“ਹਰਨਾਮ ਸਿੰਘ ਟੁੰਡੀਲਾਟ ਨੇ 6 ਵਰ੍ਹੇ ਅੰਡੇਮਾਨ ਦੀ ਜੇਲ੍ਹ ਵਿੱਚ ਗੁਜ਼ਾਰੇ ਅਤੇ ਬਾਕੀ ਦੇ ...”
(18 ਸਤੰਬਰ 2025)
ਦੁਨੀਆ ਵਾਲਿਓ, ਦੇਖ ਲਵੋ ਗਾਜ਼ਾ ਵਿੱਚ ਮਾਂ ਅਤੇ ਉਸਦੇ ਬੱਚੇ ਦਾ ਹਾਲ
ਕਦੋਂ ਤਕ ਸਾਡੇ ਮੂੰਹਾਂ ਉੱਤੇ ਛੁੱਬੀਆਂ ਆਈਆਂ ਰਹਿਣਗੀਆਂ ...
ਦੇਸ਼ ਨੂੰ ਆਜ਼ਾਦ ਕਰਵਾਉਣ ਖ਼ਾਤਰ ਹਜ਼ਾਰਾਂ ਦੇਸ਼ ਵਾਸੀਆਂ ਨੇ ਕੁਰਬਾਨੀਆਂ ਦੇ ਕੇ ਅਜ਼ਾਦੀ ਦੀ ਭੋਏਂ ਨੂੰ ਸਿੰਜਿਆ। ਅਜ਼ਾਦੀ ਦੀ ਲੜਾਈ ਵਿੱਚ 80 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਭਾਵੇਂ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਵਰਗੇ ਸ਼ਹੀਦਾਂ ਦੇ ਨਾਂਵਾਂ ਤੋਂ ਤਾਂ ਦੇਸ਼ ਵਾਸੀ ਚੰਗੀ ਤਰ੍ਹਾਂ ਵਾਕਫ਼ ਹਨ ਪਰ ਹਰਨਾਮ ਸਿੰਘ ਟੁੰਡੀਲਾਟ ਵਰਗੇ ਗ਼ਦਰੀ ਜੋਧਿਆਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਘਾਲੀ ਘਾਲਣਾ ਤੋਂ ਉਹ ਨਾਵਾਕਿਫ ਹਨ, ਜਿਨ੍ਹਾਂ ਨੇ ਦੇਸ਼ ਵਾਸੀਆਂ ਸਿਰੋਂ ਗੁਲਾਮੀ ਦੀਆਂ ਜ਼ੰਜੀਰਾਂ ਲਾਹੁਣ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੀ ਪਲ ਦੇਸ਼ ਦੇ ਲੇਖੇ ਲਾ ਦਿੱਤੇ।
ਦੇਸ਼ ਭਗਤ ਗ਼ਦਰੀ ਹਰਨਾਮ ਸਿੰਘ ਟੁੰਡੀਲਾਟ ਦਾ ਜਨਮ 26 ਅਕਤੂਬਰ 1884 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ ਸੀ। ਪਿਤਾ ਸਰਦਾਰ ਗੁਰਦਿੱਤ ਸਿੰਘ ਖੇਤੀਬਾੜੀ ਦਾ ਧੰਦਾ ਕਰਦੇ ਸਨ। ਹਰਨਾਮ ਸਿੰਘ ਟੁੰਡੀਲਾਟ ਪੰਜਵੀਂ ਜਮਾਤ ਤਕ ਹੀ ਸਿੱਖਿਆ ਹਾਸਲ ਕਰ ਸਕੇ, ਉਹਨਾਂ ਪਿੰਡ ਦੇ ਧਰਮਸ਼ਾਲਾ ਸਕੂਲ ਤੋਂ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਉਰਦੂ ਫਾਰਸੀ ਅਤੇ ਗੁਰਮੁਖੀ ਵਿੱਚ ਮੁਹਾਰਤ ਹਾਸਲ ਕਰ ਲਈ। ਉਹ 28 ਨਵੰਬਰ ਸੰਨ 1902 ਵਿੱਚ ਪਿਸ਼ਾਵਰ ਦੇ ਪਲਟੂਨ ਨੰਬਰ 25 ਵਿੱਚ ਇੱਕ ਫੌਜੀ ਵਜੋਂ ਭਰਤੀ ਹੋ ਗਏ। ਦੇਸ਼ ਭਗਤੀ ਦਾ ਜਜ਼ਬਾ ਹੋਣ ਕਰਕੇ ਉਹਨਾਂ ਨੌਕਰੀ ਛੱਡ ਦਿੱਤੀ ਅਤੇ 12 ਜੁਲਾਈ 1906 ਨੂੰ ਉਹ ਵੈਨਕੂਵਰ (ਕੈਨੇਡਾ) ਚਲੇ ਗਏ। ਉਸ ਪਿੱਛੋਂ ਉਹ 1909 ਵਿੱਚ ਕੈਲੇਫੋਰਨੀਆ (ਯੂਐੱਸਏ) ਚਲੇ ਗਏ, ਜਿੱਥੇ ਉਹਨਾਂ ਔਰੇਗਨ ਰਾਜ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਕੋਲ ਬ੍ਰਦਲਵਿਲੇ ਦੀ ਇੱਕ ਲੱਕੜ ਮਿਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ; ਜਿੱਥੇ ਭਾਰਤੀਆਂ ਨੂੰ ਗੁਲਾਮ ਸਮਝ ਕੇ ਬੜੀ ਨਫ਼ਰਤ ਕੀਤੀ ਜਾਂਦੀ ਸੀ। ਇਸ ’ਤੇ ਹਰਨਾਮ ਸਿੰਘ ਨੇ ਜੀਡੀ ਕੁਮਾਰ ਦੇ ਸੱਦੇ ’ਤੇ 1912 ਦੇ ਸ਼ੁਰੂ ਵਿੱਚ ਪੋਰਟਲੈਂਡ ਕ੍ਰਾਂਤੀਕਾਰੀਆਂ ਦੀ ਹੋਈ ਬੈਠਕ ਵਿੱਚ ਹਿੱਸਾ ਲਿਆ ਅਤੇ ਹਿੰਦੋਸਤਾਨੀ ਮਜ਼ਦੂਰਾਂ ਦਾ ਇੱਕ ਸੰਗਠਨ ਬਣਾਇਆ। ਇਸਦਾ ਨਾ ‘ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ’ ਰੱਖਿਆ। ਇਸਦੀ ਪਲੇਠੀ ਬੈਠਕ 31 ਮਾਰਚ 1913 ਨੂੰ ਬ੍ਰੈਡਲਵਿਲੇ ਵਿੱਚ ਹੋਈ; ਜਿਸ ਵਿੱਚ ਹਰਨਾਮ ਸਿੰਘ ਨੂੰ ਸਥਾਨਕ ਸ਼ਾਖਾ ਦਾ ਸਕੱਤਰ ਚੁਣਿਆ ਗਿਆ। ਇਸ ਮਗਰੋਂ 31 ਦਸੰਬਰ ਨੂੰ ਸੈਕਰਾਮੈਂਟੋ (ਅਮਰੀਕਾ) ਵਿੱਚ ਟੁੰਡੀਲਾਟ ਦੀ ਕੇਂਦਰੀ ਕਾਰਜਕਾਰਨੀ ਲਈ ਚੋਣ ਕੀਤੀ ਗਈ। ਅਪਰੈਲ 1914 ਨੂੰ ਲਾਲਾ ਹਰਦਿਆਲ ਦੇ ਅਮਰੀਕਾ ਵਿੱਚੋਂ ਕੱਢੇ ਜਾਣ ਪਿੱਛੋਂ ਫਰਾਂਸਿਸਕੋ ਵਿੱਚ ਪਾਰਟੀ ਦੇ ਮੁੱਖ ਦਫਤਰ ਯੁਗਾਂਤਰ ਆਸ਼ਰਮ ਵਿੱਚ ਇਸਦੇ ਕੰਮ ਦੀ ਪੁਨਰ ਵੰਡ ਕੀਤੀ ਗਈ ਤਾਂ ਗ਼ਦਰੀ ਹਰਨਾਮ ਸਿੰਘ ਟੁੰਡੀਲਾਟ ਨੂੰ ਗਦਰ ਪਰਚੇ ਦਾ ਸੰਪਾਦਕ ਚੁਣਿਆ ਗਿਆ। ਜਦੋਂ 1914 ਵਿੱਚ ਇੰਗਲੈਂਡ ਪਹਿਲੇ ਵਿਸ਼ਵ ਯੁੱਧ ਸਮੇਂ ਜਰਮਨੀ ਨਾਲ ਯੁੱਧ ਵਿੱਚ ਉਲਝਿਆ ਹੋਇਆ ਸੀ ਤਾਂ ਮਾਸਟਰ ਊਧਮ ਸਿੰਘ ਕਸੇਲ ਨੇ ਗਦਰ ਪਾਰਟੀ ਦੇ ਕਾਰਕੁਨਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।
ਹੀਰਾ ਸਿੰਘ ਦਰਦ ਆਪਣੀ ਕਿਤਾਬ ‘ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ’ ਵਿੱਚ ਲਿਖਦੇ ਹਨ ਕਿ 5 ਜੁਲਾਈ 1914 ਨੂੰ ਕਰਤਾਰ ਸਿੰਘ ਸਰਾਭਾ ਅਤੇ ਪ੍ਰਿਥਵੀ ਸਿੰਘ ਆਜ਼ਾਦ ਵੱਲੋਂ ਬੰਬ ਬਣਾਉਣ ਦੇ ਇੱਕ ਸਫਲ ਤਜਰਬੇ ਤੋਂ ਬਾਅਦ ਹਰਨਾਮ ਸਿੰਘ ਦਾ ਸੱਜਾ ਹੱਥ ਬਾਂਹ ਤੋਂ ਵੱਖ ਹੋ ਗਿਆ, ਜਿਸਦੇ ਸਿੱਟੇ ਵਜੋਂ ਉਸਦੀ ਸੱਜੀ ਬਾਂਹ ਕੂਹਣੀ ਤੋਂ ਕੱਟਣੀ ਪਈ। ਇਸ ਪਿੱਛੋਂ ਸਾਥੀਆਂ ਨੇ ਹਰਨਾਮ ਸਿੰਘ ਦਾ ਨਾਂ ਟੁੰਡੀਲਾਟ ਰੱਖ ਦਿੱਤਾ। ਸੰਨ 1914 ਜਿਹੜੇ ਗ਼ਦਰੀ ਆਗੂ ਐੱਸ ਐੱਸ ਕੋਰੀਆ ਜਹਾਜ਼ ਰਾਹੀਂ ਕਲਕੱਤੇ ਵੱਲੋਂ ਭਾਰਤ ਪਹੁੰਚੇ ਸਨ, ਉਨ੍ਹਾਂ ਨੂੰ ਬੰਦਰਗਾਹ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਮਿੰਟਗੁਮਰੀ ਅਤੇ ਮੁਲਤਾਨ ਦੀਆਂ ਕੇਂਦਰੀ ਜੇਲ੍ਹਾਂ ਵਿੱਚ ਕੈਦ ਕਰਨ ਦੇ ਹੁਕਮ ਦਿੱਤੇ ਗਏ। ਹਰਨਾਮ ਸਿੰਘ ਅਕਤੂਬਰ ਦੇ ਅੰਤ ਵਿੱਚ ਮਸ਼ੀਮਾ ਮਾਰੂ ਜਹਾਜ਼ ਰਾਹੀਂ ਕੋਲੰਬੋ ਰਾਹੀਂ 24 ਦਸੰਬਰ ਨੂੰ ਭਾਰਤ ਅਤੇ ਫਿਰ ਪੰਜਾਬ ਵਿੱਚ ਦਾਖਲ ਹੋਇਆ। ਇੱਥੇ ਉਨ੍ਹਾਂ ਗਦਰ ਪਾਰਟੀ ਵੱਲੋਂ ਪਿਸ਼ਾਵਰ, ਰਾਵਲਪਿੰਡੀ ਅਤੇ ਨੌਸ਼ਹਿਰਾ ਛਾਉਣੀਆਂ ਵਿੱਚ ਫੌਜੀ ਸਿਪਾਹੀਆਂ ਦੇ ਦਸਤਿਆਂ ਨਾਲ ਰਾਬਤਾ ਕਾਇਮ ਕੀਤਾ। ਗਦਰ ਅੰਦੋਲਨ ਨੂੰ ਅਸਫਲ ਕਰਨ ਲਈ ਅੰਗਰੇਜ਼ ਹਕੂਮਤ ਨੇ ਕਿਰਪਾਲ ਸਿੰਘ ਮਾਧੋਕੇ ਨਾਂ ਦੇ ਗੱਦਾਰ ਨੂੰ ਪਾਰਟੀ ਵਿੱਚ ਜਾਸੂਸ ਬਣਾ ਕੇ ਭੇਜ ਦਿੱਤਾ, ਜਿਸਨੇ ਗਦਰ ਪਾਰਟੀ ਦੀ ਸਾਰੀ ਜਾਣਕਾਰੀ ਪੁਲਿਸ ਅਫਸਰ ਲਿਆਕਤ ਖਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ। ਇਸ ਨਾਲ ਬਹੁਤ ਸਾਰੇ ਗ਼ਦਰੀ ਫੜੇ ਗਏ। ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ ਤੇ ਜਗਤ ਸਿੰਘ ਸੁਰਸਿੰਘ ਕੁਝ ਦਿਨਾਂ ਲਈ ਅਫ਼ਗਾਨਿਸਤਾਨ ਵੱਲ ਚਲੇ ਗਏ।
2 ਮਾਰਚ 1915 ਨੂੰ ਟੁੰਡੀਲਾਟ, ਕਰਤਾਰ ਸਿੰਘ ਸਰਾਭਾ ਅਤੇ ਜਗਤ ਸਿੰਘ ਗ਼ਦਰ ਦੇ ਅਸਫਲ ਹੋਣ ਮਗਰੋਂ ਸ਼ਾਹਪੁਰ ਜ਼ਿਲ੍ਹੇ ਦੇ ਬਿਲਾਸਪੁਰ ਚੱਕ ਨੰਬਰ-5 ਦੇ ਇੱਕ ਫਾਰਮ ਉੱਤੇ ਇੱਕ ਫੌਜੀ ਪੈਨਸ਼ਨਰ ਰਜਿੰਦਰ ਸਿੰਘ ਕੋਲ ਠਹਿਰਨ ਲਈ ਆ ਪਹੁੰਚੇ। ਗ਼ਦਾਰ ਕਿਰਪਾਲ ਸਿੰਘ ਨੇ ਬੁੱਲ੍ਹੇਵਾਲ ਥਾਣੇ ਵਿੱਚ ਗਦਰੀਆਂ ਦੇ ਆਉਣ ਦੀ ਸੂਹ ਦੇ ਕੇ ਹਰਨਾਮ ਸਿੰਘ ਟੁੰਡੀਲਾਟ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਹਰਨਾਮ ਸਿੰਘ ਉੱਤੇ ਲਾਹੌਰ ਸਾਜ਼ਿਸ਼ ਤਹਿਤ ਮੁਕੱਦਮਾ ਚਲਾਇਆ ਗਿਆ। ਡਿਫੈਂਸ ਐਡ ਇੰਡੀਆ ਐਕਟ 1914 ਤਹਿਤ ਵਿਸ਼ੇਸ਼ ਟ੍ਰਿਬਿਊਨਲ ਰਾਹੀਂ 26 ਅਪਰੈਲ 1915 ਨੂੰ ਕਰੀਬ 81 ਗਦਰੀਆਂ ’ਤੇ ਮੁਕੱਦਮਾ ਸ਼ੁਰੂ ਹੋਇਆ। ਹਰਨਾਮ ਸਿੰਘ ਟੁੰਡੀਲਾਟ ਸਣੇ 24 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਗਦਰੀਆਂ ਵੱਲੋਂ ਮੁਕੱਦਮੇ ਦੀ ਪੈਰਵੀ ਕਰ ਰਹੇ ਵਕੀਲ ਰਘੂਨਾਥ ਸਹਾਏ ਨੇ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਏ ਕੌਂਸਲ ਕੋਲ ਉਠਾਇਆ। ਕੌਂਸਲ ਦੇ ਮੈਂਡੇਟ ਸਰ ਅਲੀ ਇਮਾਮ ਦੇ ਕਾਨੂੰਨੀ ਪੈਂਤੜਿਆ ਦੀ ਨਜ਼ਰਸਾਨੀ ਤੋਂ ਬਾਅਦ ਭਾਰਤ ਦੇ ਵਾਇਸਰਾਏ ਚਾਰਲਸ ਹਾਰਡਿੰਗ ਨੇ ਆਪਣੇ ਤੌਰ ’ਤੇ ਇਨ੍ਹਾਂ ਵਿੱਚੋਂ 17 ਜਣਿਆ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਇਨ੍ਹਾਂ ਵਿੱਚ ਹਰਨਾਮ ਸਿੰਘ ਟੁੰਡੀਲਾਟ ਵੀ ਸ਼ਾਮਲ ਸੀ। ਹਰਨਾਮ ਸਿੰਘ ਟੁੰਡੀਲਾਟ ਨੇ 6 ਵਰ੍ਹੇ ਅੰਡੇਮਾਨ ਦੀ ਜੇਲ੍ਹ ਵਿੱਚ ਗੁਜ਼ਾਰੇ ਅਤੇ ਬਾਕੀ ਦੇ 9 ਵਰ੍ਹੇ ਮਦਰਾਸ, ਪੁਣੇ, ਮੁੰਬਈ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿੱਚ ਬਤੀਤ ਕੀਤੇ। ਸੰਨ 1930 ਵਿੱਚ ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਗ਼ਦਰੀ ਹਰਨਾਮ ਸਿੰਘ ਟੁੰਡੀਲਾਟ ਕਿਰਤੀ ਕਿਸਾਨ ਪਾਰਟੀ ਅਤੇ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਅਜ਼ਾਦੀ ਵਿੱਚ ਹਿੱਸਾ ਲੈਣੋ ਨਾ ਰੁਕੇ, ਜਿਸ ਲਈ ਆਪ ਨੂੰ ਮੁੜ ਕਈ ਵਾਰ ਜੇਲ੍ਹ ਜਾਣਾ ਪਿਆ। ਇਸ ਦੌਰਾਨ ਉਹ ਅੰਡੇਮਾਨ, ਮਦਰਾਸ, ਪੂਨਾ, ਮੁੰਬਈ ਅਤੇ ਮਿੰਟਗੁਮਰੀ ਆਦਿ ਜੇਲ੍ਹਾਂ ਵਿੱਚ ਰਹੇ ਅਤੇ ਸੰਨ 1945 ਨੂੰ ਜੇਲ੍ਹ ਤੋਂ ਬਾਹਰ ਆਏ। ਅੰਤ 15 ਅਗਸਤ 1947 ਨੂੰ ਆਪ ਦੀ ਘਾਲਣਾ ਸਿਰੇ ਚੜ੍ਹੀ ਅਤੇ ਅੰਗਰੇਜ਼ਾਂ ਨੇ ਭਾਰਤ ਨੂੰ ਛੱਡ ਦਿੱਤਾ ਤੇ ਦੇਸ਼ ਆਜ਼ਾਦ ਹੋ ਗਿਆ।
ਅਜ਼ਾਦੀ ਦੇ 15 ਸਾਲਾਂ ਪਿੱਛੋਂ 18 ਸਤੰਬਰ 1962 ਨੂੰ 78 ਵਰ੍ਹਿਆਂ ਦੀ ਉਮਰ ਭੋਗ ਕੇ ਭਾਰਤ ਦਾ ਇਹ ਮਹਾਨ ਅਜ਼ਾਦੀ ਘੁਲਾਟੀਆ ਸਾਥੋਂ ਸਦਾ ਲਈ ਰੁਖ਼ਸਤ ਹੋ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (