“ਹੜ੍ਹਾਂ ਦੀ ਆਫ਼ਤ ਦੇ ਚਲਦਿਆਂ ਲੋਕਾਂ ਨੇ ਹੌਸਲਾ ਨਹੀਂ ਛੱਡਿਆ ਬਲਕਿ ਤਕੜੇ ਹੋ ਕੇ ...”
(15 ਸਤੰਬਰ 2025)
ਇਸ ਵਕਤ ਪੰਜਾਬ ਦੇ ਸਮੁੱਚੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੁਣ ਤਕ ਦੇ ਵੇਰਵਿਆਂ ਮੁਤਾਬਕ 2000 ਤੋਂ ਉੱਪਰ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਉਣ ਨਾਲ ਕਰੀਬ ਕਰੀਬ 4 ਲੱਖ ਏਕੜ ਤੋਂ ਉੱਪਰ ਦੀ ਫਸਲ ਤਬਾਹ ਹੋ ਚੁੱਕੀ ਹੈ। ਹਜ਼ਾਰਾਂ ਡੰਗਰ ਪਾਣੀ ਵਿੱਚ ਰੁੜ੍ਹ ਗਏ ਹਨ। ਇਹ ਸਤਰਾਂ ਲਿਖੇ ਜਾਣ ਤਕ ਹੜ੍ਹਾਂ ਨਾਲ 55 ਦੇ ਲਗਭਗ ਲੋਕਾਂ ਦੀ ਜਾਨ ਜਾ ਚਲੀ ਜਾਣ ਤੋਂ ਇਲਾਵਾ 13 ਹਜ਼ਾਰ ਕਰੋੜ ਤੋਂ ਉੱਪਰ ਦਾ ਨੁਕਸਾਨ ਹੋ ਚੁੱਕਾ ਹੈ। ਸੱਚ ਪੁੱਛੋ ਤਾਂ ਹੜ੍ਹਾਂ ਨੇ ਇੰਨੀ ਤਬਾਹੀ ਮਚਾਈ ਹੈ ਕਿ ਹਜ਼ਾਰਾਂ ਲੋਕਾਂ ਦੇ ਘਰ ਢਹਿ ਢੇਰੀ ਹੋ ਕੇ ਪਾਣੀ ਵਿੱਚ ਰੁੜ੍ਹਨ ਨਾਲ ਉਹ ਘਰੋਂ ਬੇਘਰ ਹੋ ਗਏ ਹਨ। ਪਰ ਉਨ੍ਹਾਂ ਦਾ ਸਬਰ ਸਿਦਕ ਦੇਖਣ ਵਾਲਾ ਹੈ। ਇਸਦੇ ਬਾਵਜੂਦ ਪੰਜਾਬੀਆਂ ਦੇ ਹੌਸਲੇ ਪੂਰੀ ਤਰ੍ਹਾਂ ਚੜ੍ਹਦੀਕਲਾ ਵਿੱਚ ਨਜ਼ਰ ਆਉਂਦੇ ਹਨ। ਪਿਛਲੇ ਇੱਕ ਮਹੀਨੇ ਤੋਂ ਪੰਜਾਬ ਹੜ੍ਹਾਂ ਨਾਲ ਇਕਜੁੱਟ ਹੋ ਕੇ ਲੜਾਈ ਲੜ ਰਿਹਾ ਹੈ। ਸੂਬਿਆਂ ਦੀਆਂ ਸਰਹੱਦਾਂ ਨੂੰ ਪਾਰ ਕਰਦਿਆਂ ਬਾਹਰਲੇ ਰਾਜਾਂ ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਹੋਰ ਕਈ ਸੂਬਿਆਂ ਵੱਲੋਂ ਖੁੱਲ੍ਹ ਕੇ ਪੰਜਾਬ ਦੇ ਹੜ੍ਹ ਪੀੜਿਤ ਇਲਾਕਿਆਂ ਵਿੱਚ ਰਸਦ ਪਾਣੀ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਸਭ ਤੋਂ ਵੱਧ ਦੇਖਣ ਵਾਲੀ ਗੱਲ ਇਹ ਹੈ ਕਿ ਰੱਜੀ ਪੁੱਜੀ ਰੂਹ ਵਾਲੇ ਬਾਬੇ ਨਾਨਕ ਦੇ ਵਾਰਸਾਂ ਨੇ ਥਾਂ ਥਾਂ ਲੰਗਰ ਲਾ ਕੇ ਦੁਨੀਆ ਸਾਹਮਣੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਪੰਜਾਬੀ ਮੁਸੀਬਤਾਂ ਵਿੱਚ ਵੀ ਚੜ੍ਹਦੀਕਲਾ ਵਿੱਚ ਰਹਿਣ ਵਾਲੇ ਹਨ। ਇਸ ਔਖੀ ਘੜੀ ਪੰਜਾਬੀਆਂ ਨੇ ਵਿਖਾ ਦਿੱਤਾ ਹੈ ਕਿ ਮੁਸੀਬਤ ਬੇਸ਼ਕ ਕੋਈ ਵੀ ਹੋਵੇ, ਪੰਜਾਬੀ ਉਸ ਨਾਲ ਲੜਨਾ ਬਾਖੂਬੀ ਜਾਣਦੇ ਹਨ।
ਉੱਧਰ ਜੋ ਲੜਾਈ ਸਾਡੀ ਸੰਗੀਤ ਇੰਡਸਟਰੀ ਮਤਲਬ ਗਾਇਕਾਂ ਵੱਲੋਂ ਲੜੀ ਜਾ ਰਹੀ ਹੈ, ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ ਅਤੇ ਉਸ ਨੂੰ ਸਲਾਮ ਕਰਨਾ ਬਣਦਾ ਹੈ। ਇਸ ਆਫ਼ਤ ਵਿੱਚ ਜੱਸੀ ਗੁਰਦਾਸਪੁਰੀਆ ਵੱਲੋਂ ਇੱਕ ਵੱਡਾ ਰੋਲ ਨਿਭਾਉਂਦਿਆਂ ਗਾਇਕਾਂ ਨੂੰ ਹੜ੍ਹਾਂ ਵਿੱਚ ਡੁੱਬੇ ਪੰਜਾਬ ਦੀ ਬਾਂਹ ਫੜਨ ਲਈ ਅੱਗੇ ਆਉਣ ਲਈ ਪ੍ਰੇਰਿਆ. ਜਿਸਦੇ ਸਿੱਟੇ ਵਜੋਂ ਪੰਜਾਬੀ ਗਾਇਕਾਂ ਨੇ ਅੱਗੇ ਹੋ ਕੇ ਹੜ੍ਹ ਪੀੜਿਤਾਂ ਦੀ ਮਦਦ ਕੀਤੀ। ਉਹ ਮਦਦ ਭਾਵੇਂ ਆਰਥਿਕ ਪੱਖੋਂ ਹੋਵੇ ਜਾ ਕਿਸੇ ਹੋਰ ਪੱਖੋਂ। ਦਲਜੀਤ ਦੁਸਾਂਝ, ਸੋਨੂੰ ਸੂਦ, ਸੁਨੰਦਾ ਸ਼ਰਮਾ, ਗੁਰਦਾਸ ਮਾਨ, ਐਮੀ ਵਿਰਕ, ਨਿਮਰਤ ਖਹਿਰਾ, ਗਿੱਪੀ ਗਰੇਵਾਲ, ਰਣਜੀਤ ਬਾਵਾ, ਇੰਦਰਜੀਤ ਨਿੱਕੂ, ਜੱਸ ਬਾਜਵਾ, ਸੰਜੇ ਦੱਤ, ਮਲਿਕਵਾ ਸੂਦ, ਕਰਨ ਔਜਲਾ, ਸੋਨੀਆ ਮਾਨ, ਸਤਿੰਦਰ ਸਰਤਾਜ, ਮਨਕੀਰਤ ਔਲਖ, ਆਰ ਨੇਤ ਦੇ ਨਾਲ ਨਾਲ ਸਲਮਾਨ ਖ਼ਾਨ, ਅਜੇ ਦੇਵਗਨ, ਸ਼ਾਰੁਖ ਖਾਨ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਗੇ ਹੋ ਕੇ ਹੜ੍ਹ ਪੀੜਿਤਾਂ ਦੀ ਮਦਦ ਕੀਤੀ ਗਈ ਹੈ।
ਬਹੁਤ ਸਾਰੀਆਂ ਹੋਰ ਸੰਸਥਾਵਾਂ ਵੱਲੋਂ ਵੀ ਹੜ੍ਹ ਪੀੜਿਤਾਂ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਸਮੂਹ ਪੰਜਾਬੀ ਸੰਗੀਤ ਇੰਡਸਟਰੀ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਪੰਜਾਬ ਉਨ੍ਹਾਂ ਦੀ ਕਰਮ ਭੂਮੀ ਹੈ। ਮਨਕੀਰਤ ਔਲਖ 100 ਟਰੈਕਟਰ ਅਤੇ ਯੁਵਰਾਜ ਵੱਲੋਂ 600 ਟ੍ਰੈਕਟਰਾਂ ਦਾ ਲੰਗਰ ਲਾਇਆ ਜਾ ਰਿਹਾ ਹੈ। ਗਾਇਕਾਂ ਵੱਲੋਂ ਕਰੋੜਾਂ ਰੁਪਇਆ ਹੜ੍ਹ ਪੀੜਿਤਾਂ ਦੇ ਮੁੜ ਵਸੇਬੇ ਵਾਸਤੇ ਐਲਾਨੇ ਜਾਣ ਨੇ ਸਾਡੇ ਗੁਰੂਆਂ ਵੱਲੋਂ ਦਰਸਾਏ ਸਾਂਝੀਵਾਲਤਾ ਦੇ ਮਾਰਗ ਨੂੰ ਅਪਣਾਉਣ ਦੀ ਇੱਕ ਵਾਰ ਫਿਰ ਮਿਸਾਲ ਪੇਸ਼ ਕੀਤੀ ਹੈ। ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਇਕਜੁੱਟਤਾ ਨਾਲ ਹੜ੍ਹਪੀੜਤ ਲੋਕਾਂ ਵਾਸਤੇ ਮਦਦ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਗਿਆ ਹੈ। ਦੇਸ਼ ਵਿਦੇਸ਼ ਤੋਂ ਡਾਲਰਾਂ ਅਤੇ ਹੋਰ ਹਰ ਤਰ੍ਹਾਂ ਦੀ ਬੇਸ਼ੁਮਾਰ ਸਹਾਇਤਾ ਸਮਗਰੀ ਦਿੱਤੀ ਜਾ ਰਹੀ ਹੈ। ਮੈਨੂੰ ਵੀ ਵਿਦੇਸ਼ਾਂ ਤੋਂ ਹੜ੍ਹ ਪੀੜਿਤਾਂ ਦੀ ਮਦਦ ਕਰਨ ਦੀ ਇੱਛਾ ਪ੍ਰਗਟਾਏ ਜਾਣ ਲਈ ਫੋਨ ਆਏ ਹਨ। ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਹੜ੍ਹ ਪੀੜਿਤਾਂ ਦੀ ਮਦਦ ਕਰਨ ਵਿੱਚ ਲੋਕਾਂ ਨੇ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜਿੱਥੇ ਖਾਲਸਾ ਏਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਹੜ੍ਹਾਂ ਵਿੱਚ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ, ਉੱਥੇ ਕੈਨੇਡਾ ਦੀ ਰੈੱਡ ਐੱਫ ਐੱਮ ਵੱਲੋਂ 20 ਲੱਖ ਡਾਲਰ ਇਕੱਠਾ ਕਰਕੇ ਹੜ੍ਹ ਪੀੜਿਤਾਂ ਲਈ ਭੇਜਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਅਮਰੀਕਾ, ਨਿਊਜ਼ੀਲੈਂਡ, ਅਸਟਰੇਲੀਆ ਸਣੇ ਹੋਰ ਵੀ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਆਰਥਿਕ ਸਹਾਇਤਾ ਭੇਜੀ ਜਾ ਰਹੀ ਹੈ।
ਕਪੂਰਥਲਾ ਦੇ ਇੱਕ ਫੈਕਟਰੀ ਮਾਲਕ ਵੱਲੋਂ ਆਪਣਾ ਉਤਪਾਦਨ ਬੰਦ ਕਰਕੇ ਹੜ੍ਹ ਪੀੜਿਤਾਂ ਲਈ ਮੁਫ਼ਤ ਕਿਸ਼ਤੀਆਂ ਬਣਾਈਆਂ ਜਾ ਰਹੀਆਂ। ਬਹੁਤ ਸਾਰੇ ਲੋਕਾਂ ਵੱਲੋਂ ਰਾਹਤ ਕਾਰਜਾਂ ਲਈ ਇਲੈਕਟ੍ਰੌਨਿਕ ਕਿਸ਼ਤੀਆਂ ਭੇਜੀਆਂ ਗਈਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮੈਡੀਕਲ ਕੈਂਪ ਲਾ ਕੇ ਹਰ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਬੇਘਰ ਲੋਕਾਂ ਦੇ ਸਿਰ ਦੀ ਛੱਤ ਲਈ ਤਰਪਾਲਾਂ ਅਤੇ ਮੱਛਰ ਤੋਂ ਬਚਾ ਲਈ ਮੱਛਰਦਾਨੀਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਨੌਜਵਾਨਾਂ ਵੱਲੋਂ ਜਾਨ ਦੀ ਪਰਵਾਹ ਕੀਤੇ ਬਿਨਾਂ ਖੁਦ ਰਾਹਤ ਕਾਰਜਾਂ ਦੀ ਕਮਾਨ ਸੰਭਾਲਦੇ ਹੋਏ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਅਤੇ ਵਿਹਲੜ ਦੱਸਣ ਵਾਲੇ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਆਫ਼ਤੀ ਸੂਬਾ ਘੋਸ਼ਿਤ ਕਰਦੇ ਹੋਏ ਕੇਂਦਰ ਸਰਕਾਰ ਤੋਂ ਸੂਬੇ ਦਾ 60 ਹਜ਼ਾਰ ਕਰੋੜ ਦਾ ਬਕਾਇਆ ਦੇਣ ਤੋਂ ਇਲਾਵਾ ਵਿੱਤੀ ਆਰਥਿਕ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮੇਤ ਮੰਤਰੀਆਂ ਵੱਲੋਂ ਵੀ ਰਾਹਤ ਕਾਰਜ ਵੇਖੇ ਜਾ ਰਹੇ ਹਨ। ਮਾਲ ਵਿਭਾਗ ਵੱਲੋਂ 71 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਐਨਡੀਆਰ ਐੱਫ ਦੀਆਂ 24 ਤੇ ਐੱਸ ਡੀ ਆਰ ਐੱਫ ਦੀਆਂ ਦੋ ਟੀਮਾਂ ਰਾਹਤ ਕਾਰਜ ਸੰਭਾਲ ਰਹੀਆਂ ਹਨ। ਇਸ ਤੋਂ ਬਿਨਾਂ ਮਿਲਟਰੀ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ। ਭਾਵੇਂ ਕਿ ਲੋਕਾਂ ਵਿੱਚ ਇਸ ਗੱਲ ਦਾ ਰੋਸ ਵੀ ਹੈ ਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਹੜ੍ਹ ਰੋਕਣ ਦੇ ਸਹੀ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਇੰਨੀ ਮਾਰ ਨਾ ਝੱਲਣੀ ਪੈਂਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਸਤੰਬਰ ਦੀ ਆਪਣੀ ਪੰਜਾਬ ਫੇਰੀ ਦੌਰਾਨ ਹੜ੍ਹ ਪੀੜਿਤ ਇਲਾਕਿਆਂ ਦਾ ਸਰਵੇਖਣ ਕਰਦਿਆਂ 1600 ਕਰੋੜ ਦੀ ਫੌਰੀ ਰਾਹਤ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ।
ਮੁੱਕਦੀ ਗੱਲ ਪੰਜਾਬ ਦਾ ਹਰ ਵਿਅਕਤੀ ਰਾਹਤ ਕਾਰਜਾਂ ਵਿੱਚ ਬਣਦਾ ਯੋਗਦਾਨ ਪਾ ਰਿਹਾ ਹੈ। ਬੱਸ ਜੇ ਗੈਰ ਹਾਜ਼ਰੀ ਰੜਕਦੀ ਹੈ ਤਾਂ ਉਹ ਹੈ ਬਾਬਿਆਂ ਦੀ ਜੋ ਆਪਣੇ ਪ੍ਰਚਾਰ ਦੌਰਾਨ ਮਨੁੱਖਤਾ ਦੇ ਭਲੇ ਦੀ ਗੱਲ ਤਾਂ ਕਰਦੇ ਹਨ ਪਰ ਅੱਜ ਜਦੋਂ ਮਨੁੱਖਤਾ ਦੀ ਭਲਾਈ ਦਾ ਵੇਲਾ ਆਇਆ ਹੈ ਤਾਂ ਉਹ ਅੱਖ ਵਿੱਚ ਪਾਇਆਂ ਨਹੀਂ ਰੜਕਦੇ। ਚਲੋ! ਰੱਬ ਉਨ੍ਹਾਂ ਨੂੰ ਸਮੱਤ ਬਖਸ਼ੇ। ਅਖਬਾਰਾਂ ਵੱਲੋਂ ਵੀ ਵੱਖਰੇ ਤੌਰ ’ਤੇ ਫੰਡ ਇਕੱਤਰ ਕਰਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਵਿੱਢੇ ਹੋਏ ਹਨ।
ਪਰ ਜੋ ਸਭ ਤੋਂ ਵੱਡੀ ਚੁਣੌਤੀ ਸਾਡੇ ਸਾਹਮਣੇ ਹੈ, ਉਹ ਹੈ ਹੜ੍ਹਾਂ ਦਾ ਪਾਣੀ ਉੱਤਰਨ ਪਿੱਛੋਂ ਢਹਿ ਗਏ ਘਰਾਂ ਨੂੰ ਮੁੜ ਉਸਾਰਨਾ, ਵਾਹੀਯੋਗ ਜ਼ਮੀਨਾਂ ਨੂੰ ਵਾਹੀਯੋਗ ਬਣਾਉਣਾ, ਪਾਣੀ ਵਿੱਚ ਵਹਿ ਗਏ ਪਸ਼ੂ ਡੰਗਰਾਂ ਦੀ ਥਾਂ ਨਵੇਂ ਪਸ਼ੂ ਡੰਗਰ ਖਰੀਦਣਾ ਤੇ ਆਰਥਿਕ ਪੱਖੋਂ ਸਹਾਇਤਾ ਕਰਕੇ ਉੱਜੜ ਚੁੱਕੇ ਲੋਕਾਂ ਦਾ ਮੁੜ ਵਸੇਬਾ ਕਰਨਾ; ਹੈ ਪਾਣੀ ਉੱਤਰਨ ਪਿੱਛੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕੀਤੇ ਜਾਣਾ। ਸਰਕਾਰਾਂ ਅਤੇ ਲੋਕਾਂ ਨੂੰ ਇਸ ਆਫ਼ਤ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਭਵਿੱਖ ਦੀ ਵਿਉਂਤਬੰਧੀ ਨੂੰ ਅਗਾਊਂ ਉਲੀਕੇ ਜਾਣ ਦੀ ਵੱਡੀ ਲੋੜ ਹੈ ਤਾਂ ਜੋ ਲੋਕਾਂ ਦਾ ਸਹੀ ਢੰਗ ਨਾਲ ਮੁੜ ਵਸੇਬਾ ਹੋ ਸਕੇ ਅਤੇ ਜ਼ਿੰਦਗੀ ਦੁਬਾਰਾ ਆਪਣੀ ਲੀਹ ’ਤੇ ਤੁਰ ਸਕੇ।
ਹੜ੍ਹਾਂ ਦੇ ਚਲਦਿਆਂ ਮੈਂ ਸਰਕਾਰਾਂ ਦੀ ਨਾਕਾਮੀ ਤੇ ਆਲੋਚਨਾ ਨੂੰ ਲਾਂਭੇ ਰੱਖਦਿਆਂ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕਰਨ ਨੂੰ ਤਰਜੀਹ ਦਿੰਦਾ ਹਾਂ ਜੋ ਇਸ ਬਿਪਤਾ ਦੀ ਘੜੀ ਪੀੜਿਤ ਲੋਕਾਂ ਦੀ ਪਿੱਠ ’ਤੇ ਆਣ ਖਲੋਤੇ ਹਨ। ਮੇਰੀ ਕਲਮ ਉਨ੍ਹਾਂ ਸਮੂਹ ਲੋਕਾਂ, ਸੰਸਥਾਵਾਂ, ਦਾਨੀ ਸੱਜਣਾਂ, ਪ੍ਰਿੰਟ ਅਤੇ ਸੋਸ਼ਲ ਮੀਡੀਆ ਅਤੇ ਖਾਸ ਕਰ ਸੰਗੀਤ ਇੰਡਸਟਰੀ ਦੇ ਕਲਾਕਾਰਾਂ ਨੂੰ ਸਲਾਮ ਕਰਦੀ ਹੈ, ਜੋ ਚਟਾਨ ਬਣ ਇਸ ਔਖੀ ਘੜੀ ਪੰਜਾਬ ਦੇ ਪੀੜਿਤ ਲੋਕਾਂ ਨਾਲ ਖਲੋਤੇ ਹਨ। ਹੜ੍ਹਾਂ ਦੀ ਆਫ਼ਤ ਦੇ ਚਲਦਿਆਂ ਲੋਕਾਂ ਨੇ ਹੌਸਲਾ ਨਹੀਂ ਛੱਡਿਆ ਬਲਕਿ ਤਕੜੇ ਹੋ ਕੇ ਹੜ੍ਹਾਂ ਨਾਲ ਟੱਕਰ ਲੈ ਰਹੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (