“ਜੇਕਰ ਹਰ ਘਟਨਾ ਨੂੰ ਧਾਰਮਿਕ ਚਸ਼ਮੇ ਨਾਲ ਦੇਖ ਕੇ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਅਤੇ ਵਿਦੇਸ਼ੀ ...”
(7 ਮਾਰਚ 2026)
ਭਾਰਤ ਵਿੱਚ ਵਸਦੇ ਲੋਕਾਂ ਵਿੱਚ ਰਾਸ਼ਟਰੀ ਏਕਤਾ ਅਤੇ ਵਫ਼ਾਦਾਰੀ ਦਾ ਸਵਾਲ ਅਕਸਰ ਉੱਠਦਾ ਰਹਿੰਦਾ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਘਟਨਾਵਾਂ ਨੂੰ ਲੈ ਕੇ ਦੇਸ਼ ਅੰਦਰ ਵੱਖ-ਵੱਖ ਵਰਗਾਂ ਵੱਲੋਂ ਪ੍ਰਤੀਕਿਰਿਆਵਾਂ ਵਿਖਾਈਆਂ ਜਾਂਦੀਆਂ ਹਨ। ਹਾਲ ਹੀ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਲੀ ਖਾਮਨਈ ਦੀ ਮੌਤ ਨੇ ਇੱਕ ਵਾਰ ਫਿਰ ਇਸ ਸਵਾਲ ਨੂੰ ਤਾਜ਼ਾ ਕਰ ਦਿੱਤਾ ਹੈ। ਖਾਮਨਈ ਦੀ ਮੌਤ ਇੱਕ ਅੰਤਰਰਾਸ਼ਟਰੀ ਸੰਘਰਸ਼ ਵਿੱਚ ਹੋਈ, ਜਿੱਥੇ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਉੱਤੇ ਹਮਲੇ ਕੀਤੇ। ਇਹ ਘਟਨਾ ਇਰਾਨ ਵਿੱਚ ਵਾਪਰੀ, ਪਰ ਭਾਰਤ ਵਿੱਚ ਇੱਕ ਵਿਸ਼ੇਸ਼ ਵਰਗ, ਖਾਸ ਕਰਕੇ ਸ਼ੀਆ ਮੁਸਲਿਮ ਭਾਈਚਾਰੇ ਵੱਲੋਂ ਇਸ ਨੂੰ ਲੈ ਕੇ ਵੱਡੇ ਪੱਧਰ ਉੱਤੇ ਸੋਗ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਨਵੀਂ ਦਿੱਲੀ ਵਿੱਚ ਇਰਾਨ ਕਲਚਰਲ ਹਾਊਸ ਵਿਖੇ ਹਜ਼ਾਰਾਂ ਲੋਕਾਂ ਨੇ ਮੋਮਬੱਤੀਆਂ ਨਾਲ ਸ਼ਰਧਾਂਜਲੀ ਦਿੱਤੀ, ਜਦਕਿ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਸੈਂਕੜੇ ਲੋਕ ਕਾਲੇ ਕੱਪੜੇ ਪਾ ਕੇ ਇਬਨੇ ਖਾਤੂਨ ਦੀ ਕਬਰ ਨੇੜੇ ਇਕੱਠੇ ਹੋਏ ਅਤੇ ਅਮਰੀਕਾ ਵਿਰੋਧੀ ਨਾਅਰੇ ਲਾਏ। ਲਖਨਊ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੋਗ ਸਭਾ ਕੀਤੀ, ਜਿੱਥੇ ਸੁੰਨੀ ਅਤੇ ਸ਼ੀਆ ਇਕੱਠੇ ਨਜ਼ਰ ਆਏ। ਇਹ ਸੋਗ ਨਾ ਸਿਰਫ ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਸੀ, ਸਗੋਂ ਮਹਾਰਾਸ਼ਟਰ, ਬਿਹਾਰ ਅਤੇ ਕੇਰਲ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਵੀ ਵਿਖਾਈ ਦਿੱਤਾ। ਪਰ ਇਸ ਸੋਗ ਨੂੰ ਦੇਖ ਕੇ ਸਵਾਲ ਉੱਠਦਾ ਹੈ ਕਿ ਕੀ ਇਹ ਵਰਗ ਭਾਰਤ ਨੂੰ ਆਪਣਾ ਦੇਸ਼ ਮੰਨਦਾ ਵੀ ਹੈ ਜਾਂ ਨਹੀਂ?
ਖਾਮਨਈ ਦੀ ਮੌਤ ਤਾਂ ਇੱਕ ਯੁੱਧ ਵਿੱਚ ਹੋਈ, ਜਿੱਥੇ ਇਰਾਨ ਨੇ ਇਜ਼ਰਾਈਲ ਅਤੇ ਅਮਰੀਕਾ ਨਾਲ ਟਕਰਾਅ ਵਧਾਇਆ। ਇਹ ਦੋ ਦੇਸ਼ਾਂ ਦੀ ਆਪਸੀ ਲੜਾਈ ਸੀ, ਪਰ ਭਾਰਤ ਵਿੱਚ ਇਸ ਨੂੰ ਲੈ ਕੇ ਅਜਿਹਾ ਸੋਗ ਮਨਾਇਆ ਗਿਆ ਜਿਵੇਂ ਕੋਈ ਨਿੱਜੀ ਨੁਕਸਾਨ ਹੋਇਆ ਹੋਵੇ। ਇਸ ਵਰਗ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਖਾਮਨਈ ਦੁਆਰਾ, ਇਰਾਨ ਇੱਕ ਪ੍ਰਾਚੀਨ ਦੇਸ਼ ਪਰਸ਼ੀਆ ਉੱਤੇ ਜ਼ਬਰਦਸਤੀ ਕਬਜ਼ਾ ਕੀਤਾ ਅਤੇ ਇਸਲਾਮ ਨੂੰ ਜ਼ਬਰੀ ਥੋਪ ਕੇ ਰੱਖਿਆ। ਖਾਮਨਈ ਦੇ ਰਾਜ ਵਿੱਚ ਅਜਿਹੇ ਕਾਨੂੰਨ ਬਣਾਏ ਗਏ ਜੋ ਇਨਸਾਨੀ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਸਨ। ਔਰਤਾਂ ਉੱਤੇ ਸਖਤ ਪਾਬੰਦੀਆਂ, ਵਿਰੋਧੀਆਂ ਨੂੰ ਫਾਂਸੀਆਂ ਅਤੇ ਅੱਤਿਆਚਾਰ, ਜੋ ਸਮਾਜ ਨੂੰ ਡਰ ਵਿੱਚ ਰੱਖਦੇ ਸਨ। ਇਰਾਨ ਵਿੱਚ ਖੁਦ ਲੋਕ ਖਾਮਨਈ ਦੇ ਵਿਰੋਧ ਵਿੱਚ ਉੱਠ ਖੜ੍ਹੇ ਹੋਏ ਸਨ, ਪਰ ਭਾਰਤ ਵਿੱਚ ਇਸ ਵਰਗ ਵੱਲੋਂ ਉਸ ਨੂੰ ਇੱਕ ਨਾਇਕ ਵਾਂਗ ਮਨਾਇਆ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦੀ ਵਫ਼ਾਦਾਰੀ ਹੈ ਜਿੱਥੇ ਦੂਰ ਵਸਦੇ ਧਾਰਮਿਕ ਨੇਤਾ ਦੀ ਮੌਤ ਉੱਤੇ ਅਜਿਹਾ ਸੋਗ ਹੋਵੇ, ਪਰ ਆਪਣੇ ਦੇਸ਼ ਦੇ ਮਸਲਿਆਂ ਉੱਤੇ ਚੁੱਪ?
ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ 2025 ਵਿੱਚ ਜਦੋਂ ਭਾਰਤ ਨੇ ਅਪਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਉੱਤੇ ਹਮਲਾ ਕੀਤਾ, ਜੋ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਸੀ, ਤਾਂ ਇਸ ਵਰਗ ਨਾਲ ਸੰਬੰਧਿਤ ਕਈ ਲੋਕਾਂ ਅਤੇ ਨੇਤਾਵਾਂ ਨੇ ਇਸਦਾ ਵਿਰੋਧ ਕੀਤਾ। ਉਸ ਹਮਲੇ ਵਿੱਚ 26 ਨਿਰਦੋਸ਼ ਸੈਲਾਨੀ ਮਾਰੇ ਗਏ ਸਨ, ਜਿਸ ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੇ ਅੰਜਾਮ ਦਿੱਤਾ। ਭਾਰਤ ਨੇ ਨੌਂ ਅੱਤਵਾਦੀ ਕੈਂਪਾਂ ਉੱਤੇ ਮਿਜ਼ਾਈਲ ਹਮਲੇ ਕੀਤੇ, ਪਰ ਇਸ ਵਰਗ ਵਿੱਚੋਂ ਕਈਆਂ ਨੇ ਇਸ ਨੂੰ ‘ਯੁੱਧ ਦੀ ਸਾਜ਼ਿਸ਼’ ਕਹਿ ਕੇ ਵਿਰੋਧ ਕੀਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ, ਜਿਵੇਂ ਭਾਰਤ ਨੇ ਕੋਈ ਗਲਤੀ ਕੀਤੀ ਹੋਵੇ। ਪਾਕਿਸਤਾਨ ਨੇ ਵੀ ਜਵਾਬੀ ਹਮਲੇ ਕੀਤੇ, ਜਿਸ ਨਾਲ ਸੰਘਰਸ਼ ਵਧਿਆ, ਪਰ ਇਸ ਵਰਗ ਨੇ ਭਾਰਤ ਦੇ ਫੈਸਲੇ ਨੂੰ ਹੀ ਨਿਸ਼ਾਨਾ ਬਣਾਇਆ। ਇਹ ਵੀ ਨੋਟ ਕੀਤਾ ਗਿਆ ਕਿ ਕਈ ਮੁਸਲਿਮ ਨੇਤਾਵਾਂ ਨੇ ਭਾਰਤ-ਪਾਕਿਸਤਾਨ ਸੰਘਰਸ਼ ਨੂੰ ‘ਮੁਸਲਿਮ ਵਿਰੋਧੀ’ ਕਹਿ ਕੇ ਪੇਸ਼ ਕੀਤਾ, ਜਦਕਿ ਇਹ ਅੱਤਵਾਦ ਵਿਰੋਧੀ ਕਾਰਵਾਈ ਸੀ।
ਪਰ ਜਦੋਂ ਗੁਆਂਢੀ ਮੁਲਕਾਂ ਵਿੱਚ ਘੱਟ ਗਿਣਤੀਆਂ ਨਾਲ ਅਮਾਨਵੀ ਵਿਹਾਰ ਹੁੰਦਾ ਹੈ ਤਾਂ ਇਹ ਵਰਗ ਚੁੱਪ ਰਹਿੰਦਾ ਹੈ। ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀ ਨੂੰ ਨਿੱਤ ਦੇ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜ਼ਬਰੀ ਧਰਮ ਪਰਿਵਰਤਨ, ਅਗਵਾ, ਵਿਆਹ ਅਤੇ ਮੰਦਰਾਂ ਉੱਤੇ ਹਮਲੇ। ਬੰਗਲਾਦੇਸ਼ ਵਿੱਚ ਵੀ ਹਿੰਦੂਆਂ ਉੱਤੇ ਹਿੰਸਾ ਅਤੇ ਜ਼ਮੀਨਾਂ ਖੋਹਣ ਦੇ ਮਾਮਲੇ ਆਮ ਹਨ, ਖਾਸ ਕਰਕੇ ਸ਼ੇਖ ਹਸੀਨਾ ਦੇ ਸੱਤਾ ਤੋਂ ਜਾਣ ਤੋਂ ਬਾਅਦ। ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਵਧੀਆਂ ਹਨ, ਜਿੱਥੇ ਉਨ੍ਹਾਂ ਨੂੰ ਬੇਘਰੇ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਧਿਕਾਰ ਛਿੱਕੇ ਉੱਤੇ ਟੰਗੇ ਹਨ। ਪਾਕਿਸਤਾਨ ਵਿੱਚ ਹਿੰਦੂ ਔਰਤਾਂ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ਰੋਜ਼ਾਨਾ ਵਾਪਰਦੇ ਹਨ ਅਤੇ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ। ਪਰ ਭਾਰਤ ਵਿੱਚ ਇਸ ਵਰਗ ਵੱਲੋਂ ਇਨ੍ਹਾਂ ਘਟਨਾਵਾਂ ਉੱਤੇ ਕੋਈ ਵੱਡਾ ਰੋਸ ਜਾਂ ਪ੍ਰਦਰਸ਼ਨ ਨਹੀਂ ਵਿਖਾਈ ਦਿੰਦਾ। ਉਹ ਆਪਣੇ ਬੁੱਲ੍ਹ ਸੀ ਲੈਂਦੇ ਹਨ, ਜਿਵੇਂ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਕਿਸ ਤਰ੍ਹਾਂ ਦਾ ਭਾਈਚਾਰਾ ਹੈ?
ਹੋਰ ਮੁਲਕਾਂ ਵਿੱਚ ਵਸਦੇ ਭਾਰਤੀਆਂ ਉੱਤੇ ਤਸ਼ੱਦਦ ਹੋਵੇ ਤਾਂ ਵੀ ਇਹ ਵਰਗ ਚੁੱਪ ਰਹਿੰਦਾ ਹੈ। ਉਦਾਹਰਨ ਵਜੋਂ, ਅਫਗਾਨਿਸਤਾਨ ਜਾਂ ਪਾਕਿਸਤਾਨ ਵਿੱਚ ਭਾਰਤੀ ਨਾਗਰਿਕਾਂ ਜਾਂ ਹਿੰਦੂਆਂ ਉੱਤੇ ਹਮਲੇ ਹੁੰਦੇ ਹਨ, ਪਰ ਇਸ ਵਰਗ ਵੱਲੋਂ ਕੋਈ ਸੋਗ ਜਾਂ ਰੋਸ ਪ੍ਰਗਟ ਨਹੀਂ ਕੀਤਾ ਜਾਂਦਾ। ਪਰ ਜਦੋਂ ਸੱਤ ਸਮੁੰਦਰ ਪਾਰ ਆਪਣੇ ਧਾਰਮਿਕ ਵਰਗ ਨਾਲ ਜੁੜੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਅਜਿਹਾ ਸੋਗ ਮਨਾਇਆ ਜਾਂਦਾ ਹੈ ਜਿਵੇਂ ਆਪਣਾ ਕੋਈ ਨਿੱਜੀ ਵਿੱਛੜ ਗਿਆ ਹੋਵੇ। ਖਾਮਨਈ ਦੀ ਮੌਤ ਉੱਤੇ ਨਵੀਂ ਦਿੱਲੀ ਅਤੇ ਹੈਦਰਾਬਾਦ ਵਿੱਚ ਵਿਖਾਈ ਗਈ ਭਾਵਨਾਤਮਕ ਪ੍ਰਤੀਕਿਰਿਆ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਇਹ ਦੋਗਲਾ ਵਿਹਾਰ ਕਿੱਥੋਂ ਆਉਂਦਾ ਹੈ? ਕੀ ਇਹ ਧਾਰਮਿਕ ਨਿਸ਼ਠਾ ਹੈ ਜਾਂ ਰਾਸ਼ਟਰੀ ਵਫ਼ਾਦਾਰੀ ਵਿੱਚ ਕਮੀ?
ਇਸ ਵਿਹਾਰ ਦਾ ਵਿਰੋਧ ਕਰਨ ਉੱਤੇ ਇਹ ਵਰਗ ਤੁਰੰਤ ਘੱਟ ਗਿਣਤੀ ਵਾਲਾ ਕਾਰਡ ਖੇਡਦਾ ਹੈ। ਉਹ ਕਹਿੰਦੇ ਹਨ ਕਿ ਭਾਰਤ ਵਿੱਚ ਉਨ੍ਹਾਂ ਨਾਲ ਬਿਗਾਨਿਆਂ ਵਾਂਗ ਵਿਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਰ ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ 1947 ਵਿੱਚ ਦੇਸ਼ ਦਾ ਬਟਵਾਰਾ ਧਰਮ ਦੇ ਅਧਾਰ ਉੱਤੇ ਹੋਇਆ ਸੀ। ਪਾਕਿਸਤਾਨ ਬਣਨ ਤੋਂ ਬਾਅਦ ਵੀ ਜੋ ਲੋਕ ਭਾਰਤ ਵਿੱਚ ਰਹੇ, ਉਨ੍ਹਾਂ ਨੂੰ ਪੂਰੀ ਅਜ਼ਾਦੀ ਅਤੇ ਅਧਿਕਾਰ ਮਿਲੇ। ਭਾਰਤ ਨੇ ਆਪਣੇ ਸੰਵਿਧਾਨ ਵਿੱਚ ਧਰਮ ਨਿਰਪੱਖਤਾ ਨੂੰ ਅਪਣਾਇਆ, ਪਰ ਇਸ ਵਰਗ ਨੇ ਬਾਕੀ ਭਾਰਤੀਆਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਭਾਰਤ ਵਿੱਚ ਕੋਈ ਘਟਨਾ ਵਾਪਰੇ, ਜਿਵੇਂ ਕਸ਼ਮੀਰ ਵਿੱਚ ਅੱਤਵਾਦ ਵਰਗੇ ਦੁਖਾਂਤ, ਤਾਂ ਇਸ ਵਰਗ ਨੂੰ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਲਗਦਾ। ਉਹ ਆਪਣੇ ਧਾਰਮਿਕ ਨੇਤਾਵਾਂ ਅਤੇ ਮੁਲਕਾਂ ਨੂੰ ਪਹਿਲ ਦਿੰਦੇ ਹਨ, ਜਿੱਥੇ ਉਨ੍ਹਾਂ ਦਾ ਵਰਗ ਬਹੁਮਤ ਵਿੱਚ ਹੈ। ਇਹ ਦੋਹਰੀ ਮਾਨਸਿਕਤਾ ਕਿੱਥੋਂ ਆਉਂਦੀ ਹੈ? ਕੀ ਇਹ ਧਾਰਮਿਕ ਸਿੱਖਿਆਵਾਂ ਕਰਕੇ ਹੈ ਜਾਂ ਰਾਜਨੀਤਿਕ ਲਾਭ ਲਈ? ਭਾਰਤ ਵਿੱਚ ਰਹਿੰਦੇ ਹੋਏ ਵੀ ਇਸ ਵਰਗ ਨੇ ਆਪਣੇ ਆਲੇ-ਦੁਆਲੇ ਨੂੰ ਧਾਰਮਿਕ ਨਜ਼ਰੀਏ ਨਾਲ ਦੇਖਿਆ ਹੈ, ਜਿਸ ਕਰਕੇ ਰਾਸ਼ਟਰੀ ਮਸਲਿਆਂ ਉੱਤੇ ਉਨ੍ਹਾਂ ਦੀ ਪ੍ਰਤੀਕਿਰਿਆ ਵੱਖਰੀ ਰਹਿੰਦੀ ਹੈ। ਪਰ ਖਾਮਨਈ ਦੀ ਮੌਤ ਉੱਤੇ ਭਾਰਤ ਸਰਕਾਰ ਨੇ ਚੁੱਪ ਅਪਣਾਈ, ਜਿਸ ਨੂੰ ਕਈ ਲੋਕਾਂ ਨੇ ਭਾਰਤ ਦੇ ਰਾਜਨੀਤਿਕ ਹਿਤਾਂ ਨਾਲ ਜੋੜ ਕੇ ਦੇਖਿਆ। ਪਰ ਇਸ ਵਰਗ ਨੇ ਆਪਣੇ ਪੱਧਰ ਉੱਤੇ ਵੱਡੇ ਪ੍ਰਦਰਸ਼ਨ ਕੀਤੇ, ਜੋ ਰਾਸ਼ਟਰੀ ਏਕਤਾ ਨੂੰ ਪ੍ਰਭਾਵਿਤ ਕਰਦੇ ਹਨ।
ਇਹ ਸਵਾਲ ਆਉਂਦਾ ਹੈ ਕਿ ਕੀ ਅਸੀਂ ਸੱਚਮੁੱਚ ਭਾਰਤ ਦਾ ਹਿੱਸਾ ਹਾਂ? ਜੇਕਰ ਹਾਂ, ਤਾਂ ਪਹਿਲੀ ਪ੍ਰਾਥਮਿਕਤਾ ਭਾਰਤ ਨੂੰ ਹੋਣੀ ਚਾਹੀਦੀ ਹੈ। ਪਰ ਜੇਕਰ ਹਰ ਘਟਨਾ ਨੂੰ ਧਾਰਮਿਕ ਚਸ਼ਮੇ ਨਾਲ ਦੇਖ ਕੇ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਅਤੇ ਵਿਦੇਸ਼ੀ ਮੁਲਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਇਹ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਭਾਰਤ ਨੂੰ ਏਕਤਾ ਦੀ ਲੋੜ ਹੈ, ਜਿੱਥੇ ਹਰ ਵਰਗ ਰਾਸ਼ਟਰ ਨੂੰ ਸਭ ਤੋਂ ਉੱਪਰ ਰੱਖੇ। ਜੇਕਰ ਇਹ ਨਹੀਂ ਹੁੰਦਾ ਤਾਂ ਸਵਾਲ ਬਣਦਾ ਹੈ ਕਿ ਅਸਲ ਵਿੱਚ ਅਸੀਂ ਕਿਸਦੇ ਵਫ਼ਾਦਾਰ ਹਾਂ, ਧਰਮ ਜਾਂ ਦੇਸ਼ ਦੇ? ਇਹ ਵਿਚਾਰ ਵਟਾਂਦਰੇ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੋਗਲੀਆਂ ਪ੍ਰਤੀਕਿਰਿਆਵਾਂ ਨੂੰ ਰੋਕਿਆ ਜਾ ਸਕੇ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (