“ਆਉ! ਦੱਬੇ ਕੁਚਲੇ ਅਤੇ ਹੱਕਾਂ ਤੋਂ ਵਾਂਝੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾਈਏ ਅਤੇ ਇੱਕ ...”
(14 ਅਪਰੈਲ 2026)
ਵਿਸਾਖੀ ਦਾ ਤਿਉਹਾਰ ਫਸਲ ਪੱਕਣ ਦੀ ਖੁਸ਼ੀ, ਖਾਲਸਾ ਪੰਥ ਦੀ ਸਾਜਨਾ ਅਤੇ ਨਵੇਂ ਸਾਲ ਦੇ ਰੂਪ ਵਿੱਚ ਬੜਾ ਮਹੱਤਵ ਰੱਖਦਾ ਹੈ। ਵਿਸਾਖੀ ਦਾ ਤਿਉਹਾਰ ਪੰਜਾਬ ਅਤੇ ਉੱਤਰੀ ਭਾਰਤ ਦੇ ਹੋਰ ਖੇਤਰਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਤਿਉਹਾਰ ਹੈ ਜੋ ਜਾਤ ਪਾਤ ਤੋਂ ਮੁਕਤ ਸਮਾਜ ਅਤੇ ਬਹਾਦਰੀ ਦਾ ਪ੍ਰਤੀਕ ਹੈ। ਵਿਸਾਖੀ ਨੂੰ ਕਿਸਾਨ ਕਣਕ ਦੀ ਵਾਢੀ ਅਰੰਭ ਕਰਦੇ ਹਨ ਤੇ ਇਸ ਦਿਨ ਗੁਰੂ ਘਰਾਂ ਵਿੱਚ ਵਿਸ਼ੇਸ਼ ਦੀਵਾਨ ਸਜਦੇ ਹਨ। ਸੰਗਤਾਂ ਹੁੰਮ ਹੁਮਾ ਕੇ ਗੁਰਦੁਆਰਿਆਂ ਵਿਖੇ ਨਤਮਸਤਕ ਹੋ ਕੇ ਵਿਸਾਖੀ ਦਾ ਤਿਉਹਾਰ ਮਨਾਉਂਦੀਆਂ ਹਨ। ਇਹ ਤਿਉਹਾਰ ਅਤੇ ਮੇਲੇ ਨਾ ਸਿਰਫ ਸਾਡੀ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਸਗੋਂ ਇਹ ਸਰਬਪੱਖੀ ਵਿਕਾਸ ਦੀ ਵੀ ਬਾਤ ਪਾਉਂਦੇ ਹਨ। ਇਸ ਨਾਲ ਲੋਕਾਂ ਵਿੱਚ ਨਵੀਂ ਊਰਜਾ ਪੈਦਾ ਹੁੰਦੀ ਹੈ। ਉਹ ਇੱਕ ਦੂਜੇ ਦੇ ਕਰੀਬ ਆਉਂਦੇ ਹਨ। ਉਨ੍ਹਾਂ ਵਿਚਲੀ ਵਿਚਾਰਕ ਸਾਂਝ ਹੋਰ ਪੀਡੀ ਹੁੰਦੀ ਹੈ, ਜੋ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨ ਵਿੱਚ ਸਹਾਈ ਹੁੰਦੀ ਹੈ। ਵਿਸਾਖੀ ਦਾ ਤਿਉਹਾਰ ਰੁੱਤ ਬਦਲੀ, ਦੇਸ਼ ਭਗਤੀ ਅਤੇ ਧਾਰਮਿਕਤਾ ਨਾਲ ਜੁੜਿਆ ਅਜਿਹਾ ਤਿਉਹਾਰ ਹੈ ਜੋ ਹਰ ਵਰ੍ਹੇ ਨਵਾਂ ਉਤਸ਼ਾਹ ਅਤੇ ਉਮੰਗ ਲੈ ਕੇ ਆਉਂਦਾ ਹੈ। ਜਿੱਥੇ ਇੱਕ ਪਾਸੇ ਬਸੰਤ ਰੁੱਤ ਖ਼ਤਮ ਹੁੰਦੀ ਹੈ, ਉੱਥੇ ਦੂਜੇ ਪਾਸੇ ਵਾਢੀ ਅਰੰਭ ਹੋ ਜਾਂਦੀ ਹੈ।
ਪੁਰਾਣੇ ਸਮਿਆਂ ਵਿੱਚ ਵਿਸਾਖੀ ਨੂੰ ਆਪਣੀ ਫਸਲ ਕੱਟਣ ਤੋਂ ਬਾਅਦ ਕਿਸਾਨ ਕਿਵੇਂ ਮੇਲੇ ਦੀ ਤਿਆਰੀ ਖਿੱਚਦਾ ਹੈ, ਇਸਦਾ ਜ਼ਿਕਰ ਧਨੀ ਰਾਮ ਚਾਤ੍ਰਿਕ ਆਪਣੀ ਕਵਿਤਾ ਇੰਝ ਕਰਦਾ ਹੈ:
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
ਤੂੜੀ ਤੰਦ ਵੇਚ ਵੱਟ ਹਾੜ੍ਹੀ ਸਾਂਭ ਕੇ
ਲੰਬੜਾਂ ਤੇ ਸ਼ਾਹਾਂ ਦਾ ਬਿਆਜ ਕੱਟ ਕੇ
ਮੀਂਹਾਂ ਦੀ ਉਡੀਕ ਤੇ ਸਿਆੜ ਕੱਢ ਕੇ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ …
ਪਰ ਵਿਸਾਖੀ ਦੇ ਤਿਉਹਾਰ ਦਾ ਮਹੱਤਵ ਸਿਰਫ ਫਸਲ ਦੇ ਪੱਕਣ ਨਾਲ ਹੀ ਜੁੜਿਆ ਹੋਇਆ ਨਹੀਂ ਹੈ ਸਗੋਂ ਇਹ ਧਾਰਮਿਕ ਪੱਖੋਂ ਵੀ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਤੇ ਅੱਤਿਆਚਾਰ ਖਿਲਾਫ ਜੰਗ ਨੂੰ ਤਿੱਖਾ ਕਰਨ ਦੇ ਮਕਸਦ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਇੱਕ ਵਿਸ਼ਾਲ ਸਭਾ (ਇਕੱਠ) ਕੀਤੀ ਗਈ। ਇਤਿਹਾਸਕਾਰਾਂ ਅਨੁਸਾਰ ਇਸ ਦਿਨ 80 ਹਜ਼ਾਰ ਤੋਂ ਉੱਪਰ ਦੇ ਇਸ ਇਕੱਠ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਨੀਂਹ ਰੱਖੀ ਸੀ। ਇਸ ਪਵਿੱਤਰ ਦਿਹਾੜੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖੰਡੇ ਦੀ ਧਾਰ ਵਿੱਚੋਂ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦਾ ਪਹੁਲ ਛਕਾ ਕੇ ਇੱਕ ਦਲੇਰ ਤੇ ਨਿਰਾਲੀ ਕੌਮ ਦੀ ਸਿਰਜਣਾ ਕੀਤੀ।
ਮੁਗਲ ਹੁਕਮਰਾਨ ਔਰੰਗਜ਼ੇਬ ਨੇ ਜ਼ੁਲਮ, ਅਨਿਆਂ ਅਤੇ ਅੱਤਿਆਚਾਰ ਦੀ ਮਜ਼ਲੂਮਾਂ ਵਿਰੁੱਧ ਹਰ ਹੱਦ ਪਰ ਕਰਦਿਆਂ ਸਿੱਖਾਂ ਦੇ ਨੌਂਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਕਰਵਾ ਦਿੱਤਾ। ਇਸ ਸਮੇਂ ਮੁਗਲਾਂ ਦੇ ਅੱਤਿਆਚਾਰਾਂ ਤੋਂ ਤੰਗ ਆਏ ਲੋਕ ਤ੍ਰਾਹ ਤ੍ਰਾਹ ਕਰ ਰਹੇ ਸਨ। ਖ਼ਾਲਸਾ ਪੰਥ ਦੀ ਸਾਜਨਾ ਇੱਕ ਦਮ ਸਿਰਜਿਆ ਗਿਆ ਵਰਤਾਰਾ ਨਹੀਂ ਸੀ ਸਗੋਂ ਇਸ ਪਿੱਛੇ ਮੁੱਦਤਾਂ ਪੁਰਾਣਾ ਦਰਦ ਲੁਕਿਆ ਹੋਇਆ ਸੀ। ਨੀਵੀਂਆਂ ਜਾਤਾਂ ਦੇ ਲੋਕਾਂ ਉੱਤੇ ਮੁਗਲਾਂ ਦੇ ਜ਼ੁਲਮ ਦੀ ਅੱਤ ਵਰ੍ਹ ਰਹੀ ਸੀ। ਲੋਕਾਂ ਉੱਤੇ ਹੋ ਰਹੇ ਜ਼ੁਲਮ ਨੂੰ ਠੱਲ੍ਹਣ ਲਈ ਕਿਸੇ ਨਵੇਂ ਇਨਕਲਾਬ ਦਾ ਆਉਣਾ ਜ਼ਰੂਰੀ ਹੋ ਗਿਆ ਸੀ ਤਾਂ ਜੋ ਜ਼ੁਲਮ ਦੀ ਹਨੇਰੀ ਨੂੰ ਠੱਲ੍ਹਿਆ ਜਾ ਸਕੇ। ਸ੍ਰੀ ਦਸਮੇਸ਼ ਪਿਤਾ ਜੀ ਨੇ ਇਸੇ ਉਦੇਸ਼ ਦੀ ਪੂਰਤੀ ਲਈ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ 80 ਹਜ਼ਾਰ ਦੇ ਭਰੇ ਪੰਡਾਲ ਵਿੱਚ ਮਿਆਨ ਵਿੱਚੋਂ ਤਲਵਾਰ ਕੱਢਦਿਆਂ ਲਹਿਰਾਉਂਦੇ ਹੋਏ ਕਿਸੇ ਇੱਕ ਗੁਰੂ ਦੇ ਸਿੱਖ ਤੋਂ ਸੀਸ ਲੈਣ ਮੰਗ ਕੀਤੀ। ਗੁਰੂ ਦੇ ਮੂੰਹੋਂ ਇਹ ਸੁਣ ਕੇ ਸਾਰੇ ਪੰਡਾਲ ਵਿੱਚ ਸੰਨਾਟਾ ਛਾ ਗਿਆ। ਗੁਰੂ ਜੀ ਵੱਲੋਂ ਸੀਸ ਲਈ ਦੂਸਰੀ ਵਾਰ ਤੇ ਫਿਰ ਤੀਸਰੀ ਵਾਰ ਲਲਕਾਰਿਆ ਗਿਆ। ਇਤਿਹਾਸਕਾਰਾਂ ਦੱਸਦੇ ਹਨ ਕਿ ਨੀਵੀਂ ਪਾਈ ਬੈਠੀ ਸੰਗਤ ਵਿੱਚੋਂ ਆਖ਼ਰ ਲਾਹੌਰ ਦਾ ਰਹਿਣ ਵਾਲਾ ਦਿਆ ਰਾਮ ਸੀਸ ਦੇਣ ਲਈ ਤਿਆਰ ਹੋ ਕੇ ਗੁਰੂ ਜੀ ਕੋਲ ਅੱਗੇ ਆਇਆ। ਗੁਰੂ ਜੀ ਉਸ ਨੂੰ ਨਾਲ ਲੱਗੇ ਤੰਬੂ ਵਿੱਚ ਲੈ ਗਏ। ਫਿਰ ਗੁਰੂ ਜੀ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਮੁੜ ਪੰਡਾਲ ਵਿੱਚ ਆਏ ਅਤੇ ਵਾਰੋ ਵਾਰੀ ਚਾਰ ਹੋਰ ਸੀਸਾਂ ਦੀ ਮੰਗ ਕੀਤੀ। ਜਿਸ ’ਤੇ ਗੁਰੂ ਜੀ ਦਾ ਹੁਕਮ ਮੰਨਦਿਆਂ ਭਾਈ ਧਰਮ ਰਾਏ, ਹਿੰਮਤ ਰਾਏ, ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ ਨੇ ਗੁਰੂ ਜੀ ਹੁਕਮ ਨੂੰ ਖਿੜੇ ਮੱਥੇ ਕਬੂਲਿਆ।
ਸਿੱਖ ਇਤਿਹਾਸ ਦੇ ਪ੍ਰਸਿੱਧ ਖੋਜੀ ਇਤਿਹਾਸਕਾਰ ਤੇ ਲੇਖਕ ਪ੍ਰਿੰਸੀਪਲ ਸਤਵੀਰ ਸਿੰਘ ਅਨੁਸਾਰ, “ਤੰਬੂ ਦੇ ਪੜਦੇ ਅੰਦਰ ਉਹਨਾਂ ਪੰਜਾਂ ਨਾਲ ਕੀ ਬੀਤੀ, ਇਹ ਕਹਿਣਾ ਸੰਭਵ ਨਹੀਂ ਹੈ। ਸਿਰਫ ਇੰਨਾ ਕਹਿਣਾ ਹੀ ਫਬਦਾ ਹੈ ਕਿ ਉਹ ਪਰਖ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਦੱਸ ਦਿੱਤਾ ਤਾਂ ਪਰਚਾ ਕਾਹਦਾ ਹੋਇਆ। ਦੂਜਾ ਜੇ ਗਿਰਦ ਗੁਰੂ ਜੀ ਨੇ ਕਨਾਤ ਕਰ ਲਈ ਸੀ, ਭਾਈ ਤੰਬੂ ਲਾ ਲਿਆ ਸੀ ਤਾਂ ਸਾਨੂੰ ਕੀ ਹੱਕ ਹੈ ਕਿ ਉਸਦੇ ਅੰਦਰ ਝਾਕੀਏ। ਇਸ ਤਰ੍ਹਾਂ ਦਸਮ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਅਤੇ ਮਗਰੋਂ ਆਪ ਖ਼ੁਦ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਹ ਬਾਦਸ਼ਾਹਤ ਬਖ਼ਸ਼ ਕੇ ਸਵਾ ਲੱਖ ਨਾਲ ਇਕੱਲੇ ਇਕੱਲੇ ਨੂੰ ਟੱਕਰ ਲੈਣ ਵਾਲਾ ਸ਼ੇਰ ਬਣਾ ਦਿੱਤਾ ਤੇ ਕਿਹਾ, “ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।”
ਗੁਰੂ ਜੀ ਨੇ ਨੀਵੀਂਆਂ ਜਾਤਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਇੱਕ ਅਜਿਹਾ ਧਰਮ ਉਸਾਰਿਆ ਜਿਸਦੀ ਨੀਂਹ ਅਸਲ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਰੱਖ ਦਿੱਤੀ ਗਈ ਸੀ, ਜਿਸ ਨੂੰ ਉਨ੍ਹਾਂ ਦੇ ਉਤਰਾਧਿਕਾਰੀਆਂ ਵੱਲੋਂ ਲਗਾਤਾਰ ਮਜ਼ਬੂਤ ਕੀਤਾ ਜਾਂਦਾ ਰਿਹਾ। ਖਾਲਸਾ ਪੰਥ ਦੀ ਇਸੇ ਨੀਂਹ ਉੱਤੇ ਸਿੱਖ ਧਰਮ ਦਾ ਨਿਰਮਾਣ ਹੋਇਆ ਜਿਸ ਸਦਕਾ ਅੱਗੇ ਚੱਲ ਕੇ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਜ਼ੁਲਮ ਖਿਲਾਫ ਇੱਕ ਅਜਿਹੀ ਜੰਗ ਸ਼ੁਰੂ ਕੀਤੀ ਜਿਸ ਤਹਿਤ ਉਨ੍ਹਾਂ 14 ਲੜਾਈਆਂ ਲੜੀਆਂ ਅਤੇ ਜਿੱਤਾਂ ਹਾਸਲ ਕੀਤੀਆਂ, ਜਿਸਦੀ ਬਦੌਲਤ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਅਤੇ ਰਹਿਨੁਮਾਈ ਹੇਠ ਪਹਿਲਾ ਸਿੱਖ ਰਾਜ ਸਥਾਪਤ ਹੋਇਆ ਅਤੇ ਬੰਦਾ ਸਿੰਘ ਬਹਾਦਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂ ਉੱਤੇ ਸਿੱਕੇ ਵੀ ਚਲਾਏ ਗਏ।
ਉੱਧਰ ਸਿੱਖ ਧਰਮ ਦੇ ਨਾਲ ਨਾਲ ਹਿੰਦੂ ਧਰਮ ਵਿੱਚ ਵੀ ਵਿਸਾਖੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਵਿੱਚ ਵਿਸਾਖੀ ਵਾਲੇ ਦਿਨ ਪੂਜਾ ਅਤੇ ਦਾਨ ਦੀ ਪਰੰਪਰਾ ਹੈ। ਹਿੰਦੂ ਮਾਨਤਾਵਾਂ ਮੁਤਾਬਿਕ ਮੁਨੀ ਭਗੀਰਥ ਨੇ ਦੇਵੀ ਗੰਗਾ ਨੂੰ ਧਰਤੀ ’ਤੇ ਲਿਆਉਣ ਲਈ ਤਪੱਸਿਆ ਕੀਤੀ। ਮੁਨੀ ਭਗੀਰਥ ਦੀ ਤਪੱਸਿਆ ਵਿਸਾਖੀ ਦੇ ਦਿਨ ਪੂਰੀ ਹੋਈ ਸੀ। ਹਿੰਦੂ ਧਰਮ ਵਿੱਚ ਇਹ ਵੀ ਮਾਨਤਾ ਹੈ ਕਿ ਵਿਸਾਖੀ ਦੇ ਦਿਨ ਗੰਗਾ ਵਿੱਚ ਇਸ਼ਨਾਨ ਤੇ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ।
ਸੱਭਿਆਚਾਰਕ ਅਤੇ ਧਾਰਮਿਕ ਪੱਖ ਦੇ ਨਾਲ ਨਾਲ ਵਿਸਾਖੀ ਦਾ ਸਬੰਧ ਅਜ਼ਾਦੀ ਦੇ ਸੰਘਰਸ਼ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿੱਚ 25 ਹਜ਼ਾਰ ਤੋਂ ਉੱਤੇ ਜੁੜੇ ਨਿਹੱਥੇ ਭਾਰਤੀਆਂ ਉੱਤੇ ਜਨਰਲ ਰੈਜਨਲਡ ਡਾਇਰ ਨੇ ਅੰਧਾਧੁੰਦ ਗੋਲੀਆਂ ਵਰਸਾ ਕੇ ਵੀਹ ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਜਿਸ ਨਾਲ ਦੇਸ਼ ਵਾਸੀਆਂ ਦਾ ਖੂਨ ਖੌਲ੍ਹ ਉੱਠਿਆ ਤੇ ਸੁਨਾਮ ਦੇ ਰਹਿਣ ਵਾਲੇ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਡਾਇਰ ਨੂੰ ਮਾਰ ਕੇ ਲਿਆ। ਇਸ ਤਰ੍ਹਾਂ ਵਿਸਾਖੀ ਦਾ ਤਿਉਹਾਰ ਦੇਸ਼ ਭਗਤੀ ਦਾ ਪ੍ਰਤੀਕ ਵੀ ਹੈ।
ਵਿਸਾਖੀ ਦਾ ਤਿਉਹਾਰ ਪੰਜਾਬ ਅਤੇ ਹਰਿਆਣਾ ਸਣੇ ਬਹੁਤ ਸਾਰੇ ਸੂਬਿਆਂ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਜਿੱਥੇ ਕਿਸਾਨ ਆਪਣੀ ਫਸਲ ਦੀ ਵਾਢੀ ਉਪਰੰਤ ਸੱਭਿਆਚਾਰਕ ਮੇਲਿਆਂ ਵਿੱਚ ਹਿੱਸਾ ਲੈਂਦੇ ਹਨ, ਉੱਥੇ ਵਿਸਾਖੀ ਵਾਲੇ ਦਿਨ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਵੀ ਦੀਵਾਨ ਸਜਾਏ ਜਾਂਦੇ ਹਨ। ਤਖ਼ਤ ਸ੍ਰੀ ਕੇਸਗੜ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਜਿੱਥੇ ਇਹ ਵਿਸਾਖੀ ਦਾ ਤਿਉਹਾਰ ਜਿੱਥੇ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਲਾਹ ਸੁੱਟਣ ਲਈ ਸ਼ਹੀਦ ਹੋਏ ਸ਼ਹੀਦਾਂ ਦੀ ਕੁਰਬਾਨੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ, ਉੱਥੇ ਜ਼ੁਲਮ ਦੇ ਖਿਲਾਫ ਡਟਣ ਦਾ ਸੁਨੇਹਾ ਵੀ ਦਿੰਦਾ ਹੈ ਤੇ ਨਾਲ ਹੀ ਸਮੇਂ ਸਿਰ ਕਣਕ ਦੀ ਫਸਲ ਕੱਟ ਕੇ ਗਿੱਧਾ, ਭੰਗੜਾ ਪਾਉਣ ਅਤੇ ਖੁਸ਼ੀਆਂ ਮਨਾਉਣ ਦਾ ਸੁਨੇਹਾ ਵੀ ਦਿੰਦਾ ਹੈ।
ਆਉ! ਰਲਮਿਲ ਵਿਸਾਖੀ ਦਾ ਇਹ ਤਿਉਹਾਰ ਮਨਾਈਏ, ਸੱਭਿਆਚਾਰਕ ਸਾਂਝ ਅਤੇ ਦੇਸ਼ ਭਗਤੀ ਨੂੰ ਹੋਰ ਮਜ਼ਬੂਤ ਕਰੀਏ, ਦੱਬੇ ਕੁਚਲੇ ਤੇ ਹੱਕਾਂ ਤੋਂ ਵਾਂਝੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾਈਏ ਅਤੇ ਇੱਕ ਮਜ਼ਬੂਤ ਨਿਰੋਏ ਸਮਾਜ ਦੀ ਸਿਰਜਣਾ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































