“ਬਜ਼ੁਰਗ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਸਾਨੂੰ ਬਖਸ਼ ਦਓ, ਅਸੀਂ ਦੋਵੇਂ ਜੀਅ ਸਾਰੀ ਜ਼ਿੰਦਗੀ ...”
(14 ਅਗਸਤ 2025)
ਅੰਗਰੇਜ਼ਾਂ ਵੱਲੋਂ ਭਾਰਤ ਦੇਸ਼ ਛੱਡਣ ਦੇ ਐਲਾਨ ਦੇ ਨਾਲ ਹੀ ਮੁਲਕ ਦੀ ਵੰਡ ਦਾ ਵੀ ਫੈਸਲਾ ਹੋ ਗਿਆ ਸੀ। ‘ਕੁਰਸੀ ਦੇ ਭੁੱਖਿਆਂ’ ਦੀ ਜ਼ਿਦ ਦੀ ਬਦੌਲਤ, ਪੁਰਾਣੇ ਭਾਰਤ ਨੂੰ ਤੋੜ ਕੇ ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਨਵੇਂ ਮੁਲਕ ਬਣਨ ਜਾ ਰਹੇ ਸਨ। ਇੱਕ ਹਿੰਦੂਆਂ ਦਾ ਤੇ ਦੂਜਾ ਮੁਸਲਮਾਨਾਂ ਦਾ। ਮਾਹੌਲ ਦਿਨ ਪ੍ਰਤੀ ਦਿਨ ਵਿਗੜਦਾ ਜਾ ਰਿਹਾ ਸੀ ਤੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਸਨ। ਜ਼ਰੂਰੀ ਮਾਲ-ਅਸਬਾਬ ਸਮੇਟ ਕੇ ਇੱਧਰਲੇ ਲੋਕ ਉੱਧਰ ਤੇ ਉੱਧਰਲੇ ਲੋਕ ਇੱਧਰ ਆਉਣ ਦੀਆਂ ਤਿਆਰੀਆਂ ਵਿੱਚ ਜੁਟ ਗਏ ਸਨ। ਰੇਲਵੇ ਸਟੇਸ਼ਨਾਂ ਦੇ ਨੇੜੇ ਵੱਖੋ-ਵੱਖ ਥਾਂਵਾਂ ’ਤੇ ਕੈਂਪ ਲਾ ਕੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਕੈਂਪਾਂ ਵਿੱਚ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਜੋ ਰੇਲਗੱਡੀਆਂ ਰਾਹੀਂ ਅੱਗੇ ਭੇਜਿਆ ਜਾ ਸਕੇ ਪਰ ਆਖਰੀ ਮੰਜ਼ਲ ਕੀ ਹੋਵੇਗੀ, ਕਿਸੇ ਨੂੰ ਕੋਈ ਅੰਦਾਜ਼ਾ ਜਾਂ ਖਬਰ ਨਹੀਂ ਸੀ।
ਇੱਧਰ ਮੁਲਕ ਛੱਡ ਕੇ ਜਾਣ ਵਾਲੇ ਲੋਕ ਜ਼ਰੂਰੀ ਮਾਲ, ਗਹਿਣਾ-ਗੱਟਾ ਅਤੇ ਹੋਰ ਲੋੜੀਂਦਾ ਰਾਸ਼ਨ-ਪਾਣੀ ਵਗੈਰਾ ਸਾਂਭਣ ਵਿੱਚ ਲੱਗੇ ਹੋਏ ਸਨ ਤੇ ਉੱਧਰ ਲੁੱਟ ਦੀ ਨੀਅਤ ਰੱਖਣ ਵਾਲੇ ਧਾੜਵੀ ਇਕੱਠੇ ਹੋ ਰਹੇ ਸਨ। ਇੱਕ ਗਿਣੀ-ਮਿਥੀ ਚਾਲ ਦੇ ਤਹਿਤ ਸਾਂਝੇ ਮੁਲਕ ਵਿੱਚ ਕਈ ਥਾਈਂ ਦੰਗੇ ਸ਼ੁਰੂ ਹੋ ਗਏ ਸਨ ਤੇ “ਖ਼ੂਨ ਦਾ ਬਦਲਾ ਖੂਨ” ਦੇ ਨਾਅਰੇ ਹੇਠ ਬਦਲਾ ਲੈਣ ਤੇ ਲੁੱਟ-ਖੋਹ ਕਰਨ ਦੀਆਂ ਸਕੀਮਾਂ ਘੜੀਆਂ ਜਾਣ ਲੱਗੀਆਂ ਸਨ।
ਇਸੇ ਤਰ੍ਹਾਂ ਦੁਆਬੇ ਦੇ ਇਲਾਕੇ ਕੰਢੀ ਤੇ ਢਾਹੇ ਨੂੰ ਜੋੜਨ ਵਾਲੇ ਸਾਂਝੇ ਪੁਆਇੰਟ ’ਤੇ ਮੁਸਲਮਾਨਾਂ ਦੇ ਇੱਕ ਵੱਡੇ ਪਿੰਡ ਚਣਕੋਏ ਵਿੱਚ ਵੀ ਲਾਗੇ-ਚਾਗੇ ਦੇ 13 ਪਿੰਡਾਂ ਦੇ ਮੁਸਲਮਾਨਾਂ ਨੂੰ ਇਕੱਠਾ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਅਗਾਊਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸੇ ਸ਼ਹਿਰ ਗੜ੍ਹਸ਼ੰਕਰ ਵਿਖੇ ਲੱਗੇ ਕੈਂਪ ਵਿੱਚ ਪਹੁੰਚਾਇਆ ਜਾਣਾ ਸੀ ਤੇ ਉੱਥੋਂ ਅੱਗੇ ਪਾਕਿਸਤਾਨ ਨੂੰ ਭੇਜਣਾ ਸੀ। ਕੰਢੀ ਅਤੇ ਬੇਟ ਦੇ ਇਸ ਸਾਂਝੇ ਇਲਾਕੇ ਵਿੱਚ ਵੀ ਇੱਕ ‘ਮਸ਼ਹੂਰ ਸੰਤ’ ਦੀ ਅਗਵਾਈ ਵਿੱਚ ਅਜਿਹੇ ਹੀ ਧਾੜਵੀ ਅਤੇ ਲੁਟੇਰੇ ਕਿਸਮ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।
ਚੌਧਰੀ ਜਲਾਲ ਖਾਂ, ਚਣਕੋਏ ਪਿੰਡ ਦਾ ਲੰਬੜਦਾਰ, ਇਲਾਕੇ ਦਾ ਇੱਕ ਮੰਨਿਆ-ਪ੍ਰਮੰਨਿਆ ਵਿਅਕਤੀ ਸੀ। ਉਸੇ ਦੀ ਅਗਵਾਈ ਵਿੱਚ ਹੀ ਇਹ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਰਹੇ ਸਨ ਤੇ ਜਥਿਆਂ ਦੇ ਰੂਪ ਵਿੱਚ ਅੱਗੇ ਗੜ੍ਹਸ਼ੰਕਰ ਵੱਲ ਕੂਚ ਕਰ ਰਹੇ ਸਨ ਤਾਂ ਜੋ ਰਸਤੇ ਵਿੱਚ ਹੋਣ ਵਾਲੀ ਕਿਸੇ ਅਣ-ਸੁਖਾਵੀਂ ਘਟਨਾ ਜਾਂ ਵਾਰਦਾਤ ਤੋਂ ਬਚਿਆ ਜਾ ਸਕੇ। ਇਸ ਰੌਲੇ-ਗੌਲੇ ਜਾਂ ਕਾਹਲ ਦੌਰਾਨ ਚਣਕੋਏ ਪਿੰਡ ਦੇ ਹੀ ਇੱਕ ਬਜ਼ੁਰਗ ਦਾਦਾ ਤੇ ਉਸਦਾ 9 ਕੁ ਸਾਲ ਦਾ ਪੋਤਾ ਪਿੰਡ ਵਿੱਚ ਆਪਣੇ ਘਰ ਵਿੱਚ ਹੀ ਰਹਿ ਗਏ। ਉਸ ਬਜ਼ੁਰਗ ਦਾ ਨਾਂ ਸ਼ਾਇਦ ਨਿਜ਼ਾਮੂਦੀਨ ਸੀ। ਇੰਨੇ ਨੂੰ ਹਫੜਾ-ਦਫੜੀ ਮੱਚ ਗਈ ਤੇ ਉਹ ਵਿਚਾਰੇ ਡਰਦੇ ਮਾਰੇ ‘ਕੋਠੀ’ ਵਿੱਚ ਲੁਕ ਗਏ। ਇੱਥੇ ਪੁਰਾਣੇ ਬਜ਼ੁਰਗ ਤੇ ਸਿਆਣੇ ਲੋਕ ਜਾਣਦੇ ਨੇ ਕਿ ਅਨਾਜ ਸਾਂਭਣ ਲਈ ਬਣਾਈ ਛੋਟੀ ਜਿਹੀ ਕੋਠੜੀ ਨੂੰ ਕੋਠੀ ਕਿਹਾ ਜਾਂਦਾ ਸੀ।
ਮੁਸਲਮਾਨਾਂ ਦੇ ਜਾਣ ਤੋਂ ਬਾਅਦ ਬਰਾਤ ਵਿੱਚ ਭਾਨ ਲੁੱਟਣ ਵਾਲਿਆਂ ਵਾਂਗ ਬਚਿਆ ਸਮਾਨ ਲੁੱਟਣ ਦੀ ਨੀਅਤ ਨਾਲ ਜਦੋਂ ਖਾਲੀ ਘਰਾਂ ਵਿੱਚ ਲੁੱਟ-ਖੋਹ ਕਰਨ ਵਾਲੇ ਅਨਸਰ ਦਾਖਲ ਹੋਏ ਤਾਂ ਇਹ ਦੋਵੇਂ ਬੇਦੋਸ਼ੇ ਬਾਬਾ ਪੋਤਾ ਉਨ੍ਹਾਂ ਦੇ ਹੱਥ ਲੱਗ ਗਏ। ਇਨ੍ਹਾਂ ਲੁਟੇਰੇ ਅਨਸਰਾਂ ਵਿੱਚ ਕੁਝ ਉਸ ‘ਸੰਤ’ ਦੇ ਪਿਛਲੱਗ ਵੀ ਸਨ। ਆਪਣੇ ਨੰਬਰ ਬਣਾਉਣ ਦੀ ਖਾਤਰ ਉਹ ਲੋਕ ਇਸ ਮਜ਼ਲੂਮ ਬਾਬੇ ਪੋਤੇ ਦੀ ਜੋੜੀ ਨੂੰ ਨੇੜਲੇ ਪਿੰਡ ਲੈ ਗਏ। ਜਦੋਂ ਇਨ੍ਹਾਂ ਦੋਵਾਂ ਨੂੰ ਮਾਰਨ ਲੱਗੇ ਤਾਂ ਬਜ਼ੁਰਗ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਸਾਨੂੰ ਬਖਸ਼ ਦਓ, ਅਸੀਂ ਦੋਵੇਂ ਜੀਅ ਸਾਰੀ ਜ਼ਿੰਦਗੀ ਤੁਹਾਡੇ ਪਸ਼ੂਆਂ ਨੂੰ ਪੱਠੇ ਪਾਉਂਦੇ ਰਹਾਂਗੇ ਪਰ ਚਾਂਭਲੀ ਭੀੜ ਨੇ ਇੱਕ ਨਾ ਸੁਣੀ ਤੇ ਗੰਡਾਸੇ ਦੇ ਇੱਕ ਭਰਵੇਂ ਵਾਰ ਨਾਲ ਅੱਲੜ੍ਹ ਮਾਸੂਮ ਨੌਂ ਸਾਲਾ ਪੋਤੇ ਦਾ ਸਿਰ ਲਾਹ ਕੇ ਪਰ੍ਹਾਂ ਮਾਰਿਆ ਤੇ ਨਾਲ ਹੀ ਬਾਬੇ ਨੂੰ ਮਾਰ ਮੁਕਾਇਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (