“ਅੱਜ ਲੋੜ ਹੈ ਸਮਾਜਕ ਤਾਣੇ ਬਾਣੇ ਨੂੰ ਸੰਵਾਰਨ ਦੀ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ...”
(2 ਸਤੰਬਰ 2025)
ਪੁਰਾਣੇ ਸਮਿਆਂ ਵਿੱਚ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਸੀ ਤੇ ਉਸ ਰਿਸ਼ਤੇ ਨੂੰ ਬਾਖੂਬੀ ਨਿਭਾਇਆ ਜਾਂਦਾ ਸੀ। ਰਿਸ਼ਤਾ ਭੈਣ ਭਰਾ ਦਾ ਹੁੰਦਾ ਜਾਂ ਚਾਚੇ ਤਾਏ ਦਾ, ਭੂਆ ਫੁੱਫੜ ਹੋਵੇ ਜਾਂ ਜੀਜਾ ਸਾਲੀ ਦਾ, ਦਿਓਰ ਭਰਜਾਈ ਦਾ ਹੋਵੇ ਜਾਂ ਫਿਰ ਮਾਮਾ ਮਾਮੀ ਦਾ ਹੋਵੇ; ਸਭ ਦੀ ਆਪਣੀ ਵੱਖਰੀ ਮਹੱਤਤਾ ਹੁੰਦੀ ਸੀ। ਵਕਤ ਦੇ ਕਰਵਟ ਲੈਣ ਨਾਲ ਹੌਲੀ ਹੌਲੀ ਪੈਸੇ ਦੀ ਦੌੜ ਨੇ ਰਿਸ਼ਤਿਆਂ ਦਾ ਅਜਿਹਾ ਘਾਣ ਕਰ ਦਿੱਤਾ ਹੈ ਕਿ ਰਿਸ਼ਤਿਆਂ ਦੇ ਮਾਅਨੇ ਹੀ ਬਦਲ ਗਏ।
ਪੁਰਾਣੇ ਸਮੇਂ ਵਿੱਚ ਹਰ ਰਿਸ਼ਤੇ ਨੂੰ ਕਿਰਨੋ ਬਚਾਇਆ ਜਾਂਦਾ ਸੀ। ਪੁਰਾਣੇ ਸਮੇਂ ਵਿੱਚ ਵਿਆਹ ਅਤੇ ਹੋਰ ਸਮਾਗਮ ਰਿਸ਼ਤਿਆਂ ਨੂੰ ਬਚਾਉਣ ਅਤੇ ਗੰਢਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਸਨ। ਜੇ ਕਦੇ ਰਿਸ਼ਤੇ ਵਿੱਚ ਮਾੜੀ ਮੋਟੀ ਦਰਾੜ ਪੈਂਦਾ ਹੁੰਦੀ ਸੀ ਤਾਂ ਪਰਿਵਾਰਕ ਸਮਾਗਮ ਆਉਣ ’ਤੇ ਬਾਕੀ ਰਿਸ਼ਤੇਦਾਰ ਰਲਮਿਲ ਕੇ ਉਸ ਦਰਾੜ ਨੂੰ ਭਰ ਦਿੰਦੇ ਸਨ ਭਾਵ ਰਿਸ਼ਤੇ ਵਿੱਚ ਆਏ ਮਨ ਮੁਟਾਵ ਜਾਂ ਗਿਲੇ ਸ਼ਿਕਵੇ ਨੂੰ ਰਲਮਿਲ ਕੇ ਦੂਰ ਕਰਵਾ ਦਿੰਦੇ। ਜਦੋਂ ਕੋਈ ਵਿਆਹਾਂ ਸ਼ਾਦੀ ਜਾ ਕੋਈ ਹੋਰ ਸਮਾਗਮ ਆਉਂਦਾ ਤਾਂ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਰੁੱਸੇ ਹੋਏ ਰਿਸ਼ਤੇਦਾਰ ਨੂੰ ਮਨਾ ਲੈਂਦੇ, ਜਿਸ ਨਾਲ ਉਹ ਰਿਸ਼ਤਾ ਕਿਰਨੋ ਭਾਵ ਟੁੱਟਣੋ ਬਚ ਜਾਂਦਾ। ਪਰ ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ। ਅਜੋਕੇ ਕਮਰਸ਼ੀਅਲ ਯੁਗ ਵਿੱਚ ਰਿਸ਼ਤਿਆਂ ਵਿੱਚ ਐਨੀਆ ਦਰਾੜਾਂ ਪੈ ਜਾਂਦੀਆਂ ਹਨ ਕੇ ਪੁੱਛੋ ਕੁਛ ਨਾ। ਜਿਸ ਤੋਂ ਮਰਜ਼ੀ ਪੁੱਛ ਲਵੋ, ਹਰ ਕੋਈ ਆਪਣੇ ਰਿਸ਼ਤੇਦਾਰਾਂ ਦਾ ਨਾ ਲੈਣ ਨੂੰ ਤਿਆਰ ਨਹੀਂ। ਬਹੁਤ ਘੱਟ ਲੋਕ ਹੋਣਗੇ, ਜਿਨ੍ਹਾਂ ਨੇ ਰਿਸ਼ਤੇਦਾਰੀਆਂ ਬਚਾ ਕਿ ਰੱਖੀਆਂ ਹੋਈਆਂ ਹਨ ਵਰਨਾ ਨਾ ਚਾਚੇ ਤਾਏ, ਨਾ ਭੈਣ ਭਰਾ ਤੇ ਨਾ ਹੋਰ ਕੋਈ ਰਿਸ਼ਤੇਦਾਰੀ। ਮਿਲਵਰਤਣ ਦੀ ਤਾਂ ਗੱਲ ਹੀ ਛੱਡੋ, ਕੋਈ ਕਿਸੇ ਨੂੰ ਚੱਜ ਨਾਲ ਬੁਲਾ ਕਿ ਵੀ ਰਾਜ਼ੀ ਨਹੀਂ। ਇਸੇ ਕਰਕੇ ਮੋਹ ਮੁਹੱਬਤ ਦੀਆਂ ਤੰਦਾਂ ਐਨੀਆਂ ਢੱਲੀਆਂ ਹੋ ਚੁੱਕੀਆਂ ਹਨ ਕੇ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਵਰਤਣ ਦੀ ਬਜਾਏ ਯਾਰਾਂ ਦੋਸਤਾਂ ਨੂੰ ਤਰਜੀਹ ਦਿੰਦੇ ਹਨ। ਇਹ ਕਿਰਦੇ ਰਿਸ਼ਤਿਆਂ ਦੀ ਦਾਸਤਾਨ ਹੈ। ਇਹ ਦੇਖ ਕਿ ਇੰਝ ਜਾਪਦਾ ਹੈ ਜਿਵੇਂ ਰਿਸ਼ਤੇ ਸ਼ਬਦ ਦਾ ਅਰਥ ਹੀ ਬਦਲ ਗਿਆ ਹੋਵੇ।
ਰਿਸ਼ਤਿਆਂ ਦਾ ਸਵਰੂਪ ਬਦਲਣ ਦੇ ਸਿੱਟੇ ਵਜੋਂ ਅਜਿਹੇ ਨਵੇਂ ਰਿਸ਼ਤਿਆਂ ਨੇ ਜਨਮ ਲੈ ਲਿਆ ਜਾਂ ਇਹ ਆਖ ਲਵੋ ਕਿ ਨਵੇਂ ਰਿਸ਼ਤੇ ਹੋਂਦ ਵਿੱਚ ਆ ਗਏ, ਜਿਨ੍ਹਾਂ ਨੇ ਪੁਰਾਣੇ ਰਿਸ਼ਤਿਆਂ ਨੂੰ ਹੜੱਪ ਲਿਆ ਹੈ। ਰਿਸ਼ਤਿਆਂ ਦੇ ਟੁੱਟਣ ਪਿੱਛੇ ਸਭ ਤੋਂ ਵੱਡਾ ਕਾਰਨ ਪੈਸੇ ਦੀ ਦੌੜ ਅਤੇ ਸ਼ਾਨੋਸ਼ੌਕਤ ਦਾ ਟ੍ਰੈਂਡ ਹੈ। ਪੈਸੇ ਨੇ ਰਿਸ਼ਤਿਆਂ ਦਾ ਤਵਾਜ਼ਨ ਵਿਗਾੜ ਕੇ ਰੱਖ ਦਿੱਤਾ ਹੈ। ਬਹੁਤੇ ਰਿਸ਼ਤਿਆਂ ਨੂੰ ਹੁਣ ਇੱਕ ਨਾਮ ਨਾਲ ਹੀ ਬੁਲਾਇਆ ਜਾਣ ਲੱਗਾ ਹੈ ਤੇ ਉਹ ਨਾਂ ਹੈ ਆਂਟੀ ਅੰਕਲ। ਕੋਈ ਚਾਚਾ ਚਾਚੀ, ਤਾਇਆ ਤਾਈ ਜਾ ਮਾਮਾ ਮਾਮੀ, ਮਾਸੜ ਮਾਸੀ ਜਾ ਭੂਆ ਫੁੱਫੜ ਨਹੀਂ। ਸਭ ਵਾਸਤੇ ਅੰਕਲ ਜਾਂ ਆਂਟੀ ਕਹਿ ਕੇ ਬੁਲਾ ਸਕਦੇ ਹੋ। ਇਸ ਅੰਕਲ ਆਂਟੀ ਸ਼ਬਦ ਨੇ ਰਿਸ਼ਤਿਆਂ ਦੀ ਮਿਠਾਸ ਨੂੰ ਫਿੱਕਾ ਪਾ ਦਿੱਤਾ ਹੈ। ਰਿਸ਼ਤਿਆਂ ਵਿਚਲਾ ਫਰਕ ਮੁੱਕ ਗਿਆ ਹੈ। ਪਹਿਲੋਂ ਪਤਾ ਹੁੰਦਾ ਸੀ ਕਿ ਇਹ ਚਾਚਾ ਹੈ, ਇਹ ਤਾਇਆ ਹੈ ਤੇ ਇਹ ਮਾਮਾ ਹੈ। ਪ੍ਰੰਤੂ ਅੱਜ ਅੰਕਲ ਕਹਿ ਕੇ ਸਭ ਰਿਸ਼ਤਿਆਂ ਦਾ ਰਲਗੱਡ ਕਰ ਦਿੱਤਾ ਗਿਆ ਹੈ। ਅੰਕਲ ਆਂਟੀ ਸ਼ਬਦ ਬਾਕੀ ਸ਼ਬਦਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਫਿੱਟ ਹੋ ਗਿਆ ਹੈ। ਪਰ ਲਗਦਾ ਅੱਜ ਵੀ ਇਹ ਬਣਾਵਟੀ ਹੀ ਹੈ। ਇਹ ਸ਼ਬਦ ਅਣਜਾਣ ਬੰਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ, ਜਿਸਨੇ ਪੱਕੇ ਰਿਸ਼ਤਿਆਂ ਦੀ ਜਗ੍ਹਾ ਮੱਲ ਲਈ ਹੈ।
ਪੁਰਾਣੇ ਸਮਿਆਂ ਵਿੱਚ ਸਮਾਗਮਾਂ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਖੁੱਲ੍ਹ ਕੇ ਦੇਖਣ ਨੂੰ ਮਿਲਦੀ ਸੀ। ਵਿਆਹਾਂ ਵਿੱਚ ਮੁੰਡੇ ਕੁੜੀ ਨੂੰ ਖਾਰੇ ਤੋਂ ਉਤਾਰਨ ਦੀ ਰਸਮ ਕੇਵਲ ਮਾਮਾ ਹੀ ਅਦਾ ਕਰਦਾ ਸੀ। ਦਿਓਰ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰਸਮ ਭਾਬੀ ਨਿਭਾਉਂਦੀ ਸੀ। ਵਿਆਹੇ ਵਿੱਚ ਮੁੰਡੇ ਦੇ ਸਿਰ ਤੋਂ ਪਾਣੀ ਵਾਰਨ ਦੀ ਰਸਮ ਮਾਂ ਕਰਦੀ ਸੀ। ਰੀਬਨ ਕੱਟਣ ਦੀ ਰਸਮ ਸਾਲੀਆਂ ਨਿਭਾਉਂਦਿਆਂ ਸਨ। ਪਰ ਅੱਜ ਕੱਲ੍ਹ ਰਸਮਾਂ ਬਦਲ ਗਈਆਂ ਤਾਂ ਰਿਸ਼ਤੇ ਵੀ ਬਦਲ ਗਏ। ਜੇ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਗੁੱਸਾ ਗਿਲਾ ਹੋਣ ਦੀ ਵਜਾਹ ਕਰਕੇ ਸ਼ਿਰਕਤ ਨਹੀਂ ਕਰਦਾ ਤਾਂ ਝੱਟ ਅੰਕਲ ਆਂਟੀ ਕੰਮ ਸਾਰ ਦਿੰਦੇ ਹਨ। ਪਰ ਪੁਰਾਣੇ ਵਕਤਾਂ ਵਿੱਚ ਅਜਿਹਾ ਨਹੀਂ ਹੁੰਦਾ ਸੀ। ਜਿੰਨਾ ਸਮਾਂ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਨਾ ਪਹੁੰਚਦਾ, ਉੰਨਾ ਸਮਾਂ ਰਸਮ ਪੂਰੀ ਨਹੀਂ ਕੀਤੀ ਜਾਂਦੀ ਸੀ। ਰੁੱਸਣਾ ਰੁਸਾਉਣਾ ਅੱਜ ਕੱਲ੍ਹ ਤੋਂ ਕੀਤੇ ਜ਼ਿਆਦਾ ਸੀ ਪਰ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਇੰਨਾ ਜ਼ਿਆਦਾ ਹੁੰਦਾ ਸੀ ਕੀ ਰੁੱਸੇ ਬੰਦੇ ਨੂੰ ਮਨਾਉਣ ਲਈ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਸਨ। ਪਰ ਹੁਣ ਜੇ ਕੋਈ ਰਿਸ਼ਦੇਦਾਰ ਰੁੱਸ ਜਾਵੇ ਤਾਂ ਉਸ ਨੂੰ ਮਨਾਉਣ ਕੋਈ ਨਹੀਂ ਜਾਂਦਾ। ਸਗੋਂ ਆਖ ਦਿੰਦੇ ਹਨ, ਉਸ ਬਿਨ ਕਿਹੜਾ ਸਰਦਾ ਨਹੀਂ? ਰਹਿਣ ਦਿਓ ਉਸ ਨੂੰ? ਇਹੀ ਵਜਾਹ ਹੈ ਕਿ ਰਿਸ਼ਤੇ ਕਿਰ ਰਹੇ ਹਨ। ਮੋਹ ਖ਼ਤਮ ਹੁੰਦਾ ਜਾ ਰਿਹਾ ਹੈ।
ਅਸਲ ਵਿੱਚ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ। ਬੰਦਾ ਹਰ ਗੱਲ ਦੀ ਪੂਰਤੀ ਪੈਸੇ ਨਾਲ ਕਰਨ ਦਾ ਆਦੀ ਹੋ ਗਿਆ ਹੈ। ਇਹੀ ਕਾਰਨ ਹੈ ਕੀ ਹਰ ਵਿਅਕਤੀ ਤਣਾਵ ਵਿੱਚ ਨਜ਼ਰ ਆਉਂਦਾ ਹੈ। ਪਹਿਲਾਂ ਦੁੱਖ ਸੁਖ ਸਾਂਝਾ ਕਰਕੇ ਰਲ ਮਿਲ ਕੇ ਵੰਡਾ ਲਿਆ ਜਾਂਦਾ ਸੀ, ਜਿਸ ਨਾਲ ਮਨ ਹਲਕਾ ਹੋ ਜਾਂਦਾ ਸੀ। ਪਤਾ ਹੁੰਦਾ ਸੀ ਕਿ ਕੋਈ ਮੁਸੀਬਤ ਜਾਂ ਭੀੜ ਪਈ ਤਾਂ ਮਿਲ ਕਿ ਉਸਦਾ ਹੱਲ ਕੱਢ ਲਿਆ ਜਾਵੇਗਾ। ਪ੍ਰੰਤੂ ਅੱਜ ਕੱਲ੍ਹ ਰਿਸ਼ਤਿਆਂ ਦੇ ਟੁੱਟਣ ਕਰਕੇ ਸਮਾਜਕ ਤਾਣਾਬਾਣਾ ਉਲਝਦਾ ਜਾ ਰਿਹਾ ਹੈ।
ਅੱਜ ਲੋੜ ਹੈ ਸਮਾਜਕ ਤਾਣੇ ਬਾਣੇ ਨੂੰ ਸੰਵਾਰਨ ਦੀ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ, ਜ਼ਿੰਦਗੀ ਦੇ ਘਾਟੇ ਵਾਧੇ ਜਰਦਿਆਂ ਵੱਖ ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ, ਯਾਰਾਂ ਦੋਸਤਾਂ ਨਾਲ ਯਾਰੀਆਂ ਨਿਭਾਉਂਦਿਆਂ ਬਾਕੀ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਣ ਦੀ। ਨਹੀਂ ਤਾਂ ਇਸੇ ਤਰ੍ਹਾਂ ਗਲ਼ ਘੋਟੂ ਮਾਹੌਲ ਜ਼ਿੰਦਗੀ ਗੁਜ਼ਾਰਦਾ ਹੋਇਆ ਇਨਸਾਨ ਇਸ ਜਹਾਨ ਤੋਂ ਰੁਖ਼ਸਤ ਹੁੰਦਾ ਜਾਵੇਗਾ। ਆਉ! ਦੂਰੀਆਂ ਨੂੰ ਦੂਰ ਕਰਕੇ ਗਲੇ ਮਿਲੀਏ ਅਤੇ ਮੋਹ ਮੁਹੱਬਤਾਂ ਵੰਡਦੇ ਹੋਏ ਹਾਸਿਆਂ ਛਣਕਾਟਿਆਂ ਭਰੇ ਖੁਸ਼ਗਵਾਰ ਮਾਹੌਲ ਵਿੱਚ ਰਹਿ ਕੇ ਅਨਮੋਲ ਜ਼ਿੰਦਗੀ ਦਾ ਮਜ਼ਾ ਲਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (