“ਪਾਸ਼ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸੱਚ ਸਾਹਮਣੇ ਲਿਆਉਣ ਵਾਲੀ ਹੋਣ ...”
(9 ਸਤੰਬਰ 2025)
ਸਭ ਤੋਂ ਖ਼ਤਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਫ ਦਾ
ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲ ਕੰਮ ’ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਾਰ ਜਾਣਾ…
ਅਜਿਹੀ ਸੰਜੀਦਾ ਸੋਚ ਸੀ ਅਵਤਾਰ ਸਿੰਘ ਪਾਸ਼ ਦੀ ਜੋ ਉਸਦੀ ਇਸ ਕਵਿਤਾ ਤੋਂ ਉਜਾਗਰ ਹੁੰਦੀ ਹੈ। ਜੇ ਉਸਦੇ ਜੀਵਨ ’ਤੇ ਝਾਤ ਪਾਈਏ ਤਾਂ ਅਵਤਾਰ ਸਿੰਘ ਪਾਸ਼ ਇੱਕ ਜਝਾਰੂ ਅਤੇ ਇਨਕਲਾਬੀ ਕਵੀ ਸੀ, ਜਿਸਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਵਿੱਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ, ਜੋ ਰਹਿੰਦੀ ਦੁਨੀਆਂ ਤਕ ਕਾਇਮ ਰਹਿਣਗੀਆਂ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਦੀ ਧਰਤੀ ’ਤੇ ਉੱਗੇ ਇਸ ਬੂਟੇ ਨੇ ਕਵੀ ਦੇ ਰੂਪ ਬਹੁਤ ਸਾਰੀਆਂ ਇਨਕਲਾਬੀ ਰਚਨਾਵਾਂ ਦੇ ਜ਼ਰੀਏ ਲੋਕਾਂ ਦਾ ਰਾਹ ਦਸੇਰਾ ਬਣ ਮਾਰਗ ਦਰਸ਼ਨ ਕੀਤਾ।
ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ, ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੇ ਘਰ ਹੋਇਆ। ਉਸਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀ। ਜਿਸ ਤਰ੍ਹਾਂ ਹਰ ਮਾਂ-ਬਾਪ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ ਆਰਥਿਕ ਤੌਰ ’ਤੇ ਸੁਰੱਖਿਅਤ ਹੋਵੇ ਅਤੇ ਚੰਗਾ ਪੜ੍ਹੇ-ਲਿਖੇ, ਠੀਕ ਉਸੇ ਤਰ੍ਹਾਂ ਪਾਸ਼ ਦੇ ਪਿਤਾ ਨੇ ਵੀ ਪਾਸ਼ ਨੂੰ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਜੂਨੀਅਨ ਟੈਕਨੀਕਲ ਸਕੂਲ ਕਪੂਰਥਲਾ ਵਿਖੇ ਪੜ੍ਹਨ ਲਾ ਦਿੱਤਾ। ਪਰ ਪਾਸ਼ ਤਾਂ ਹੋਰ ਹੀ ਨਵੇਕਲ਼ੇ ਰਾਹਾਂ ਦਾ ਪਾਂਧੀ ਸੀ। ਕਪੂਰਥਲੇ ਰਹਿੰਦੇ ਹੀ ਉਹ ਉਸ ਵੇਲੇ ਦੀ ਇਨਕਲਾਬੀ ਲਹਿਰ ਦੇ ਰਾਹ ਪੈ ਗਿਆ। ਉਸਨੇ ਬੀ.ਏ., ਗਿਆਨੀ ਅਤੇ ਜੇ.ਬੀ.ਟੀ. ਕਰਨ ਉਪਰੰਤ ਕੁਝ ਸਮਾਂ ਪੱਤਰਕਾਰੀ ਕੀਤੀ। ਪਾਸ਼ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆ। ਪਰ ਆਰਥਿਕ ਮੁਸ਼ਕਿਲਾਂ ਅਤੇ ਰਾਜਨੀਤਿਕ ਸਰਗਰਮੀਆਂ ਦੇ ਕਾਰਨ ਇਹ ਸਕੂਲ ਬਹੁਤਾ ਚਿਰ ਨਾ ਚੱਲ ਸਕਿਆ। ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਅਤੇ ਜੁਝਾਰਵਾਦੀ ਕਵੀ ਹੋਇਆ ਹੈ। ਉਸਦੀ ਕਵਿਤਾ ਸੱਚ ਦੀ ਪ੍ਰਤੀਕ ਸੀ। ਉਹ ਪੰਜਾਬੀ ਵਿੱਚ ਤੱਤੇ ਲਹੂ ਦੀ ਕਵਿਤਾ ਸਿਰਜਣ ਵਾਲਾ ਪ੍ਰਮੁੱਖ ਕਵੀ ਹੋਣ ਕਰਕੇ ਲੋਕਾਂ ਵਿੱਚ ਜੋਸ਼ ਭਰਨ ਵਾਲਾ ਵਿਅਕਤੀ ਸੀ। ਪਾਸ਼ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸੱਚ ਸਾਹਮਣੇ ਲਿਆਉਣ ਵਾਲੀ ਹੋਣ ਦੇ ਨਾਲ-ਨਾਲ ਮਨੁੱਖ ਅੰਦਰ ਲੋਹੇ ਅਤੇ ਹਥਿਆਰਾਂ ਦਾ ਖੜਕਾ ਅਤੇ ਨਵੀਂ ਚੇਤਨਾ ਭਰਨ ਵਾਲੀ ਸੀ। ਪਾਸ਼ ਨੇ ਕਾਫ਼ੀ ਕਾਵਿ-ਸੰਗ੍ਰਹਿ ਸਾਹਿਤ ਨੂੰ ਭੇਂਟ ਕੀਤੇ ਹਨ, ਜਿਨ੍ਹਾਂ ਵਿੱਚ ਲੋਹ ਕਥਾ, ਉੱਡਦਿਆਂ ਬਾਜ਼ਾਂ ਮਗਰ, ਸਾਡੇ ਸਮਿਆਂ ਵਿੱਚ, ਖਿਲਰੇ ਹੋਏ ਵਰਕੇ, ਅਸੀਂ ਲੜਾਂਗੇ ਸਾਥੀ ਅਤੇ ਉਸਨੇ ਇੱਕ ਜੀਵਨੀ ਫਲਾਇੰਗ ਸਿੱਖ ਵੀ ਲਿਖੀ। ਉਸਦੀ ਹਰੇਕ ਕਵਿਤਾ ਵਿੱਚ ਕਲਾਤਮਕਤਾ ਭਰਪੂਰ ਹੈ। ਉਹ ਲਿਖਦਾ ਹੈ:
ਅਸੀਂ ਚਾਹੁੰਦੇ ਹਾਂ ਆਪਣੀ ਤਲੀ ’ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ਵਿੱਚ ਕਣ ਹੁੰਦਾ ਹੈ,
ਜਿਵੇਂ ਹੁੱਕੇ ਵਿੱਚ ‘ਨਿਕੋਟੀਨ’ ਹੁੰਦੀ ਹੈ।
ਪਾਸ਼ ਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ, ਮਜ਼ਦੂਰਾਂ ਦੇ ਹੱਕਾਂ ਅਤੇ ਇਨਕਲਾਬ ਲਈ ਤਿਆਰੀ ਹੈ। ਉਹ ਆਪਣੇ ਆਲੇ-ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਵੀ ਕਾਵਿਕ ਸ਼ੈਲੀ ਦੁਆਰਾ ਕਰਦਾ ਹੈ, ਜਿਸ ਕਾਰਨ ਉਸਦੀ ਕਾਵਿ-ਧਾਰਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਵੀ ਮੈਦਾਨ ਵਿੱਚ ਆਏ। ਆਪਣੀ ਇੱਕ ਕਵਿਤਾ ‘ਇਨਕਾਰ’ ਵਿੱਚ ਉਸ ਸੁਹਜਵਾਦੀ ਅਤੇ ਪ੍ਰਗਤੀਵਾਦੀ ਰੁਮਾਂਟਿਕਤਾ ਨੂੰ ਰੱਦ ਕਰਦਾ ਹੈ, ਜਿਸਦਾ ਜੀਵਨ ਦੇ ਸੱਚ ਜਾਂ ਯਥਾਰਥ ਨਾਲ ਕੋਈ ਸਰੋਕਾਰ ਨਹੀਂ। ਪਾਸ਼ ਲਿਖਦਾ ਹੈ:
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ਵਿੱਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
ਪਾਸ਼ ਦੇ ਪ੍ਰੇਰਨਾ ਸਰੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਸਨ, ਜਿਸ ਕਾਰਨ ਉਸਦੀਆਂ ਰਚਨਾਵਾਂ ਵੀ ਕ੍ਰਾਂਤੀਕਾਰੀ ਸੁਰ ਵਿੱਚ ਹਨ, ਉਹ ਲਿਖਦਾ ਹੈ:
ਜਦੋਂ ਬੰਦੂਕ ਨਾ ਹੋਈ, ਉਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਂਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ, ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ…
1988 ਦੇ ਅਰੰਭ ਵਿੱਚ ਪਾਸ਼ ਅਮਰੀਕਾ ਤੋਂ ਆਪਣੇ ਵੀਜ਼ੇ ਦੇ ਨਵੀਨੀਕਰਨ ਵਾਸਤੇ ਪੰਜਾਬ ਆਇਆ ਹੋਇਆ ਸੀ। ਦਿੱਲੀ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ 23 ਮਾਰਚ 1988 ਨੂੰ ਪੰਜਾਬ ਦੇ ਇਸ ਜੁਝਾਰੂ ਕਵੀ ਨੂੰ ਉਸਦੇ ਪਿੰਡ ਤਲਵੰਡੀ ਸਲੇਮ ਦੇ ਖੂਹ ਉੱਤੇ ਉਸਦੇ ਦੋਸਤ ਹੰਸ ਰਾਜ ਨਾਲ ਤਿੰਨ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਉਸਦੀ ਮੌਤ ਨੇ ਉਸ ਨੂੰ ‘ਸ਼ਹੀਦ ਕਵੀ’ ਦਾ ਦਰਜਾ ਦੇ ਕੇ ਸਦਾ ਲਈ ਅਮਰ ਕਰ ਦਿੱਤਾ। ਉਹ ਆਪਣੀ ਕਵਿਤਾ ਵਿੱਚ ਖੁਦ ਵੀ ਲਿਖਦਾ ਹੈ:
“ਬੜੀ ਕੌੜੀ ਬੜੀ ਬੇ ਰਸ ਮੇਰੇ ਰੁਜ਼ਗਾਰ ਦੀ ਕਵਿਤਾ”
ਜੀਵਨ ਅਤੇ ਮੌਤ ਬਾਰੇ ਵੀ ਉਸਦੇ ਅਲੱਗ ਹੀ ਵਿਚਾਰ ਹਨ। ਮੌਤ ਬਾਰੇ ਉਹ ਲਿਖਦਾ ਹੈ:
ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰੇਆਮ ਬੇ-ਪਰਦ ਕਰ ਦੇਣਾ।
ਪਾਸ਼ ਦੀਆਂ ਬੋਲੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵਿਖਾਈ ਦਿੰਦਿਆਂ ਹਨ:
ਮੀਂਹ ਮੰਗਿਆ ਤੋਂ ਮੀਂਹ ਨਾ ਮਿਲਦਾ
ਸੁੱਕੀਆਂ ਸੜਨ ਜ਼ਮੀਨਾਂ।
ਤੇਲ ਦੇ ਘਾਟੇ ਇੰਜਣ ਖੜ੍ਹ ਗਏ
ਕੰਮ ਨਾ ਆਉਣ ਮਸ਼ੀਨਾਂ।
ਤੂੜੀ ਖਾਂਦੇ ਢੱਗੇ ਹਾਰ ਗਏ
ਗੱਭਰੂ ਲੱਗ ਗਏ ਫ਼ੀਮਾ।
ਮੜਕ ਤੇਰੀ ਨੂੰ ਕੌਣ ਖਾ ਗਿਆ
ਚੋਬਰ ਜੱਟ ਸ਼ਕੀਨਾ।
ਪਾਸ਼ ਦੀ ਮੌਤ ਮਗਰੋਂ ਉਸਦੀਆਂ ਕੁਝ ਪ੍ਰਕਾਸ਼ਤ ਅਤੇ ਅਣ ਪ੍ਰਕਾਸ਼ਤ ਰਚਨਾਵਾਂ ਵੀ ਮਿਲੀਆਂ ਹਨ। ਜੋ ਇਸ ਪ੍ਰਕਾਰ ਹਨ: ਪਾਸ਼ ਦੀਆਂ ਚਿੱਠੀਆਂ, ਪਾਸ਼ ਦੀ ਡਾਇਰੀ (ਅਣਪ੍ਰਕਾਸ਼ਤ) ਢਾਣੀ ਰਜਿਸਟਰ (ਅਣਪ੍ਰਕਾਸ਼ਿਤ) ਪਿਤਾ ਵੱਲੋਂ ਖ਼ਤ (ਅਣਪ੍ਰਕਾਸ਼ਿਤ), ਭੈਣ ਵੱਲੋਂ ਖ਼ਤ (ਅਣਪ੍ਰਕਾਸ਼ਿਤ) ਖਿਲਰੇ ਹੋਏ ਵਰਕੇ (ਕਾਵਿ ਸੰਗ੍ਰਹਿ)। ਇਸ ਤੋਂ ਇਲਾਵਾ ਪਾਸ਼ ਨੇ ਰੋਹੀਲੇ ਬਾਣ, ਸਿਆੜ, ਐਂਟੀ 47 ਪਰਚੇ ਵੀ ਪ੍ਰਕਾਸ਼ਤ ਕੀਤੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (