“ਮਾਲੀ ਇਮਦਾਦ ਦੇਣ ਨਾਲ ਨੌਜਵਾਨ ਆਪਣਾ ਰੁਜ਼ਗਾਰ ਖੋਲ੍ਹਣ ਵਾਸਤੇ ...”
(9 ਅਪਰੈਲ 2026)
ਜ਼ਿੰਦਗੀ ਵਿੱਚ ਕਦੀ ਕਦੀ ਅਜਿਹਾ ਵਕਤ ਆਉਂਦਾ ਹੈ ਜਦੋਂ ਦੋਸਤੀ ਖਾਤਰ ਤੁਹਾਨੂੰ ਕੁਛ ਖੋਣਾ ਪੈ ਸਕਦਾ ਹੈ। ਅਜਿਹੀ ਹੀ ਇੱਕ ਘਟਨਾ ਦਾ ਜ਼ਿਕਰ ਸਾਂਝਾ ਕਰਨ ਲੱਗਾ ਹਾਂ। ਗੱਲ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ। ਮੈਂ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿਖੇ ਬੀ ਐੱਡ ਕਰਦਾ ਸਾਂ। ਮੇਰਾ ਇੱਕ ਦੋਸਤ ਜੱਸੀ ਜਸਪਾਲ ਸੀ, ਜਿਸ ਨੂੰ ਗਾਉਣ-ਵਜਾਉਣ ਦਾ ਵਾਹਵਾ ਸ਼ੌਕ ਸੀ। ਉਸਦੀ ਆਵਾਜ਼ ਵੀ ਸੁਰੀਲੀ ਸੀ। ਉਹ ਕਾਲਜ ਦੇ ਹਰ ਛੋਟੇ ਵੱਡੇ ਪ੍ਰੋਗਰਾਮ ’ਤੇ ਕੁਝ ਨਾ ਕੁਝ ਜ਼ਰੂਰ ਸੁਣਾਉਂਦਾ। ਮੇਰਾ ਇੱਕ ਹੋਰ ਦੋਸਤ ਸੀ ਕੁਲਦੀਪ ਰਾਜੇਵਾਲ, ਜਿਸ ਨੂੰ ਗਾਣੇ ਲਿਖਣ ਦਾ ਸ਼ੌਕ ਸੀ। ਮੈਂ ਉਦੋਂ ਛੋਟੀਆਂ ਮੋਟੀਆਂ ਅਖ਼ਬਾਰਾਂ ਲਈ ਲਿਖਦਾ ਸਾਂ ਤੇ ਨਾਲ ਥੋੜ੍ਹਾ ਬਹੁਤਾ ਗਾਣੇ ਲਿਖ ਲਿਆ ਕਰਦਾ ਸਾਂ, ਜਿਸ ਕਰਕੇ ਇੱਕੋ ਕਾਲਜ ਵਿੱਚ ਇਕੱਠੇ ਪੜ੍ਹਦੇ ਹੋਣ ਸਦਕਾ ਸਾਡੀ ਤਿੰਨਾਂ ਦੀ ਆਪਸ ਵਿੱਚ ਦੋਸਤੀ ਹੋ ਗਈ। ਅਸੀਂ ਕਾਲਜ ਦੇ ਸਮੇਂ ਤੋਂ ਬਾਅਦ ਆਪਣੇ ਆਪਣੇ ਰੈਣ ਬਸੇਰਿਆਂ ਦਾ ਰੁੱਖ ਕਰ ਲੈਂਦੇ। ਉਸ ਵਕਤ ਮੈਂ ਪੰਜਾਬੀ ਯੂਨੀਵਰਸਿਟੀ ਦੇ ਭਾਈ ਵੀਰ ਸਿੰਘ ਹੋਸਟਲ ਵਿੱਚ ਰਹਿੰਦਾ ਸਾਂ ਤੇ ਰਾਜੇਵਾਲੀਆ ਸਟੇਟ ਕਾਲਜ ਦੇ ਹੋਸਟਲ ਹੀ ਰਹਿੰਦਾ ਸੀ। ਜੱਸੀ ਅਰਬਨ ਸਟੇਟ ਰਹਿੰਦਾ ਸੀ। ਮੈਂ ਅਤੇ ਕੁਲਦੀਪ ਕਦੇ ਕਦਾਈਂ ਰਾਤ ਜੱਸੀ ਕੋਲ ਠਹਿਰ ਜਾਇਆ ਕਰਦੇ ਤੇ ਫਿਰ ਰਾਤ ਨੂੰ ਅਸੀਂ ਤਿੰਨਾਂ ਨੇ ਖੂਬ ਮਸਤੀ ਕਰਨੀ ਅਤੇ ਗੱਪਾਂ ਸ਼ੱਪਾਂ ਮਾਰ ਲਿਆ ਕਰਨੀਆਂ।
ਜੱਸੀ ਦੇ ਫਲੈਟ ਦੇ ਨੇੜੇ ਹੀ ਮੁੱਖ ਸੜਕ ’ਤੇ ਇੱਕ ਬਾਬੇ ਦਾ ਢਾਬਾ ਹੋਇਆ ਕਰਦਾ ਸੀ, ਜਿੱਥੇ ਅਸੀਂ ਰਾਤ ਨੂੰ ਖਾਣਾ ਖਾਣ ਜਾਇਆ ਕਰਦੇ ਸਾਂ। ਅਸੀਂ ਜਦੋਂ ਇਕੱਠੇ ਬਹਿਣਾ ਤਾਂ ਸ਼ੇਖ ਚਿਲੀ ਵਾਂਗ ਜੱਸੀ ਦੀ ਕੈਸਟ ਰਿਕਾਰਡ ਕਰਵਾਉਣ ਬਾਰੇ ਸੋਚਦੇ ਰਹਿਣਾ। ਪਰ ਕੈਸਟ ਰਿਕਾਰਡ ਕਰਵਾਉਣ ਵਾਸਤੇ ਪੈਸੇ ਕਿੱਥੋਂ ਆਉਣ? ਇਹ ਇੱਕ ਵੱਡੀ ਸਮੱਸਿਆ ਸੀ। ਕੈਸਟ ਲਈ ਮੋਟੀ ਰਕਮ ਚਾਹੀਦੀ ਸੀ ਤੇ ਸਟੂਡੈਂਟ ਲਾਈਫ ਵਿੱਚ ਇੰਨੇ ਪੈਸੇ ਕਿਸ ਕੋਲ ਹੁੰਦੇ ਹਨ? ਪਰ ਇਸਦੇ ਬਾਵਜੂਦ ਅਸੀਂ ਜੱਸੀ ਦੀ ਕੈਸੇਟ ਕਢਵਾਉਣ ਬਾਰੇ ਪੈਸਿਆਂ ਦਾ ਜੁਗਾੜ ਬਣਾਉਣ ਦੀ ਸੋਚਦੇ ਰਹਿੰਦੇ। ਕੈਸਟ ਕਢਵਾਉਣ ਉੱਤੇ ਆਉਣ ਵਾਲਾ ਖਰਚ ਸਾਡੇ ਅੱਗੇ ਹਮੇਸ਼ਾ ਪਹਾੜ ਵਾਂਗ ਮੂੰਹ ਅੱਡੀ ਖਲੋਤਾ ਰਹਿੰਦਾ। ਇਸਦੇ ਬਾਵਜੂਦ ਅਸੀਂ ਹੌਸਲਾ ਨਾ ਹਾਰਦੇ ਤੇ ਹਰ ਮੁਲਾਕਾਤ ਦੌਰਾਨ ਕੈਸਟ ਕਢਵਾਉਣ ਬਾਰੇ ਹੀ ਸੋਚਦੇ। ਸਾਨੂੰ ਇਹ ਸੀ ਕਿ ਇੱਕ ਵਾਰ ਕੈਸੇਟ ਆ ਜਾਵੇ, ਫਿਰ ਸਭ ਧੋਣੇ ਧੋਤੇ ਜਾਣਗੇ।
ਅਖੀਰ ਇੱਕ ਦਿਨ ਅਸੀਂ ਕੈਸਟ ਕਢਵਾਉਣ ਲਈ ਬੱਸ ਉੱਤੇ ਪਟਿਆਲਾ ਤੋਂ ਲੁਧਿਆਣੇ ਜਾ ਵੱਜੇ। ਕਈ ਰਿਕਾਰਡਿੰਗ ਕੰਪਨੀਆਂ ਦੇ ਦਫਤਰਾਂ ਵਿੱਚ ਚੱਕਰ ਮਾਰੇ। ਉਦੋਂ ਅੱਜ ਵਾਂਗ ਗਾਣਿਆਂ ਦੀ ਰਿਕਾਡਿੰਗ ਨਹੀਂ ਹੁੰਦੀ ਸੀ ਤੇ ਜ਼ਿਆਦਾਤਰ ਰਿਕਾਰਡਿੰਗ ਕੰਪਨੀਆਂ ਦੇ ਸਟੂਡੀਓ ਲੁਧਿਆਣੇ ਹੀ ਸਨ ਤੇ ਜਾਂ ਫਿਰ ਦਿੱਲੀ। ਦਿੱਲੀ ਸਾਡੀ ਪਹੁੰਚ ਤੋਂ ਪਰੇ ਸੀ। ਕਈ ਦਫਤਰਾਂ ਵਿੱਚ ਧੱਕੇ ਖਾਣ ਮਗਰੋਂ ਅਸੀਂ ਕੈਸੇਟ ਰਿਕਾਡਿੰਗ ਲਈ ਇੱਕ ਕੰਪਨੀ ਨਾਲ ਚਾਰ ਹਜ਼ਾਰ ਵਿੱਚ ਗੱਲ ਪੱਕੀ ਕਰ ਲਈ। ਉਸ ਸਮੇਂ ਚਾਰ ਹਜ਼ਾਰ ਅੱਜ ਦੇ ਚਾਰ ਲੱਖ ਜਿੰਨਾ ਸੀ ਤੇ ਵਿਦਿਆਰਥੀ ਜੀਵਨ ਵਿੱਚ ਚਾਰ ਹਜ਼ਾਰ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਘਰੋਂ ਅਸੀਂ ਸਾਰੇ ਠੀਕਠਾਕ ਹੀ ਸਾਂ, ਜਿਸ ਕਰਕੇ ਕਿਸੇ ਵਿੱਚ ਵੀ ਇੰਨੀ ਗੁੰਜਾਇਸ਼ ਨਹੀਂ ਸੀ ਕਿ ਕੋਈ ਇਕੱਲਾ ਚਾਰ ਹਜ਼ਾਰ ਦੇ ਦਿੰਦਾ।
ਵਾਪਸ ਆ ਕਿ ਅਸੀਂ ਸਲਾਹ ਕੀਤੀ ਕਿ ਸਾਰੇ ਰਲ ਕੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਕੈਸੇਟ ਕਢਵਾ ਲੈਂਦੇ ਹਾਂ। ਅਸੀਂ ਚਾਰ ਜਣਿਆਂ ਨੇ ਹਜ਼ਾਰ-ਹਜ਼ਾਰ ਸਾਂਝੇ ਰੂਪ ਵਿੱਚ ਇਕੱਠਾ ਕਰਕੇ ਕੰਪਨੀ ਨੂੰ ਦੇ ਕੇ ਕੈਸਟ ਕਢਵਾਉਣ ਦਾ ਨਿਰਣਾ ਲਿਆ ਤੇ ਸਿਲਸਿਲਾ ਸ਼ੁਰੂ ਕਰ ਦਿੱਤਾ। ਕੈਸੇਟ ਵਿੱਚ ਕੁੱਲ ਅੱਠ ਗਾਣੇ ਫਾਈਨਲ ਕੀਤੇ ਗਏ। ਇਨ੍ਹਾਂ ਵਿੱਚ ਦੋ ਗਾਣੇ ਕੁਲਦੀਪ ਰਾਜੇਵਾਲੀਆ ਦੇ, ਦੋ ਜੱਸੀ ਜਸਪਾਲ ਦੇ, ਦੋ ਮੇਜਰ ਜਰੀਕਪੁਰੀ ਦੇ ਤੇ ਦੋ ਮੇਰੇ ਸਨ। ਅਸੀਂ ਚਾਰਾਂ ਨੇ ਮਿਲ ਕੇ ਚਾਰ ਹਜ਼ਾਰ ਦਾ ਜੁਗਾੜ ਕੀਤਾ ਤੇ ਲੁਧਿਆਣਾ ਕੰਪਨੀ ਕੋਲ ਪਹੁੰਚ ਕੀਤੀ।
ਰਿਕਾਰਡਿੰਗ ਪਿੱਛੋਂ ਕੈਸਟ ਦਾ ਟਾਈਟਲ ਗਾਣਾ ‘ਹਾਣ ਦਾ ਮੁੰਡਾ’ ਵੀ ਅਸੀਂ ਖੁਦ ਸਿਲੈਕਟ ਕੀਤਾ। ਕੈਸਟ ਦਾ ਕੰਮ ਔਖੇ ਸੌਖੇ ਨੇਪਰੇ ਚੜ੍ਹ ਗਿਆ। ਅੱਠੇ ਗਾਣੇ ਰਿਕਾਰਡ ਹੋ ਗਏ। ਪਰ ਐਨ ਜਦੋਂ ਕੈਸਟ ਰਲੀਜ਼ ਕਰਨ ਦਾ ਸਮਾਂ ਆਇਆ ਤਾਂ ਕੰਪਨੀ ਵਾਲੇ ਹੋਰ ਪੈਸੇ ਮੰਗਣ ਲੱਗ ਪਏ। ਅਸੀਂ ਤਾਂ ਪਹਿਲਾਂ ਹੀ ਬੜਾ ਔਖਾ ਜੁਗਾੜ ਲਾ ਕੇ ਚਾਰ ਹਜ਼ਾਰ ਦਿੱਤਾ ਸੀ, ਜਿਸ ਕਰਕੇ ਹੋਰ ਪੈਸਿਆਂ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਿਲ ਸੀ। ਕੁਲਦੀਪ ਰਾਜੇਵਾਲ ਨੇ ਹਿੰਮਤ ਕੀਤੀ ਤੇ 650 ਰੁਪਏ ਦੀ ਆਪਣੀ ਗੁੱਟ-ਘੜੀ ਵੇਚ ਕੇ ਕੰਪਨੀ ਨੂੰ ਪੈਸੇ ਦਿੱਤੇ ਤਾਂ ਜਾ ਕੇ ਕੰਪਨੀ ਨੇ ਕੈਸੇਟ ਰਲੀਜ਼ ਕੀਤੀ।
ਪਰ ਬਦ ਕਿਸਮਤੀ ਨੂੰ ਕੈਸੇਟ ਫਲਾਪ ਹੋ ਗਈ ਤੇ ਸਾਡੀਆਂ ਆਸਾਂ ’ਤੇ ਪਾਣੀ ਫਿਰ ਗਿਆ। ਹਾਂ, ਭਾਵੇਂ ਜੱਸੀ ਦੀ ਉਸ ਕੈਸੇਟ ਨੂੰ ਲੋਕਾਂ ਵੱਲੋਂ ਬਾਹਲਾ ਹੁੰਗਾਰਾ ਨਹੀਂ ਮਿਲਿਆ ਪਰ ਉਸਨੇ ਜੱਸੀ ਲਈ ਭਵਿੱਖ ਦੇ ਰਾਹ ਜ਼ਰੂਰ ਖੋਲ੍ਹ ਦਿੱਤੇ। ਫੇਰ ਜੱਸੀ ਦੀਆਂ ਮਾਰਕੀਟ ਵਿੱਚ ਕਈ ਕੈਸਟਾਂ ਆਈਆਂ, ਜੋ ਸੁਪਰ ਡੁਪਰ ਹਿੱਟ ਵੀ ਹੋਈਆਂੳ, ਜਿਨ੍ਹਾਂ ਨੇ ਜੱਸੀ ਦਾ ਵਾਹਵਾ ਨੇਮ ਫੇਮ ਬਣਾਇਆ। ਪਰ ਦੂਜੇ ਪਾਸੇ ਅੱਜ ਜਦੋਂ ਬੀਤਿਆ ਸਮਾਂ ਯਾਦ ਆਉਂਦਾ ਹੈ ਤਾਂ ਉਸ ਸਮੇਂ ਦੋਸਤੀ ਖਾਤਰ ਘੜੀ ਵੇਚੇ ਜਾਣ ਦਾ ਵਾਕਿਆ ਗਹਿਰੀ ਦੋਸਤੀ ਦੀ ਬਾਤ ਪਾਉਂਦਾ ਜ਼ਰੂਰ ਨਜ਼ਰ ਆਉਂਦਾ ਹੈ।
ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਕਿੱਤਾ ਮੁਖੀ ਕੋਰਸ ਅਰੰਭ ਕੀਤੇ ਜਾਣ
ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਵਕਤ ਦੇਸ਼ ਦੀ ਕੁੱਲ ਵਸੋਂ 34 ਕਰੋੜ ਤੋਂ ਹੇਠਾਂ ਸੀ। ਭਾਰਤੀ ਆਰਥਿਕਤਾ ਬਾਰੇ ਨਿਗਰਾਨ ਕੇਂਦਰ ਮੁਤਾਬਿਕ ਦਸੰਬਰ 2021 ਵਿੱਚ ਭਾਰਤ ਵਿੱਚ ਲਗਭਗ 5.3 ਕਰੋੜ ਲੋਕੀਂ ਬੇਰੁਜ਼ਗਾਰ ਸਨ। ਪਰ ਇਸ ਵਿੱਚ ਸਿਰਫ ਉਹੀ ਲੋਕੀਂ ਸ਼ਾਮਲ ਕੀਤੇ ਗਏ ਜੋ ਪੜ੍ਹੇ ਲਿਖੇ ਸਨ। ਪੜ੍ਹੇ ਅਤੇ ਅਨਪੜ੍ਹ ਅਰਧ ਬੇਰੁਜ਼ਗਾਰਾਂ ਦੀ ਗਿਣਤੀ ਬੇਰੁਜ਼ਗਾਰਾਂ ਦੀ ਗਿਣਤੀ ਕਿਤੇ ਵਧੇਰੇ ਹੈ। ਇੱਥੇ ਸਵਾਲ ਉੱਠਦਾ ਹੈ ਕੀ ਕਿ 3 ਕਰੋੜ ਤੋਂ ਜ਼ਿਆਦਾ ਉਹ ਬੱਚੇ ਜਿਹੜੇ ਘਰਾਂ, ਫਾਰਮਾਂ, ਫੈਕਟਰੀਆਂ ਤੇ ਢਾਬਿਆਂ ਆਦਿ ਉੱਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਗਿਣਿਆ ਜਾ ਸਕਦਾ ਹੈ। ਇਸ ਸੂਰਤ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 5.3 ਕਰੋੜ ਤੋਂ ਕਿਤੇ ਜ਼ਿਆਦਾ ਵਧ ਜਾਵੇਗੀ। ਪੰਜਾਬ ਵਿੱਚ ਵੀ ਬੇਰੁਜ਼ਗਾਰੀ ਬੇਹੱਦ ਵਧਦੀ ਚਲੀ ਜਾ ਰਹੀ ਹੈ। ਇਸ ਨੂੰ ਠੱਲ੍ਹ ਪਾਉਣੀ ਬੇ ਹੱਦ ਲਾਜ਼ਮੀ ਹੈ। ਭਾਵੇਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਕਿੱਤਾ ਮੁਖੀ ਕੋਰਸ 9ਵੀਂ ਕਲਾਸ ਤੋਂ ਸ਼ੁਰੂ ਹਨ ਪਰ ਫਿਲਹਾਲ ਉਹਨਾਂ ਦੇ ਸਾਰਥਕ ਨਤੀਜੇ ਨਹੀਂ ਮਿਲ ਰਹੇ।
ਇਸ ਤੋਂ ਪਹਿਲਾਂ ਵੀ 1972 ਵਿੱਚ ਉਸ ਸਮੇਂ ਦੀ ਸੂਬਾ ਸਰਕਾਰ ਵੱਲੋਂ ਵੋਕੇਸ਼ਨਲ ਸਕੀਮ (ਕਿੱਤਾ ਮੁਖੀ ਕੋਰਸ) ਚਾਲੂ ਕੀਤੀ ਗਈ ਸੀ, ਜਿਸ ਵਿੱਚ ਮਕੈਨੀਕਲ, ਇਲੈਕਟ੍ਰੀਕਲ, ਹੋਰਟੀਕਲਚਰ, ਕੰਪਿਊਟਰ ਸਾਇੰਸ, ਗਾਰਮਿੰਟ ਮੇਕਿੰਗ, ਨਿਟਿੰਗ ਟੈਕਨਾਲੋਜੀ, ਡਾਇੰਗ ਐਂਡ ਪੇਂਟਿੰਗ, ਆਟੋ ਮੋਬਾਇਲ ਅਤੇ ਵੈਲਡਿੰਗ ਸਮੇਤ 22ਦੇ ਕਰੀਬ ਟ੍ਰੇਡ ਸ਼ਾਮਲ ਸਨ। ਇਸਦੇ ਕੋਈ ਬਾਹਲੇ ਚੰਗੇ ਨਤੀਜੇ ਨਹੀਂ ਆਏ। ਹੁਣ ਇਹ ਵੋਕੇਸ਼ਨਲ ਸਕੀਮ ਇੱਕ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਬਹੁਤ ਸਾਰੇ ਸਕੂਲਾਂ ਵਿੱਚ ਇਸ ਸਕੀਮ ਅਧੀਨ ਚਲਦੀਆਂ ਟਰੇਡਾਂ ਬੰਦ ਹੋ ਚੁੱਕੀਆਂ ਹਨ ਜਾਂ ਬੰਦ ਹੋਣ ਦੀ ਕਗਾਰ ’ਤੇ ਹਨ। ਇਸਦੇ ਫੇਲ ਹੋਣ ਵਿੱਚ ਸਭ ਤੋਂ ਵੱਡਾ ਰੋਲ ਸਰਕਾਰਾਂ ਦਾ ਹੀ ਰਿਹਾ ਹੈ। ਕਿੱਤਾ ਮੁਖੀ ਕੋਰਸਾਂ ਦੇ ਸਾਜ਼ੋ ਸਾਮਾਨ ਵਾਸਤੇ ਗਰਾਂਟ ਨਾ ਭੇਜਣਾ ਇਸ ਸਕੀਮ ਦੇ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਬਣਿਆ, ਜਿਸਦਾ ਨਤੀਜਾ ਇਹ ਨਿਕਲਿਆ ਕੇ ਵੋਕੇਸ਼ਨ ਸਕੀਮ ਤਾਂ ਫੇਲ ਹੋਈ ਹੀ, ਨਾਲ ਹੀ ਇਨ੍ਹਾਂ ਕਿੱਤਾ ਮੁਖੀ ਕੋਰਸਾਂ ਲਈ ਬਣਾਈਆਂ ਲੈਬਾਂ ਉੱਤੇ ਖ਼ਰਚਿਆ ਕਰੋੜਾਂ ਰੁਪਇਆ ਵੀ ਬੇਕਾਰ ਗਿਆ। ਵੋਕੇਸ਼ਨ ਅਧਿਆਪਕਾਂ ਦੀ ਭਰਤੀ ’ਤੇ ਰੋਕ ਲਾ ਦਿੱਤੀ ਗਈ। ਅਗਰ ਇਸ ਸਕੀਮ ਨੂੰ ਸਰਕਾਰਾਂ ਇਮਾਨਦਾਰੀ ਨਾਲ ਚਾਲੂ ਰੱਖਦੀਆਂ ਤਾਂ ਅੱਜ ਸ਼ਾਇਦ ਸਾਡੇ ਨੌਜਵਾਨ ਉਕਤ ਕਿੱਤਾ ਮੁਖੀ ਕੋਰਸਾਂ ਦਾ ਲਾਭ ਉਠਾ ਕੇ ਆਪਣੇ ਸਵੈ ਰੁਜ਼ਗਾਰ ਅਰੰਭ ਕਰਕੇ ਇੱਕ ਸਫਲ ਇਨਸਾਨ ਬਣੇ ਹੁੰਦੇ। ਇਸ ਨਾਲ ਸੂਬੇ ਦੀ ਆਰਥਿਕ ਹਾਲਤ ਵੀ ਬਿਹਤਰ ਹੋਣੀ ਸੀ। ਸ਼ਾਇਦ ਉਹਨਾਂ ਨੂੰ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਪਰਵਾਸ ਨਾ ਕਰਨਾ ਪੈਂਦਾ। ਬੇਰੁਜ਼ਗਾਰੀ ਦੀ ਵਜਾਹ ਦੇ ਸਿੱਟੇ ਵਜੋਂ ਸੂਬੇ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਵਿੱਚ ਫਸ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਰੁਜ਼ਗਾਰ ਨਾ ਮਿਲਣ ਕਰਕੇ ਬਹੁਤ ਸਾਰੇ ਨੌਜਵਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਂਦੇ ਹਨ। ਰੁਜ਼ਗਾਰ ਨਾ ਮਿਲਣ ਜਾਂ ਰੋਜ਼ੀ ਰੋਟੀ ਦਾ ਜੁਗਾੜ ਨਾ ਬਣਨ ਕਰਕੇ ਵਿਆਹੁਤਾ ਜ਼ਿੰਦਗੀ ਵਿੱਚ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੀ ਦਰਾੜ ਪੈ ਜਾਂਦੀ ਹੈ ਤੇ ਕਈ ਵਾਰ ਤਾਂ ਤਲਾਕ ਤਕ ਦੀ ਨੌਬਤ ਆ ਜਾਂਦੀ ਹੈ। ਪਰਿਵਾਰਿਕ ਝਗੜਿਆਂ ਦੀ ਇੱਕ ਵਜਾਹ ਬੇਰੁਜ਼ਗਾਰੀ ਵੀ ਹੈ।
ਬੇਰੁਜ਼ਗਾਰੀ ਦੇ ਚੱਕਰ ਵਿੱਚ ਬਹੁਤ ਸਾਰੇ ਨੌਜਵਾਨ ਆਈਲੈਟਸ ਕੀਤੀ ਕੁੜੀ ਲੱਭਦੇ ਹਨ ਤਾਂ ਕਿ ਉਸ ਨਾਲ ਵਿਆਹ ਕਰਵਾ ਕੇ ਬਾਹਰਲੇ ਮੁਲਕਾਂ ਵਿੱਚ ਰੁਜ਼ਗਾਰ ਮਿਲ ਸਕੇ ਤੇ ਉੱਥੇ ਪੱਕੇ ਹੋ ਸਕਣ। ਪਰ ਇਹ ਸਾਡੇ ਸਮਾਜ ਲਈ ਚੰਗਾ ਵਰਤਾਰਾ ਨਹੀਂ ਹੈ। ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਈਟੀ, ਬਿਊਟੀ ਵੈੱਲਨੈੱਸ ਤੇ ਸਪੋਰਟਸ ਆਦਿ ਟਰੇਡ ਜੋ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੇ ਹੋਏ ਹਨ, ਉਹਨਾਂ ਨੂੰ ਗਰਾਂਟ ਵਗ਼ੈਰਾ ਦੀ ਘਾਟ ਨਾ ਆਉਣ ਦੇਵੇ। ਕਿਤੇ ਇਹ ਨਾ ਹੋਵੇ ਕੇ ਇਨਾਂ ਨਵੇਂ ਕੋਰਸਾਂ ਦਾ ਹਾਲ ਵੀ ਵੋਕੇਸ਼ਨਲ ਸਕੀਮ (ਕਿੱਤਾ ਮੁਖੀ ਸਕੀਮ) ਵਰਗਾ ਹੀ ਹੋ ਜਾਵੇ। ਕਿੱਤਾ ਮੁਖੀ ਕੋਰਸਾਂ ਨੂੰ ਕਾਲਜਾਂ ਵਿੱਚ ਵੀ ਚਾਲੂ ਕੀਤੇ ਜਾਣਾ ਲਾਜ਼ਮੀ ਹੈ ਤਾਂ ਜੋ ਨੌਜਵਾਨ ਮੁੰਡੇ ਕੁੜੀਆਂ ਸਰਕਾਰੀ ਨੌਕਰੀਆਂ ਹਾਸਲ ਕਰਨ ਅਤੇ ਵਿਦੇਸ਼ਾਂ ਵਿੱਚ ਸੈੱਟ ਹੋਣ ਦੀ ਬਜਾਏ ਆਪਣੇ ਮੁਲਕ ਵਿੱਚ ਹੀ ਸੈੱਟ ਹੋਣ ਨੂੰ ਤਰਜੀਹ ਦੇਣ।
ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਕਾਲਜਾਂ ਵਿੱਚ ਵੱਡੀ ਪੱਧਰ ਉੱਤੇ ਕਿੱਤਾ ਮੁਖੀ ਕੋਰਸ ਸ਼ੁਰੂ ਕਰੇ। ਨਾਲ ਹੀ ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਪਿੱਛੋਂ ਸਵੈ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮਾਲੀ ਇਮਦਾਦ ਦਿੱਤੀ ਜਾਵੇ। ਮਾਲੀ ਇਮਦਾਦ ਦੇਣ ਨਾਲ ਨੌਜਵਾਨ ਆਪਣਾ ਰੁਜ਼ਗਾਰ ਖੋਲ੍ਹਣ ਵਾਸਤੇ ਉਤਸ਼ਾਹਿਤ ਹੋਣਗੇ। ਇਸ ਨਾਲ ਜਿੱਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ ਉੱਥੇ ਨਾਲ ਹੀ ਦੇਸ਼ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ। ਸਭ ਤੋਂ ਵੱਡੀ ਗੱਲ, ਇਸ ਨਾਲ ਨਸ਼ਿਆਂ ਦੇ ਰੁਝਾਨ ਨੂੰ ਮੋੜਾ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































