨਾਉਣੇ ਕਾਂਡ ਹੋਏ ਹਨ, ਜਿਨ੍ਹਾਂ ਵਿੱਚ ਸਿੱਧੇ ਤੌਰ ’ਤੇ ਪੰਜਾਬੀ ਜ਼ਿੰਮੇਵਾਰ ਸ਼ਾਮਲ ਸਨ ਪਰ ਨਫ਼ਰਤ ਹਮੇਸ਼ਾ ਮਾੜੀ ਹੁੰਦੀ ਹੈ। ਸੰਤਾਲੀ ਵਿੱਚ ਇਹੀ ਹੋਇਆ ਸੀ। ਬਹੁਤੇ ਇਸ ਨਫ਼ਰਤ ਦਾ ਅੰਜਾਮ ਦੇਖ ਚੁੱਕੇ ਹਨ, ਇਸ ਅੱਗ ਦਾ ਸੇਕ ਝੱਲ ਚੁੱਕੇ ਹਨ।
ਜ਼ਿਕਰਯੋਗ ਹੈ ਕੁਝ ਸਮਾਂ ਪਹਿਲਾਂ ਇੱਕ ਨਾਅਰਾ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, “ਭਈਏ ਭਜਾਓ, ਪੰਜਾਬ ਬਚਾਓ!” ਜਿਸ ਵਿੱਚ ਜ਼ਿਆਦਾ ਜ਼ੋਰ ਉਹਨਾਂ ਸੱਜਣਾਂ ਦਾ ਲੱਗਾ ਸੀ, ਜਿਹੜੇ ਆਪਣੀ ਲੀਡਰੀ ਚਮਕਾਉਣਾ ਚਾਹੁੰਦੇ ਹਨ, ਜਿਨ੍ਹਾਂ ਦਾ ਮਜ਼ਦੂਰੀ ਦਾ ਕੰਮ ਕਰਨ ਵਾਲਿਆਂ ਨਾਲ ਕੋਈ ਜ਼ਿਆਦਾ ਵਾਹ-ਵਾਸਤਾ ਨਹੀਂ ਪੈਂਦਾ ਅਤੇ ਜਿਨ੍ਹਾਂ ਦਾ ਵਿਹਲਿਆਂ ਰਹਿ ਕੇ ਸਰਦਾ ਹੈ। ਕਿਸੇ ਦਾ ਭਰਾ ਜਾਂ ਪਿਓ ਵਿਦੇਸ਼ ਗਿਆ ਹੋਇਆ ਹੈ ਤੇ ਕਿਸੇ ਦਾ ਕੋਈ ਹੋਰ। ਉਨ੍ਹਾਂ ਲੋਕਾਂ ਨੇ ਕਦੇ ਇਹ ਵੀ ਸੋਚਿਆ ਕਿ ਜੇਕਰ ਕੱਲ੍ਹ ਨੂੰ ਬਾਹਰ ਵਿਦੇਸ਼ਾਂ ਦੇ ਮੂਲ ਵਾਸੀਆਂ ਨੇ ਵੀ ‘ਪੰਜਾਬੀ ਭਜਾਓ’ ਦਾ ਮੁੱਦਾ ਉਠਾ ਲਿਆ ਤਾਂ ਕੀ ਹੋਵੇਗਾ? ਕੀ ਉਹ ਲੋਕ ਉਸ ਸਮੇਂ ਬਾਹਰੋਂ ਆਉਣ ਵਾਲੇ ਪੰਜਾਬੀਆਂ ਨੂੰ ਆਪਣੇ ਕਾਰੋਬਾਰਾਂ, ਘਰਾਂ ਜਾਂ ਜ਼ਮੀਨਾਂ ਵਿੱਚੋਂ ਬਣਦਾ ਹਿੱਸਾ ਦੇਣ ਨੂੰ ਤਿਆਰ ਹੋਣਗੇ? ਕੀ ਭਈਆਂ ਨੂੰ ‘ਭਜਾਉਣ’ ਤੋਂ ਬਾਅਦ ਉਹ ਲੋਕ ਭਈਆਂ ਵੱਲੋਂ ਕੀਤੇ ਜਾਂਦੇ ਕੰਮ ਕਰਨਗੇ? ਜਾਂ ਫਿਰ ਕੰਮ ਕਰਨ ਵਾਲੇ ‘ਪੰਜਾਬੀ ਬੰਦੇ’ ਮੁਹਈਆ ਕਰਵਾਉਣਗੇ? ਇਸ ਹੁਸ਼ਿਆਰਪੁਰ ਵਾਲੀ ਵਾਰਦਾਤ ਮਗਰੋਂ ਦੁਬਾਰਾ ਇਹ ਮੰਗ ਜਾਂ ਨਾਅਰਾ ਚਰਚਾ ਵਿੱਚ ਆ ਗਿਆ ਹੈ ਤੇ ਇਸ ਕਤਲ ਦੀ ਆੜ ਵਿੱਚ ਪ੍ਰਵਾਸੀ ਮਜ਼ਦੂਰ (ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ਭਈਏ ਵੀ ਕਿਹਾ ਜਾਂਦਾ ਏ) ਫਿਰ ਤੋਂ ਉਨ੍ਹਾਂ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਸੋਚਣ ਵਾਲੀ ਗੱਲ ਹੈ ਕੀ ਇਸ ਤਰ੍ਹਾਂ ਪੰਜਾਬ ਵਿੱਚੋਂ ਭਈਆਂ ਨੂੰ ਭਜਾਉਣ ਨਾਲ ਜੁਰਮ ਖਤਮ ਹੋ ਜਾਣਗੇ? ਤੇ ਕੀ ਭਈਆਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਜੁਰਮ ਨਹੀਂ ਸੀ ਹੁੰਦੇ? ਸੈਂਕੜੇ ਉਦਾਹਰਨਾਂ ਹਨ ਜਿਨ੍ਹਾਂ ਵਿੱਚ ਤਾਏ ਚਾਚਿਆਂ ਨੇ ਜ਼ਮੀਨ-ਜਾਇਦਾਦਾਂ ਦੇ ਲਾਲਚ ਵਿੱਚ ਪੁੱਤਾਂ ਵਰਗੇ ਭਤੀਜਿਆਂ ਨੂੰ ਮਾਰ ਮੁਕਾਇਆ।
ਪ੍ਰਵਾਸ ਕਦੀ ਰੁਕ ਸਕਦਾ ਹੈ? ਨਹੀਂ, ਕਦੀ ਵੀ ਨਹੀਂ। ਘੁੰਮਣਾ ਇਨਸਾਨ ਦੀ ਪ੍ਰਵਿਰਤੀ ਵੀ ਹੈ ਤੇ ਸ਼ੌਕ ਵੀ ਹੈ। ਜਦੋਂ ਗੱਲ ਜ਼ਰੂਰਤਾਂ ਦੀ ਪੂਰਤੀ ਦੀ ਹੋਵੇ ਤਾਂ ਇਹੀ ਘੁੰਮਣਾ ਲੋੜ ਬਣ ਜਾਂਦੀ ਹੈ ਅਤੇ ਰੁਜ਼ਗਾਰ ਦੀ ਭਾਲ ਵਿੱਚ ਤਾਂ ਹਰ ਇੱਕ ਨੂੰ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਹੈ। ਪਸ਼ੂ, ਪੰਛੀ ਅਤੇ ਹੋਰ ਸਾਰੇ ਜਾਨਵਰਾਂ ਨੂੰ ਵੀ ਰੋਟੀ ਦੀ ਭਾਲ ਵਿੱਚ ਘੁਰਨਿਆਂ ਵਿੱਚੋਂ ਨਿਕਲਣਾ ਪੈਂਦਾ ਹੈ। ਮਨੁੱਖ ਹੋਵੇ ਜਾਂ ਕੋਈ ਹੋਰ, ਚਾਹ ਕੇ ਵੀ ਇਸ ਤੋਂ ਅਛੂਤਾ ਨਹੀਂ ਰਹਿ ਸਕਦਾ। ਪਾਪੀ ਪੇਟ ਦਾ ਸਵਾਲ ਜੁ ਹੋਇਆ। ਹੁਣ ਗੱਲ ਕਰੀਏ ਪ੍ਰਵਾਸ ਦੀ ਤਾਂ ਪ੍ਰਵਾਸ ਵੀ ਇਸੇ ਕੜੀ ਦਾ ਹੀ ਅਗਲਾ ਹਿੱਸਾ ਹੈ। ਬੰਦਾ ਘਰੋਂ ਬਾਹਰ ਨਿਕਲਦਾ ਹੈ, ਕੰਮ ਕਰਦਾ ਹੈ ਤੇ ਪੈਸਾ ਕਮਾਉਂਦਾ ਹੈ। ਜੇ ਕੰਮ-ਕਾਰ ਘਰ ਦੇ ਨਜ਼ਦੀਕ ਹੈ ਤਾਂ ਰੋਜ਼ਾਨਾ ਮੁੜ ਆਉਂਦਾ ਹੈ ਪਰ ਜੇ ਕਿਤੇ ਦੂਰ ਹੈ ਤਾਂ ਉੱਥੇ ਹੀ ਰਿਹਾਇਸ਼ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ। ਪਸ਼ੂ-ਪੰਛੀ ਵੀ ਇਵੇਂ ਹੀ ਕਰਦੇ ਹਨ। ਕਿਸੇ ਦਾ ਆਪਣੇ ਖ਼ਿੱਤੇ ਵਿੱਚ ਕੰਮ ਸੂਤ ਆ ਜਾਂਦਾ ਹੈ ਪਰ ਕਿਸੇ ਨੂੰ ਬਾਹਰ ਦੂਰ-ਦੁਰਾਡੇ ਮੁਲਕਾਂ ਵਿੱਚ ਵੀ ਜਾਣਾ ਪੈਂਦਾ ਹੈ। ਉਹ ਮੁਲਕ ਜਿਨ੍ਹਾਂ ਦੀ ਭਾਸ਼ਾ, ਬੋਲੀ, ਸੱਭਿਆਚਾਰ, ਵਾਤਾਵਰਣ, ਰੀਤੀ-ਰਿਵਾਜ਼, ਖਾਣ-ਪੀਣ, ਰਹਿਣ-ਸਹਿਣ, ਕਾਨੂੰਨ, ਫੈਸਲੇ ਅਤੇ ਸਜ਼ਾਵਾਂ ਵੱਖੋ-ਵੱਖ ਹੁੰਦੇ ਹਨ। ਲੋੜ ਪੂਰੀ ਹੋਣ ਤੋਂ ਬਾਅਦ ਕੋਈ ਤਾਂ ਵਾਪਸ ਆਪਣੇ ਵਤਨੀਂ ਮੁੜ ਆਉਂਦਾ ਹੈ ਪਰ ਕਿਸੇ ਨੂੰ ਉੱਥੇ ਹੀ ਰਹਿਣ ਲੱਗਦਾ ਹੈ। ਚਾਹੇ ਬਿਹਤਰ ਸੁਖ ਸਹੂਲਤਾਂ ਕਹਿ ਲਓ ਤੇ ਚਾਹੇ ਬੱਚਿਆਂ ਦੇ ਚੰਗੇ ਅਤੇ ਉਸਾਰੂ ਭਵਿੱਖ ਦੀ ਖਾਤਰ,ਕਹਿਣ ਦਾ ਮਤਲਬ ਪ੍ਰਵਾਸ ਪਿੱਛੇ ਹਰ ਇੱਕ ਦਾ ਕੋਈ ਨਾ ਕੋਈ ਕਾਰਨ ਜਾਂ ਮਕਸਦ ਜ਼ਰੂਰ ਹੁੰਦਾ ਹੈ।
ਕੁਦਰਤ ਦੇ ਹਿਸਾਬ ਨਾਲ ਵੇਖੀਏ ਅਤੇ ਸੋਚੀਏ ਤਾਂ ਕੁਦਰਤ ਦਾ ਕਾਇਦਾ-ਕਾਨੂੰਨ ਵੀ ਇਹੀ ਕਹਿੰਦਾ ਹੈ, ਖਾਲੀ ਥਾਂ ਹਰ ਹਾਲ ਭਰੇਗੀ। ਅਸਲ ਵਿੱਚ ਥਾਂ ਖ਼ਾਲੀ ਹੁੰਦੀ ਹੀ ਭਰਨ ਲਈ ਹੈ। ਘਰ ਹੋਵੇ ਜਾਂ ਕੁਰਸੀ ਕੋਈ ਇੱਕ ਉੱਠੇਗਾ ਤਾਂ ਦੂਜਾ ਬੈਠ ਜਾਵੇਗਾ। ਵਿਗਿਆਨਕ ਨਜ਼ਰੀਏ ਨਾਲ ਗੱਲ ਕਰੀਏ, ਕਿਸੇ ਬੰਦ ਕਮਰੇ ਵਿੱਚੋਂ ਇੱਕ ਪਾਸੇ ਤੋਂ ਹਵਾ ਕੱਢੀਏ ਤਾਂ ਦੂਜੇ ਪਾਸੇ ਤੋਂ ਭਰਨੀ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਖਾਲੀ ਪਏ ਖੇਤ ਵਿੱਚ ਕੋਈ ਫਸਲ ਨਾ ਬੀਜੀ ਤਾਂ ਨਦੀਨ ਉੱਗ ਜਾਣਗੇ। ਜੀਵ ਹੋਵੇ ਜਾਂ ਬਨਸਪਤੀ, ਕੋਈ ਇੱਕ ਮਰੇਗਾ ਤਾਂ ਦੂਜਾ ਜੰਮ ਪਵੇਗਾ। ਇਸੇ ਤਰ੍ਹਾਂ ਜੇਕਰ ਪੰਜਾਬ ਨੂੰ ਪੰਜਾਬੀ ਛੱਡ ਕੇ ਜਾਣਗੇ ਤਾਂ “ਭਈਏ” ਜਾਂ ਕੋਈ ਹੋਰ ਉਹ ਥਾਂ ਲੈ ਲਵੇਗਾ। ਜ਼ਰਾ ਪਿਛੋਕੜ ਵਿੱਚ ਜਾਈਏ ਤਾਂ ਅਸੀਂ ਆਰੀਅਨ ਕਿਹੜਾ ਇੱਥੋਂ ਦੇ ਮੂਲ ਨਿਵਾਸੀ ਹਾਂ, ਅਸੀਂ ਵੀ ਤਾਂ ਬਾਹਰੋਂ ਹੀ ਆਏ ਹਾਂ। ਹਾਂ ਜਿਹੜੀ ਅਸਲ ਲੋੜ ਹੈ, ਉਹ ਹੈ ਪੰਜਾਬ ਨੂੰ ਅਪਰਾਧੀ ਅਤੇ ਗਲਤ ਅਨਸਰਾਂ ਤੋਂ ਮੁਕਤ ਕਰਨ ਲਈ ਹੰਭਲਾ ਮਾਰਨਾ। ਫਿਰ ਚਾਹੇ ਉਹ ਪ੍ਰਵਾਸੀ ਭਈਏ ਹੋਣ ਜਾਂ ਫਿਰ ਇੱਥੋਂ ਦੇ ‘ਸਾਡੇ ਆਪਣੇ’। ਸੋ ਇਹ ਮੁੱਦਾ ਬੇਬੁਨਿਆਦ ਹੈ ਕਿ ਫਲਾਣੇ ਨੂੰ ਭਜਾਓ ਅਤੇ ਧਮਕਾਨੇ ਨੂੰ ਲਿਆਓ। ਇਹ ਸਭ ਕਰਨ ਤੋਂ ਪਹਿਲਾਂ ਜ਼ਰਾ ਸੋਚੋ, ਅੱਜ ਅਸੀਂ ਜੋ ਕੰਮ ਉਨ੍ਹਾਂ ਤੋਂ ਕਰਾਉਂਦੇ ਹਾਂ, ਕੀ ਸਾਡੇ ਆਪਣੇ ਇੱਥੇ ਦੇ ਲੋਕ ਉਹੀ ਕੰਮ ਕਰਨ ਨੂੰ ਤਿਆਰ ਹਨ? ਕੀ ਸਾਡੇ ਕੋਲ ਉਹਨਾਂ ਦਾ ਬਦਲ ਮੌਜੂਦ ਏ? ਰਹੀ ਗੱਲ ਅਪਰਾਧ ਦੀ, ਸਾਡੇ ਵਿੱਚ ਕਿਹੜਾ ਅਪਰਾਧਿਕ ਬਿਰਤੀ ਹੈ ਨਹੀਂ? ਅਸਲ ਵਿੱਚ ਅਪਰਾਧੀ ਤਾਂ ਹੈਵਾਨ ਹੁੰਦਾ ਹੈ ਤੇ ਹੈਵਾਨ ਦਾ ਕੋਈ ਵੀ ਧਰਮ, ਜਾਤ ਜਾਂ ਖਿੱਤਾ ਨਹੀਂ ਹੁੰਦਾ। ਉਹ ਗੋਰਾ, ਕਾਲਾ, ਮਧਰਾ, ਲੰਮਾ ਮਤਲਬ ਕਿ ਕਿਸੇ ਵੀ ਰੰਗ-ਰੂਪ ਜਾਂ ਸ਼ਕਲੋ-ਸੂਰਤ ਦਾ ਹੋ ਸਕਦਾ ਹੈ।
ਇੱਥੇ ਐਨਾ ਕੁਝ ਲਿਖਣ ਦਾ ਮਤਲਬ ਅਤੇ ਮਕਸਦ ਵੀ ਇਹੀ ਹੈ ਕਿ ਕਸੂਰਵਾਰ ਨੂੰ ਸਜ਼ਾ ਮਿਲੇ ਪਰ ਬੇਕਸੂਰ ਐਵੇਂ ਨਾ ਰਗੜਿਆ ਜਾਵੇ। ਹਰ ਸੁਹਿਰਦ ਵਿਅਕਤੀ ਚਾਹੁੰਦਾ ਹੈ ਕਿ ਕਿ ਪੰਜਾਬ ਦੀ ਖੁਸ਼ਹਾਲੀ ਬਰਕਰਾਰ ਰਹੇ। ਕਿੰਨਾ ਚੰਗਾ ਹੁੰਦਾ ਜੇਕਰ ਕਿਹਾ ਹੁੰਦਾ, “ਗਲਤ ਪਛਾਣ ਵਾਲੇ ਤੇ ਅਪਰਾਧਿਕ ਬਿਰਤੀ ਵਾਲੇ ਭਈਏ ਭਜਾਓ ਤੇ ਪੰਜਾਬ ਨੂੰ ਬਚਾਓ’ ਪਰ ਉਹਦੇ ਲਈ ਵੀ ਇੱਕ ਯੋਜਨਾ ਤਹਿਤ ਚੱਲਣਾ ਪੈਣਾ ਪਵੇਗਾ। ਇੱਕ ਸਿਸਟਮ ਬਣਾਉਣਾ ਪਵੇਗਾ ਅਤੇ ਉਹ ਸਿਸਟਮ ਹੋਵੇਗਾ ਪ੍ਰਵਾਸੀਆਂ ਦੀ ਸ਼ਨਾਖ਼ਤ ਦਾ, ਜਿਸ ਲਈ ਸਾਨੂੰ ਖੁਦ ਪਹਿਲਕਦਮੀ ਕਰਨੀ ਪਵੇਗੀ। ਪਰ ਮੇਰਾ ਖਿਆਲ ਨਹੀਂ ਕਿ ਕਿਸੇ ਪੰਜਾਬੀ ਨੇ ਕਦੇ ਬਾਹਰੀ ਬੰਦੇ ਨੂੰ ਕੰਮ ’ਤੇ ਰੱਖਣ ਤੋਂ ਪਹਿਲਾਂ ਉਹਦੀ ਸ਼ਨਾਖ਼ਤ ਜਾਂ ਪਛਾਣ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਹੋਵੇ ਜਾਂ ਕਰਨੀ ਜ਼ਰੂਰੀ ਸਮਝੀ ਹੋਵੇ। ਕਦੀ ਉਹਦਾ ਅਧਾਰ ਕਾਰਡ ਵੀ ਪੁੱਛਿਆ ਹੋਵੇ। ਬੱਸ ਕਾਮਾ ਘੱਟ ਭਾਅ ਵਿੱਚ ਮਿਲ ਜਾਵੇ। ਦਿਨੋ-ਦਿਨ ਵਧਦੇ ਲਾਲਚ ਅਤੇ ਤਮ੍ਹਾਂ ਨੇ ਸਾਡੀ ਮੱਤ ਮਾਰ ਦਿੱਤੀ ਹੈ। ਚੰਗਾ-ਮਾੜਾ ਸੋਚਣ ਦੀ ਸੂਝ ਨੂੰ ਜੰਗਾਲ ਲੱਗ ਗਿਆ ਹੈ ਤੇ ਅਸੀਂ ਪੱਕੇ ਢੀਠ ਹੋ ਗਏ ਹਾਂ। ਅੱਜ-ਕੱਲ੍ਹ ਤਾਂ ਵੈਸੇ ਵੀ ਸਭ ਕੁਝ ਔਨਲਾਈਨ ਹੈ, ਜਿਸ ਕਰਕੇ ਕੁਝ ਵੀ ਔਖਾ ਨੀ। ਜ਼ਰੂਰੀ ਹੈ ਬਾਹਰੋਂ ਕੰਮ ਕਰਨ ਆਏ ਬੰਦੇ ਦਾ ਬਕਾਇਦਾ ਕੰਮ ਸੰਬੰਧੀ ਸ਼ਨਾਖਤੀ ਕਾਰਡ ਬਣਿਆ ਹੋਵੇ ਜੋ ਕਿ ਉਸਦੇ ਸੰਬੰਧਿਤ ਥਾਣੇ ਤੋਂ ਤਸਦੀਕ ਸ਼ੁਦਾ ਹੋਵੇ ਤੇ ਇੱਧਰ ਪੰਜਾਬ ਵਿੱਚ ਨੇੜਲੇ ਥਾਣੇ ਵਿੱਚ ਇਸ ਸੰਬੰਧੀ ਸੂਚਨਾ ਦਰਜ ਹੋਵੇ ਤਾਂ ਕਿ ਪਤਾ ਰਹੇ ਕਿ ਇਸ ਬੰਦੇ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਤਾਂ ਨਹੀਂ? ਕਿਤੋਂ ਕੋਈ ਕਤਲ ਜਾਂ ਲੁੱਟ-ਖੋਹ ਦੀ ਵਾਰਦਾਤ ਵਗੈਰਾ ਕਰਕੇ ਤਾਂ ਨਹੀਂ ਆਇਆ? ਨਾਲ ਹੀ ਪਿੰਡਾਂ ਦੀ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਮੋਟਰਾਂ ’ਤੇ ਬੈਠੇ ਬੰਦਿਆਂ ਦੀ ਪਛਾਣ ਸੰਬੰਧੀ ਉਨ੍ਹਾਂ ਕੋਲ ਜ਼ਰੂਰੀ ਜਾਣਕਾਰੀ ਹੋਵੇ। ਜਿਸਦੀ ਮੋਟਰ ’ਤੇ ਜਾਂ ਮਕਾਨ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਰਹਿੰਦੇ ਹਨ, ਉਸਦਾ ਵੀ ਫਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀ ਜਾਂਚ ਪੜਤਾਲ ਤੋਂ ਬਾਅਦ ਹੀ ਰਹਿਣ ਲਈ ਇਜਾਜ਼ਤ ਦਿੱਤੀ ਜਾਵੇ। ਜੇ ਕਿਸੇ ਨੇ ਪਰਵਾਸੀ ਨੂੰ ਘਰ ਜਾਂ ਦੁਕਾਨ ਉੱਤੇ ਕੰਮ ’ਤੇ ਰੱਖਣਾ ਹੈ ਤਾਂ ਬਾਅਦ ਵਿੱਚ ਪਛਤਾਉਣ ਨਾਲੋਂ ਪਹਿਲਾਂ ਹੀ ਸੰਬੰਧਿਤ ਥਾਣੇ ਵਿੱਚ ਇੰਦਰਾਜ਼ ਕਰਾਇਆ ਜਾਵੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਾਹਰ ਸੜਕਾਂ ਉੱਤੇ ਜਾਂ ਸ਼ਹਿਰਾਂ ਵਿੱਚ ਵਿਹਲੀਆਂ ਥਾਂਵਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਰੇਹੜੀਆਂ ਲਾ ਕੇ ਬੈਠੇ ਬੰਦਿਆਂ ਦੀ ਪਛਾਣ ਅਤੇ ਜਾਂਚ ਕੀਤੀ ਜਾਵੇ। ਪਿੰਡਾਂ ਵਿੱਚ ਫਲ-ਸਬਜ਼ੀਆਂ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਸਮਾਨ ਵੇਚਣ ਜਾਂ ਰੱਦੀ ਅਤੇ ਹੋਰ ਕਬਾੜ ਵਗੈਰਾ ਖਰੀਦਣ ਆਉਂਦੇ ਬੰਦਿਆਂ ਦੀ ਸ਼ਨਾਖ਼ਤ ਚੈੱਕ ਕੀਤੀ ਜਾਵੇ ਅਤੇ ਬਿਨਾਂ ਕਿਸੇ ਪਛਾਣ ਪੱਤਰ ਵਾਲੇ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਨਾ ਘੁੰਮਣ ਦਿੱਤਾ ਜਾਵੇ। ਨੇਤਾਵਾਂ ਨੂੰ ਚਾਹੀਦਾ ਹੈ ਕਿ ਜਾਅਲੀ ਪਛਾਣ ਪੱਤਰ ਬਣਵਾ ਕੇ ਕਿਸੇ ਦੀ ਵੀ ਗਲਤ ਵੋਟ ਨਾ ਬਣਾਉਣ ਅਤੇ ਮਾਸੂਮ ਲੋਕਾਂ ਦੀਆਂ ਜ਼ਿੰਦਗੀਆਂ ਦਾਅ ’ਤੇ ਲਾਉਣ ਤੋਂ ਗੁਰੇਜ਼ ਕਰਨ। ਹਾਲਾਤ ਇਹ ਹੋ ਗਏ ਹਨ ਕਿ ਸਸਤਾ ਜਿਹਾ ਮੋਟਰਸਾਈਕਲ ਖਰੀਦ ਕੇ ਉਸਦਾ ਜੁਗਾੜੂ ਭਾਰ ਢੋਣ ਵਾਲਾ ਤਿੰਨ ਪਹੀਆ ਵਾਹਨ ਬਣਾ ਲਿਆ ਜਾਂਦਾ ਹੈ, ਜਿਸਦੀ ਕੋਈ ਰਜਿਸਟਰੇਸ਼ਨ ਵੀ ਨਹੀਂ ਹੁੰਦੀ ਤੇ ਚੱਲ ਮੇਰੇ ਭਾਈ, ਕਾਰੋਬਾਰ ਸ਼ੁਰੂ। ਵੈਸੇ ਇਹ ਜੁਗਾੜ ਰੋਕਣ ਲਈ ਮੌਜੂਦਾ ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਸੀ ਪਰ ਉਦੋਂ ਸਾਡੇ ਹੀ ਕਈ ਸੰਗਠਨ ਉਨ੍ਹਾਂ ਲੋਕਾਂ ਦੇ ਪੱਖ ਵਿੱਚ ਆ ਗਏ ਅਤੇ ਸਰਕਾਰ ਨੂੰ ਫੈਸਲਾ ਮੁਲਤਵੀ ਕਰਨਾ ਪਿਆ।
ਸੰਖੇਪ ਵਿੱਚ ਕਹੀਏ ਤਾਂ ਬਿਹਤਰ ਸਮਾਜ ਦੀ ਸਿਰਜਣਾ ਕਰਨਾ ਸਾਡੀ ਜ਼ਿੰਮੇਵਾਰੀ ਅਤੇ ਫਰਜ਼ ਹੈ, ਜੋ ਰਲ-ਮਿਲ ਕੇ ਹੀ ਹੋ ਸਕਦਾ ਹੈ। ਜ਼ੁਲਮ ਅਤੇ ਜਬਰ ਦੇ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਕਰੋ। ਜਾਤ, ਧਰਮ ਜਾਂ ਰੰਗ-ਰੂਪ ਕਰਕੇ ਕਿਸੇ ਨਾਲ ਭੇਦਭਾਵ ਨਾ ਕਰੋ। ਗੁਰੂਆਂ ਦੇ ਸੰਦੇਸ਼, “ਮਾਨਸ ਕੀ ਜਾਤ ਸਬੈ ਏਕੋ ਪਰਿਚਾਨਬੋ।” ਨੂੰ ਅਪਣਾਓ। ਰਹੀ ‘ਭਈਆਂ’ ਵਾਲੀ ਗੱਲ, ਉਨ੍ਹਾਂ ਵਾਲੇ ਕੰਮ ਖੁਦ ਕਰਨੇ ਸ਼ੁਰੂ ਕਰ ਦਿਓ, ਉਹ ਖੁਦ-ਬ-ਖੁਦ ਭੱਜ ਜਾਣਗੇ।
ਮੁੱਕਦੀ ਗੱਲ, ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੋ ਹੁਣ ਹੋ ਰਿਹਾ ਹੈ “ਭਈਏ ਭਜਾਓ, ਪੰਜਾਬ ਬਚਾਓ”, ਕੱਲ੍ਹ ਨੂੰ ਇਹਦੀ ਤਰਜ਼ ’ਤੇ ਬਾਕੀ ਰਾਜਾਂ ਅਤੇ ਬਾਕੀ ਦੁਨੀਆ ਵਿੱਚ ਵੀ ‘ਪੰਜਾਬੀ (ਜਾਂ ਸਿੱਖ) ਭਜਾਓ’ ਦੀ ਮੁਹਿੰਮ ਚੱਲ ਪਈ ਤਾਂ ਇਸ ਸਭ ਦਾ ਜ਼ਿੰਮੇਵਾਰ ਕੌਣ ਹੋਵੇਗਾ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (