“ਜੇਕਰ ਉਨ੍ਹਾਂ ਦੇ ਚੰਗੇ ਕੰਮਾਂ ਦੀ ਸੰਖੇਪ ਵਿੱਚ ਚਰਚਾ ਕਰੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਭਰੂਣ ਹੱਤਿਆ ...”
(2 ਸਤੰਬਰ 2025)
1997 ਬੈਚ ਦੇ IAS ਅਧਿਕਾਰੀ ਸ਼੍ਰੀ ਕ੍ਰਿਸ਼ਨ ਕੁਮਾਰ ਪੰਜਾਬ ਦੇ ਲੋਕਾਂ ਲਈ ਅੱਜ ਕਿਸੇ ਵਿਸ਼ੇਸ਼ ਜਾਣ-ਪਛਾਣ ਦੇ ਮੁਹਤਾਜ ਨਹੀਂ।
ਕਹਿੰਦੇ ਹਨ ਇਕ ਵੇਰ ਆਪਣੀਆਂ ਉਦਾਸੀਆਂ ਦੌਰਾਨ ਬਾਬਾ ਨਾਨਕ ਕਿਸੇ ਪਿੰਡ ਗਏ। ਨਾਲ ਉਹਨਾਂ ਦੇ ਭਾਈ ਮਰਦਾਨਾ ਵੀ ਸੀ। ਆਥਣੇ ਜਦੋਂ ਭਾਈ ਮਰਦਾਨੇ ਨਾਲ ਬਾਬਾ ਗਜਾ ਕਰਨ ਗਿਆ ਤਾਂ ਕਿਸੇ ਨੇ ਖ਼ੈਰ ਨਹੀਂ ਪਾਈ। ਉਲਟਾ ਬੋਲ-ਕੁਬੋਲ ਸੁਣਾਏ। ਬਾਬੇ ਨੇ ਉਨ੍ਹਾਂ ਨੂੰ “ਵਸਦੇ ਰਹੋ” ਦਾ ਵਚਨ ਦਿੱਤਾ ਤੇ ਅਗਲੇ ਪਿੰਡ ਨੂੰ ਚਾਲੇ ਪਾ ਦਿੱਤੇ। ਅਗਲੇ ਪਿੰਡ ਦਿਆਂ ਲੋਕਾਂ ਨੇ ਬਾਬੇ ਹੋਰਾਂ ਨੂੰ ਹੱਥਾਂ ’ਤੇ ਚੁੱਕ ਲਿਆ। ਖ਼ੂਬ ਸੇਵਾ ਤੇ ਆਉ ਭਗਤ ਕੀਤੀ। ਤੁਰਨ ਲੱਗਿਆਂ ਬਾਬੇ ਨੇ ਉਹਨਾਂ ਪਿੰਡ ਵਾਸੀਆਂ ਨੂੰ “ਉੱਜੜ ਜਾਓ” ਦਾ ਬਚਨ ਸੁਣਾਇਆ ਤੇ ਅਗਾਂਹ ਨੂੰ ਚਾਲੇ ਪਾ ਦਿੱਤੇ। ਇਹ ਦੇਖ ਕੇ ਭਾਈ ਮਰਦਾਨਾ ਬਹੁਤ ਹੈਰਾਨ-ਪ੍ਰੇਸ਼ਾਨ ਹੋਇਆ। ਚੁੱਪ ਰਿਹਾ ਪਰ ਅੰਦਰੋਂ ਘੁੱਟਿਆ-ਘੁੱਟਿਆ ਰਿਹਾ। ਬਾਬਾ ਤਾਂ ਜਾਣੀ-ਜਾਣ ਸੀ। ਪੁੱਛਣ ਲੱਗਾ, “ਮਰਦਾਨਿਆ ਕੀ ਹੋਇਆ?”
ਮਰਦਾਨਾ ਤਾਂ ਪਹਿਲਾਂ ਹੀ ਭਰਿਆ-ਪੀਤਾ ਸੀ, ਕਹਿੰਦਾ, “ਬਾਬਾ! ਆਹ ਕੌਤਕ ਸਮਝ ਨਹੀਂ ਆਇਆ! ਜਿਨ੍ਹਾਂ ਸੇਵਾ ਕੀਤੀ, ਉਹਨਾਂ ਨੂੰ ਉੱਜੜ ਜਾਓ ਦਾ ਸਰਾਪ ਦੇ ਦਿੱਤਾ ਪਰ ਜਿਨ੍ਹਾਂ ਗਾਲ੍ਹਾਂ ਕੱਢੀਆਂ, ਉਨ੍ਹਾਂ ਨੂੰ ਵਸਦੇ ਰਹੋ ਦਾ ਵਰ ਦੇ ਦਿੱਤਾ।”
ਇਹ ਸੁਣ ਕੇ ਬਾਬਾ ਕਹਿੰਦਾ, “ਮਰਦਾਨਿਆ, ਪਹਿਲੇ ਸਨ ਬੁਰੇ ਲੋਕ, ਜਿੱਥੇ ਵੀ ਜਾਂਦੇ ਗੰਦ ਹੀ ਪਾਉਂਦੇ। ਇਸ ਕਰਕੇ ਉਨ੍ਹਾਂ ਨੂੰ ਵਸਦੇ ਰਹੋ ਕਹਿ ਦਿੱਤਾ ਪਰ ਦੂਜੇ ਨੇਕ ਤੇ ਭਲੇ ਸਨ। ਜਿੱਥੇ ਜਾਣਗੇ ਚੰਗਿਆਈ ਫੈਲਾਉਣਗੇ। ਇਸ ਕਰਕੇ ਉਨ੍ਹਾਂ ਨੂੰ ਉੱਜੜ ਜਾਓ ਕਹਿ ਦਿੱਤਾ।”
“ਪੰਜਾਬ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ।” ਅੱਜ ਕ੍ਰਿਸ਼ਨ ਕੁਮਾਰ ਜੀ ਦਾ ਫਿਰ ਜ਼ਿਕਰ ਹੋਇਆ ਤਾਂ ਇਹ ਪ੍ਰਸੰਗ ਯਾਦ ਆ ਗਿਆ। ਯਾਦ ਹੋਵੇਗਾ ਕਿ ਜਦੋਂ ਕ੍ਰਿਸ਼ਨ ਕੁਮਾਰ ਜੀ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਬਣ ਕੇ ਆਏ ਸਨ ਤਾਂ ਉਨ੍ਹਾਂ ਨਾਲ ਆਉਂਦਿਆਂ ਹੀ ਨਾਲ ਇੱਕ ਦੰਦ-ਕਥਾ ਜੁੜ ਗਈ। ਕਹਿੰਦੇ ਡੀ ਸੀ ਸ੍ਰੀ ਕ੍ਰਿਸ਼ਨ ਕੁਮਾਰ ਨੇ ਹੁਕਮ ਸੁਣਾ ਦਿੱਤਾ ਕਿ ਰਾਤ ਦੇ ਅੱਠ ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਨਹੀਂ ਖੋਲ੍ਹਣੇ। ਹੁਕਮ ਦੀ ਤਾਮੀਲ ਹੋਈ ਕਿ ਨਹੀਂ, ਇਸ ਦੀ ਜਾਂਚ ਕਰਨ ਲਈ ਉਹ ਰਾਤ ਨੂੰ ਭੇਸ ਵਟਾ ਕੇ ਘੁੰਮਣ ਨਿਕਲ ਗਏ ਤੇ ਇੱਕ ਬੰਦ ਠੇਕੇ ਮੋਹਰੇ ਜਾ ਅਲਖ ਜਗਾਈ। ਅੱਗੋਂ ਕਰਿੰਦਾ ਵੀ ਹੁਕਮ ਦਾ ਪਾਬੰਦ ਨਿਕਲਿਆ। ਤਾਕੀ ਖੋਲ੍ਹੇ ਬਿਨਾਂ ਹੀ ਝੀਤ ਜਿਹੀ ਵਿੱਚੋਂ ਝਾਕ ਕੇ ਕਹਿੰਦਾ, “ਭਈਆ ਤੈਨੂੰ ਬੋਤਲ ਤਾਂ ਦੇ ਦਿਆਂ ਪਰ ਸਾਡੇ ਇੱਥੇ ਦਾ ਡੀ ਸੀ ਬੜਾ “ਕੱ….” ਏ, ਜੇ ਉਹਨੂੰ ਪਤਾ ਲੱਗ ਗਿਆ ਤਾਂ ਮੇਰੀ ਨੌਕਰੀ ਜਾਂਦੀ ਲੱਗਣੀ ਹੈ।” ਲਓ ਜੀ ਸਵੇਰੇ ਕਰਿੰਦਾ ਤਲਬ ਹੋ ਗਿਆ। ਜਦੋਂ ਕਰਿੰਦੇ ਨੇ ਸਾਹਮਣੇ ਰਾਤ ਵਾਲੇ ਆਮ ਜਿਹੇ ਮਜ਼ਦੂਰ ਨੂੰ ਡੀ ਸੀ ਦੇ ਰੂਪ ਵਿੱਚ ਦੇਖਿਆ ਤਾਂ ਲੱਗ ਗਿਆ ਥਰ-ਥਰ ਕੰਬਣ ਤੇ ਮੁਆਫੀਆਂ ਮੰਗਣ। ਡੀ ਸੀ ਸਾਹਬ ਨੇ ਜੇਬ ਵਿੱਚੋਂ ਹਰੇ ਰੰਗ ਦਾ ਨੋਟ ਕੱਢ ਕੇ ਇਨਾਮ ਦਿੰਦਿਆਂ ਕਿਹਾ, “ਤੁਮਨੇ ਗਲਤ ਬੋਲਾ! ਕੋਈ ਬਾਤ ਨਹੀਂ! ਪਰ ਡਿਊਟੀ ਕਾ ਪਾਲਨ ਤੋਂ ਕੀਆ! ਯੇ ਆਪਕਾ ਇਨਾਮ ਹੈ!”
ਖ਼ੈਰ, ਇਹ ਤਾਂ ਸੀ ਸੁਣੀ ਸੁਣਾਈ ਗੱਲ, ਹੁਣ ਅੱਖੀਂ ਵੇਖੀ ਸੁਣ ਲਵੋ। ਸਵੇਰੇ ਛੇ-ਸੱਤ ਕੁ ਵਜੇ ਬਲਾਚੌਰ ਕਚਹਿਰੀਆਂ ਦੇ ਸਾਹਮਣੇ ਇੱਕ ਅੰਬੈਸਡਰ ਗੱਡੀ ਆ ਕੇ ਰੁਕੀ ਤੇ ਕਿਸੇ ਕੰਪਨੀ ਦੇ ਬੈਨਰ ਲਾਉਂਦੇ ਕਰਿੰਦਿਆਂ ਨੂੰ ਡੀ ਸੀ ਸਾਹਬ ਹੇਠਾਂ ਉੱਤਰ ਕੇ ਕਹਿੰਦੇ, “ਕਿਸ ਕੀ ਇਜਾਜ਼ਤ ਸੇ ਯੇ ਬੈਨਰ ਲਾ ਰਹੇ ਹੋ, ਉਤਾਰੋ ਇਸੇ।” ਗੱਲ ਬੈਨਰ ਉਤਾਰਨ ਦੀ ਨਹੀਂ, ਗੱਲ ਹੈ ਸਵੇਰੇ ਸਵਖਤੇ ਡਿਊਟੀ ’ਤੇ ਹਾਜ਼ਰ ਹੋਣ ਦੀ। ਇਵੇਂ ਹੀ ਇੱਕ ਵਾਰ ਮੇਰੇ ਦੇਖਣ ਅਨੁਸਾਰ ਕਚਹਿਰੀ ਦੇ ਨਾਲ ਬਣ ਰਹੀ ਗਲੀ ਦਾ ਕੰਮ ਰੁਕਵਾ ਦਿੱਤਾ। ਵਜਾਹ? ਘਟੀਆ ਮਟੀਰੀਅਲ ਦੀ ਵਰਤੋਂ ਹੋ ਰਹੀ ਸੀ।
ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਡੀ ਸੀ ਬਣ ਕੇ ਆਉਣ ਤੋਂ ਬਾਅਦ ਉਨ੍ਹਾਂ ਨਵਾਂਸ਼ਹਿਰ ਦੀ ਦਿੱਖ ਹੀ ਬਦਲ ਦਿੱਤੀ। ਮਿਨੀ ਪਾਸਪੋਰਟ ਦਫਤਰ, ਹਰ ਤਹਿਸੀਲ ਵਿੱਚ ਨੰਬਰਾਂ ਵਾਲਾ ਅਤਿ ਆਧੁਨਿਕ ਸੇਵਾ ਕੇਂਦਰ ਤੇ ਸਭ ਤੋਂ ਵੱਡੀ ਗੱਲ ਮੁਲਾਜ਼ਮਾਂ ਨੂੰ ਸਮੇਂ ਉੱਤੇ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਹੋ ਗਏ। ਲੋਕ ਤਾਂ ਸੌਖੇ ਹੋ ਗਏ ਪਰ ਕੰਮਚੋਰ ਮੁਲਾਜ਼ਮ ਔਖੇ ਹੋ ਗਏ। ਓਧਰੋਂ ਵੋਟਾਂ ਆ ਗਈਆਂ। ਮੁਲਾਜ਼ਮਾਂ ਦੀ ਕਿਸੇ ਜਥੇਬੰਦੀ ਨੇ ਅਕਾਲੀ ਦਲ ਦੇ ਉਮੀਦਵਾਰ ਕਰੀਹਾ ਸਾਹਿਬ ਅੱਗੇ ਮੰਗ ਰੱਖ ਦਿੱਤੀ ਕਿ ਵੋਟਾਂ ਪਾ ਦਿਆਂਗੇ ਪਰ ਸ਼ਰਤ ਇਹ ਹੇ ਕਿ ਡੀ ਸੀ ਦਾ ਤਬਾਦਲਾ ਕਰਨਾ ਪਊ। ਇਹੀ ਹੋਇਆ। ਕਰੀਹਾ ਸਾਹਬ ਜਿੱਤ ਗਏ ਤੇ ਜਿੱਤਣ ਤੋਂ ਬਾਅਦ ਆਪਣਾ ਵਚਨ ਵੀ ਨਿਭਾਇਆ। ਨਾਲ ਹੀ ਕਹਿਣੀ ਹੋਰ ਤੇ ਕਰਨੀ ਹੋਰ ਲਈ ਜਾਣੇ ਜਾਂਦੇ ਬਾਦਲ ਸਾਹਬ ਦਾ ਥੋਥਾਪਣ ਵੀ ਸਾਹਮਣੇ ਆ ਗਿਆ। ਪੰਜਾਬ ਸਰਕਾਰ ਨੇ ਕ੍ਰਿਸ਼ਨ ਕੁਮਾਰ ਨੂੰ ਡੈਪੂਟੇਸ਼ਨ ਤੇ ਕੇਂਦਰ ਕੋਲ ਭੇਜ ਦਿੱਤਾ। ਖ਼ੈਰ ਜੋ ਹੋਇਆ, ਚੰਗਾ ਹੀ ਹੋਇਆ। ਇੱਕ ਤਰ੍ਹਾਂ ਨਾਲ ਬੂਟਾ ਗਮਲੇ ਵਿੱਚੋਂ ਪੁੱਟ ਕੇ ਵੱਡੇ ਬਗੀਚੇ ਵਿੱਚ ਜਾ ਲੱਗਾ। ਉੱਥੇ ਵੀ ਉਹਨਾਂ ਨੇ ਆਪਣੇ ਚੰਗੇ ਕੰਮ ਜਾਰੀ ਰੱਖੇ।
ਕੁਝ ਸਮੇਂ ਬਾਅਦ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਸਕੂਲ ਸਿੱਖਿਆ ਦੇ ਪ੍ਰਮੁੱਖ ਸਕੱਤਰ ਬਣ ਕੇ ਦੁਬਾਰਾ ਪੰਜਾਬ ਆ ਗਏ ਤੇ ਆਉਂਦਿਆਂ ਹੀ ਸਿੱਖਿਆ ਦੇ ਖੇਤਰ ਵਿੱਚ ਤਰਥੱਲੀ ਮਚਾ ਦਿੱਤੀ। ਬੰਦ ਹੋਣ ਦੀ ਕਗਾਰ ’ਤੇ ਪੁੱਜੇ ਸਰਕਾਰੀ ਸਕੂਲਾਂ ਵਿੱਚ ਨਵੀਂ ਰੂਹ ਫੂਕ ਦਿੱਤੀ। “ਪੜ੍ਹੋ ਪੰਜਾਬ” ਸਕੀਮ ਅਧੀਨ ਆਮ ਜਿਹੇ ਦਿਸਣ ਵਾਲੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਿੱਚ “ਸਮਾਰਟ ਸਕੂਲ” ਬਣਾ ਕੇ ਖੜ੍ਹੇ ਕਰ ਦਿੱਤਾ। ਨਿਕੰਮੇ ਅਤੇ ਕੰਮਚੋਰ ਅਧਿਆਪਕਾਂ ਨੂੰ ਵੀ ਮਿਹਨਤੀ ਬਣਨ ਦੀ ਚੇਟਕ ਲਾ ਦਿੱਤੀ। ਨਤੀਜਾ ਸਭ ਦੇ ਸਾਹਮਣੇ ਹੈ। ਅੱਜ ਉਨ੍ਹਾਂ ਸਕੂਲਾਂ ਵਿੱਚੋਂ ਕਈ ਗਰੀਬ ਘਰਾਂ ਦੇ ਬੱਚੇ ਪੜ੍ਹ-ਲਿਖ ਕੇ ਵੱਡੇ ਅਫਸਰ ਬਣ ਰਹੇ ਹਨ। ਇਸ ਤੋਂ ਬਾਅਦ ਉਹ ਕੁਝ ਦੇਰ APEDA ਵਿੱਚ ਚੇਅਰਮੈਨ ਵੀ ਰਹੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਵਿੱਚ ਡਾਇਰੈਕਟਰ ਦੇ ਅਹੁਦੇ ’ਤੇ ਵੀ ਤਾਇਨਾਤ ਰਹੇ।
ਇਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਪੰਜਾਬ ਲਿਆਂਦਾ ਗਿਆ ਤੇ ਜਲ ਸ੍ਰੋਤ ਵਿਭਾਗ ਵਿੱਚ ਪ੍ਰਮੁੱਖ ਸਕੱਤਰ ਦਾ ਅਹੁਦਾ ਦਿੱਤਾ ਗਿਆ। ਇਸਦੇ ਨਾਲ ਹੀ ਕਰ ਵਿਭਾਗ ਦੇ ਵਿੱਤੀ ਕਮਿਸ਼ਨਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ। ਜਿੱਥੇ ਉਨ੍ਹਾਂ ਨੇ ਕਰ ਵਿਭਾਗ ਵਿੱਚ ਟੈਕਸ ਚੋਰੀ ਰੋਕਣ ਦੇ ਨਵੇਂ ਤਰੀਕੇ ਅਜ਼ਮਾਉਂਦਿਆਂ ਪੰਜਾਬ ਸਰਕਾਰ ਦਾ ਮਾਲੀਆ ਵਧਾਇਆ, ਉੱਥੇ ਨਹਿਰੀ ਵਿਭਾਗ ਵਿੱਚ ਰੁਕੀਆਂ ਹੋਈਆਂ ਨਹਿਰਾਂ ਚਾਲੂ ਕਰ ਕੇ ਸਰਕਾਰ ਦੇ ਨਹਿਰੀ ਸਿੰਜਾਈ ਪ੍ਰੋਗਰਾਮ ਨੂੰ ਅੱਗੇ ਵਧਾਇਆ, ਜੋ ਹਾਲੇ ਵੀ ਬਦਸਤੂਰ ਜਾਰੀ ਹੈ। ਨਾਲ ਹੀ ਪਿਛਲੇ ਸਾਲ ਬਰਸਾਤ ਦੇ ਮੌਸਮ ਦੌਰਾਨ ਭਾਖੜਾ ਤੋਂ ਪਾਣੀ ਦੀ ਵੰਡ ਇਸ ਹਿਸਾਬ ਕੀਤੀ ਕਿ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਬਹੁਤ ਸੂਝ-ਬੂਝ ਅਤੇ ਕੁਸ਼ਲਤਾ ਨਾਲ ਟਾਲ਼ ਦਿੱਤਾ। ਅੱਜ ਇੱਥੇ ਉਨ੍ਹਾਂ ਨੂੰ ਕੁਦਰਤੀ ਪਾਣੀਆਂ ਦੇ ਰਾਖੇ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਜੇ ਕੁਝ ਸਮਾਂ ਹੋਰ ਉਹ ਇਸ ਵਿਭਾਗ ਵਿੱਚ ਰਹਿ ਗਏ ਤਾਂ ਸਿੱਖਿਆ ਖੇਤਰ ਦੀ ਤਰ੍ਹਾਂ ਇੱਥੇ ਵੀ ਨਵੀਂ ਕ੍ਰਾਂਤੀ ਦੇਖਣ ਨੂੰ ਮਿਲੇਗੀ।
ਕ੍ਰਿਸ਼ਨ ਕੁਮਾਰ ਜੀ ਦਾ ਆਪਣੀ ਡਿਊਟੀ (ਕਰਤਵ) ਪ੍ਰਤੀ ਸਮਰਪਣ ਦੇਖੋ ਕਿ ਅੱਜ ਜਦੋਂ ਹਰਿਆਣੇ ਨਾਲ ਤਕਰਾਰ ਦੇ ਚਲਦਿਆਂ ਪੰਜਾਬ ਦਾ ਪੱਖ ਰੱਖਣ ਦੀ ਵਾਰੀ ਆਈ ਤਾਂ BBMB ਦੇ ਹੋਰ ਅਫਸਰਾਂ ਨੂੰ ਆਪਣੀਆਂ ਦਲੀਲਾਂ ਨਾਲ ਚੁੱਪ ਕਰਾ ਦਿੱਤਾ। ਇਮਾਨਦਾਰੀ ਨਾਲ ਆਪਣੇ ਫਰਜ਼ ਨੂੰ ਅਹਿਮੀਅਤ ਦਿੱਤੀ, ਨਾ ਕਿ ਇਹ ਦੇਖਿਆ ਕਿ ਉਹ ਹਰਿਆਣੇ ਦੇ ਜੰਮ-ਪਲ ਹਨ।
ਜੇਕਰ ਉਨ੍ਹਾਂ ਦੇ ਚੰਗੇ ਕੰਮਾਂ ਦੀ ਸੰਖੇਪ ਵਿੱਚ ਚਰਚਾ ਕਰੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ। “ਬੇਟੀ ਬਚਾਓ” ਮੁਹਿੰਮ ਨੂੰ ਅਜਿਹਾ ਹੁਲਾਰਾ ਦਿੱਤਾ ਕਿ ਆਪਣੇ ਇਸ ਕਾਰਜ ਕਰ ਕੇ ਉਹ ਵਿਸ਼ਵ ਪੱਧਰ ਜਾਣੇ ਜਾਣ ਲੱਗੇ।
ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰੀਏ ਤਾਂ ਦਰੱਖਤਾਂ ਦੀ ਗਿਣਤੀ ਵਧਾਉਣ ’ਤੇ ਉਨ੍ਹਾਂ ਬਹੁਤ ਜ਼ੋਰ ਦਿੱਤਾ। ਲੋਕਾਂ ਨੂੰ ਦਲੀਲਾਂ ਨਾਲ ਸਮਝਾਇਆ ਕਿ ਰਵਾਇਤੀ ਫ਼ਸਲੀ ਚੱਕਰ ਛੱਡ ਕੇ ਦਰੱਖਤ ਲਾਓ ਤੇ ਆਪਣੀ ਆਮਦਨ ਵਧਾਓ। ਧਾਰਮਿਕ ਭਾਵਨਾ ਅਤੇ ਸ਼ਰਧਾ ਦਾ ਲਾਹਾ ਲੈਂਦਿਆਂ ਲੋਕਾਂ ਨੂੰ ਤ੍ਰਿਵੈਣੀਆਂ ਲਾਉਣ ਦੀ ਸਲਾਹ ਦਿੱਤੀ ਤੇ ਪੰਜ ਤ੍ਰਿਵੈਣੀਆਂ ਲਾਉਣ ਵਾਲੇ ਲੋਕਾਂ ਨੂੰ ਸ਼ਾਬਾਸ਼ ਦੇ ਤੌਰ ’ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਜਦੋਂ ਉਨ੍ਹਾਂ ਨੇ ਦੇਖਿਆ ਕਿ ਸੜਕਾਂ ’ਤੇ ਜਾਂਦੀਆਂ ਰੇਤ, ਬਜਰੀ ਅਤੇ ਇੱਟਾਂ ਦੀਆਂ ਟਰਾਲੀਆਂ ਅਤੇ ਟਿੱਪਰਾਂ ਨਾਲ ਧੂੜ ਉਡਦੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਸਖ਼ਤ ਸਟੈਂਡ ਲੈਂਦਿਆਂ ਉਨ੍ਹਾਂ ਲੋਕਾਂ ਨੂੰ ਘੇਰ ਕੇ ਚਲਾਣ ਕਰਨੇ ਸ਼ੁਰੂ ਕਰ ਦਿੱਤੇ ਤੇ ਟਿੱਪਰ-ਟਰਾਲੀਆਂ ਢਕਣ ਲਈ ਮਜਬੂਰ ਕਰ ਦਿੱਤਾ। ਸ਼ਰਾਬ ਦੇ ਠੇਕਿਆਂ ਦਾ ਸਮਾਂ ਨਿਰਧਾਰਿਤ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਸਕੂਲ ਕਾਲਜ ਜਾਂ ਹੋਰ ਵਿੱਦਿਅਕ ਸੰਸਥਾਵਾਂ ਤੋਂ ਇਹ ਠੇਕੇ ਇੱਕ ਉਚਿਤ ਦੂਰੀ ’ਤੇ ਹੋਣ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਦਫਤਰਾਂ ਵਿੱਚ ਕੈਮਰੇ ਲਗਵਾਉਣ ਦੀ ਸ਼ੁਰੂਆਤ ਕੀਤੀ, ਜਿਸਦੀ ਵਜਾਹ ਨਾਲ ਕੰਮ ਦੀ ਗਤੀ ਵੀ ਵਧੀ ਅਤੇ ਰਿਸ਼ਵਤ ਨੂੰ ਵੀ ਠੱਲ੍ਹ ਪਈ। ਜ਼ਿਕਰਯੋਗ ਹੈ ਕਿ ਉਹ ਖੁਦ ਆਪਣੇ ਦਫਤਰ ਵਿੱਚ ਬੈਠ ਕੇ ਕੈਮਰੇ ਚੈੱਕ ਕਰਦੇ ਸਨ ਤੇ ਜਿੱਥੇ ਕਿਤੇ ਕੰਮ ਵਿੱਚ ਦੇਰੀ ਜਾਪਦੀ ਸੀ ਜਾਂ ਲਗਦਾ ਸੀ ਕਿ ਲੋਕਾਂ ਨੂੰ ਖੜ੍ਹਿਆਂ ਕਾਫੀ ਸਮਾਂ ਹੋ ਗਿਆ ਹੈ, ਝੱਟ ਆਪਣੀ ਗੱਡੀ ਲੈ ਕੇ ਉੱਥੇ ਜਾ ਪਹੁੰਚਦੇ ਸਨ।
ਜਿਵੇਂ ਕਹਿੰਦੇ ਹਨ ਕਿ ਚੰਨ ’ਤੇ ਵੀ ਦਾਗ ਹੈ, ਇਸੇ ਤਰ੍ਹਾਂ ਉਨ੍ਹਾਂ ਉੱਤੇ ਵੀ ਕੁਝ ਇਲਜ਼ਾਮ ਲਗਦੇ ਰਹੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਇਲਜ਼ਾਮ ਜਾਂ ਘਾਟ ਕਹਿ ਲਓ, ਕੁਝ ਲੋਕਾਂ ਅਨੁਸਾਰ ਉਹ ਪਹਿਲਾਂ ਆਏ ਬੰਦੇ ਦੀ ਵੱਧ ਸੁਣਵਾਈ ਕਰਦੇ ਸਨ; ਜਿਸ ਕਾਰਨ ਦੂਜੀ ਧਿਰ ਕਈ ਵਾਰ ਸੱਚੀ ਹੁੰਦੀ ਹੋਈ ਵੀ ਰਗੜੀ ਜਾਂਦੀ ਸੀ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਉਹ ਲੁਕਵੇਂ ਢੰਗ ਨਾਲ ਰਿਸ਼ਵਤ ਲੈਂਦੇ ਸਨ। ਜੇਕਰ ਇਸ ਬਾਰੇ ਇਮਾਨਦਾਰੀ ਨਾਲ ਗੱਲ ਕਰੀਏ ਤਾਂ ਖੁਦ ਜਾਂ ਆਪਣੇ ਵਾਸਤੇ ਉਨ੍ਹਾਂ ਨੇ ਕਦੀ ਕਿਸੇ ਤੋਂ ਰਿਸ਼ਵਤ ਨਹੀ ਲਈ। ਹਾਂ ਕਿਸੇ ਸਰਦੇ-ਪੁੱਜਦੇ ਅਤੇ ਤਕੜੇ ਬੰਦੇ ਤੋਂ ਰੈੱਡ ਕ੍ਰਾਸ ਸੰਸਥਾ ਲਈ ਜਾਂ ਕਿਸੇ ਹੋਰ ਗਰੀਬ ਦੇ ਭਲੇ ਲਈ ਦਾਨ ਲਿਆ ਹੋਵੇ ਤਾਂ ਕਹਿ ਨਹੀਂ ਸਕਦੇ।
ਆਖਰ ਵਿੱਚ ਕਹਿਣਾ ਬਣਦਾ ਹੈ ਕਿ ਬਾਕੀ ਅਫਸਰਾਂ ਨੂੰ ਵੀ ਕ੍ਰਿਸ਼ਨ ਕੁਮਾਰ ਜਿਹੇ ਅਫਸਰਾਂ ਤੋਂ ਪ੍ਰੇਰਣਾ ਅਤੇ ਸੇਧ ਲੈਣ ਦੀ ਲੋੜ ਹੈ ਤਾਂ ਜੋ ਸਾਡਾ ਮੁਲਕ ਵੀ ਹੋਰ ਵਿਕਸਿਤ ਦੇਸ਼ਾਂ ਦੀ ਤਰ੍ਹਾਂ ਤਰੱਕੀ ਦੇ ਰਾਹ ’ਤੇ ਪੈ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (