“ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਦਾ ਦਰਜਾ ਦਿੰਦੇ ਹੋਏ ਬਰਾਬਰ ਦਾ ਇੱਜ਼ਤ ਮਾਣ ...”
(13 ਅਕਤੂਬਰ 2026)
ਸਮਾਂ ਕਦੇ ਨਹੀਂ ਰੁਕਦਾ, ਨਿਰੰਤਰ ਆਪਣੀ ਤੋਰੇ ਤੁਰਿਆ ਰਹਿੰਦਾ ਹੈ। ਸਮੇਂ ਤੋਂ ਅਸੀਂ ਕਦੇ ਅੱਗੇ ਨਹੀਂ ਹੋ ਸਕਦੇ। ਹਾਂ, ਕਦੇ-ਕਦੇ ਬਰਾਬਰ ਜ਼ਰੂਰ ਹੋ ਜਾਂਦੇ ਹਾਂ ਤੇ ਕਦੇ ਬਹੁਤ ਪਿੱਛੇ ਵੀ ਰਹਿ ਜਾਂਦੇ ਹਾਂ। ਜਿਹੜਾ ਸਮੇਂ ਦਾ ਹਾਣੀ ਹੋ, ਸਮੇਂ ਦੇ ਵਹਿਣੀਂ ਤੁਰਿਆ ਰਹਿੰਦਾ ਹੈ, ਉਹ ਚੰਗਾ ਰਹਿੰਦਾ ਹੈ। ਪਰ ਜਿਹੜਾ ਪਿੱਛੇ ਰਹਿ ਜਾਂਦਾ ਹੈ ਉਹ ਵਕਤ ਦੀ ਘੁੰਮਣ-ਘੇਰੀ ਵਿੱਚ ਫਸ ਜਾਂਦਾ ਹੈ ਤੇ ਅੰਤ ਹੱਥ-ਪੱਲਾ ਮਾਰਦਾ ਉੱਥੇ ਕੁ ਹੀ ਡੁੱਬ ਜਾਂਦਾ ਹੈ। ਪ੍ਰੋਫੈਸਰ ਮੋਹਣ ਸਿੰਘ ਦੀ ਕਵਿਤਾ “ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ” ਵੀ ਇਹੀ ਸੰਦੇਸ਼ ਦਿੰਦੀ ਹੈ ਕਿ ਸਮੇਂ ਦੀ ਕਦਰ ਕਰੋਗੇ ਤਾਂ ਜ਼ਮਾਨਾ ਤੁਹਾਡੀ ਕਦਰ ਕਰੇਗਾ, ਨਹੀਂ ਤਾਂ ਰੁਲ਼ ਜਾਓਗੇ।
ਜੇਕਰ ਸਮੇਂ ਦੀ ਤਬਦੀਲੀ ਦੀ ਗੱਲ ਕਰੀਏ ਤਾਂ ਬਹੁਤ ਚੀਜ਼ਾਂ ਜੋ ਸਾਡੇ ਦਾਦੇ-ਪੜਦਾਦੇ ਨਹੀਂ ਦੇਖ ਪਾਏ, ਅਸੀਂ ਦੇਖ ਲਈਆਂ। ਅਤੇ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੇਖੇਗੀ ਉਹ ਅਸੀਂ ਨਹੀਂ ਦੇਖੀਆਂ ਹੋਣੀਆਂ। ਅੱਜ ਜੇਕਰ ਸਾਡੇ ਪੁਰਖੇ ਵਾਪਸ ਇਸ ਧਰਤੀ ’ਤੇ ਆਉਣ ਤਾਂ ਇਸ ਜ਼ਮਾਨੇ ਦੀ ਚਕਾਚੌਂਧ ਦੇਖ ਕੇ ਆਪਣੀ ਸੁੱਧ-ਬੁੱਧ ਗੁਆ ਬੈਠਣ ਤੇ ਜੇ ਕਿਧਰੇ ਅਸੀਂ ਉਨ੍ਹਾਂ ਦੇ ਸਮਿਆਂ ਵਿੱਚ ਚਲੇ ਗਏ ਤਾਂ ਉਹ ਜ਼ਿੰਦਗੀ ਜਿਊਣੀ ਸਾਡੇ ਵੱਸੋਂ ਬਾਹਰੀ ਗੱਲ ਹੋਵੇਗੀ। ਕਹਿਣ ਦਾ ਮਤਲਬ ਹੈ ਕਿ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਮੇਂ ਦੇ ਹਿਸਾਬ ਨਾਲ ਹੋ ਰਹੀ ਤਬਦੀਲੀ ਦੇ ਅਨੁਸਾਰ ਸਾਨੂੰ ਬਦਲਣਾ ਹੀ ਪੈਂਦਾ ਹੈ।
ਕੋਈ ਸਮਾਂ ਸੀ ਜਦੋਂ ਹੁਣ ਵਾਂਗ ਖਾਸ ਕਿਸਮ ਦੇ ਉਪਾਅ ਤੇ ਉਪਚਾਰ ਨਹੀਂ ਸੀ ਹੁੰਦੇ। ਜੇਕਰ ਕੁੜੀ ਕਿਸੇ ਮੁੰਡੇ ਨਾਲ ਸਰੀਰਕ ਸੰਬੰਧ ਬਣਾ ਲੈਂਦੀ ਸੀ ਤਾਂ ਅਣ-ਚਾਹੀ ਪ੍ਰੈਗਨੈਂਸੀ ਹੋਣ ਜਾਂ ਅਣਵਿਆਹੀ ਮਾਂ ਬਣਨ ਦਾ ਡਰ ਰਹਿੰਦਾ ਸੀ; ਜਿਸ ਕਾਰਨ ਸ਼ਰੀਕੇ-ਭਾਈਚਾਰੇ, ਰਿਸ਼ਤੇਦਾਰੀ ਅਤੇ ਸਮਾਜ ਵਿੱਚ ਟੱਬਰ ਦੀ ਬਹੁਤ ਬਦਨਾਮੀ ਹੁੰਦੀ ਸੀ। ਇਸੇ ਕਰਕੇ ਇਨ੍ਹਾਂ ਅਨੈਤਿਕ ਸੰਬੰਧਾਂ ਨੂੰ “ਮੂੰਹ ਕਾਲਾ ਕਰਨ” ਤਕ ਦਾ ਨਾਂ ਦਿੱਤਾ ਗਿਆ ਸੀ। ਪਾਪ ਦਾ ਬੀਜ ਕੁੜੀ ਦੇ ਹਿੱਸੇ ਆਉਂਦਾ ਸੀ ਤੇ ਮੁੰਡੇ ਸਾਫ ਬਰੀ ਹੋ ਨਿਕਲਦੇ ਸਨ। ਇਸੇ ਅਗਾਊਂ ਬਦਨਾਮੀ ਦੇ ਡਰ ਕਰਕੇ, ਬੇਲੋੜਾ ਬੋਝ ਸਮਝਦੇ ਹੋਏ ਕਈ ਵਾਰ ਕੁੜੀਆਂ ਨੂੰ ਜੰਮਣ ਵੇਲੇ ਹੀ ਮਾਰ ਦਿੱਤਾ ਜਾਂਦਾ ਸੀ। ਚੰਗੇ ਭਾਗੀਂ ਬਚ ਜਾਣ ਵਾਲੀਆਂ ਨੂੰ ਪਰਦੇ ਅਤੇ ਘਰ ਦੀ ਚਾਰਦਿਵਾਰੀ ਵਿੱਚ ਲੁਕੋ ਕੇ ਰੱਖਿਆ ਜਾਂਦਾ ਸੀ। ਅੱਵਲ ਤਾਂ ਪੜ੍ਹਾਇਆ ਹੀ ਨਹੀਂ ਸੀ ਜਾਂਦਾ ਅਤੇ ਜਿਹੜੀਆਂ ਪੜ੍ਹਦੀਆਂ ਵੀ ਸਨ, ਉਨ੍ਹਾਂ ਦੇ ਸਕੂਲ-ਕਾਲਜ ਮੁੰਡਿਆਂ ਤੋਂ ਅਲੱਗ ਹੁੰਦੇ ਸਨ। ਮੁੰਡਿਆਂ ਤੋਂ ਇੱਕ ਦੂਰੀ ਬਣਾ ਕੇ ਰੱਖੀ ਜਾਂਦੀ ਸੀ। ਇੱਥੋਂ ਤਕ ਕਿ ਓਪਰੇ ਕੁੜੀ ਮੁੰਡੇ ਨੂੰ ਆਪਸ ਵਿੱਚ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਹੁੰਦੀ। ਜੇ ਕਿਤੇ ਕੁੜੀ ਮੁੰਡਾ ਗੱਲ ਕਰਦੇ ਦਿਸ ਜਾਣ ਤਾਂ ‘ਖੰਭਾਂ ਦੀਆਂ ਡਾਰਾਂ’ ਬਣਨ ਨੂੰ ਦੇਰ ਨਹੀਂ ਸੀ ਲਗਦੀ। ਜਦੋਂ ਮੈਡੀਕਲ ਸਾਇੰਸ ਦਾ ਯੁਗ ਸ਼ੁਰੂ ਹੋਇਆ ਤਾਂ ਅਲਟ੍ਰਾਸਾਊਂਡ ਮਸ਼ੀਨਾਂ ਦਾ ਸਹਾਰਾ ਲੈ ਕੇ ਜਨਮ ਤੋਂ ਵੀ ਪਹਿਲਾਂ ਕੁੱਖਾਂ ਵਿੱਚ ਹੀ ਧੀਆਂ ਦਾ ਕਤਲ ਹੋਣ ਲੱਗਾ। ਕਾਰਨ ਅਤੇ ਬਹਾਨੇ ਉਹੀ, ਮੁੰਡਿਆਂ ਦੀ ਚਾਹਤ, ਦਾਜ ਤੋਂ ਬਚਣਾ ਅਤੇ ਧੀਆਂ ਵੱਲੋਂ ਬਦਨਾਮੀ ਦਾ ਡਰ।
ਅਸਲ ਵਿੱਚ ਸਾਡਾ ਸਮਾਜ ਮਰਦ ਪ੍ਰਧਾਨ ਹੋਣ ਕਰਕੇ ਬੰਦਾ ਸੌ ਕੁਕਰਮ ਕਰਕੇ ਵੀ ਦੁੱਧ ਧੋਤਾ ਅਤੇ ਸਾਊ ਮੰਨ ਲਿਆ ਜਾਂਦਾ ਹੈ ਜਦਕਿ ਔਰਤ ਸਿਰਫ ਸ਼ੱਕ ਦੀ ਵਜਾਹ ਹੇਠ ਵੀ ਨਪੀੜੀ ਜਾਂਦੀ ਹੈ। ਪਿਓ ਦੀ ਪੱਗ ਅਤੇ ਘਰ ਦੀ ਇੱਜ਼ਤ ਦਾ ਸਾਰਾ ਦਾਰੋਮਦਾਰ ਉਹਦੇ ਮੋਢਿਆਂ ’ਤੇ ਧਰ ਦਿੱਤਾ ਜਾਂਦਾ ਹੈ। ਰਮਾਇਣ ਅਨੁਸਾਰ ਵੀ ਸਿਰਫ ਇੱਕ ਧੋਬਣ ਦੇ ਸ਼ੱਕ ਕਾਰਨ ਹੀ ਸੱਚੀ-ਸੁੱਚੀ ਹੋਣ ਦੇ ਬਾਵਜੂਦ ਵੀ ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪੈ ਗਈ ਸੀ। ਕਿਸੇ ਵੀ ਧਰਮ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਨਹੀਂ ਦਿੱਤਾ। ਜੇ ਗੁਰੂ ਪੀਰ, ਰਾਜੇ-ਮਹਾਰਾਜੇ ਵੀ ਇਸ ਸਭ ਤੋਂ ਨਹੀਂ ਬਚ ਪਾਏ ਤਾਂ ਅਸੀਂ ਤੁਸੀਂ ਤਾਂ ਚੀਜ਼ ਹੀ ਕੀ ਹਾਂ। ਪਰ ਜਿਵੇਂ ਕਹਿੰਦੇ ਨੇ ਕਿ ਜਵਾਨੀ ਤਾਂ ਕਿਸੇ ਅੱਥਰੀ ਘੋੜੀ ਦੀ ਤਰ੍ਹਾਂ ਬੇਲਗਾਮ ਹੁੰਦੀ ਹੈ। ਲੱਖ ਪਾਬੰਦੀਆਂ ਦੇ ਬਾਵਜੂਦ ਵੀ ਸਮੇਂ-ਸਮੇਂ ’ਤੇ ਹੀਰਾਂ, ਸੋਹਣੀਆਂ, ਸੱਸੀਆਂ ਤੇ ਸਾਹਿਬਾਂ ਜਨਮ ਲੈਂਦੀਆਂ ਰਹੀਆਂ, ਇਸ਼ਕ ਦੇ ਕਿੱਸੇ-ਕਹਾਣੀਆਂ ਪ੍ਰਫੁੱਲਤ ਹੁੰਦੇ ਰਹੇ ਤੇ ਲੱਖ ਪਰਦੇ ਵੀ ਜਵਾਨੀ ਦੇ ਵੇਗ ਨੂੰ ਠੱਲ੍ਹ ਨਾ ਪਾ ਸਕੇ।
ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਦੁਨੀਆ ਦੀ ਸੋਚ ਬਹੁਤ ਅਗਾਂਹਵਧੂ ਹੋ ਗਈ ਹੈ। ਅੱਜ-ਕੱਲ੍ਹ ਤਕਰੀਬਨ ਸਾਰੇ ਸਕੂਲ-ਕਾਲਜ ਹੀ ਕੋ-ਐਜੂਕੇਸ਼ਨ ਵਾਲੇ ਹੋ ਗਏ ਹਨ; ਜਿੱਥੇ ਕੁੜੀਆਂ-ਮੁੰਡੇ ਇਕੱਠੇ ਬੈਠਦੇ, ਪੜ੍ਹਦੇ, ਘੁੰਮਦੇ ਅਤੇ ਆਪਸ ਵਿੱਚ ਗੱਲਾਂਬਾਤਾਂ, ਵਿਚਾਰ-ਵਟਾਂਦਰਾ ਕਰਦੇ ਹਨ। ਉਨ੍ਹਾਂ ਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦੀ ਖੁੱਲ੍ਹ ਅਤੇ ਅਧਿਕਾਰ ਮਿਲਣ ਲੱਗੇ ਹਨ। ਤਲਾਕ ਅਤੇ ਮੁੜ ਵਿਆਹ ਆਮ ਜਿਹੀ ਗੱਲ ਹੋ ਗਈ ਹੈ। ਮੋਬਾਇਲਾਂ ਨੇ ਇਹ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ। ਉਹ ਸਮਾਂ ਬਹੁਤ ਪਿੱਛੇ ਗਿਆ ਜਦੋਂ ਇਸ਼ਕ ਵਿਚੋਲਿਆਂ ਜਾਂ ਪ੍ਰੇਮ-ਪੱਤਰਾਂ ਰਾਹੀਂ ਹੁੰਦਾ ਸੀ। ਕਈ ਕਈ ਦਿਨ ਲਿਖੇ ਲੈਟਰ ਕੋਲ ਪਏ ਰਹਿਣੇ, ਫੜਾਉਣ ਦਾ ਸੂਤ ਨਾ ਲੱਗਣਾ ਤੇ ਫਿਰ ਜਵਾਬ ਆਉਣ ਵਿੱਚ ਕਈ-ਕਈ ਦਿਨ ਲੱਗ ਜਾਣੇ। ਮੁੜ ਇਕਾਂਤ ਵਿੱਚ ਮਿਲਣ ਦਾ ਮੌਕਾ ਨਾ ਮਿਲਣਾ। ਪਰ ਹੁਣ ਤਾਂ ਸੋਸ਼ਲ ਸਾਈਟਾਂ ਨੇ ਆਸ਼ਕੀ ਵਾਲਾ ਸਿਰਾ ਹੀ ਲਾ ਦਿੱਤਾ ਹੈ। ਮੈਸਜ਼ ਭੇਜੋ, ਮਿਲਣ ਦਾ ਸਮਾਂ ਸੈੱਟ ਕਰੋ ਤੇ ਗੱਲ ਖਤਮ। ਪੜ੍ਹੇ-ਲਿਖੇ, ਸ਼ਹਿਰੀਆਂ ਜਾਂ ਤਕੜੇ ਘਰਾਂ ਲਈ ਤਾਂ ਪੱਛਮੀ ਤਰਜ਼ ’ਤੇ ਇਹ ਫੈਸ਼ਨ ਬਣ ਗਿਆ ਹੈ ਪਰ ਗਰੀਬ ਅਤੇ ਪੇਂਡੂ ਤਬਕੇ ਵਿੱਚ ਹਾਲੇ ਵੀ ਉਹੀ ਪੁਰਾਣੀ ਸੋਚ ਬਰਕਰਾਰ ਹੈ। ਜਿਸਦੀ ਕੀਮਤ ਹੁਣ ਵੀ ਔਰਤ ਵਰਗ ਨੂੰ ਹੀ ਚੁਕਾਉਣੀ ਪੈ ਰਹੀ ਹੈ।
ਜਿਵੇਂ ਕਹਿੰਦੇ ਹਨ ਕਿ ਸਭ ਪੈਸੇ ਨੂੰ ਸਲਾਮਾਂ ਹਨ। ਕਦੇ ਕਦੇ ਤਾਂ ਇਉਂ ਲਗਦਾ ਹੈ ਕਿ ਜਾਤ-ਪਾਤ ਅਤੇ ਧਰਮ ਦੀ ਤਰ੍ਹਾਂ ਇਹ ‘ਇੱਜ਼ਤ ਵਾਲੀ ਪੋਟਲੀ’ ਸੰਭਾਲਣ ਦੀ ਜ਼ਿੰਮੇਵਾਰੀ ਵੀ ਸਿਰਫ ਗਰੀਬਾਂ ਅਤੇ ਸਮਾਜ ਦੇ ਹੇਠਲੇ ਵਰਗ ਦੇ ਹਿੱਸੇ ਹੀ ਆਈ ਹੈ। ਵੱਡੇ-ਵੱਡੇ ਲੀਡਰਾਂ, ਰਾਜ ਨੇਤਾਵਾਂ ਜਾਂ ਫਿਲਮੀ ਕਲਾਕਾਰਾਂ ਦੀ ਦੁਨੀਆ ਦਾ ਇਸ ਸਭ ਨਾਲ ਕੋਈ ਵਾਹ-ਵਾਸਤਾ ਨਹੀਂ। ਉਨ੍ਹਾਂ ਦੇ ਧੀ-ਪੁੱਤ ਮਨ-ਮਰਜ਼ੀ ਨਾਲ ਵਿਆਹ ਕਰਾਉਂਦੇ ਹਨ, ਜਿੱਥੇ ਜਿਸਦਾ ਦਿਲ ਕਰਦਾ ਹੈ.ਤੁਰੇ ਫਿਰਦੇ ਹਨ, ਕੋਈ ਨਹੀਂ ਪੁੱਛਦਾ। ਬਾਕੀ ਸਾਡੇ ਲੋਕਾਂ ਦਾ ਤਾਂ ਕੰਮ ਹੀ ਹੈ, ਗਰੀਬ ਦੀ ਕੁੜੀ ਕੰਮ ’ਤੇ ਗਈ ਨੂੰ ਵੀ ਕਹਿ ਦਿੰਦੇ ਹਨ ਕਿ ਕਿਤੇ ਉੱਧਲ ਗਈ ਹੈ; ਤਕੜੇ ਦੀ ਉੱਧਲ ਗਈ ਨੂੰ ਵੀ ‘ਨਾਨਕੇ’ ਗਈ ਹੋਈ ਹੈ ਕਿਹਾ ਜਾਂਦਾ ਹੈ।
ਸੋ ਲੋਕੋ, ਜੇ ਜ਼ਮਾਨਾ ਬਦਲਿਆ ਹੈ ਤਾਂ ਥੋੜ੍ਹਾ ਆਪਣੇ ਆਪ ਨੂੰ ਵੀ ਬਦਲੋ। ਵੱਡੇ ਲੋਕ ਬਦਲ ਗਏ ਹਨ ਤਾਂ ਅਸੀਂ ਛੋਟਿਆਂ ਨੇ ਸਮਾਜ ਦਾ ਠੇਕਾ ਲੈ ਰੱਖਿਆ ਹੈ? ਜੇ ਧੀ-ਪੁੱਤ ਮਰਜ਼ੀ ਦਾ ਸਾਥੀ ਚੁਣਨਾ ਚਾਹੁੰਦੇ ਹਨ ਤਾਂ ਸਮੇਂ ਦਾ ਭਾਣਾ ਮੰਨਦੇ ਹੋਏ, ਉਨ੍ਹਾਂ ਨੂੰ ਇਜਾਜ਼ਤ ਦੇਣ ਵਿੱਚ ਕੋਈ ਹਰਜ਼ ਨਹੀਂ। ਆਖਰ ਜ਼ਿੰਦਗੀ ਤਾਂ ਉਨ੍ਹਾਂ ਨੇ ਹੀ ਗੁਜ਼ਾਰਨੀ ਹੈ, ਬਸ਼ਰਤੇ ਕਿ ਉਨ੍ਹਾਂ ਦੀ ਪਸੰਦ ਵਾਜਿਬ ਅਤੇ ਯੋਗ ਹੋਵੇ। ਪਰ ਜੇਕਰ ਬੱਚੇ ਗਲਤੀ ਕਰ ਰਹੇ ਹਨ ਤਾਂ ਬਜਾਏ ਗੁੱਸੇ, ਧੱਕੇ ਜਾਂ ਕਿਸੇ ਕਿਸਮ ਦੀ ਜ਼ੋਰ ਅਜ਼ਮਾਈ ਦੇ ਉਨ੍ਹਾਂ ਨੂੰ ਪਿਆਰ ਅਤੇ ਤਰਕ ਨਾਲ ਸਮਝਾਓ। ਜੇਕਰ ਫਿਰ ਵੀ ਬੱਚਾ ਗਲਤੀ ਕਰਦਾ ਹੈ ਤਾਂ ਕਿਤੇ ਨਾ ਕਿਤੇ ਤੁਹਾਡੀ ਕੁਤਾਹੀ ਜਾਂ ਲਾਪਰਵਾਹੀ ਦਾ ਹੀ ਨਤੀਜਾ ਹੋਵੇਗਾ। ਬੇਸ਼ਕ ਨਾਤਾ ਤੋੜ ਲਓ ਪਰ ਬੱਚਿਆਂ ਦੀ ਜਾਨ ਦੇ ਦੁਸ਼ਮਣ ਨਾ ਬਣੋ। ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿਓ।
ਬੱਚਿਆਂ ਨੂੰ ਦੋਸ਼ ਦੇਣ ਤੋਂ ਪਹਿਲਾਂ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਔਲਾਦ ਨੂੰ ਸਮੇਂ ਸਿਰ ਚੰਗੇ-ਮਾੜੇ ਦਾ ਅਹਿਸਾਸ ਕਰਾਇਆ ਜਾਵੇ ਤੇ ਵਧੀਆ ਢੰਗ ਨਾਲ ਉਸਦਾ ਪਾਲਣ-ਪੋਸ਼ਣ ਕੀਤਾ ਜਾਵੇ। ਦੂਜੀ ਗੱਲ, ਮਾਂ-ਬਾਪ ਦਾ ਹੱਕ ਵੀ ਬਣਦਾ ਹੈ ਕਿ ਜੇ ਬੱਚਾ ਪਿਆਰ ਨਾਲ ਨਹੀਂ ਮੰਨਦਾ ਤਾਂ ਉਸ ਨੂੰ ਸਹਿੰਦਾ-ਸਹਿੰਦਾ ਦਬਕਣ ਅਤੇ ਘੂਰਨ ਵਿੱਚ ਵੀ ਕੋਈ ਹਰਜ਼ ਨਹੀਂ। ਨਾਲ ਹੀ ਬੱਚਿਆਂ ਦਾ ਵੀ ਫਰਜ਼ ਹੈ ਕਿ ਆਗਿਆਕਾਰੀ ਬਣਨ ਅਤੇ ਮਾਂ-ਬਾਪ ਦੀਆਂ ਉਮੀਦਾਂ ਉੱਤੇ ਖਰੇ ਉੱਤਰਨ। ਪਰ ਜੇਕਰ ਮਾਂ ਜਾਂ ਪਿਓ ਵਿੱਚੋਂ ਕੋਈ ਇੱਕ ਵੀ ਬਦਚਲਨ ਹੈ ਤਾਂ ਇਸਦਾ ਅਸਰ ਵੀ ਔਲਾਦ ’ਤੇ ਹੋਣਾ ਲਾਜ਼ਮੀ ਹੈ। ਬਹੁਤੀਆਂ ਗੱਲਾਂ ਬੱਚੇ ਘਰ ਵਿੱਚੋਂ ਹੀ ਸਿੱਖਦੇ ਹਨ।
ਆਖਰ ਵਿੱਚ ਇੱਕ ਕੀਮਤੀ ਸਲਾਹ, ਸਮਾਂ ਬਹੁਤ ਖਰਾਬ ਚੱਲ ਰਿਹਾ ਹੈ, ਇਸ ਤੋਂ ਪਹਿਲਾਂ ਕਿ ਬੁਰੇ ਲੋਕ ਤੁਹਾਡੀ ਔਲਾਦ ਦੀ ਜ਼ਿੰਦਗੀ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦੇ ਦੋਸਤ ਬਣ ਜਾਣ, ਤੁਸੀਂ ਖੁਦ ਔਲਾਦ ਦੇ ਦੋਸਤ ਬਣ ਜਾਓ ਤੇ ਆਪਣੀ ਦੋਸਤੀ ਨੂੰ ਇੰਨੀ ਕੁ ਗਹਿਰੀ ਕਰ ਲਓ ਕਿ ਤੁਹਾਡੇ ਬੱਚੇ ਬਿਨਾਂ ਕਿਸੇ ਡਰ, ਭੈਅ ਜਾਂ ਬੇਚੈਨੀ ਤੋਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਣ। ਇਸ ਬਦਲਦੇ ਸਮੇਂ ਨੇ ਭਾਵੇਂ ਅਣਚਾਹੀ ਪ੍ਰੈਗਨੈਂਸੀ ’ਤੇ ਤਾਂ ਰੋਕ ਲਾ ਦਿੱਤੀ ਹੈ ਪਰ ਉਸ ਤੋਂ ਵੀ ਵੱਡਾ ਖਤਰਾ ਹੋ ਗਿਆ ਹੈ ਨਿੱਜੀ ਤਸਵੀਰਾਂ ਅਤੇ ਵੀਡੀਓ ਦਾ ਵਾਇਰਲ ਹੋਣਾ। ਜਇਸਦਾ ਜ਼ਿਆਦਾਤਰ ਸ਼ਿਕਾਰ ਅਣਭੋਲ ਕੁੜੀਆਂ ਹੋ ਰਹੀਆਂ ਹਨ। ਸੋ ਸਮੇਂ ਸਮੇਂ ’ਤੇ ਬੱਚਿਆਂ ਨੂੰ ਅਜਿਹੇ ਖਤਰਿਆਂ ਬਾਰੇ ਜਾਗਰੂਕ ਕਰਦੇ ਰਹੋ। ਨਾਲ ਹੀ ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਦਾ ਦਰਜਾ ਦਿੰਦੇ ਹੋਏ ਬਰਾਬਰ ਦਾ ਇੱਜ਼ਤ ਮਾਣ ਅਤੇ ਸਤਿਕਾਰ ਦੇਵੋ ਅਤੇ ਉਨ੍ਹਾਂ ਨਾਲ ਪੁੱਤਾਂ ਜਿਹਾ ਹੀ ਵਿਵਹਾਰ ਕਰੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































