“17 ਮਈ ਨੂੰ ਉਨ੍ਹਾਂ ਦੇ ਜੱਦੀ ਕਸਬੇ ਗੁਰਾਇਆਂ ਵਿਖੇ ਵੱਖ ਵੱਖ ਸਾਹਿਤਕ ਸਭਾਵਾਂ ਅਤੇ ...”
(16 ਮਈ 2026)
ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ …
ਪੰਜਾਬੀ ਗੀਤਕਾਰੀ ਵਿੱਚ ਚੰਨ ਗੁਰਾਇਆਂ ਵਾਲਾ ਇੱਕ ਮਕਬੂਲ ਅਤੇ ਸਤਿਕਾਰਤ ਨਾਂਅ ਹੈ ਜਾਂ ਇੰਝ ਆਖ ਲਵੋ ਕਿ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸ੍ਰੀ ਭੁੱਲਾ ਰਾਮ ਉਰਫ ਚੰਨ ਗੁਰਾਇਆਂ ਵਾਲਾ ਇੱਕ ਉਹ ਨਾਂਅ ਹੈ ਜਿਸਨੇ ਗੀਤਕਾਰੀ ਦੇ ਖੇਤਰ ਵਿੱਚ ਅਜਿਹੀਆਂ ਅਮਿੱਟ ਪੈੜਾਂ ਪਾਈਆਂ ਹਨ, ਜੋ ਰਹਿੰਦੀ ਦੁਨੀਆਂ ਤਕ ਮਿਟ ਨਹੀਂ ਸਕਦੀਆਂ। ਸੈਂਕੜੇ ਨਹੀਂ ਸਗੋਂ ਹਜ਼ਾਰਾਂ ਗੀਤਾਂ ਦਾ ਰਚੇਤਾ ਇਹ ਨਾਮੀ ਗੀਤਕਾਰ ਬੀਤੇ ਬੁੱਧਵਾਰ ਨੂੰ 97 ਸਾਲ ਦੀ ਉਮਰ ਭੋਗਣ ਮਗਰੋਂ ਦਿਲ ਦਾ ਦੌਰਾ ਪੈਣ ਸਦਕਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਆਉਂਦੇ ਹੀ ਸਮੁੱਚੀ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਵਿੱਚ ਉਦਾਸੀ ਦਾ ਮਾਹੌਲ ਹੋ ਗਿਆ। ਉਨ੍ਹਾਂ ਦੇ ਇਸ ਜਗਤ ਵਿੱਚੋਂ ਚਲੇ ਜਾਣ ਨਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਨਾ ਪੂਰਨ ਵਾਲਾ ਘਾਟਾ ਪਿਆ ਹੈ।
ਚੰਨ ਗੁਰਾਇਆਂ ਵਾਲਾ ਨੇ ਜਿੱਥੇ ਗੀਤਾਂ ਦੁਆਰਾ ਸੰਗੀਤ ਇੰਡਸਟਰੀ ਵਿੱਚ ਨਾਮਣਾ ਖੱਟਿਆ ਉੱਥੇ ਉਨ੍ਹਾਂ ਸੁਪਰ ਡੁਪਰ ਹਿੱਟ ਪੰਜਾਬੀ ਫਿਲਮ ਬਲਬੀਰੋ ਭਾਬੀ ਵੀ ਬਣਾਈ। ਉਨ੍ਹਾਂ ਇੱਕ ਦਰਜ਼ਨ ਤੋਂ ਵੱਧ ਕਿਤਾਬਾਂ ਵੀ ਪੰਜਾਬੀ ਸੱਭਿਆਚਾਰ ਦੀ ਝੋਲੀ ਪਾਈਆਂ। ਉਨ੍ਹਾਂ ਦੀ ਕਲਮ ਵਿੱਚ ਇੰਨਾ ਦਮ ਸੀ ਕਿ ਉਹ ਜੋ ਵੀ ਉੱਕਰਦੀ, ਉਹ ਮਕਬੂਲੀਅਤ ਨੂੰ ਛੂਹ ਜਾਂਦਾ। ਉਨ੍ਹਾਂ ਕਿੱਸਾ ਲਿਖਣ ਤੋਂ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਤੇ ਫਿਰ ਧਾਰਮਿਕ ਗੀਤਕਾਰੀ ਵੱਲ ਮੋੜਾ ਕੱਟਿਆ। ਇਸ ਪਿੱਛੋਂ ਉਨ੍ਹਾਂ ਹਰ ਵਿਸ਼ੇ ਨੂੰ ਛੂਹਿਆ। ਫਿਰ ਉਹ ਵਿਸ਼ਾ ਧਾਰਮਿਕ ਹੋਵੇ ਜਾਂ ਸਮਾਜਿਕ, ਨੌਜਵਾਨੀ ਦਾ ਹੋਵੇ ਜਾਂ ਪ੍ਰਕਿਰਤੀ ਦਾ, ਉਨ੍ਹਾਂ ਪਹਾੜਾਂ, ਦਰਿਆਵਾਂ ਅਤੇ ਮੌਸਮ ਦਾ ਹਵਾਲਾ ਦੇ ਕੇ ਉਸ ਨੂੰ ਬਹੁਤ ਖੂਬਸੂਰਤੀ ਨਾਲ ਆਪਣੇ ਗੀਤਾਂ ਵਿੱਚ ਪਰੋਇਆ। ਇੱਥੋਂ ਤਕ ਕਿ ਉਨ੍ਹਾਂ ਦੀ ਕਲਮ ਵਿੱਚ ਨੌਜਵਾਨਾਂ ਦੀਆਂ ਹਿੱਕਾਂ ਨੂੰ ਪਰਬਤਾਂ ਵਾਂਗ ਮਜ਼ਬੂਤ ਦਿਸਣ ਵਾਲਾ ਜੋਸ਼ ਅਕਸਰ ਮਿਲਦਾ ਹੈ। ਮੁੱਕਦੀ ਗੱਲ, ਉਨ੍ਹਾਂ ਹਰ ਵਿਸ਼ੇ ’ਤੇ ਅਜਿਹਾ ਲਿਖਿਆ ਜੋ ਅੱਜ ਵੀ ਮਕਬੂਲ ਹੈ। ਨਰਿੰਦਰ ਬੀਬਾ ਅਤੇ ਚੰਨ ਗੁਰਾਇਆਂ ਵਾਲਾ ਦੀ ਜੋੜੀ ਬੇਹੱਦ ਮਕਬੂਲ ਰਹੀ ਹੈ ਕਿਉਂਕਿ ਨਰਿੰਦਰ ਬੀਬਾ ਵੱਲੋਂ ਚੰਨ ਗੁਰਾਇਆਂ ਵਾਲੇ ਦੀ ਕਲਮ ਤੋਂ ਲਿਖੇ ਗੀਤਾਂ ਨੂੰ ਅਜਿਹੀ ਦਿਲਕਸ਼ ਆਵਾਜ਼ ਦਿੱਤੀ ਜਾਂਦੀ ਸੀ ਕਿ ਸੁਣਨ ਵਾਲਾ ਮੱਲੋਮੱਲੀ ਕੀਲਿਆ ਜਾਂਦਾ ਸੀ।
ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ ਹੁੰਦੇ ਸਾਂ ਤਾਂ ਇੱਕ ਗਾਣਾ ਅਸੀਂ ਰੇਡੀਓ ਉੱਤੇ ਅਕਸਰ ਹਰ ਦੂਜੇ ਤੀਜੇ ਦਿਨ ਸੁਣਿਆ ਕਰਦੇ ਸਾਂ। ਉਹ ਗਾਣਾ ਸੀ- “ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ?” ਇਸ ਗੀਤ ਦੇ ਰਚੇਤਾ ਸਨ ਚੰਨ ਗੁਰਾਇਆਂ ਵਾਲਾ। ਇਹ ਗੀਤ ਅੱਜ ਵੀ ਉਸੇ ਤਰ੍ਹਾਂ ਮਕਬੂਲ ਹੈ ਜਿਵੇਂ ਅੱਜ ਤੋਂ ਚਾਰ ਪੰਜ ਦਹਾਕੇ ਪਹਿਲਾਂ ਮਕਬੂਲ ਸੀ।
ਚੰਨ ਗੁਰਾਇਆਂ ਵਾਲਾ ਪੰਜਾਬੀ ਸੰਗੀਤ ਇੰਡਸਟੀ ਦਾ ਉਹ ਬੂਟਾ ਹੈ, ਜਿਸਨੇ ਪੰਜਾਬੀ ਸੰਗੀਤ ਵਿੱਚ ਨਵੇਕਲੀਆਂ ਪੈੜਾਂ ਛੱਡੀਆਂ ਹਨ। ਪਰ ਅੱਜ ਉਹ ਬੂਟਾ ਮੁਰਝਾ ਗਿਆ ਹੈ।
ਚੰਨ ਗੁਰਾਇਆਂ ਵਾਲਾ ਨੇ ਗੁਰਾਇਆਂ ਕਸਬੇ ਵਿੱਚ ਜਨਮ ਲੈ ਕਿ ਪੰਜਾਬੀ ਸੱਭਿਆਚਾਰ ਦੀ ਅਥਾਹ ਸੇਵਾ ਕੀਤੀ ਤੇ ਉਨ੍ਹਾਂ ਦੀ ਕਲਮ ਤੋਂ ਲਿਖੇ ਸੈਂਕੜੇ ਗੀਤ ਮਕਬੂਲ ਹੀ ਨਹੀਂ ਹੋਏ ਸਗੋਂ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ। ਉਨ੍ਹਾਂ ਦੀ ਕਲਮ ਨੂੰ ਪਿਆਰ ਕਰਨ ਵਾਲੇ ਅੱਜ ਉਦਾਸ ਨਜ਼ਰ ਆ ਰਹੇ ਹਨ। ਚੰਨ ਗੁਰਾਇਆਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ ਦੇ ਲੇਖੇ ਲਾ ਦਿੱਤੀ। ਉਨ੍ਹਾਂ ਦੀ ਨਿਮਰਤਾ ਅਤੇ ਸਾਹਿਤ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੇ।
ਚੰਨ ਗੁਰਾਇਆਂ ਵਾਲਾ ਦੇ ਦਿਹਾਂਤ ਉੱਤੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ। 17 ਮਈ ਨੂੰ ਉਨ੍ਹਾਂ ਦੇ ਜੱਦੀ ਕਸਬੇ ਗੁਰਾਇਆਂ ਵਿਖੇ ਵੱਖ ਵੱਖ ਸਾਹਿਤਕ ਸਭਾਵਾਂ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































