“ਮੁੱਕਦੀ ਗੱਲ, ਸਾਡਾ ਸੋਨੇ ਵਰਗਾ ਪੰਜਾਬ ਲੁੱਟ ਕੇ ਖਾ ਲਿਆ ਇਨ੍ਹਾਂ ਢੌਂਗੀ ਬਾਬਿਆਂ ਨੇ ...”
(11 ਅਗਸਤ 2026)

ਓਦਾਂ ਇੱਕ ਗੱਲ ਤਾਂ ਸਾਨੂੰ ਮੰਨਣੀ ਪਵੇਗੀ ਕਿ ਸਾਡੇ ਮੁਲਕ ਵਿੱਚ ਜਿੰਨੀਆਂ ਐਸ਼ਾਂ ਬਾਬੇ ਕਰਦੇ ਹਨ, ਲੀਡਰ ਵੀ ਨਹੀਂ ਕਰ ਸਕਦੇ। ਪਤੰਦਰ ਮੌਜਾਂ ਲੁੱਟਦੇ ਹਨ, ਮੌਜਾਂ। ਮਣ-ਮਣ ਦੇ ਢਿੱਡ ਚੁੱਕੀ ਇਹੋ ਜਿਹੀਆਂ ਨਵੀਂਆਂ ਨਕੋਰ ਗੱਡੀਆਂ ਵਿੱਚ ਘੁੰਮਦੇ ਹਨ, ਜਿਹੜੀਆਂ ਆਮ ਬੰਦਾ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕਰਕੇ ਖਰੀਦਣੀ ਤਾਂ ਇੱਕ ਪਾਸੇ, ਖਰੀਦਣ ਬਾਰੇ ਸੋਚ ਵੀ ਨਹੀਂ ਸਕਦਾ। 30-35 ਲੱਖ ਤੋਂ ਹੇਠਾਂ ਵਾਲੀ ਗੱਡੀ ਵੱਲ ਤਾਂ ਇਹ ਦੇਖਦੇ ਤਕ ਨਹੀਂ ‘ਵੱਡੇ ਰੱਬ ਦੇ ਦੂਤ।’ ਵੈਸੇ ਛੋਟੀ ਗੱਡੀ ਵਿੱਚ ਓਦਾਂ ਵੀ ਬਹਿਣ ਜੋਗੇ ਨਹੀਂ ਰਹਿੰਦੇ, ਕੁਝ ਕੁ ਵਰ੍ਹੇ ਬਾਬਾਗਿਰੀ ਕਰਦਿਆਂ ਗੋਗੜਾਂ ਫਸਣ ਲੱਗ ਜਾਂਦੀਆਂ ਹਨ।
ਇਸ ਤੋਂ ਅੱਗੇ ਜੇਕਰ ਇਨ੍ਹਾਂ ਦੀ ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਨਾ ਹੀ ਪੁੱਛੋ ਤਾਂ ਚੰਗੀ ਗੱਲ ਹੈ। ਅੱਵਲ ਤਾਂ ਸਕੂਲ ਗਏ ਹੀ ਨਹੀਂ ਹੁੰਦੇ ਤੇ ਜੇ ਗਏ ਵੀ ਹੋਣ ਤਾਂ ਫੇਲ ਹੋ ਕੇ ਵਿਚਾਲੇ ਹੀ ਹਟੇ ਹੋਏ ਹੁੰਦੇ ਹਨ। ਬੱਸ ਕੰਮ ਚਲਾਊ ਚਾਰ ਕੁ ਧਰਮ ਦੀਆਂ ਗੱਲਾਂ ਸਿੱਖ ਲੈਂਦੇ ਹਨ, ਬਾਕੀ ਦੀਆਂ ਕੋਲੋਂ ਘੜ ਲੈਂਦੇ ਹਨ। ਉਸ ਤੋਂ ਬਾਅਦ ਕੋਈ ਚੱਲਿਆ-ਚਲਾਇਆ ਡੇਰਾ ਸਾਂਭ ਲੈਂਦੇ ਹਨ। ਜਾਂ ਫਿਰ ਵਿਹਲੀ ਜਿਹੀ ਥਾਂ ਦੇਖ ਕੇ, ਛੰਨ ਜਿਹੀ ਪਾ ਲੈਂਦੇ ਹਨ। ਉਸ ਤੋਂ ਬਾਅਦ ਚਾਰ ਕੁ ਇੱਟਾਂ ਰੱਖ ਕੇ ਨੀਂਹ ਪੱਥਰ ਰੱਖ ਲੈਂਦੇ ਹਨ। ਬਾਕੀ ਦਾ ਡੇਰਾ ਭਗਤ ਜਨ ਆਪ ਹੀ ਬਣਾ ਦਿੰਦੇ ਹਨ। ਕਿਸੇ ਨੂੰ ਕੋਈ ਸੇਵਾ ਤੇ ਕਿਸੇ ਨੂੰ ਕੋਈ। ਉਸ ਤੋਂ ਬਾਅਦ ਵਾਰੇ-ਨਿਆਰੇ। ਇਹ ਬਾਬੇ ਕਿਸੇ ਖਾਸ ਰੰਗ ਦਾ ਝੰਡਾ ਲਾ ਕੇ ਰਿਧੀਆਂ ਸਿਧੀਆਂ ਦੇ ਮਾਲਕ ਬਣ ਬਹਿੰਦੇ ਹਨ। ਆਮ ਲੋਕ ਤਾਂ ਇੱਕ ਪਾਸੇ, ਵੱਡੇ-ਵੱਡੇ ਪੜ੍ਹੇ-ਲਿਖੇ ਅਫਸਰ ਵੀ ਆਪਣੀਆਂ ਟਾਈਆਂ ਨਾਲ ਇਨ੍ਹਾਂ ਦੇ ਬੂਟ ਸਾਫ ਕਰਦੇ ਹਨ ਅਤੇ ਬੀਬੀਆਂ ਲੱਤਾਂ ਘੁੱਟਦੀਆਂ ਪਸੀਨੋ-ਪਸੀਨਾ ਹੁੰਦੀਆਂ ਹਨ। ਕਿਰਤ-ਕਰਮ ਦੀ ਗੱਲ ਨਾ ਇਹ ਆਪ ਸਿੱਖਦੇ ਹਨ ਅਤੇ ਨਾ ਹੀ ਲੋਕਾਂ ਨੂੰ ਸਿਖਾਉਂਦੇ ਹਨ। ਆਪਣੇ ਬੱਚੇ ਬਾਹਰ ਤੋਰ ਦਿੰਦੇ ਹਨ ਤੇ ਲੋਕਾਂ ਦੇ ਬੱਚਿਆਂ ਨੂੰ ਡੇਰਆਂ ਵਿੱਚ ਝਾੜੂ ਮਾਰਨ ਲਾ ਲੈ ਦਿੰਦੇ ਹਨ। ਸਰਕਾਰਾਂ ਦੀਆਂ ਨੀਤੀਆਂ ਤਹਿਤ ਅੱਜਕਲ੍ਹ ਆਪਣੇ ਲੋਕ ਇਹੋ ਜਿਹੇ ਕੰਮਾਂ ਲਈ ਵਿਹਲੇ ਹੀ ਨੇ।
ਸ਼ਰਧਾਲੂਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਜ਼ਿਆਦਾ ‘ਸ਼ਰਧਾ-ਉੱਲੂ’ ਹੁੰਦੇ ਹਨ ‘ਮੁੰਡੇ’ ਲੈਣ ਵਾਲੇ। ‘ਮੁੰਡੇ’ ਇਹ ਤਕਰੀਬਨ ਸਾਰਿਆਂ ਨੂੰ ਹੀ ਦੇ ਦਿੰਦੇ ਹਨ। 50% ਦੇ ਤਾਂ ਵੈਸੇ ਹੀ ਹੋ ਜਾਂਦੇ ਹਨ, ਕੁਦਰਤ ਦਾ ਨਿਯਮ ਹੈ। ਵਡਿਆਈ ਇਨ੍ਹਾਂ ਨੂੰ ਮਿਲ ਜਾਂਦੀ ਹੈ। ਜਿਨ੍ਹਾਂ ਦੇ ਨਹੀਂ ਹੁੰਦੇ, ਸ਼ਰਮ ਦੇ ਮਾਰੇ ਚੁੱਪ ਵੱਟ ਜਾਂਦੇ ਹਨ। ਜਿਨ੍ਹਾਂ ਦੇ ਹੋ ਜਾਂਦੇ ਹਨ, ਉਹ ਸੁੱਖੀਆਂ ਹੋਈਆਂ ਸੁੱਖਾਂ ਦੀਆਂ ਸੌਗਾਤਾਂ ਨਾਲ ਡੇਰਾ ਭਰ ਜਾਂਦੇ ਹਨ। ਮਾਲ ਮਾਲਕਾਂ ਦਾ ਮਸ਼ੂਹਰੀ ਕੰਪਨੀ ਦੀ, ਬਾਬਿਆਂ ਦੀ ਜੈ-ਜੈ ਕਾਰ। ਰੋਜ਼ਾਨਾ ਹੀ ਖਬਰਾਂ ਵਿੱਚ ਕੋਈ ਨਾ ਕੋਈ ਕੇਸ ਸਾਹਮਣੇ ਆਉਂਦਾ ਰਹਿੰਦਾ ਹੈ, ਕਿਸੇ ਔਰਤ ਦੀ ਇੱਜ਼ਤ/ਆਬਰੂ ਲੁੱਟ ਹੋਣ ਦਾ, ਪਰ ਲੋਕਾਂ ਨੂੰ ਕੋਈ ਸ਼ਰਮ ਨਹੀਂ। ਖੁਦ ਇਕੱਲੀਆਂ ਔਰਤਾਂ ਨੂੰ ਡੇਰਿਆਂ ਵਿੱਚ ਭੇਜਦੇ ਹਨ, ਜਿੱਥੇ ਮੁੰਡੇ ਦੇਣ ਦੇ ਬਹਾਨੇ ਇਹ ਢੌਂਗੀ ਉਨ੍ਹਾਂ ਦੇ ਜਿਸਮਾਂ ਨਾਲ ਖੇਡਦੇ ਹਨ। ਧਨ ਦੌਲਤ ਲੁੱਟਦੇ ਹਨ ਤੇ ਜਿਸਮ ਚੂੰਡਦੇ ਹਨ। ਜੇਲ੍ਹ ਯਾਤਰਾਵਾਂ ਵੀ ਕਰਦੇ ਹਨ ਪਰ ਕੱਟੜ ਭਗਤ ਫਿਰ ਵੀ ਖਹਿੜਾ ਨਹੀਂ ਛੱਡਦੇ।
ਨਾਮ ਜਪੋ, ਕਿਰਤ ਕਰੋ, ਵੰਡ ਛਕੋ ਇਹ ਲੋਕਾਂ ਨੂੰ ਹੀ ਕਹਿੰਦੇ ਹਨ, ਆਪ ਇਹ ਨਾ ਤਾਂ ਇਹ ਕੋਈ ਕੰਮ ਕਰਦੇ ਹਨ ਅਤੇ ਨਾ ਹੀ ਵੰਡ ਕੇ ਛਕਦੇ ਹਨ। ਸਭ ਕੁਝ ਡੇਰੇ ਦਾ ਤੇ ਡੇਰਾ ਕਿਹਦਾ? ਆਖੋ …। ਸਰਕਾਰਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪੈਦਾ। ਬਹੁਤਿਆਂ ਦੀ ਤਾਂ ਗੱਡੀ ’ਤੇ ਨੰਬਰ ਪਲੇਟ ਵੀ ਨਹੀਂ ਹੁੰਦੀ ਬੱਸ ਮੋਟਾ ਜਿਹਾ “ਕਾਰ ਸੇਵਾ” ਲਿਖਿਆ ਹੁੰਦਾ ਹੈ। ਤੇ ਜੇ ਹੁੰਦੀ ਵੀ ਹੈ ਤਾਂ ਲੱਖ ਤੋਂ ਘੱਟ ਦਾ ਨੰਬਰ ਨਹੀਂ ਹੁੰਦਾ ਉੱਪਰ। ਜਾਣੀ ਕਿ ਵੀ ਵੀ ਆਈ ਪੀ ਨੰਬਰ। ਪਹੁੰਚ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਅਫਸਰਾਂ, ਨੇਤਾਵਾਂ ਅਤੇ ਮੰਤਰੀਆਂ ਤਕ ਇਨ੍ਹਾਂ ਦੀ ਪਹੁੰਚ ਹੈ। ਨਾ ਖਾਣ ਦੀ ਘਾਟ, ਨਾ ਪੀਣ ਦੀ ਅਤੇ ਨਾ ਹੀ ਪਹਿਨਣ ਦੀ। ਜਿਹੜੇ ਪੀਰਾਂ ਦੇ ਡੇਰੇ ਬਣਾ ਕੇ ਬੈਠੇ ਹਨ, ਉਨ੍ਹਾਂ ਦੇ ਤਾਂ ਟੌਹਰ ਟੱਪੇ ਦਾ ਵੀ ਕੋਈ ਅੰਤ ਨਹੀਂ। ਛਾਪਾਂ, ਛੱਲੇ, ਮਾਲਾ ਅਤੇ ਹੋਰ ਪਤਾ ਨਹੀਂ ਕੀ ਕੀ ਪਾਈ ਫਿਰਦੇ ਹਨ।
ਮੁੱਕਦੀ ਗੱਲ, ਸਾਡਾ ਸੋਨੇ ਵਰਗਾ ਪੰਜਾਬ ਲੁੱਟ ਕੇ ਖਾ ਲਿਆ ਇਨ੍ਹਾਂ ਢੌਂਗੀ ਬਾਬਿਆਂ ਨੇ। ਕੁਝ ਮਾੜੀਆਂ ਸਰਕਾਰਾਂ ਨੇ ਡੋਬ ਦਿੱਤਾ, ਕੁਝ ਨਸ਼ਿਆਂ ਨੇ ਖਾ ਲਿਆ ਤੇ ਰਹਿੰਦੀ ਕਸਰ ਇਨ੍ਹਾਂ ‘ਵੱਡੇ ਅੰਤਰਜਾਮੀਆਂ’ ਨੇ ਕੱਢ ਦਿੱਤੀ। ਲੋਕੋ ਸਮਾਂ ਰਹਿੰਦਿਆਂ ਸਮਝ ਜਾਓ, ਕੁਝ ਨਹੀਂ ਹੈਗਾ ਇਨ੍ਹਾਂ ਕੋਲ। ਸਭ ਪਖੰਡ ਹੈ। ਇਹ ਲੋਕ ਤਾਂ ਆਪ ਵਿਗਿਆਨ ਦੀਆਂ ਖੋਜਾਂ ਉੱਤੇ ਨਿਰਭਰ ਹਨ। ਲੋਕਾਂ ਨੂੰ ਅਰਦਾਸਾਂ ਅਤੇ ਕਰਾਮਾਤਾਂ ਨਾਲ ਠੀਕ ਕਰਨ ਵਾਲੇ ਆਪਣਾ ਇਲਾਜ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੱਡੇ-ਵੱਡੇ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਕੋਲੋਂ ਕਰਵਾਉਂਦੇ ਹਨ। ਜਿਹੜੇ ਆਪਣੀ ਰਾਖੀ ਲਈ ਸੀ ਸੀ ਟੀ ਵੀ ਕੈਮਰਿਆਂ ਉੱਤੇ ਨਿਰਭਰ ਹਨ, ਆਧੁਨਿਕ ਹਥਿਆਰਾਂ ਨਾਲ ਲੈਸ ਅੰਗ ਰੱਖਿਅਕ ਨਾਲ ਲਈ ਘੁੰਮਦੇ ਹਨ, ਤੁਹਾਡਾ ਕੀ ਬਚਾ ਕਰਨਗੇ? ਉਹੀ ਗੱਲ, ਖੁਦ ਵਿਗਿਆਨ ਦੀਆਂ ਮੌਜਾਂ ਲੈਣੀਆਂ ਤੇ ਲੋਕਾਂ ਨੂੰ ਅੰਧਵਿਸ਼ਵਾਸ ਵੇਚਣਾ। ਲੋਕੋ, ਤੁਸੀਂ ਤਾਂ ਮਹਿਜ਼ ਇਨ੍ਹਾਂ ਦੇ ਐਸ਼ੋ-ਆਰਾਮ ਅਤੇ ਕਮਾਈ ਦਾ ਸਾਧਨ ਹੋ। ਬੱਸ, ਕਰਮ ਚੰਗੇ ਕਰੋ, ਕਿਸੇ ਦਾ ਬੁਰਾ ਨਾ ਕਰੋ ਅਤੇ ਨੀਅਤ ਸਾਫ ਰੱਖੋ। ਫਿਰ ਰੱਬ ਨੂੰ ਲੱਭਣ ਲਈ ਗੁਰਦੁਆਰੇ, ਮਸੀਤੀਂ ਜਾਂ ਮੰਦਰੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀ। ਆਪੇ ਆ ਜਾਣਾ ਰੱਬ ਨੇ ਤੁਹਾਡੇ ਕੋਲ। ਕਿਉਂਕਿ “ਰੱਬ ਤਾਂ ਤੇਰੇ ਅੰਦਰ ਬੰਦਿਆਂ ਨਾ ਮੰਦਰ ਮਸੀਤੀਂ ਟੋਲ਼।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































