“ਭਾਰਤ ਵਰਗੇ ਵਿਕਾਸਸ਼ੀਲ ਮੁਲਕ ਵਿੱਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ...”
(5 ਸਤੰਬਰ 2025)
5 ਸਤੰਬਰ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬੜਾ ਮਹੱਤਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਹੋਇਆ ਸੀ। ਡਾਕਟਰ ਰਾਧਾ ਕ੍ਰਿਸ਼ਨਨ ਮਸ਼ਹੂਰ ਨੀਤੀਵਾਨ ਅਤੇ ਫਿਲਾਸਫ਼ਰ ਸਨ, ਜਿਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਤੀਰੂਤਨੀ ਸ਼ਹਿਰ ਵਿੱਚ 5 ਸਤੰਬਰ ਨੂੰ ਹੋਇਆ। ਉਨ੍ਹਾਂ ਵੈਲੋਰ ਅਤੇ ਮਦਰਾਸ ਵਿੱਚ ਵਿੱਦਿਆ ਹਾਸਲ ਕੀਤੀ। ਉਹ ਬਹੁਤ ਹੀ ਫਰਾਖ ਦਿਲ ਅਤੇ ਦੂਰਅੰਦੇਸ਼ ਸਨ, ਜੋ ਆਪਣੇ ਵਕਤ ਦੀ ਧਾਰਮਕ ਕੱਟੜਤਾ ਤੋਂ ਕੋਹਾਂ ਦੂਰ ਸਨ। ਉਨ੍ਹਾਂ ਦੇ ਦਿਲ ਵਿੱਚ ਹਿੰਦੂ ਧਰਮ ਲਈ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਸੀ। ਡਾਕਟਰ ਰਾਧਾ ਕ੍ਰਿਸ਼ਨਨ ਵੱਲੋਂ ਉਪਨਿਸ਼ਦਾਂ ਦਾ ਡੂੰਘਾ ਅਧਿਐਨ ਕੀਤਾ ਗਿਆ। ਉਨ੍ਹਾਂ ਫਿਲਾਸਫੀ ਵਿੱਚ ਐੱਮਏ ਕੀਤੀ ਅਤੇ ਐਥਿਕਸ ਆਫ ਵਿਦਾਂਤ ’ਤੇ ਥੀਸਸ ਲਿਖਿਆ।
ਡਾ. ਰਾਧਾਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੋਸ਼ਨ ਦਿਮਾਗ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇਕਮਾਤਰ ਉਪਾਅ ਗਿਆਨ ਹੈ, ਜੋ ਕਿ ਅਧਿਆਪਕ ਵੱਲੋਂ ਪ੍ਰਾਪਤ ਹੁੰਦਾ ਹੈ। ਡਾ. ਰਾਧਾਕ੍ਰਿਸ਼ਨਨ ਨੇ ਸਿੱਖਿਆ ਨੂੰ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ।
ਉਨ੍ਹਾਂ ਦਾ ਵਿਆਹ 18 ਵਰ੍ਹਿਆਂ ਦੀ ਉਮਰ ਵਿੱਚ ਹੋ ਗਿਆ ਸੀ। ਉਨ੍ਹਾਂ ਦੀ ਜੀਵਨ ਸਾਥਣ ਦਾ ਨਾ ਸ਼ਿਵਾਕਾਮੂ ਰਾਧਾ ਕ੍ਰਿਸ਼ਨਨ ਸੀ। ਉਨ੍ਹਾਂ ਦੇ ਪੰਜ ਲੜਕੀਆਂ ਤੇ ਇੱਕ ਲੜਕਾ ਸੀ।
ਸੰਨ 1909 ਵਿੱਚ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨਨ ਪ੍ਰੈਜ਼ੀਡੈਂਸੀ ਕਾਲਜ ਵਿੱਚ ਪਹਿਲਾਂ ਲੈਕਚਰਾਰ ਨਿਯੁਕਤ ਹੋਏ ਤੇ ਫਿਰ ਕੁਝ ਸਾਲਾਂ ਪਿੱਛੋਂ ਪ੍ਰੋਫੈਸਰ ਬਣ ਗਏ। ਇਸ ਮਗਰੋਂ 1918 ਤੋਂ 1921 ਤਕ ਮੈਸੂਰ ਯੂਨੀਵਰਸਿਟੀ ਵਿੱਚ ਫਿਲਾਸਫੀ ਦੇ ਪ੍ਰੋਫੈਸਰ ਰਹੇ। ਉਸ ਮਗਰੋਂ 1921 ਤੋਂ 1931 ਤਕ ਕਲਕੱਤਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿਣ ਪਿੱਛੋਂ 1931 ਵਿੱਚ ਉਹ ਆਂਧਰਾ ਯੂਇਨਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ। ਉਸ ਮਗਰੋਂ ਇੱਕ ਵਾਰ ਫਿਰ 1937 ਤੋਂ 1947 ਕਲਕੱਤਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਗਏ। ਸਾਲ 1948 ਵਿੱਚ ਉਹ ਯੂਨੀਵਰਸਿਟੀ ਅਜੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਬਣ ਗਏ। ਸੰਨ 1952 ਵਿੱਚ ਪ੍ਰੈਜ਼ੀਡੈਂਟ ਆਫ ਯੂਨੈਸਕੋ ਤੋਂ ਇਲਾਵਾ 1949 ਤੋਂ 1952 ਤਕ ਉਹ ਰੂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਵੀ ਤਾਇਨਾਤ ਰਹੇ। ਉਸ ਮਗਰੋਂ 1952 ਵਿੱਚ ਉਹ ਭਾਰਤ ਦੇ ਉਪ ਰਾਸ਼ਟਰਪਤੀ ਬਣੇ। 1956 ਤੋਂ 1962 ਤਕ ਉਹ ਦੂਜੀ ਵਾਰ ਭਾਰਤ ਦੇ ਉਪ ਰਾਸ਼ਟਰਪਤੀ ਬਣੇ। ਫਿਰ 1962 ਤੋਂ 1967 ਤਕ ਉਹ ਭਾਰਤ ਦੇ ਰਾਸ਼ਟਰਪਤੀ ਬਣੇ। ਜੇ ਇਹ ਕਿਹਾ ਜਾਵੇ ਕਿ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਉਹਨਾਂ ਨੂੰ ਜ਼ਿੰਦਗੀ ਵਿੱਚ ਪੂਰਾ ਮਾਨ ਸਨਮਾਨ ਮਿਲਿਆ ਤਾਂ ਇਸ ਪਿੱਛੇ ਕੋਈ ਦੋ ਰਾਵਾਂ ਨਹੀਂ ਹਨ। ਉਨ੍ਹਾਂ ਨੂੰ ਸਾਲ 1931 ਵਿੱਚ ਨਾਈਟ ਹੁੱਡ, 1963 ਵਿੱਚ ਤਹਿਰਾਨ ਵੱਲੋਂ ਪੀਐੱਚਡੀ ਦੀ ਆਨਰੇਰੀ ਡਿਗਰੀ, ਤਿਰਭਵਨ ਯੂਨੀਵਰਸਿਟੀ (ਨੇਪਾਲ) ਵੱਲੋਂ ਆਨਰੇਰੀ ਡੀ ਲਿੱਟ ਦੀ ਡਿਗਰੀ, 1964 ਵਿੱਚ ਮਾਸਕੋ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਡਿਗਰੀ ਅਤੇ 1964 ਵਿੱਚ ਨੈਸ਼ਨਲ ਯੂਨੀਵਰਸਿਟੀ (ਆਇਰਲੈਂਡ) ਵੱਲੋਂ ਡਾਕਟਰ ਆਫ ਲਾਅ ਦੀ ਆਨਰੇਰੀ ਡਿਗਰੀ ਪਰਦਾਨ ਕੀਤੀ ਗਈ। ਡਾਕਟਰ ਰਾਧਾ ਕ੍ਰਿਸ਼ਨਨ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ 100 ਦੇ ਕਰੀਬ ਆਨਰੇਰੀ ਡਿਗਰੀਆਂ ਮਿਲੀਆਂ। ਉਨ੍ਹਾਂ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਹਿੰਦੂ ਸਦਾਚਾਰ ਦੇ ਮਾਇਆ ਦੇ ਸਿਧਾਂਤਾਂ ਬਾਰੇ ਡਾਕਟਰ ਰਾਧਾ ਕ੍ਰਿਸ਼ਨਨ ਵੱਲੋਂ ਰਬਿੰਦਰ ਨਾਥ ਟੈਗੋਰ ਉੱਤੇ ਫਿਲਾਸਫੀ ਆਫ ਰਬਿੰਦਰ ਨੱਥ ਟੈਗੋਰ ਵੀ ਲਿਖੀ ਗਈ, ਜਿਸਦੇ ਪ੍ਰਕਾਸ਼ਤ ਹੋਣ ਨਾਲ ਉਨ੍ਹਾਂ ਦੀ ਯੂਰੋਪ ਅਤੇ ਅਮਰੀਕਾ ਵਿੱਚ ਮਾਨਤਾ ਵਧਣ ਲੱਗੀ। ਦੋ ਵਰ੍ਹਿਆਂ ਮਗਰੋਂ ਰਾਧਾ ਕ੍ਰਿਸ਼ਨਨ ਵੱਲੋਂ ਇੱਕ ਹੋਰ ਕਿਤਾਬ ਰੇਨ ਆਫ ਰਿਲੀਜਨ ਇਨ ਕੰਟੈਂਪਰੇਰੀ ਫਿਲਾਸਫੀ ਛਾਪੀ ਗਈ, ਜਿਸਦੇ ਸਿੱਟੇ ਵਜੋਂ ਸੰਸਾਰ ਭਰ ਵਿੱਚ ਉਨ੍ਹਾਂ ਨੂੰ ਹਿੰਦੂ ਫਿਲਾਸਫੀ ਦਾ ਨਿਰਮਾਤਾ ਮੰਨਿਆ ਜਾਣ ਲੱਗਾ। 1926-27 ਵਿੱਚ ਉਨ੍ਹਾਂ ਨੇ ਇੰਡੀਅਨ ਫਿਲਾਸਫੀ ਦੋ ਜਿਲਦਾਂ ਵਿੱਚ ਪ੍ਰਕਾਸ਼ਤ ਕੀਤੀ, ਜੋ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਤੇ ਮਹੱਤਵਪੂਰਨ ਦੇਣ ਹੈ। ਕਹਿੰਦੇ ਹਨ ਕਿ ਭਾਰਤੀ ਫਲਸਫੇ ’ਤੇ ਇਸ ਤੋਂ ਵਧੀਆ ਕਿਤਾਬ ਸ਼ਾਇਦ ਨਾ ਲਿਖੀ ਗਈ ਹੋਵੇ।
ਉਨ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ, ਜਿਨ੍ਹਾਂ ਵਿੱਚ 1962 ਵਿੱਚ ਦੀ ਹਿੰਦੂ ਵਿਊ ਆਫ ਲਾਈਫ, 1928 ਵਿੱਚ ‘ਦੀ ਰਿਲੀਜਨ ਵੀ ਨੀਡ’, 1929 ਵਿੱਚ ਫਿਊਚਰ ਆਫ ਸਿਵਲਾਈਜੇਸ਼ਨ, 1933 ਵਿੱਚ ਈਸਟ ਐਂਡ ਵੈਸਟ ਇਨ ਰਿਲੀਜਨ, 1936 ਵਿੱਚ ਫ੍ਰੀਡਮ ਐਂਡ ਕਲਚਰ, ਦੀ ਹਾਰਟ ਆਫ ਹਿੰਦੋਸਤਾਨ, 1937 ਵਿੱਚ ਮਾਈ ਸਰਚ ਫਾਰ ਟਰੁੱਥ, 1938 ਵਿੱਚ ਗੌਤਮ ਬੁੱਧ, 1939 ਵਿੱਚ ਈਸਟਰਨ ਰਿਲੀਜਨ ਐਂਡ ਵੈਸਟਰਨ ਥਾਟ, 1944 ਵਿੱਚ ਐਜੂਕੇਸ਼ਨ ਪੌਲੇਟਿਕਸ ਐਂਡ ਵਾਰ, 1947 ਵਿੱਚ ਦੀ ਰਿਲੀਜਨ ਐਂਡ ਸੁਸਾਇਟੀ, 1948 ਵਿੱਚ ਭਗਵਦ ਗੀਤਾ, 1949 ਵਿੱਚ ਦੀ ਗ੍ਰੇਟ ਇੰਡੀਅਨ, 1952 ਵਿੱਚ ਦੀ ਰਿਲੀਜਨ ਆਫ ਸਪਿਰਟ ਐਂਡ ਦੀ ਵਰਲਡਜ਼ ਨੀਡ ਸਵੈ ਬੀਤੀ ਪ੍ਰਕਾਸ਼ਤ ਹੋਈਆਂ।
1926-29 ਦੇ ਵਿਚਕਾਰ ਉਨ੍ਹਾਂ ਨੇ ਲੰਡਨ ਅਤੇ ਮਾਨਚੈਸਟਰ ਦੀਆਂ ਯੂਨੀਵਰਸਿਟੂਆਂ ਵਿੱਚ ਲੈਕਚਰ ਦਿੱਤੇ। ਹੁਣ ਤਕ ਉਹ ਇੰਨੇ ਮਸ਼ਹੂਰ ਹੋ ਗਏ ਸਨ ਕਿ ਉਨ੍ਹਾਂ ਨੂੰ ਦੇਸ਼ ਵਿਦੇਸ਼ ਤੋਂ ਸੱਦੇ ਆਉਣ ਲੱਗ ਪਏ ਸਨ। ਸਾਲ 1962 ਵਿੱਚ ਰਾਸ਼ਟਰਪਤੀ ਬਣਨ ਪਿੱਛੋਂ ਵੀ ਉਨ੍ਹਾਂ ਨੂੰ ਬੇਹੱਦ ਸੱਦਾ ਪੱਤਰ ਆਉਂਦੇ ਰਹੇ। ਉਨ੍ਹਾਂ ਭਾਰਤੀ ਫਿਲਾਸਫੀ ਦੀ ਵਿਆਖਿਆ ਕੀਤੀ ਤੇ ਉਸ ਨੂੰ ਨਵੇਂ ਭਾਵ ਦਿੱਤੇ। 1952 ਵਿੱਚ ਉਹ ਸਟਾਲਿਨ ਨੂੰ ਮਿਲਣ ਗਏ। ਉਹ ਪਹਿਲੇ ਸਫ਼ੀਰ ਸਨ, ਜਿਨ੍ਹਾਂ ਨੂੰ ਸਟਾਲਿਨ ਵੱਲੋਂ ਮੁਲਾਕਾਤ ਦਾ ਸੱਦਾ ਦਿੱਤਾ ਗਿਆ। ਉਹ ਕੇਵਲ ਇੱਕ ਫਿਲਾਸਫ਼ਰ ਹੀ ਨਹੀਂ, ਸਗੋਂ ਇੱਕ ਕੋਮਲ ਚਿੱਤ ਇਨਸਾਨ ਵੀ ਸਨ, ਜੋ ਸ਼ਾਂਤ ਰਹਿ ਕੇ ਹਰ ਮੁਸ਼ਕਿਲ ਦਾ ਸਾਹਮਣਾ ਕਰਦੇ ਸਨ। ਡਾਕਟਰ ਰਾਧਾ ਕ੍ਰਿਸ਼ਨਨ ਦੇ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨਾਲ ਬੜੇ ਨੇੜੇ ਦੇ ਅਤੇ ਸੁਖਾਂਵੇ ਤਾਲੁਕਾਤ ਸਨ। 1967 ਵਿੱਚ ਰਾਸ਼ਟਰਪਤੀ ਰਿਟਾਇਰ ਹੋਣ ਪਿੱਛੋਂ ਉਹਨਾਂ ਆਪਣੇ ਜਨਮ ਸਥਾਨ ’ਤੇ ਰਹਿ ਕੇ ਹੀ ਜ਼ਿਆਦਾ ਵਕਤ ਗੁਜ਼ਾਰਿਆ। ਇੱਥੇ ਹੀ ਕੁਝ ਵਕਤ ਬਿਮਾਰ ਰਹਿਣ ਪਿੱਛੋਂ ਉਨ੍ਹਾਂ ਦਾ 17 ਅਪਰੈਲ 1975 ਨੂੰ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।
ਕਹਿੰਦੇ ਹਨ ਕਿ 1962 ਵਿੱਚ ਜਦੋਂ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਦੇ ਕੁਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ। ਪਰ ਡਾ. ਰਾਧਾ ਕ੍ਰਿਸ਼ਨਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ, ਜੋ ਕਿ ਉਹਨਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਬਣੇ। ਬੱਸ ਇਸ ਤਰ੍ਹਾਂ ਸਾਲ 1967 ਤੋਂ 5 ਸਤੰਬਰ ਦਾ ਦਿਨ, ਜੋ ਡਾ. ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਨ ਸੀ, ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਹੈ। ਭਾਰਤ ਸਰਕਾਰ ਵੱਲੋਂ ਹਰ ਵਰ੍ਹੇ ਇਸ ਦਿਨ ਸਿੱਖਿਆ ਦੇ ਖੇਤਰ ਵਿੱਚ ਨਵੇਕਲੀਆਂ ਪੈੜਾਂ ਪਾਉਣ ਵਾਲੇ ਅਧਿਆਪਿਕਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਅਧਿਆਪਕ ਦਿਵਸ ਉੱਤੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਕੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ।
ਭਾਰਤ ਵਰਗੇ ਵਿਕਾਸਸ਼ੀਲ ਮੁਲਕ ਵਿੱਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਸਾਨੂੰ ਸਭ ਨੂੰ ਅਧਿਆਪਕ ਦਿਵਸ ਉੱਤੇ ਸਿੱਖਿਆ ਦੇ ਵਿਸਤਾਰ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇੱਕ ਨਰੋਏ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਇਸ ਤਰ੍ਹਾਂ ਕਰਕੇ ਹੀ ਅਸੀਂ ਭਾਰਤ ਦੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਵੱਲੋਂ ਅਧਿਆਪਕਾਂ ਲਈ ਸੰਜੋਏ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (