“ਪਾਠਕ ਇਹ ਲਿਖਤ ਪੜ੍ਹਨ ਤੋਂ ਪਹਿਲਾਂ ... ਸੰਦੀਪ ਕੁਮਾਰ ਦਾ ਲੇਖ ...”
(17 ਜੁਲਾਈ 2025)
ਪਾਠਕ ਇਹ ਲਿਖਤ ਪੜ੍ਹਨ ਤੋਂ ਪਹਿਲਾਂ 2 ਜੁਲਾਈ ਨੂੰ ਸਰੋਕਾਰ ਵਿੱਚ ਛਪਿਆ ਸੰਦੀਪ ਕੁਮਾਰ ਦਾ ਲੇਖ ...
ਪਹਿਲਾਂ ਦੇਸ਼ ਜਾਂ ਕਲਾਕਾਰ ਅਤੇ ਪੈਸਾ?
ਅਤੇ 14 ਜੁਲਾਈ ਨੂੰ ਛਪਿਆ ਕਿਰਪਾਲ ਸਿੰਘ ਪੰਨੂੰ ਦਾ ਪ੍ਰਤੀਕਰਮ ਜ਼ਰੂਰ ਪੜ੍ਹ ਲੈਣ। --- ਸੰਪਾਦਕ)
* * *
ਸਰ ਜੀ, ਜਿਸ ਲੇਖ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਬਾਰੇ ਇੱਕ ਗੱਲ 100% ਇਮਾਨਦਾਰੀ ਨਾਲ ਕਹਿ ਰਿਹਾ ਹਾਂ ਕਿ ਇਹ ਕਿਸੇ ਨਿੱਜੀ ਪ੍ਰਾਪਤੀ ਦੀ ਆਸ ਵਿੱਚ ਲਿਖਿਆ ਗਿਆ ਲੇਖ ਨਹੀਂ ਸੀ। ਦੂਜੀ ਗੱਲ, ਇਸ ਲੇਖ ਨੂੰ ਲਿਖਣ ਤੋਂ ਬਾਅਦ ਮੇਰੇ ਮਨ ਵਿੱਚ ਦਲਜੀਤ ਦੋਸਾਂਝ ਦੇ ਪ੍ਰਤੀ ਕਿਰਦਾਰ ਨੂੰ ਲੈ ਕੇ ਕੋਈ ਗਿਰਾਵਟ ਨਹੀਂ ਆਈ ਕਿਉਂਕਿ ਬਹੁਤ ਸਾਰੇ ਪੰਜਾਬੀ ਕਲਾਕਾਰ ਇੱਦਾਂ ਦੇ ਆਏ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਉਹਨਾਂ ਵਿੱਚੋਂ ਦਲਜੀਤ ਦੋਸਾਂਝ ਵੀ ਇੱਕ ਹੈ। ਦਿਲਜੀਤ ਦੋਸਾਂਝ ਮੇਰੇ ਮਨ ਪਸੰਦ ਕਲਾਕਾਰਾਂ ਦੀ ਲਿਸਟ ਵਿੱਚੋਂ ਇੱਕ ਸੀ, ਹੈ ਤੇ ਰਹੇਗਾ। ਇਹੀ ਕਾਰਨ ਹੈ ਕਿ ਉਸਦੀ ਨਵੀਂ ਰਿਲੀਜ਼ ਹੋਈ ਫਿਲਮ ਡਿਟੈਕਟਿਵ ਸ਼ੇਰ ਗਿੱਲ, ਜੋ ਸ਼ਾਇਦ ਤੁਸੀਂ ਜਾਂ ਤੁਹਾਡੇ ਜਾਣਕਾਰਾਂ ਵਿੱਚੋਂ ਕਿਸੇ ਨੇ ਵੇਖੀ ਵੀ ਨਹੀਂ ਹੋਣੀ, ਲਪਿਛਲੇ ਮਹੀਨੇ ਰਿਲੀਜ਼ ਹੋਈ ਸੀ ਅਤੇ ਮੈਂ ਅਤੇ ਮੇਰੇ ਪਰਿਵਾਰ ਨੇ ਇਕੱਠੇ ਬੈਠ ਕੇ ਵੇਖੀ ਸੀ। ਅਗਰ ਕੁਛ ਨਿੱਜੀ ਦਿੱਕਤ ਹੁੰਦੀ ਤਾਂ ਮੇਰੇ ਵੱਲੋਂ ਦਿਲਜੀਤ ਦੋਸਾਂਝ ਦੀ ਹਰ ਇੱਕ ਫਿਲਮ ਦਾ ਬਾਈਕਾਟ ਹੋ ਜਾਂਦਾ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਦਲਜੀਤ ਦੋਸਾਂਝ ਮੇਰੇ ਲਈ ਹਰਮਨ ਪਿਆਰਾ ਸੀ ਹੈ ਤਾਂ ਰਹੇਗਾ। ਹੁਣ ਗੱਲ ਰਹੀ ਦਿਲਜੀਤ ਦੋਸਾਂਝ ਦੀ ਮੂਵੀ ਦੀ ਤਾਂ ਸਮੱਸਿਆ ਇਹੀ ਨਹੀਂ ਨਿਕਲ ਕੇ ਸਾਹਮਣੇ ਆਈ ਕਿ ਜਿਸ ਤਰ੍ਹਾਂ ਪਬਲਿਕਲੀ ਇਹ ਚੀਜ਼ ਜ਼ਿਆਦਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਾਸਟ ਡਾਇਰੈਕਟਰ ਵੱਲੋਂ ਜਾਂ ਪ੍ਰੋਡਿਊਸਰ ਵੱਲੋਂ ਕੀਤੀ ਜਾਂਦੀ ਹੈ ਤਾਂ ਕਿਸੇ ਵੀ ਮਨ ਵਿੱਚ ਡਾਇਰੈਕਟਰ ਜਾਂ ਪ੍ਰੋਡਿਊਸਰ ਵੱਲੋਂ ਇਸ ਸਬੰਧੀ ਕਿਤੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਲਈ ਅਜਿਹੀ ਸਥਿਤੀ ਵਿੱਚ ਉਹ ਕਹਾਵਤ ਵੀ ਸੱਚ ਹੋ ਗਈ ਕਿ “ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ”। ਦਲਜੀਤ ਨੂੰ ਇਸ ਫਿਲਮ ਵਿੱਚ ਕੰਮ ਕਰਨ ਲਈ ਇੱਕ ਆਰਟਿਸਟ ਵਜੋਂ ਮਿਹਨਤਾਨਾ ਮਿਲਿਆ ਹੋਵੇਗਾ ਪਰ ਫਿਲਮ ਦੀ ਸਾਰੀ ਕਮਾਈ ਪ੍ਰੋਡਿਊਸਰ ਦੀ ਜੇਬ ਵਿੱਚ ਜਾਣੀ ਸੀ। ਪਰ ਪ੍ਰੋਡਿਊਸਰ ਜਾਂ ਡਾਇਰੈਕਟਰ ਵੱਲੋਂ ਕੋਈ ਵੀ ਕਲੈਰਟੀ ਨਹੀਂ ਦਿੱਤੀ ਗਈ। ਬਾਕੀ ਰਹੀ ਗੱਲ ਪਾਕਿਸਤਾਨੀ ਅਦਾਕਾਰਾ ਦੀ, ਮੇਰੀ ਉਮਰ ਦੇ ਮੁਤਾਬਕ, ਮੇਰੇ ਤਜਰਬੇ ਅਨੁਸਾਰ ਇਹ ਦੋਂਹ ਦੇਸ਼ਾਂ ਦੀ ਕਲਾਕਾਰੀ ਦਿਖਾਉਣ ਲਈ ਨਹੀਂ ਬਣਾਈ ਗਈ ਸੀ। ਇਸਦਾ ਸਪਸ਼ਟ ਮਕਸਦ ਸੀ ਕਿ ਪਾਕਿਸਤਾਨੀ ਅਦਾਕਾਰਾ ਦੀ ਫੈਨ ਫੌਲੋਇੰਗ ਕਾਫੀ ਅੱਛੀ ਗਿਣਤੀ ਵਿੱਚ ਹੈ। ਅਗਰ ਉਸਦੀ ਫੈਨ ਫੌਲੋਇੰਗ ਵਿੱਚੋਂ ਅੱਧੀ ਗਿਣਤੀ ਵੀ ਇਸ ਫਿਲਮ ਨੂੰ ਦੇਖਦੀ ਹੈ ਤਾਂ ਵਪਾਰਕ ਪੱਧਰ ’ਤੇ ਕਾਫੀ ਜ਼ਿਆਦਾ ਲਾਭ ਹੋਣਾ ਸੀ, ਜੋ ਕਿ ਹੋਇਆ ਵੀ ਹੈ। ਇਸ ਲਈ ਅਜਿਹਾ ਦੋਗਲਾ ਕਿਰਦਾਰ ਅਦਾ ਕਰਨਾ ਇਹ ਕਲਾਕਾਰ ਤਾਂ ਕਲਾਕਾਰੀ ਨੂੰ ਪ੍ਰਮੋਟ ਕਰਦਾ ਹੈ, ਇਹ ਕਹਿਣਾ ਸਰਾਸਰ ਗਲਤ ਹੋਵੇਗਾ।
ਦਿਲਜੀਤ ਦੋਸਾਂਝ ਨਾਲ ਜੁੜੇ ਇਸ ਵਿਸ਼ੇ ’ਤੇ ਅਫਸੋਸ ਸਿਰਫ ਇਸ ਗੱਲ ਦਾ ਹੋਇਆ ਕਿ ਜਿਸ ਅਦਾਕਾਰਾ ਨਾਲ ਉਸ ਵੱਲੋਂ ਕੰਮ ਕੀਤਾ ਗਿਆ, ਭਾਰਤ ਪਾਕਿਸਤਾਨ ਟਕਰਾਅ ਦੀ ਸਥਿਤੀ ਵਿੱਚ ਉਸ ਅਦਾਕਾਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਦੇਸ਼ ਵਿਰੁੱਧ ਕਾਫੀ ਗਲਤ ਬਿਆਨਬਾਜ਼ੀ ਕੀਤੀ ਗਈ ਸੀ। ਜਿੱਥੇ ਦਿਲਜੀਤ ਦੇਸ਼ ਵਿੱਚ ਕੀਤੇ ਜਾਣ ਵਾਲੇ ਸਾਰੇ ਕੰਸਰਟਾਂ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦਾ ਨਜ਼ਰ ਆਇਆ ਸੀ, ਉੱਥੇ ਉਸ ਵੱਲੋਂ ਪਾਕਿਸਤਾਨੀ ਅਦਾਕਾਰਾ ਵੱਲੋਂ ਦਿੱਤੇ ਗਏ ਗਲਤ ਬਿਆਨ ਦੀ ਨਖੇਧੀ ਕਰਨੀ ਜ਼ਰੂਰ ਬਣਦੀ ਸੀ। ਇਫਤਕਾਰ ਚੌਧਰੀ ਵੱਲੋਂ ਬਹੁਤ ਗਲਤ ਬਿਆਨਬਾਜ਼ੀ ਦੇਸ਼ ਵਿਰੁੱਧ ਕੀਤੀ ਗਈ ਪਰ ਉਸਦੇ ਨਾਲ ਦੇ ਪਾਕਿਸਤਾਨੀ ਅਦਾਕਾਰਾਂ ਵੱਲੋਂ ਇਫਤਿਕਾਰ ਚੌਧਰੀ ਵੱਲੋਂ ਦਿੱਤੇ ਗਏ ਬਿਆਨਾਂ ਦੀ ਰੱਜ ਕੇ ਨਿੰਦਾ ਕੀਤੀ ਗਈ। ਇਫਤਿਕਾਰ ਚੌਧਰੀ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਉਸਦੀ ਤਰਜ਼ ਤੇ’ ਭਾਰਤ ਵਿਰੋਧੀ ਬਿਆਨਾਂ ਦੀ ਝੜੀ ਲਾ ਸਕਦੇ ਸਨ ਪਰ ਉਹਨਾਂ ਵੱਲੋਂ ਸੰਜਮ ਅਤੇ ਸਮਝਦਾਰੀ ਦੇ ਨਾਲ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਰਣਨੀਤੀ ਨੂੰ ਚੁਣਿਆ ਗਿਆ। ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਸੀ। ਇੱਕ ਕਲਾਕਾਰ ਹੋਣ ਦੇ ਨਾਤੇ ਦਲਜੀਤ ਵੱਲੋਂ ਕਿਸੇ ਵੀ ਦੇਸ਼ ਦੇ ਕਲਾਕਾਰ ਨਾਲ ਕੰਮ ਕਰਨ ’ਤੇ ਕੋਈ ਆਪੱਤੀ ਨਹੀਂ ਪਰ ਜਦੋਂ ਗਵਾਂਢੀ ਮੁਲਕ ਦੇ ਕਿਸੇ ਕਲਾਕਾਰ ਵੱਲੋਂ ਜਾਣ ਬੁੱਝ ਕੇ ਆਪਣੇ ਦੇਸ਼ ਵਿੱਚ ਨੰਬਰ ਬਣਾਉਣ ਦੇ ਚੱਕਰ ਵਿੱਚ ਭਾਰਤ ਦੇਸ਼ ਵਿਰੋਧੀ ਬਿਆਨਬਾਜ਼ੀ ਕੀਤੀ ਜਾਵੇ ਤਾਂ ਇੱਕ ਕਲਾਕਾਰ ਹੋਣ ਦੇ ਨਾਲ ਨਾਲ ਦੇਸ਼ ਦੇ ਰਸੂਖਦਾਰ ਨਾਗਰਿਕ ਹੋਣ ਦੇ ਨਾਤੇ ਕਿਸੇ ਵੀ ਕਲਾਕਾਰ ਵੱਲੋਂ ਅਜਿਹੇ ਬਿਆਨਾਂ ਦੀ ਨਖੇਧੀ ਕਰਨੀ ਬਣਦੀ ਹੈ, ਨਾ ਕਿ ਮੂੰਹ ਵਿੱਚ ਦਹੀਂ ਜਮਾ ਕੇ ਤਮਾਸ਼ਾ ਵੇਖਣਾ ਚਾਹੀਦਾ ਹੈ।
ਬਾਕੀ ਰਹੀ ਕਲਾਕਾਰਾਂ ਦੀ ਲੱਤਾਂ ਖਿੱਚਣ ਦੀ ਗੱਲ, ਜਿਸ ਕਲਾਕਾਰ ਨਾਲ ਮੇਰਾ ਕੋਈ ਲੈਣਾ ਦੇਣਾ ਨਾ ਹੋਵੇ, ਉਹ ਮਰੇ ਜਾਂ ਜੀਵੇ, ਆਪਾਂ ਨੂੰ ਫਰਕ ਨਹੀਂ ਪੈਂਦਾ। ਪਰ ਜਿਸ ਕਲਾਕਾਰ ਦੇ ਨਾਲ ਇੱਕ ਭਾਵਨਾਤਮਕ ਪਿਆਰ ਹੋਵੇ, ਉਸ ਵੱਲੋਂ ਜਾਣੇ ਅਣਜਾਣੇ ਵਿੱਚ ਅਗਰ ਅਜਿਹੀ ਸਥਿਤੀ ਬਣਾ ਲਈ ਜਾਵੇ, ਜੋ ਉਸਦੇ ਵਿਰੁੱਧ ਜਾਂਦੀ ਹੋਵੇ ਤਾਂ ਉਸ ਸਥਿਤੀ ਸਬੰਧੀ ਮਨ ਨੂੰ ਦੁੱਖ ਜ਼ਰੂਰ ਲਗਦਾ ਹੈ। ਆਖਰ ਵਿੱਚ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਮੈਂ ਆਰਟੀਕਲ ਲਿਖਣ ਸਮੇਂ 100% ਕੋਸ਼ਿਸ਼ ਕਰਦਾ ਹਾਂ ਕਿ ਜਸਟੀਫਾਈ ਕਰਕੇ ਲਿਖਣ ਵਾਲੇ ਵਿਸ਼ੇ ’ਤੇ ਆਰਟੀਕਲ ਲਿਖਾਂ। ਮਾਸਟਰ ਆਫ ਜਰਨਲਿਜ਼ਮ ਦੀ ਪੜ੍ਹਾਈ ਦਾ ਮੇਰਾ ਆਖਰੀ ਸਮੈਸਟਰ ਚੱਲ ਰਿਹਾ ਹੈ, ਇਸ ਲਈ ਆਪਣੀ ਸਟੱਡੀ ਨੂੰ ਮੁੱਖ ਰੱਖਦਿਆਂ ਹੋਇਆ ਲਿਖਣ ਸਮੇਂ ਕੋਸ਼ਿਸ਼ ਕਰਦਾ ਹਾਂ ਕਿ ਮਾਪ ਤੋਲ ਕੇ ਲਿਖਿਆ ਜਾਵੇ। ਫਿਰ ਵੀ ਅਗਰ ਤੁਹਾਨੂੰ ਇਸ ਲਿਖਤ ਵਿੱਚ ਕੋਈ ਕਮੀ ਨਜ਼ਰ ਆਈ ਹੈ, ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਪਰ ਟਕਰਾਅ ਦੀ ਸਥਿਤੀ ਵਿੱਚ ਕਿਸੇ ਵੀ ਮੁਲਕ ਦੇ ਸਾਰੇ ਨਾਗਰਿਕ ਦੂਜੇ ਦੇਸ਼ ਦੇ ਨਾਗਰਿਕ ਦੇ ਵਿਰੋਧੀ ਨਹੀਂ ਹੁੰਦੇ, ਪਰ ਹਾਂ ਟਕਰਾਅ ਦੀ ਸਥਿਤੀ ਵਿੱਚ ਅਗਰ ਟਕਰਾਅ ਵਾਲੇ ਮੁਲਕ ਦਾ ਕੋਈ ਨਾਗਰਿਕ ਸਾਡੇ ਦੇਸ਼ ਦੇ ਵਿਰੋਧ ਵਿੱਚ ਖੜ੍ਹਦਾ ਹੈ ਤਾਂ ਇੱਕ ਦੇਸ਼ ਨਾਗਰਿਕ ਹੋਣ ਦੇ ਨਾਤੇ ਉਸਦਾ ਵਿਰੋਧ ਕਰਨਾ ਬਣਦਾ ਹੈ। ਇਹ ਗੱਲ ਇਕੱਲੇ ਮੇਰੇ ’ਤੇ ਲਾਗੂ ਨਹੀਂ ਹੁੰਦੀ, ਤੁਹਾਡੇ ਤੇ ਅਮਰੀਕਾ ਦੇ ਨਾਗਰਿਕਾਂ, ਆਸਟਰੇਲੀਆ ਦੇ ਨਾਗਰਿਕਾਂ ਜਾਂ ਸੰਸਾਰ ਦੇ ਕਿਸੇ ਵੀ ਮੁਲਕ ਦੇ ਨਾਗਰਿਕਾਂ ’ਤੇ ਇਹ ਗੱਲ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।
ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗਾ ਅਤੇ ਉਮੀਦ ਕਰਾਂਗਾ ਕਿ ਦਲਜੀਤ ਦੋਸਾਂਝ ਦੀ ਜ਼ਿੰਦਗੀ ਵਿੱਚ ਅਜਿਹੀ ਕਿਸੇ ਵੀ ਸਥਿਤੀ ਦਾ ਮਾਹੌਲ ਨਾ ਪੈਦਾ ਹੋਵੇ ਕਿ ਜਿਸ ਕਾਰਨ ਉਸਦਾ ਦੇਸ਼ ਦੇ ਨਾਗਰਿਕਾਂ ਵੱਲੋਂ ਵਿਰੋਧ ਕੀਤਾ ਜਾਵੇ। ਆਪਣੇ ਲੇਖ ਵਿੱਚ ਮੈਂ ਖਾਸ ਤੌਰ ’ਤੇ ਇੱਕ ਗੱਲ ਲਿਖੀ ਸੀ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ’ਤੇ ਇਸ ਗੱਲ ਨੂੰ ਪ੍ਰਚਾਰਿਤ ਕੀਤਾ ਗਿਆ ਹੈ ਕਿ ਇੱਕ ਸਿੱਖ ਅਤੇ ਪੰਜਾਬੀ ਹੋਣ ਦੀ ਕੀਮਤ ਦਿਲਜੀਤ ਦੋਸਾਂਝ ਨੂੰ ਚੁਕਾਉਣੀ ਪਈ ਹੈ ਤਾਂ ਇੱਥੇ ਇੱਕ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਚੰਡੀਗੜ੍ਹ ਅਤੇ ਲੁਧਿਆਣਾ ਉਹਦੇ ਦੋ ਕਨਸਰਟ ਹੋਏ ਹਨ, ਬਾਕੀ ਸਾਰੇ ਕਨਸਰਟ ਉਸਦੇ ਦੇਸ਼ ਦੀਆਂ ਹੋਰ ਸਟੇਟਾਂ ਵਿੱਚ ਹੀ ਹੋਏ ਹਨ ਅਤੇ ਪੂਰੀ ਤਰ੍ਹਾਂ ਕਾਮਯਾਬ ਰਹੇ। ਕਹਿਣ ਤੋਂ ਭਾਵ ਕਲਾਕਾਰ ਦੀ ਕਲਾਕਾਰੀ ਸਿੱਖ ਅਤੇ ਪੰਜਾਬੀ ਹੋਣ ਦੀ ਮੁਹਤਾਜ ਨਹੀਂ ਹੁੰਦੀ। ਮੌਜੂਦਾ ਸਮੇਂ ਵਿੱਚ ਸ਼ੁਭਮਨ ਗਿੱਲ ਕ੍ਰਿਕਟ, ਹਰਮਨਪ੍ਰੀਤ ਕੌਰ ਕ੍ਰਿਕਟ, ਹਰਪ੍ਰੀਤ ਸਿੰਘ ਹਾਕੀ, ਗੁਰਪ੍ਰੀਤ ਸਿੰਘ ਫੁੱਟਬਾਲ, ਸਮੇਤ ਦੇਸ਼ ਦੇ ਹੋਰ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਪੰਜਾਬੀਆਂ ਦਾ ਬੋਲਬਾਲਾ ਰਿਹਾ ਹੈ। ਇਸ ਲਈ ਜਿਨ੍ਹਾਂ ਅੰਸਰਾਂ ਵੱਲੋਂ ਅਜਿਹਾ ਪ੍ਰਚਾਰਿਆ ਜਾਣਾ ਕਿ ਪੰਜਾਬੀ ਹੋਣ ਦੇ ਨਾਤੇ ਜਾਂ ਸਿੱਖ ਹੋਣ ਦੇ ਨਾਤੇ ਕਿਸੇ ਕਲਾਕਾਰ ਨਾਲ ਭੇਦਭਾਵ ਹੁੰਦਾ ਹੈ, ਇਹ ਘਟੀਆ ਮਾਨਸਿਕਤਾ ਹੈ, ਹੋਰ ਕੁਝ ਵੀ ਨਹੀਂ। ਬਾਕੀ ਦਿਲਜੀਤ ਦੋਸਾਂਝ ਨੂੰ ਪਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ਅਤੇ ਉਹਦੀ ਮਿਹਨਤ ਨੂੰ ਭਾਗ ਲਾਵੇ। ਇਸ ਲਿਖਤ ਵਿੱਚ ਅਗਰ ਕੁਝ ਗਲਤ ਲੱਗੇ ਤਾਂ ਹੱਥ ਜੋੜ ਕੇ ਮੁਆਫੀ ਚਾਹੁੰਦਾ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (