“ਉਹ ਅੱਜ ਵੀ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ, ਉਹਨਾਂ ਦੇ ਹੱਲ ...”
(24 ਅਗਸਤ 2025)
ਕਹਿੰਦੇ ਹਨ ਹਰ ਬੰਦੇ ਵਿੱਚ ਕੋਈ ਨਾ ਕੋਈ ਖੂਬੀ ਜਰੂਰ ਹੁੰਦੀ ਹੈ, ਜੋ ਉਸ ਨੂੰ ਤਰੱਕੀ ਦੀਆਂ ਪੁਲਾਘਾਂ ਪੁੱਟਣ ਵਿੱਚ ਸਹਾਈ ਹੁੰਦੀ ਹੈ। ਯਾਦਾਂ ਦੇ ਝਰੋਖੇ ਵਿੱਚੋਂ ਅਜਿਹੀ ਹੀ ਇਕ ਨਾਮੀ ਸ਼ਖਸ਼ੀਅਤ ਬਾਰੇ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਪਾਉਣਾ ਚਾਹੁੰਦਾ ਹਾਂ ਤੇ ਉਹ ਨਾਮੀ ਸ਼ਖਸ਼ੀਅਤ ਹੈ ਗੁਰਪ੍ਰੀਤ ਸਿੰਘ ਜੀਪੀ; ਜਿਨਾਂ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦਾ ਸੂਬਾ ਪ੍ਰਧਾਨ (ਐੱਸਸੀ ਵਿੰਗ) ਨਿਯੁਕਤ ਕੀਤਾ ਗਿਆ ਹੈ।
“ਅਸੀਂ ਰਾਹਾਂ ’ਤੇ ਨਹੀਂ ਤੁਰਦੇ, ਜਿੱਥੇ ਤੁਰਦੇ ਹਾਂ ਰਾਹ ਬਣ ਜਾਂਦੇ ਨੇ। ” ਇਹ ਸਤਰਾਂ ਗੁਰਪ੍ਰੀਤ ਸਿੰਘ ਜੀਪੀ ਉੱਤੇ ਬਿਲਕੁਲ ਢੁੱਕਦੀਆਂ ਹਨ ਕਿਉਂਕਿ ਉਹ ਪੰਜਾਬ ਦੇ ਸਿਆਸੀ ਪਿੜ ਵਿੱਚ ਵੱਖਰੀ ਪਛਾਣ ਦੀ ਮੋਹੜੀ ਗੱਡਣ ਵਾਲੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਉਹਨਾਂ ਵਿੱਚ ਇਕ ਬਹੁਤ ਵੱਡੀ ਖੂਬੀ ਹੈ, ਤੇ ਉਹ ਹੈ ਯਾਦਦਾਸ਼ਤ ਦੀ ਖੂਬੀ ਹੈ। ਕਹਿਣ ਦਾ ਭਾਵ ਕਿ ਉਨ੍ਹਾਂ ਦੀ ਯਾਦਾਸਤ ਬੜੀ ਤੇਜ਼ ਅਤੇ ਪਰਪੱਕ ਹੈ, ਜਿਸ ਦੀ ਪਰਤੱਖ ਮਿਸਾਲ ਮੈ ਖੁਦ ਵੇਖੀ ਹੈ। ਤੁਸੀਂ ਇਸ ਸ਼ਖਸ ਕੋਲ ਕੋਈ ਗੱਲ ਕਰ ਲਵੋ, ਉਹ ਕਦੇ ਨਹੀਂ ਭੁਲੱਦੇ। ਅਜਿਹੀ ਤੇਜ਼ ਯਾਦਦਾਸ਼ਤ ਮੈਂ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਵਿੱਚ ਵੇਖੀ ਸੀ। ਉਨ੍ਹਾਂ ਨੂੰ ਪਾਰਟੀ ਵਰਕਰਾਂ ਦੇ ਨਾਮ ਅਤੇ ਪਿੰਡ ਮੂੰਹ ਜ਼ੁਬਾਨੀ ਯਾਦ ਹੁੰਦੇ ਸਨ। ਉਹ ਜਿਸ ਨੂੰ ਵੀ ਇਕ ਵਾਰ ਮਿਲ ਲੈਂਦੇ, ਦੂਜੀ ਵਾਰ ਉਸ ਨੂੰ ਨਾਂ ਲੈ ਕੇ ਬੁਲਾਉਂਦੇ ਸਨ। ਠੀਕ ਬਿਲਕੁੱਲ ਇਹੋ ਜਿਹੀ ਹੀ ਯਾਦਾਸ਼ਤ ਹੈ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਚੁੱਕੇ ਗੁਰਪਰੀਤ ਸਿੰਘ ਜੀਪੀ ਦੀ, ਜੋ ਸੁਭਾਅ ਪੱਖੋਂ ਬੇਹਦ ਨਰਮ, ਮਿਲਣਸਾਰ ਅਤੇ ਹਰ ਆਮ ਬੰਦੇ ਦੀ ਪਹੁੰਚ ਵਿੱਚ ਹਨ। ਉਹ ਰਾਜਨੀਤੀ ਵਿੱਚ ਲੋਕਾਂ ਦੀ ਸੇਵਾ ਲਈ ਆਏ ਹਨ, ਨਾ ਕਿ ਪੈਸਾ ਕਮਾਉਣ ਲਈ। ਉਹ ਸੰਗੀ ਸਾਥੀਆਂ ਅਤੇ ਪਾਰਟੀ ਵਰਕਰ ਦਾ ਕੰਮ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।
ਉਨ੍ਹਾਂ ਨਾਲ ਮੇਰੀ ਥੋੜ੍ਹੀ ਬਹੁਤ ਸਾਂਝ ਪਿਛਲੀ ਸਰਕਾਰ ਵੇਲੇ ਦੀ ਚਲੀ ਆ ਰਹੀ ਹੈ, ਜਦੋਂ ਉਹ ਬੱਸੀ ਪਠਾਣਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ। ਮੈਂ ਉਦੋਂ ਚੰਡੀਗੜ ਡੇਟ ਲਾਈਨ ਤੋਂ ਇਕ ਪੰਜਾਬੀ ਅਖ਼ਬਾਰ ਦਾ ਰਿਪੋਰਟਰ ਸਾਂ। ਸੂਬੇ ਦੀ ਰਾਜਧਾਨੀ ਤੋਂ ਵਿਸ਼ੇਸ ਸਪਲੀਮੈਂਟ ਕੱਢਦੇ ਵਕਤ ਮੈਂ ਵਿਧਾਇਕ ਦੇ ਤੌਰ ਤੇ ਗੁਰਪਰੀਤ ਸਿੰਘ ਜੀਪੀ ਦੀ ਫੋਟੋ ਉਸ ਸਪਲੀਮੈਂਟ ਵਿੱਚ ਉਚੇਚੇ ਤੌਰ ’ਤੇ ਲਾਈ ਸੀ। ਮਗਰੋਂ ਸਾਡੀ ਪਹਿਲੀ ਮੁਲਾਕਾਤ ਮਨਿਸਟਰੀਅਲ ਕੰਪਲੈਕਸ ਵਿੱਚ ਹੋਈ। ਉਹ ਮੈਨੂੰ ਜਿੰਨਾ ਕੁ, ਥੋੜਾ ਬਹੁਤ ਜਾਣਦੇ ਹਨ, ਉਹ ਬਤੌਰ ਰਿਪੋਟਰ ਹੀ ਜਾਣਦੇ ਹਨ। ਦੂਜੀ ਵਾਰ ਉਹ ਉਸ ਵਕਤ ਮਿਲੇ, ਜਦੋ ਮੈਂ ਤੇ ਮੇਰੇ ਇਕ ਸਾਥੀ ਨੇ ਅਪਣੇ ਕਿਸੇ ਨਿੱਜੀ ਕੰਮ ਲਈ ਉਸ ਵਕਤ ਦੇ ਤਤਕਾਲੀ ਸਿੱਖਿਆ ਮੰਤਰੀ ਓ ਪੀ ਸੋਨੀ ਕੋਲ ਜਾਣਾ ਸੀ। ਅਸੀਂ ਕਿਸੇ ਜਗ੍ਹਾ ਖਲੋਤੇ ਸਾਂ ਜਿੱਥੇ ਸਾਨੂੰ ਮਹਿਜ਼ ਇਤਫਾਕ ਵੱਸ ਗੁਰਪਰੀਤ ਸਿੰਘ ਜੀਪੀ ਮਿਲ ਗਏ। ਉਨ੍ਹਾਂ ਸਾਨੂੰ ਇਕਦਮ ਪਛਾਣ ਲਿਆ। ਪੁੱਛਣ ਲੱਗੇ, “ਤੁਸੀਂ ਕਿੱਥੇ ਜਾਣਾ ਹੈ?”
ਅਸੀਂ ਦੱਸਿਆ ਕਿ ਸਿੱਖਿਆ ਮੰਤਰੀ ਕੋਲ ਕੋਈ ਕੰਮ ਹੈ, ਉੱਥੇ ਜਾਣ ਬਾਰੇ ਸੋਚ ਰਹੇ ਹਾਂ। ਉਹ ਸਾਨੂੰ ਕਹਿਣ ਲੱਗੇ ਕਿ ਮੇਰੀ ਗੱਡੀ ਵਿੱਚ ਬੈਠੋ, ਮੈਂ ਸਿੱਖਿਆ ਮੰਤਰੀ ਦੀ ਕੋਠੀ ਹੀ ਜਾ ਰਿਹਾ ਹਾਂ। ਮੈਂ ਸਿੱਖਿਆ ਮੰਤਰੀ ਜੀ ਨੂੰ ਕਹਿ ਦਿੰਦਾ ਹਾਂ, ਤੁਹਾਡਾ ਕੰਮ ਹੋ ਜਾਵੇਗਾ। ਪਰ ਅਸੀਂ ਉਸ ਕੰਮ ਬਾਰੇ ਪਹਿਲਾਂ ਹੀ ਸਬੰਧਤ ਮੰਤਰੀ ਨੂੰ ਕਿਸੇ ਦੂਸਰੇ ਮੰਤਰੀ ਤੋਂ ਫੋਨ ਕਰਵਾਇਆ ਹੋਇਆ ਸੀ, ਜਿਸ ਕਰਕੇ ਅਸੀਂ ਉਹਨਾਂ ਨਾਲ ਜਾਣ ਤੋਂ ਟਾਲ਼ਾ ਵੱਟ ਗਏ। ਉਸ ਮਗਰੋਂ ਫੇਰ ਸ਼ਾਇਦ ਅਸੀਂ ਮਸੀਂ ਇਕ ਅੱਧੀ ਵਾਰ ਹੋਰ ਮਿਲੇ ਹੋਵਾਂਗੇ।
ਉਸ ਪਿੱਛੋਂ ਜਦੋਂ ਗੁਰਪ੍ਰੀਤ ਜੀਪੀ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉੱਤਰੇ ਤਾਂ ਇਕ ਦਿਨ ਚੋਣ ਮੁਹਿੰਮ ਦੌਰਾਨ ਉਨ੍ਹਾਂ ਨਾਲ ਮੇਰੀ ਮੁਲਾਕਾਤ ਮੇਰੇ ਕਿਸੇ ਨਜ਼ਦੀਕੀ ਦੋਸਤ ਦੇ ਘਰ ਹੋ ਗਈ। ਮੁਲਾਕਾਤ ਤੋਂ ਪਹਿਲਾਂ ਮੈਂ ਸੋਚਦਾ ਸੀ ਕਿ ਕਾਫੀ ਵਕਤ ਲੰਘ ਗਿਆ ਹੈ, ਸ਼ਾਇਦ ਮੈਨੂੰ ਨਾ ਪਛਾਨਣ। ਪਰ ਉਸ ਵਕਤ ਮੈਂ ਹੈਰਾਨ ਰਹਿ ਗਿਆ, ਜਦੋ ਗੁਰਪ੍ਰੀਤ ਸਿੰਘ ਜੀਪੀ ਨੇ ਮੈਨੂੰ ਵੇਖਦੇ ਸਾਰ ਉੱਠ ਕੇ ਜੱਫੀ ਵਿੱਚ ਲੈ ਲਿਆ। ਸਾਡੇ ਹਲਕੇ ਦੇ ਵਿਧਾਇਕ ਤਰੁਣਪ੍ਰੀਤ ਸੌਂਦ ਵੀ ਉਹਨਾਂ ਨਾਲ ਬੈਠੇ ਸਨ। ਦੋਵਾਂ ਨੇ ਵਾਰੀ, ਵਾਰੀ ਮੈਨੂੰ ਘੁੱਟ ਕਿ ਜੱਫੀ ਵਿੱਚ ਲਿਆ, ਆਪਣੇ ਕੋਲ ਬਿਠਾ ਕੇ ਪੂਰਾ ਸਤਿਕਾਰ ਦਿੱਤਾ। ਮੈਨੂੰ ਉਸ ਵਕਤ ਪਤਾ ਲੱਗਾ ਕਿ ਇਨ੍ਹਾਂ ਦੀ ਯਾਦਦਾਸ਼ਤ ਕਿੰਨੀ ਤੇਜ਼ ਹੈ।
ਹੁਣ ਇਕ ਦਿਨ ਫਿਰ ਮੈਨੂੰ ਆਪਣਾ ਕੋਈ ਨਿੱਜੀ ਕੰਮ ਸੀ। ਮੈਂ ਉਹਨਾਂ ਨੂੰ ਫ਼ੋਨ ਕੀਤਾ ਤਾਂ ਉਹਨਾਂ ਤੁਰਤ ਚੰਡੀਗੜ੍ਹ ਮਿਲਣ ਦੀ ਹਾਮੀ ਭਰ ਦਿੱਤੀ। ਅਸੀਂ ਉਹਨਾਂ ਨੂੰ ਪੰਜਾਬ ਭਵਨ ਚੰਡੀਗੜ੍ਹ ਮਿਲੇ। ਉਹਨਾਂ ਸਾਡੀ ਗੱਲਬਾਤ ਸੁਣੀ ਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਗੁਰਪ੍ਰੀਤ ਜੀਪੀ ਦਾ ਸੁਭਾਆ ਵਾਕਿਆ ਹੀ ਕਾਬਲੇ ਤਾਰੀਫ਼ ਹੈ, ਜੋ ਹਰ ਇਨਸਾਨ ਨੂੰ ਆਪਣੇ ਵੱਲ ਖਿਚਦਾ ਹੈ। ਉਨ੍ਹਾਂ ਨੂੰ ਮਿਲਣ ਤੋ ਬਾਅਦ ਮੈਂ ਸੋਚਦਾ ਹਾਂ ਕਿ ਨੇਤਾ ਹੋਵੇ ਤਾ ਅਜਿਹਾ, ਜਿਸਦੀ ਯਾਦਦਾਸ਼ਤ ਜੀਪੀ ਵਰਗੀ ਹੋਵੇ, ਜੋ ਮੇਰੇ ਵਰਗੇ ਤੁੱਛ ਜਿਹੇ ਬੰਦੇ ਨੂੰ ਵਰ੍ਹਿਆਂ ਮਗਰੋਂ ਵੀ ਭੁੱਲਦੇ ਨਹੀਂ ਹਨ। ਵਾਕਿਆ ਹੀ ਇਹੋ ਜੇਹਾ ਨੇਤਾ ਲੋਕਾਂ ਦੀ ਪਹੁੰਚ ਵਿੱਚ ਹੁੰਦਾ ਹੈ। ਉਹ ਲੋਕਾਂ ਦੇ ਮਸਲਿਆਂ ਨੂੰ ਸਰਕਾਰੇ ਦਰਬਾਰੇ ਵਧੀਆ ਢੰਗ ਨਾਲ ਉਠਾ ਸਕਦਾ ਹੈ।
ਗੁਰਪ੍ਰੀਤ ਸਿੰਘ ਜੀਪੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁਨੀਸ਼ ਸ਼ਿਸ਼ੋਦੀਆ ਅਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਜ਼ਦੀਕੀਆਂ ਵਿੱਚੋ ਹਨ। ਉਹਨਾਂ ਦੀ ਪਾਰਟੀ ਪ੍ਰਤੀ ਸਮਰਪਤ ਭਾਵਨਾ ਅਤੇ ਮਿਹਨਤ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਸੂਬੇ ਦੇ ਐੱਸਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ, ਜਿਸ ਨਾਲ ਉਹਨਾਂ ਦਾ ਪਾਰਟੀ ਅਤੇ ਸੂਬੇ ਦੀ ਸਿਆਸਤ ਅੰਦਰ ਕੱਦ ਹੋਰ ਉੱਚਾ ਹੋਇਆ ਹੈ। ਉਹ ਅੱਜ ਵੀ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ, ਉਹਨਾਂ ਦੇ ਹੱਲ ਕੱਢਦੇ ਹਨ। ਆਉਣ ਵਾਲੀ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਦੇ ਇਕ ਮਜ਼ਬੂਤ ਅਤੇ ਚੰਗੇ ਸਿਆਸਦਾਨ ਵਜੋਂ ਉਭਰਨ ਦੀ ਸੰਭਾਵਨਾ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਉਹ ਨੇਤਾ ਘੱਟ, ਲੋਕ ਸੇਵਕ ਵੱਧ ਹਨ। ਉਹਨਾਂ ਦੀ ਸੋਚ ਨੂੰ ਇਕ ਸ਼ੇਅਰ ਦੇ ਜਰੀਏ ਸਾਂਝੀ ਕਰ ਰਿਹਾ ਹਾਂ:
ਇਬਾਦਤ ਹੈ ਦੁਖੀਓਂ ਕੀ ਇਮਦਾਦ ਕਰਨਾ,
ਜੋ ਬਰਬਾਦ ਹੋ, ਉਨਕੋ ਆਬਾਦ ਕਰਨਾ।
ਖੁਦਾ ਕੀ ਨਮਾਜ਼ ਔਰ ਪੂਜਾ ਯਹੀ ਹੈ,
ਜੋ ਨਾਸ਼ਾਦ ਹੋ, ਉਨਕੋ ਦਿਲਸ਼ਾਦ ਕਰਨਾ।
ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਸ਼ੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਉਹਨਾਂ ਉੱਤੇ ਭਰੋਸਾ ਕਰਦੇ ਹੋਏ ਗੁਰਪ੍ਰੀਤ ਜੀਪੀ ਨੂੰ ਇਕ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਵਿੱਚ 32 ਪ੍ਰਤੀਸ਼ਤ ਤੋਂ ਵਧੇਰੇ ਐੱਸਸੀ ਵਰਗ ਦੇ ਲੋਕ ਹਨ, ਜਿਨ੍ਹਾਂ ਵਿੱਚ ਗੁਰਪ੍ਰੀਤ ਜੀਪੀ ਦੀ ਅੱਛੀ ਖਾਸੀ ਪਕੜ ਮੰਨੀ ਜਾਂਦੀ ਹੈ। ਪੰਜਾਬ ਦੇ ਲੋਕਾਂ ਨੂੰ ਉਹਨਾਂ ਉੱਤੇ ਢੇਰ ਉਮੀਦਾਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (