“ਅਸਲ ਵਿੱਚ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ। ਬੰਦਾ ਹਰ ਗੱਲ ਦੀ ਪੂਰਤੀ ...”
(19 ਅਪਰੈਲ 2026)
ਅੱਜ ਰਿਸ਼ਤਿਆਂ ਦੀ ਮਿਠਾਸ ਫਿੱਕੀ ਪੈ ਗਈ ਤੇ ਇਹ ਬਕਬਕੇ ਜਾਪਣ ਲੱਗੇ ਹਨ। ਕਦੇ ਸਮਾਂ ਸੀ ਜਦੋਂ ਘਰ ਰਿਸ਼ਤੇਦਾਰ ਆਉਣ ’ਤੇ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਸੀ। ਪਰ ਅੱਜ ਜੇ ਕੋਈ ਰਿਸ਼ਤੇਦਾਰ ਘਰ ਆਉਣ ਬਾਰੇ ਆਖ ਦੇਵੇ ਤਾਂ ਇੱਕ ਬੋਝ ਜਿਹਾ ਲੱਗਣ ਲਗਦਾ ਹੈ। ਅੱਗੇ ਘਰ ਪ੍ਰਾਹੁਣਿਆਂ ਨੇ ਆਉਣਾ ਤਾਂ ਮਾਰ ਘਰਦਿਆਂ ਨੇ ਮਠਿਆਈ ਮੰਗਵਾਉਣੀ, ਉਨ੍ਹਾਂ ਦੀ ਰੱਜ ਕੇ ਖ਼ਾਤਰਦਾਰੀ ਕਰਨੀ। ਰਾਤ ਰਹਿਣ ’ਤੇ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬਣਵਾਉਣੀਆਂ ਤੇ ਕਈ ਘਰਾਂ ਵਿੱਚ ਸਪੈਸ਼ਲ ਮੀਟ ਬਣਾਇਆ ਜਾਣਾ। ਫਿਰ ਕਈ ਪ੍ਰਾਹੁਣਿਆਂ ਨੇ ਤਾਂ ਕਈ ਕਈ ਦਿਨ ਰਹਿਣਾ। ਬੱਚਿਆਂ ਨੇ ਵੀ ਛੁੱਟੀਆਂ ਵਿੱਚ ਨਾਨਕੇ ਰਹਿਣਾ। ਆਲੇ ਦੁਆਲੇ ਦੇ ਸਾਰੇ ਰਿਸ਼ਤੇਦਾਰਾਂ ਬਾਰੇ ਦੇਰ ਰਾਤ ਰਜਾਈਆਂ ਵਿੱਚ ਬਹਿ ਵਿਚਾਰ ਸਾਂਝੇ ਕਰਨੇ। ਇੱਕ ਦੂਜੇ ਦੀਆਂ ਚੁਗਲੀਆਂ ਵੀ ਕਰਨੀਆਂ ਪਰ ਇਸਦੇ ਬਾਵਜੂਦ ਕਦੇ ਕਿਸੇ ਰਿਸ਼ਤੇਦਾਰ ਦੇ ਮਨ ਵਿੱਚ ਇੱਕ ਦੂਜੇ ਪ੍ਰਤੀ ਕੁੜੱਤਣ ਨਹੀਂ ਹੁੰਦੀ ਸੀ। ਬੱਸ ਟਾਈਮ ਪਾਸ ਕਰਨ ਲਈ ਕੁਝ ਵਕਤ ਦਾ ਸ਼ੁਗਲ ਹੁੰਦਾ ਸੀ ਤੇ ਇਸ ਤੋਂ ਵੱਧ ਕੁਝ ਨਹੀਂ। ਫੋਨ ਨਹੀਂ ਸਨ ਤੇ ਚਿੱਠੀ ਪੱਤਰ ਜਾਂ ਕਿਸੇ ਹੱਥ ਘੱਲੇ ਰੁੱਕੇ ਰਾਹੀਂ ਰਿਸ਼ਤੇਦਾਰਾਂ ਦਾ ਆਪਸ ਵਿੱਚ ਸਬੰਧ ਬਣਿਆ ਰਹਿੰਦਾ ਸੀ। ਸੁੱਖ ਸਾਂਦ ਜਾਣਨ ਲਈ ਵੀ ਚਿੱਠੀ ਜਾ ਰੁੱਕਾ ਹੀ ਸਾਧਨ ਹੁੰਦੇ ਸਨ। ਪਰ ਉਸ ਸਮੇਂ ਰਿਸ਼ਤੇਦਾਰਾਂ ਵਿੱਚ ਮੋਹ ਅੰਤਾਂ ਦਾ ਹੁੰਦਾ ਸੀ। ਪਰ ਅੱਜ ਫੋਨਾਂ ਨੇ ਮੋਹ ਮੁਹੱਬਤ ਖ਼ਤਮ ਕਰਨ ਦੇ ਨਾਲ ਨਾਲ ਰਿਸ਼ਤੇਦਾਰੀਆਂ ਵੀ ਖ਼ਤਮ ਕਰ ਕੇ ਰੱਖ ਦਿੱਤੀਆਂ ਹਨ। ਸਕੀਆਂ ਰਿਸ਼ਤੇਦਾਰੀਆਂ ਵਿਚਲਾ ਪਿਆਰ ਖੰਭ ਲਾ ਕੇ ਪਤਾ ਨਹੀਂ ਕਿੱਧਰ ਉਡ ਗਿਆ।
ਸੱਚਮੁੱਚ ਪੁਰਾਣੇ ਸਮਿਆਂ ਵਿੱਚ ਹਰ ਰਿਸ਼ਤਾ ਗੁੜ ਵਾਂਗ ਮਿੱਠਾ ਹੁੰਦਾ ਸੀ ਤੇ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਸੀ ਤੇ ਹਰ ਰਿਸ਼ਤੇ ਨੂੰ ਬਖੂਬੀ ਨਿਭਾਇਆ ਜਾਂਦਾ ਸੀ। ਫਿਰ ਉਹ ਰਿਸ਼ਤਾ ਭੈਣ ਭਰਾ ਦਾ ਹੋਵੇ ਜਾਂ ਚਾਚੇ ਤਾਹੇ ਦਾ, ਭੂਆ ਫੁੱਫੜ ਹੋਵੇ ਜਾਂ ਫਿਰ ਮਾਮੇ ਮਾਮੀ ਦਾ ਹੋਵੇ। ਸਭ ਦੀ ਆਪਣੀ ਵੱਖਰੀ ਮਹੱਤਤਾ ਹੁੰਦੀ ਸੀ। ਵਕਤ ਦੇ ਕਰਵਟ ਲੈਣ ਨਾਲ ਹੌਲੀ ਹੌਲੀ ਪੈਸੇ ਦੀ ਦੌੜ ਨੇ ਰਿਸ਼ਤਿਆਂ ਦਾ ਅਜਿਹਾ ਘਾਣ ਕੀਤਾ ਕਿ ਰਿਸ਼ਤਿਆਂ ਦੇ ਅਰਥ ਹੀ ਬਦਲ ਗਏ ਹਨ।
ਪੁਰਾਣੇ ਸਮੇਂ ਵਿੱਚ ਵਿਆਹ ਅਤੇ ਹੋਰ ਸਮਾਗਮ ਰਿਸ਼ਤਿਆਂ ਨੂੰ ਬਚਾਉਣ ਅਤੇ ਗੰਢਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਸਨ। ਜੇ ਕਦੇ ਰਿਸ਼ਤੇ ਵਿੱਚ ਮਾੜੀ ਮੋਟੀ ਦਰਾੜ ਪੈਂਦੀ ਤਾਂ ਸਮਾਗਮਾਂ ਆਉਣ ’ਤੇ ਬਾਕੀ ਰਿਸ਼ਤੇਦਾਰ ਰਲਮਿਲ ਕੇ ਉਸ ਦਰਾੜ ਨੂੰ ਭਰ ਦਿੰਦੇ, ਭਾਵ ਰਿਸ਼ਤੇ ਵਿੱਚ ਆਏ ਮਨ ਮੁਟਾਵ ਜਾਂ ਗਿਲੇ ਸ਼ਿਕਵੇ ਨੂੰ ਰਲਮਿਲ ਕੇ ਦੂਰ ਕਰਵਾ ਦਿੰਦੇ। ਜੇ ਕਿਸੇ ਕਾਰਨ ਰਿਸ਼ਤਿਆਂ ਵਿੱਚ ਥੋੜ੍ਹੀ ਬਹੁਤੀ ਦੂਰੀ ਪੈ ਵੀ ਜਾਂਦੀ ਤਾਂ ਜਦੋਂ ਕੋਈ ਵਿਆਹਾਂ ਸ਼ਾਦੀ ਜਾ ਕੋਈ ਹੋਰ ਸਮਾਗਮ ਆਉਂਦਾ ਤਾਂ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਰੁੱਸੇ ਹੋਏ ਰਿਸ਼ਤੇਦਾਰ ਨੂੰ ਮਨਾ ਲੈਂਦੇ। ਪਰ ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ। ਅਜੋਕੇ ਕਮਰਸ਼ੀਅਲ ਯੁਗ ਵਿੱਚ ਰਿਸ਼ਤਿਆਂ ਵਿੱਚ ਐਨੀਆਂ ਦਰਾੜਾਂ ਪੈ ਜਾਂਦੀਆਂ ਹਨ ਕਿ ਪੁੱਛੋ ਕੁਛ ਨਾ। ਜਿਸ ਤੋਂ ਮਰਜ਼ੀ ਪੁੱਛ ਲਵੋ, ਹਰ ਕੋਈ ਆਪਣੇ ਰਿਸ਼ਤੇਦਾਰਾਂ ਦਾ ਨਾਂ ਲੈਣ ਨੂੰ ਤਿਆਰ ਨਹੀਂ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਰਿਸ਼ਤੇਦਾਰੀਆਂ ਬਚਾ ਕਿ ਰੱਖੀਆਂ ਹੋਈਆਂ ਹਨ। ਵਰਨਾ ਨਾ ਚਾਚੇ ਤਾਏ, ਨਾ ਭੈਣ ਭਰਾ ਅਤੇ ਨਾ ਹੋਰ ਕੋਈ ਰਿਸ਼ਤੇਦਾਰੀ - ਮਿਲਵਰਤਣ ਦੀ ਤਾਂ ਗੱਲ ਹੀ ਛੱਡੋ, ਕੋਈ ਕਿਸੇ ਨੂੰ ਚੱਜ ਨਾਲ ਬੁਲਾ ਕੇ ਵੀ ਰਾਜ਼ੀ ਨਹੀਂ। ਇਸੇ ਕਰਕੇ ਮੋਹ ਮੁਹੱਬਤ ਦੀਆਂ ਤੰਦਾਂ ਐਨੀਆਂ ਢਿੱਲੀਆਂ ਪੈ ਗਈਆਂ ਹਨ ਕਿ ਲੋਕ ਆਪਣੇ ਰਿਸ਼ਤੇਦਾਰ ਨੂੰ ਤਰਜੀਹ ਦੇਣ ਦੀ ਬਜਾਏ ਯਾਰਾਂ ਦੋਸਤਾਂ ਨੂੰ ਤਰਜੀਹ ਦਿੰਦੇ ਹਨ, ਜੋ ਕਿਰਦੇ ਰਿਸ਼ਤਿਆਂ ਦੀ ਦਾਸਤਾਨ ਹੈ।
ਇਹ ਦੇਖ ਕਿ ਇੰਝ ਜਾਪਦਾ ਹੈ ਜਿਵੇਂ ਰਿਸ਼ਤੇ ਸ਼ਬਦ ਦਾ ਅਰਥ ਹੀ ਬਦਲ ਗਿਆ ਹੋਵੇ। ਰਿਸ਼ਤਿਆਂ ਦਾ ਸਵਰੂਪ ਬਦਲਣ ਦੇ ਸਿੱਟੇ ਵਜੋਂ ਅਜਿਹੇ ਨਵੇਂ ਰਿਸ਼ਤਿਆਂ ਨੇ ਜਨਮ ਲੈ ਲਿਆ ਜਾਂ ਇਹ ਆਖ ਲਵੋ ਕਿ ਨਵੇਂ ਰਿਸ਼ਤੇ ਹੋਂਦ ਵਿੱਚ ਆ ਗਏ, ਜਿਨ੍ਹਾਂ ਨੇ ਪੁਰਾਣੇ ਰਿਸ਼ਤਿਆਂ ਨੂੰ ਹੜੱਪ ਲਿਆ ਹੈ। ਰਿਸ਼ਤਿਆਂ ਦੇ ਟੁੱਟਣ ਪਿੱਛੇ ਸਭ ਤੋਂ ਵੱਡਾ ਕਾਰਨ ਪੈਸੇ ਦੀ ਦੌੜ ਅਤੇ ਸ਼ਾਨੋਸ਼ੋਕਤ ਦੀ ਪ੍ਰਵਿਰਤੀ ਹੈ। ਪੈਸੇ ਨੇ ਰਿਸ਼ਤਿਆਂ ਦਾ ਤਵਾਜ਼ਨ ਵਿਗਾੜ ਦਿੱਤਾ ਹੈ। ਬਹੁਤੇ ਰਿਸ਼ਤਿਆਂ ਨੂੰ ਹੁਣ ਇੱਕ ਨਾਮ ਨਾਲ ਹੀ ਬੁਲਾਇਆ ਜਾਣ ਲੱਗਾ ਹੈ ਤੇ ਉਹ ਨਾਂ ਹੈ ਆਂਟੀ ਅੰਕਲ। ਕੋਈ ਚਾਚਾ ਚਾਚੀ, ਤਾਇਆ ਤਾਈ ਜਾਂ ਮਾਮਾ ਮਾਮੀ, ਮਾਸੜ ਮਾਸੀ ਜਾ ਭੂਆ ਫੁੱਫੜ ਨਹੀਂ, ਸਭ ਨੂੰ ਅੰਕਲ ਜਾਂ ਆਂਟੀ ਕਹਿ ਕੇ ਬੁਲਾ ਸਕਦੇ ਹੋ। ਪਹਿਲੋਂ ਪਤਾ ਹੁੰਦਾ ਸੀ ਕਿ ਇਹ ਚਾਚਾ ਹੈ, ਇਹ ਤਾਇਆ ਹੈ ਤੇ ਇਹ ਮਾਮਾ ਹੈ। ਪ੍ਰੰਤੂ ਅੱਜ ਅੰਕਲ ਕਹਿ ਕੇ ਸਭ ਰਿਸ਼ਤਿਆਂ ਦਾ ਰਲਗੱਡ ਕਰ ਦਿੱਤਾ ਗਿਆ ਹੈ। ਅੰਕਲ ਆਂਟੀ ਸ਼ਬਦ ਬਾਕੀ ਸ਼ਬਦਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਫਿੱਟ ਹੋ ਗਏ ਹਨ। ਪਰ ਲਗਦੇ ਅੱਜ ਵੀ ਇਹ ਬਣਾਵਟੀ ਹੀ ਹਨ। ਇਹ ਸ਼ਬਦ ਅਣਜਾਣ ਬੰਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ, ਜਿਸਨੇ ਪੱਕੇ ਰਿਸ਼ਤਿਆਂ ਦੀ ਜਗ੍ਹਾ ਮੱਲ ਲਈ ਹੈ।
ਪੁਰਾਣੇ ਵਕਤਾਂ ਵਿੱਚ ਹਰ ਸਮਾਗਮ ਵਿੱਚ ਰਿਸ਼ਤਿਆਂ ਦੀ ਮਿਠਾਸ ਤੇ ਅਹਿਮੀਅਤ ਖੁੱਲ੍ਹ ਕੇ ਦੇਖਣ ਨੂੰ ਮਿਲਦੀ ਸੀ। ਵਿਆਹਾਂ ਵਿੱਚ ਮੁੰਡੇ ਕੁੜੀ ਨੂੰ ਖਾਰੇ ਤੋਂ ਉਤਾਰਨ ਦੀ ਰਸਮ ਕੇਵਲ ਮਾਮਾ ਹੀ ਅਦਾ ਕਰਦਾ ਸੀ। ਵਿਆਹੇ ਵਿੱਚ ਮੁੰਡੇ ਦੇ ਸਿਰ ਤੋਂ ਪਾਣੀ ਵਾਰਨ ਦੀ ਰਸਮ ਮਾਂ ਕਰਦੀ ਸੀ। ਰੀਬਨ ਕੱਟਣ ਦੀ ਰਸਮ ਸਾਲੀਆਂ ਨਿਭਾਉਂਦਿਆਂ ਸਨ। ਪਰ ਅੱਜ ਕੱਲ੍ਹ ਰਸਮਾਂ ਬਦਲ ਗਈਆਂ ਤਾਂ ਰਿਸ਼ਤੇ ਵੀ ਬਦਲ ਗਏ ਹਨ। ਜੇ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਗੁੱਸੇ ਗਿਲੇ ਕਾਰਨ ਸ਼ਿਰਕਤ ਨਹੀਂ ਕਰਦਾ ਤਾਂ ਝੱਟ ਅੰਕਲ ਆਂਟੀ ਕੰਮ ਸਾਰ ਦਿੰਦੇ ਹਨ। ਪਰ ਪੁਰਾਣੇ ਵਕਤਾਂ ਵਿੱਚ ਅਜਿਹਾ ਨਹੀਂ ਹੁੰਦਾ ਸੀ। ਜਿੰਨਾ ਸਮਾਂ ਕੋਈ ਰਿਸ਼ਤੇਦਾਰ ਸਮਾਗਮ ਵਿੱਚ ਨਾ ਪਹੁੰਚਦਾ ਉੰਨਾ ਸਮਾਂ ਰਸਮ ਪੂਰੀ ਨਹੀਂ ਕੀਤੀ ਜਾਂਦੀ ਸੀ। ਰੁੱਸਣਾ ਰੁਸਾਉਣਾ ਅੱਜ ਕੱਲ੍ਹ ਤੋਂ ਕਿਤੇ ਜ਼ਿਆਦਾ ਸੀ ਪਰ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਇੰਨਾ ਜ਼ਿਆਦਾ ਹੁੰਦਾ ਸੀ ਕੀ ਰੁੱਸੇ ਬੰਦੇ ਨੂੰ ਸਾਰੇ ਰਿਸ਼ਤੇਦਾਰ ਰਲ ਕਿ ਮਨਾ ਲੈਂਦੇ ਸਨ। ਪਰ ਹੁਣ ਜੇ ਕੋਈ ਰਿਸ਼ਦੇਦਾਰ ਰੁੱਸ ਜਾਵੇ ਤਾਂ ਉਸ ਨੂੰ ਮਨਾਉਣ ਕੋਈ ਨਹੀਂ ਜਾਂਦਾ। ਸਗੋਂ ਆਖ ਦਿੰਦੇ ਨੇ, ਉਸ ਬਿਨ ਕਿਹੜਾ ਸਰਦਾ ਨਹੀਂ? ਰਹਿਣ ਦਿਓ ਉਸ ਨੂੰ? ਇਹੀ ਵਜਾਹ ਹੈ ਕਿ ਰਿਸ਼ਤੇ ਕਿਰ ਰਹੇ ਹਨ। ਮੋਹ ਖ਼ਤਮ ਹੁੰਦਾ ਜਾ ਰਿਹਾ ਹੈ।
ਅਸਲ ਵਿੱਚ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ। ਬੰਦਾ ਹਰ ਗੱਲ ਦੀ ਪੂਰਤੀ ਪੈਸੇ ਨਾਲ ਕਰਨ ਦਾ ਆਦੀ ਹੋ ਗਿਆ ਹੈ। ਇਹੀ ਕਾਰਨ ਹੈ ਕੀ ਹਰ ਵਿਅਕਤੀ ਤਣਾਵ ਵਿੱਚ ਘਿਰਿਆ ਨਜ਼ਰ ਆਉਂਦਾ ਹੈ। ਅੱਜ ਕੱਲ੍ਹ ਰਿਸ਼ਤਿਆਂ ਦੇ ਕਿਰਨ (ਟੁੱਟਣ) ਕਰਕੇ ਸਮਾਜਿਕ ਤਾਣਾਬਾਣਾ ਉਲਝਦਾ ਜਾ ਰਿਹਾ ਹੈ।
ਅੱਜ ਲੋੜ ਹੈ ਸਮਾਜਿਕ ਤਾਣੇ ਬਾਣੇ ਨੂੰ ਸੰਵਾਰਨ ਦੀ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ, ਜ਼ਿੰਦਗੀ ਦੇ ਘਾਟੇ ਵਾਧੇ ਜਰਦਿਆਂ ਵੱਖ ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ, ਯਾਰਾਂ ਦੋਸਤਾਂ ਨਾਲ ਯਾਰੀਆਂ ਨਿਭਾਉਂਦਿਆਂ ਬਾਕੀ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਣ ਦੀ, ਨਹੀਂ ਤਾਂ ਇਸੇ ਤਰ੍ਹਾਂ ਘੁਟਣ ਵਿੱਚ ਜ਼ਿੰਦਗੀ ਗੁਜ਼ਾਰਦਾ ਹੋਇਆ ਇਨਸਾਨ ਇਸ ਜਹਾਨ ਤੋਂ ਰੁਖ਼ਸਤ ਹੁੰਦਾ ਰਹੇਗਾ। ਆਉ! ਦੂਰੀਆਂ ਨੂੰ ਦੂਰ ਕਰਕੇ ਗਲੇ ਮਿਲੀਏ ਅਤੇ ਮੋਹ ਮੁਹੱਬਤਾਂ ਵੰਡਦੇ ਹੋਏ ਹਾਸੇ ਠੱਠਿਆਂ ਇਸ ਅਨਮੋਲ ਜ਼ਿੰਦਗੀ ਦਾ ਮਜ਼ਾ ਲਾਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































