“ਸੋਚਣਾ ਬਣਦਾ ਹੈ ਕਿ ਅਖੌਤੀ ਤਰੱਕੀ ਦੇ ਨਾਂ ’ਤੇ ਸਾਨੂੰ ਮਿਲਿਆ ਕੀ? ਅਣਗਿਣਤ ਬਿਮਾਰੀਆਂ ...”
(1 ਅਪਰੈਲ 2026)
ਪੰਛੀ ਅੰਬਰ ’ਤੇ ਜਿੰਨਾ ਮਰਜ਼ੀ ਉੱਚਾ ਉਡ ਲਵੇ, ਅਸਮਾਨ ਵਿੱਚ ਜਿੰਨੀ ਮਰਜ਼ੀ ਲੰਬੀ ਪਰਵਾਜ਼ ਭਰ ਲਵੇ ਪਰ ਆਖਰ ਨੂੰ ਉਸ ਨੂੰ ਧਰਤੀ ’ਤੇ ਮੁੜਨਾ ਹੀ ਪੈਂਦਾ ਹੈ। ਜਾਨਵਰ ਜਿੰਨਾ ਮਰਜ਼ੀ ਦੌੜ ਲਵੇ ਆਖਰ ਨੂੰ ਇੱਕ ਥਾਂ ਰੁਕਣਾ ਹੀ ਪੈਂਦਾ ਹੈ। ਡੱਡੂ, ਮੱਛੀ ਜਾਂ ਹੋਰ ਜਲ ਜੀਵ ਵੀ ਪਾਣੀ ਵਿੱਚ ਆਪਣੇ ਦਾਇਰੇ ਮੁਤਾਬਿਕ ਤੈਰਦੇ ਜਾਂ ਡੂੰਘੇ ਜਾਂਦੇ ਹਨ ਅਤੇ ਸਾਹ ਲੈਣ ਲਈ ਉੱਪਰ ਆਉਂਦੇ ਹਨ। ਇਵੇਂ ਹੀ ਮਨੁੱਖ ਧਰਤੀ ਦੇ ਜਿਸ ਵੀ ਕੋਨੇ ਵਿੱਚ ਮਰਜ਼ੀ ਚਲਾ ਜਾਵੇ, ਜਿੰਨੀਆਂ ਮਰਜ਼ੀ ਬੁਲੰਦੀਆਂ ਛੋਹ ਲਵੇ ਪਰ ਅੰਤ ਨੂੰ ਆਪਣੇ ਘਰ ਮੁੜ ਵਾਪਸ ਆਉਣਾ ਲੋਚਦਾ ਹੈ। ਕਹਿਣ ਦਾ ਮਤਲਬ ਹਰ ਜੀਵ ਆਪਣੇ ਮੂਲ ਸਥਾਨ ਨੂੰ ਪਿਆਰ ਕਰਦਾ ਹੈ, ਉਸ ਨਾਲ ਲਗਾਅ ਰੱਖਦਾ ਹੈ ਅਤੇ ਉਸ ਵੱਲ ਮੁੜਦਾ ਹੈ। ਇਹੀ ਜਿਊਂਦੀ ਜ਼ਿੰਦਗਾਨੀ ਦਾ ਸੁਭਾਅ ਹੈ, ਫਿਤਰਤ ਹੈ ਤੇ ਇਹੀ ਜ਼ਿੰਦਗੀ ਦਾ ਫਲਸਫ਼ਾ ਹੈ। ਪਰ ਅਫਸੋਸ ਦੁਨੀਆਦਾਰੀ ਦੇ ਝਮੇਲਿਆਂ ਵਿੱਚ ਪੈ ਕੇ ਅਸੀਂ ਇਹ ਕਾਇਦਾ ਅਤੇ ਗਣਿਤ ਭੁੱਲ ਚੁੱਕੇ ਹਾਂ। ਵਧਦੀਆਂ ਇੱਛਾਵਾਂ ਦੀ ਪੂਰਤੀ ਕਰਦਿਆਂ-ਕਰਦਿਆਂ ਆਪਣਾ ਮੂਲ ਗੁਆ ਚੁੱਕੇ ਹਾਂ। ਸਾਡੀਆਂ ਲੋੜਾਂ ਇੰਨੀਆਂ ਵਧ ਗਈਆਂ ਕਿ ਅਸੀਂ ਅੱਗੇ ਹੀ ਵਧਦੇ ਗਏ। ਇੰਨਾ ਅੱਗੇ ਕਿ ਜੇਕਰ ਪਿੱਛੇ ਮੁੜ ਕੇ ਪਹਿਲਾਂ ਵਾਲਾ ਜੀਵਨ ਗੁਜ਼ਾਰਨਾ ਪਵੇ ਤਾਂ ਸਾਨੂੰ ਆਪਣੇ ਮੂਲ ਦੀ ਜਾਂਚ ਜਾਂ ਪਛਾਣ ਹੀ ਸਮਝ ਵਿੱਚ ਨਾ ਆਵੇ। ਸਮੇਂ ਦੇ ਘੁੰਮਦੇ ਪਹੀਏ ’ਤੇ ਵਾਪਸ ਮੁੜ ਕੇ ਪੈਰ ਟਿਕਾ ਕੇ ਖੜ੍ਹਨਾ ਔਖਾ ਹੋ ਜਾਵੇ। ਕਦੀ-ਕਦੀ ਖ਼ਿਆਲ ਆਉਂਦਾ ਹੈ ਕਿ ਜੇਕਰ ਸਾਡੇ ਵੱਡੇ-ਵਡੇਰੇ ਦੁਬਾਰਾ ਇਸ ਦੁਨੀਆ ’ਤੇ ਆਉਣ ਤਾਂ ਉਹਨਾਂ ਨੂੰ ਭੀੜ-ਭੜੱਕੇ ਵਾਲੀ ਸੜਕ ਪਾਰ ਕਰਨੀ ਹੀ ਔਖੀ ਹੋ ਜਾਵੇ। ਬੱਸਾਂ, ਟਰੱਕਾਂ, ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਦੇ ਖੜਾਕ ਅਤੇ ਹੌਰਨ ਸੁਣ ਕੇ ਬੌਂਦਲ ਜਾਣ ਤੇ ਇਨ੍ਹਾਂ ਵਿੱਚ ਵੱਜਦੇ ਫਿਰਨ।
ਕਿੰਨਾ ਚੰਗਾ ਸੀ ਉਹ ਸਮਾਂ ਜਿਹੜਾ ਅੱਜ ਦੇ ‘ਜ਼ਿਆਦਾ ਪੜ੍ਹੇ-ਲਿਖੇ ਤੇ ਸੱਭਿਅਕ ਲੋਕਾਂ’ ਦੀ ਭਾਸ਼ਾ ਵਿੱਚ ਜੰਗਲੀ ਜੀਵਨ ਸੀ। ਮਰਜ਼ੀ ਨਾਲ ਸੌਣਾ, ਉੱਠਣਾ, ਖਾਣਾ-ਪੀਣਾ ਤੇ ਆਰਾਮ ਕਰਨਾ। ਕੋਈ ਸਕੂਲ ਨਹੀਂ, ਕੋਈ ਪੜ੍ਹਾਈ ਨਹੀਂ। ਕੋਈ ਪੈਸਾ ਨਹੀਂ ਕੋਈ ਬੈਂਕ ਨਹੀਂ। ਕੋਈ ਚਿੰਤਾ ਜਾਂ ਫਿਕਰ ਨਹੀਂ, ਕੋਈ ਰੋਗ ਨਹੀਂ। ਬਿਲਕੁਲ ਪੰਛੀਆਂ ਜਿਹਾ ਜੀਵਨ। ਜਿੰਨੀ ਲੋੜ ਉੰਨਾ ਚੁਗਣਾ। ਕੋਈ ਕਲਾਵੇ ਜਾਂ ਜੱਫੇ ਨਹੀਂ, ਕੋਈ ਜਮ੍ਹਾਂਖੋਰੀ ਨਹੀਂ। ਸਿਰਫ ਅੱਜ ਦਾ ਖਿਆਲ, ਕੱਲ੍ਹ ਆਊ ਤਾਂ ਜੋ ਹੋਣਾ ਕੱਲ੍ਹ ਦੇਖਿਆ ਜਾਊ।
ਸੋਚਣਾ ਬਣਦਾ ਹੈ ਕਿ ਅਖੌਤੀ ਤਰੱਕੀ ਦੇ ਨਾਂ ’ਤੇ ਸਾਨੂੰ ਮਿਲਿਆ ਕੀ? ਅਣਗਿਣਤ ਬਿਮਾਰੀਆਂ, ਮਾਨਸਿਕ ਰੋਗ, ਫਿਕਰ, ਚਿੰਤਾਵਾਂ ਅਤੇ ਇੱਕ ਦੂਜੇ ਪ੍ਰਤੀ ਸਾੜਾ। ਬੇਸ਼ਕ ਪਹਿਲਾਂ ਜੰਗਲ ਰਾਜ ਸੀ ਪਰ ਖਾਣ ਨੂੰ ਸ਼ੁੱਧ ਤੇ ਤਾਜ਼ਾ ਮਿਲਦਾ ਸੀ। ਉਹ ਵੀ ਕੁਦਰਤੀ ਅਤੇ ਮੂਲ ਰੂਪ ਵਿੱਚ; ਜਿਸ ਕਾਰਨ ਕੋਈ ਬਿਮਾਰੀ ਨੇੜੇ ਨਹੀਂ ਸੀ ਫਟਕਦੀ। ਕੈਂਸਰ, ਸ਼ੂਗਰ, ਬੀ ਪੀ, ਕੋਲੈਸਟਰੌਲ, ਯੂਰਿਕ ਐਸਿਡ, ਗੰਠੀਆ, ਦੰਦ-ਦਾੜਾਂ ਦੇ ਰੋਗ, ਜੋੜਾਂ ਦੇ ਦਰਦ ਅਤੇ ਹੋਰ ਕਿਹੜੀਆਂ-ਕਿਹੜੀਆਂ ਬਲਾਵਾਂ ਚਿੰਬੜ ਗਈਆਂ ਸਾਨੂੰ? ਜਿਵੇਂ ਕਿ ਕਹਾਵਤ ਹੈ “ਆਪ ਤਾਂ ਡੁੱਬਿਆ ਬਾਹਮਣਾ, ਜਜਮਾਨ ਵੀ ਨਾਲੇ”; ਰਸਾਇਣਿਕ ਖਾਦਾਂ, ਰੇਹਾਂ, ਸਪਰੇਆਂ ਨੇ ਸਾਨੂੰ ਤਾਂ ਅਲਾਮਤਾਂ ਦਿੱਤੀਆਂ ਹੀ; ਨਾਲ ਲਗਦਿਆਂ ਕੁਦਰਤ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਜੀਵ-ਜੰਤੂ, ਜਿਨ੍ਹਾਂ ਨੂੰ ਸਾਡੇ ਸਿਆਣੇ ਲੋਕ ਮਿੱਤਰ ਕੀੜੇ ਕਹਿੰਦੇ ਸਨ, ਖ਼ਤਮ ਕਰ ਕੇ ਰੱਖ ਦਿੱਤੇ। ਕਈ ਦੁਰਲੱਭ ਪ੍ਰਜਾਤੀਆਂ ਦੀ ਤਾਂ ਹੋਂਦ ਹੀ ਖ਼ਤਮ ਹੋ ਗਈ।
ਪਹਾੜ ਅਸੀਂ ਢਾਹ ਕੇ ਪੱਧਰੇ ਕਰ ਲਏ, ਛੱਪੜ ਅਸੀਂ ਪੂਰ ਦਿੱਤੇ। ਦਰਿਆਵਾਂ ਨੂੰ ਬੰਨ੍ਹ ਮਾਰ ਕੇ ਪਾਣੀ ਦਾ ਵੇਗ ਅਤੇ ਦਿਸ਼ਾ ਬਦਲ ਦਿੱਤੀ। ਧਰਤੀ ਦੇ ਅੰਦਰਲਾ ਪਾਣੀ ਬਾਹਰ ਕੱਢ ਮਾਰਿਆ। ਜ਼ਮੀਨ ਵਿੱਚੋਂ ਖਣਿਜ ਪਦਾਰਥ, ਤੇਲ ਹੋਰ ਪਤਾ ਨੀ ਕੀ-ਕੀ ਕੱਢ ਮਾਰਿਆ। ਇੰਝ ਜਾਪਦਾ ਹੈ, ਧਰਤੀ ਉਸ ਨਾਰੀਅਲ ਜਾਂ ਤਰਬੂਜ ਦੀ ਤਰ੍ਹਾਂ ਖੋਖਲੀ ਹੋ ਗਈ ਹੈ ਜਿਸਦਾ ਅਰਕ ਤੇ ਰਸ ਕੱਢਿਆ ਜਾ ਚੁੱਕਾ ਹੈ। ਜਾਪਦਾ ਹੈ ਵਿੱਚੋਂ ਖਾਲੀ ਹੋਣ ਕਾਰਨ ਇੱਕ ਦਿਨ ਇਹ ਜ਼ਮੀਨ ਸਾਡੇ ਭਾਰ ਦੇ ਨਾਲ ਦੱਬ ਜਾਵੇਗੀ ਤੇ ਅਸੀਂ ਇਸ ਵਿੱਚ ਸਮਾ ਜਾਵਾਂਗੇ।
ਕੁਦਰਤ ਨੇ ਦਿਨ-ਰਾਤ ਦਾ ਚੱਕਰ ਸਿਰਜਿਆ। ਦਿਨ ਘੁੰਮਣ ਅਤੇ ਖਾਣ-ਪੀਣ ਲਈ ਅਤੇ ਰਾਤ ਅਰਾਮ ਕਰਨ, ਸੌਣ ਲਈ। ਪੰਛੀ ਤੇ ਜਾਨਵਰ ਇਸਦੀ ਪ੍ਰਤੱਖ ਉਦਾਹਰਨ ਹਨ। ਪਰ ਅਸੀਂ ਦਿਨ-ਰਾਤ ਦਾ ਫਰਕ ਹੀ ਮਿਟਾ ਦਿੱਤਾ। ਥਾਂ-ਥਾਂ ਲਾਟੂ ਜਗਾ ਕੇ ਰਾਤਾਂ ਨੂੰ ਵੀ ਦਿਨ ਚੜ੍ਹਾ ਦਿੱਤਾ। ਆਪ ਤਾਂ ਕੀ ਪੈਣਾ-ਬਹਿਣਾ, ਜਨੌਰਾਂ ਦਾ ਵੀ ਔਖਾ ਕਰ ਦਿੱਤਾ। ਅੱਧੀ ਰਾਤ ਤਕ ਡੀਜੇਆਂ ਦੀ ਡੰਮ ਡੰਮ ਤੇ ਤੜਕੇ ਸਪੀਕਰਾਂ ਦਾ ਖੌਰੂ। ਮਤੇ ਕੋਈ ਆਰਾਮ ਨਾ ਕਰ ਲਵੇ। ਅੱਗਾਂ ਲਾ ਕੇ, ਦੇਰ ਰਾਤ ਤਾਈਂ ਪਟਾਕੇ ਚਲਾ ਕੇ ਪ੍ਰਦੂਸ਼ਣ ਤਾਂ ਚਧਾਇਆ ਹੀ, ਪੰਛੀਆਂ ਵਿੱਚ ਵੀ ਦਹਿਸ਼ਤ ਪੈਦਾ ਕਰ ਦਿੱਤੀ।
ਬਹੁਤੇ ਦੂਰ ਨਾ ਜਾਈਏ, ਇੱਕ ਸਦੀ ਪਹਿਲਾਂ ਹੀ ਕਿੰਨਾ ਕੁਝ ਕੁਦਰਤੀ ਸੀ। ਹਰ ਕੰਮ ਆਪਣੇ ਹੱਥੀਂ ਕਰਨਾ। ਚਾਹੇ ਖੇਤੀ ਦਾ ਕੰਮ ਹੋਵੇ ਤੇ ਚਾਹੇ ਚੁੱਲ੍ਹੇ-ਚੌਂਕੇ, ਰਸੋਈ ਆਦਿ ਦਾ। ਸਿੱਧਾ ਮੁੱਦੇ ਦੀ ਗੱਲ ਕਰੀਏ ਤਾਂ ਸ੍ਰਿਸ਼ਟੀ ਵਿੱਚ ਜ਼ਿਆਦਾ ਵਿਗਾੜ ਉਦੋਂ ਪੈਦਾ ਹੋਇਆ ਜਦੋਂ ਤੇਲ (ਈਧਨ) ਦੀ ਖੋਜ ਹੋਈ। ਇਸ ਤੋਂ ਬਾਅਦ ਰਹਿੰਦੀ-ਖੂੰਹਦੀ ਕਸਰ ਬਿਜਲੀ ਨੇ ਪੂਰੀ ਕਰ ਦਿੱਤੀ। ਹੈਂਡਲ ਨਾਲ ਗੇੜਾ ਦੇਣ ਦੀ ਲੋੜ ਵੀ ਜਾਂਦੀ ਰਹੀ। ਸਵਿੱਚ ਦੱਬੋ, ਕੰਮ ਖਤਮ। ਸਾਰੇ ਕੰਮਾਂ ਵਿੱਚ ਸੌਖ ਹੀ ਸੌਖ ਹੋ ਗਈ। ਹੋਰ ਦੇਖੋ, ਪਹਿਲਾਂ ਲੋਕ ਘਰ ਖਾਂਦੇ ਸਨ ਤੇ ਜੰਗਲ ਪਾਣੀ ਬਾਹਰ ਜਾਂਦੇ ਸਨ ਪਰ ਹੁਣ ਉਲਟਾ ਹੋ ਗਿਆ ਹੈ। ਬਾਹਰ ਖਾਂਦੇ ਹਨ ਅਤੇ ਟੁਆਇਲਟ ਘਰੇ ਆ ਕੇ ਵਰਤਦੇ ਹਨ। ਕਈ ਸਿਹਤ ਪ੍ਰਤੀ ਜਾਗਰੂਕ ਲੋਕ ਖਾਣ ਤੋਂ ਬਾਅਦ ਸੈਰ ਵੀ ਕਰਦੇ ਹਨ ਪਰ ਉਦੋਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਵੀ ਇੰਨੇ ਕੰਮ ਹੁੰਦੇ ਸਨ ਕਿ ਸੈਰ ਦੀ ਲੋੜ ਹੀ ਨਹੀਂ ਸੀ ਪੈਂਦੀ। ਜਿਵੇਂ ਕਿ ਹਵੇਲੀ ਜਾ ਕੇ ਪਸ਼ੂਆਂ ਨੂੰ ਪਾਣੀ ਪਿਲਾ ਕੇ ਪੱਧਰੇ ਬੰਨ੍ਹਣਾ। ਇਵੇਂ ਹੀ ਔਰਤਾਂ ਨੇ ਭਾਂਡੇ ਮਾਂਜਣੇ ਤੇ ਮੰਜੇ ਬਿਸਤਰੇ ਵਿਛਾਉਣੇ ਪਰ ਹੁਣ ਤਾਂ ਵੱਡੇ ਘਰਾਂ ਵਿੱਚ ਇਹ ਕੰਮ ਵੀ ਨੌਕਰ ਹੀ ਕਰਦੇ ਹਨ।
ਇਹ ਗੱਲ ਨਹੀਂ ਕਿ ਵਿਗਿਆਨ ਦੀਆਂ ਉਪਲਬਧੀਆਂ ਸਾਡੇ ਲਈ ਗ਼ੈਰ ਜ਼ਰੂਰੀ, ਮਾੜੀਆਂ ਜਾਂ ਨੁਕਸਾਨਦੇਹ ਹਨ। ਕਸੂਰ ਖੋਜਾਂ ਜਾਂ ਉਹਨਾਂ ਦੀ ਖੋਜ ਕਰਨ ਵਾਲਿਆਂ ਦਾ ਨਹੀਂ, ਦੋਸ਼ ਵਰਤੋਂ ਕਰਨ ਦੇ ਢੰਗ ਵਿੱਚ ਹੈ। ਸਮੇਂ ਅਤੇ ਹਾਲਾਤ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜਿਵੇਂ ਸਾਡੀਆਂ ਲੋੜਾਂ ਅਤੇ ਇੱਛਾਵਾਂ ਵਧ ਗਈਆਂ ਹਨ ਜਾਂ ਕਹਿ ਲਓ ਅਸੀਂ ਵਧਾ ਲਈਆਂ ਹਨ ਕਿ ਜੇ ਕੱਲ੍ਹ-ਕਲੋਤਰ ਕਿਤੇ ਵਾਪਸ ਜੰਗਲ ਵੱਲ ਮੁੜਨਾ ਪੈ ਜਾਵੇ ਤਾਂ ਕੀ ਹਾਲ ਅਤੇ ਹੱਲ ਹੋਵੇਗਾ? ਸਾਡੇ ਲੋਕ ਤਾਂ ਫਿਰ ਵੀ ਗਰਮੀ-ਸਰਦੀ ਜਾਂ ਬਿਜਲੀ ਦੀ ਕਮੀ ’ਤੇ ਲੱਗੇ ਹੋਏ ਹਨ ਪਰ ਕਈ ਅਜਿਹੇ ਦੇਸ਼ ਵੀ ਹਨ ਜਿੱਥੇ ਬਿਜਲੀ ਤੋਂ ਬਿਨਾਂ ਜੀਵਨ ਸੰਭਵ ਹੀ ਨਹੀਂ। ਕੱਲ੍ਹ ਨੂੰ ਬਿਜਲੀ ਸਪਲਾਈ ਬੰਦ ਹੋ ਗਈ, ਉਹਨਾਂ ਦਾ ਕੀ ਹੋਵੇਗਾ?
ਇੱਕ ਪਾਸੇ ਜੰਗਲਾਂ ਵਿੱਚ ਰਹਿਣ ਦਾ ਸਮਾਂ, ਦੂਜੇ ਪਾਸੇ ਅੱਜ ਮਹਾਂਨਗਰ ਅਤੇ ਵਿਚਕਾਰ ਇਨ੍ਹਾਂ ਦੇ ਪਿੰਡ - ਪਿਛਲੇ ਦਹਾਕੇ ਦੇ ਤਿੰਨ ਮਾੜੇ ਹਾਲਾਤ ਚਾਹੇ ਨੋਟਬੰਦੀ ਦੇਖ ਲਓ, ਚਾਹੇ ਕਰੋਨਾ-ਸਮਾਂ ਅਤੇ ਚਾਹੇ ਹੁਣ ਵਾਲਾ ਊਰਜਾ ਸੰਕਟ ਦਾ ਸਮਾਂ ਵੇਖਣਾ ਪਵੇ, ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਾਲੇ ਕਿਤੇ ਸੌਖੇ ਰਹੇ। ਕਾਰਨ ਕੁਦਰਤ ਦੇ ਅਤੇ ਸੱਭਿਅਤਾ ਦੇ ਕਥਿਤ ‘ਜੰਗਲੀ ਜੀਵਨ’ ਦੇ ਨੇੜੇ ਹੋਣਾ। ਖੈਰ, ਹੁਣ ਤਾਂ ਪਿੰਡ ਵੀ ਉੱਜੜ ਰਹੇ ਹਨ, ਨਾਂ ਦੇ ਹੀ ਰਹਿ ਗਏ ਹਨ। ਘਰਾਂ ਨੂੰ ਜਿੰਦਰੇ ਵੱਜ ਰਹੇ ਹਨ ਤੇ ਪਰਿਵਾਰਾਂ ਵਾਲੇ ਵਿਦੇਸ਼ਾਂ ਵਿੱਚ ਬੈਠੇ ਹਨ ਪਰ ਫਿਰ ਵੀ ਜਿੰਨੇ ਕੁ ਬਚਦੇ ਹਨ, ਵਿਰਸਾ, ਸੰਸਕ੍ਰਿਤੀ ਅਤੇ ਜੀਵਨ ਜਾਂਚ, ਜੀਵਨ ਚੱਕਰ ਨੂੰ ਸਾਂਭੀ ਬੈਠੇ ਹਨ। ਹਾਲੇ ਵੀ ਅਤੀਤ ਤੋਂ ਬਹੁਤੀ ਦੂਰ ਨਹੀਂ ਗਏ। ਅਤੇ ਹਾਂ ਇਹ ਵੀ ਸੱਚ ਹੈ ਕਿ ਇੱਕ ਨਾ ਇੱਕ ਦਿਨ ‘ਜੰਗਲ’ ਵੱਲ ਵਾਪਸ ਮੁੜਨਾ ਹੀ ਪਵੇਗਾ ਪਰ ਗੌਰ ਤਲਬ ਹੈ ਕਿ ਕਿਧਰੇ ਇਹ ਨਾ ਹੋਵੇ, ਜਦੋਂ ਤਕ ਮੱਛੀਆਂ ਪੱਥਰ ਚੱਟ ਕੇ ਮੁੜਨ, ਦਰਿਆ ਉਦੋਂ ਤਕ ਸੁੱਕ ਚੁੱਕੇ ਹੋਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































