“ਆਜ਼ਾਦੀ ਦੀ ਅਸਲੀ ਖੁਸ਼ੀ ਉਸ ਦਿਨ ਮਿਲੇਗੀ ਜਦੋਂ ਦੇਸ਼ ਪੂਰੀ ਤਰ੍ਹਾਂ ‘ਫੁੱਟ ਪਾਉ ਤੇ ਰਾਜ ਕਰੋ’ ਵਾਲੀ ...”
(15 ਅਗਸਤ 2025)
15 ਅਗਸਤ 1947, ਭਾਰਤ ਦੇ ਇਤਿਹਾਸ ਦਾ ਇੱਕ ਅਹਿਮ ਤੇ ਭਾਵਨਾਤਮਕ ਮੋੜ ਸੀ। ਇਹ ਉਹ ਦਿਨ ਸੀ ਜਦੋਂ ਸਦੀਆਂ ਤੋਂ ਅੰਗਰੇਜ਼ੀ ਗੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ ਅਤੇ ਲੋਕਾਂ ਨੇ ਸੁਤੰਤਰਤਾ ਦਾ ਸਾਹ ਲਿਆ। ਇਹ ਉਹ ਪਲ ਸੀ, ਜਿਸਦਾ ਸੁਪਨਾ ਅਨੇਕਾਂ ਸ਼ਹੀਦਾਂ ਨੇ ਦੇਖਿਆ ਸੀ, ਜਿਸ ਲਈ ਉਹਨਾਂ ਨੇ ਆਪਣੀਆਂ ਜਾਂਨਾਂ ਵਾਰੀਆਂ ਸਨ। ਦੇਸ਼ ਦੇ ਹਰ ਕੋਨੇ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ, ਤਿਰੰਗੇ ਦੀ ਸ਼ਾਨ ਅਸਮਾਨਾਂ ਨੂੰ ਛੂਹ ਰਹੀ ਸੀ। ਪਰ ਇਸ ਖੁਸ਼ੀ ਦੇ ਪਿੱਛੇ ਇੱਕ ਐਸੀ ਕਹਾਣੀ ਵੀ ਸੀ, ਜੋ ਦਰਦ, ਹੰਝੂਆਂ ਅਤੇ ਤਬਾਹੀ ਨਾਲ ਭਰੀ ਹੋਈ “ਭਾਰਤ ਦੀ ਵੰਡ” ਦੀ ਕਹਾਣੀ ਸੀ।
ਅਜ਼ਾਦੀ ਦੇ ਨਾਲ ਹੀ ਭਾਰਤ ਦੇ ਦਿਲ “ਪੰਜਾਬ” ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇੱਕ ਪਾਸੇ ਭਾਰਤ ਰਿਹਾ, ਦੂਜੇ ਪਾਸੇ ਨਵਾਂ ਬਣਿਆ ਪਾਕਿਸਤਾਨ ਸੀ। ਇਹ ਸਵਾਲ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਗੂੰਜਦਾ ਹੈ ਕਿ ਜਦੋਂ ਗੁਲਾਮੀ ਇੱਕ ਸੀ ਤਾਂ ਆਜ਼ਾਦੀ ਦੋਂਹ ਮੁਲਕਾਂ ਦੀ ਕਿਉਂ ਹੋਈ? ਇਸ ਵੰਡ ਦੇ ਪਿੱਛੇ ਅੰਗਰੇਜ਼ਾਂ ਦੀ “ਫੁੱਟ ਪਾਉ ਤੇ ਰਾਜ ਕਰੋ” ਵਾਲੀ ਨੀਤੀ ਸੀ, ਜਿਸਨੂੰ ਉਹਨਾਂ ਨੇ ਆਖ਼ਰੀ ਪਲ ਤਕ ਖੇਡਿਆ। ਇਹ ਕੇਵਲ ਧਾਰਮਿਕ ਵੰਡ ਨਹੀਂ ਸੀ, ਸਗੋਂ ਇੱਕ ਚਲਾਕੀ ਭਰੀ ਰਣਨੀਤੀ ਸੀ, ਜਿਸ ਨਾਲ ਉਹ ਜਾਣ ਤੋਂ ਪਹਿਲਾਂ ਭਾਰਤ ਦੇ ਭਵਿੱਖ ਵਿੱਚ ਨਫ਼ਰਤ ਦੇ ਬੀਜ ਬੀਜ ਗਏ। ਵੰਡ ਦੀ ਇਸ ਕਹਾਣੀ ਵਿੱਚ ਕੁਝ ਸਿਆਸੀ ਨੇਤਾ ਵੀ ਘੱਟ ਜ਼ਿੰਮੇਵਾਰ ਨਹੀਂ ਸਨ। ਸੱਤਾ ਦਾ ਲਾਲਚ ਅਤੇ ਨਿੱਜੀ ਇੱਛਾਵਾਂ ਨੇ ਉਹਨਾਂ ਨੂੰ ਲੋਕਾਂ ਦੇ ਅਸਲ ਹਿਤਾਂ ਤੋਂ ਦੂਰ ਕਰ ਦਿੱਤਾ। ਜਿਹੜੇ ਨੇਤਾ ਲੋਕਾਂ ਦੇ ਸੁਪਨੇ ਸਾਕਾਰ ਕਰਨ ਦਾ ਦਾਅਵਾ ਕਰਦੇ ਸਨ, ਉਹਨਾਂ ਨੇ ਆਪਣੇ ਹਿਤਾਂ ਲਈ ਦੇਸ਼ ਦੀ ਏਕਤਾ ਦੀ ਕੁਰਬਾਨੀ ਦੇ ਦਿੱਤੀ। ਉਨ੍ਹਾਂ ਦੀ ਰਾਜਨੀਤਿਕ ਖੇਡਾਂ ਦਾ ਨਤੀਜਾ ਸੀ ਕਿ ਕਈ ਲੱਖ ਬੇਗੁਨਾਹ ਲੋਕਾਂ ਦੀ ਜਾਨ ਗਈ, ਲੱਖਾਂ ਨੇ ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ ਛੱਡ ਦਿੱਤੀ ਅਤੇ ਸ਼ਰਨਾਰਥੀ ਕੈਂਪਾਂ ਵਿੱਚ ਬੇਸਹਾਰਾ ਜੀਵਨ ਬਤੀਤ ਕੀਤਾ।
ਪੰਜਾਬ, ਜੋ ਵੰਡ ਤੋਂ ਪਹਿਲਾਂ ਇੱਕ ਅਮਨ ਪਸੰਦ ਤੇ ਰੰਗ-ਬਿਰੰਗੇ ਸੱਭਿਆਚਾਰ ਦਾ ਕੇਂਦਰ ਸੀ, ਸਭ ਤੋਂ ਵੱਧ ਇਸ ਤ੍ਰਾਸਦੀ ਦਾ ਸ਼ਿਕਾਰ ਬਣਿਆ। ਇੱਥੇ ਹਿੰਦੂ, ਮੁਸਲਮਾਨ ਅਤੇ ਸਿੱਖ ਸਦੀਆਂ ਤੋਂ ਇਕੱਠੇ ਰਹਿੰਦੇ ਸਨ। ਗਲੀਆਂ ਵਿੱਚ ਸਾਰੇ ਧਰਮਾਂ ਦੇ ਰੰਗ ਮਿਲਦੇ ਸਨ, ਬਾਜ਼ਾਰਾਂ ਵਿੱਚ ਹਾਸੇ-ਮਜ਼ਾਕ ਦੀ ਗੂੰਜ ਹੁੰਦੀ ਸੀ, ਖੇਤਾਂ ਵਿੱਚ ਮਿਹਨਤ ਦਾ ਪਸੀਨਾ ਇਕੱਠੇ ਵਗਦਾ ਸੀ। ਪਰ ਅਚਾਨਕ,ਹਾਲਾਤ ਨੇ ਉਹਨਾਂ ਨੂੰ ਇੱਕ-ਦੂਜੇ ਦੀ ਜਾਨ ਦੇ ਵੈਰੀ ਬਣਾ ਦਿੱਤਾ। ਨਫ਼ਰਤ ਦੀਆਂ ਲਪਟਾਂ ਨੇ ਉਹ ਭਰੋਸਾ ਸਾੜ ਦਿੱਤਾ, ਜੋ ਪੀੜ੍ਹੀਆਂ ਤੋਂ ਬਣਿਆ ਸੀ। ਹਿੰਸਾ, ਲੁੱਟ-ਖਸੁੱਟ, ਜਾਨ-ਮਾਲ ਦਾ ਨੁਕਸਾਨ, ਇਹ ਸਭ ਕੁਝ ਪੰਜਾਬ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਵੰਡ ਸਿਰਫ਼ ਨਕਸ਼ੇ ਦੀ ਲਕੀਰ ਨਹੀਂ ਸੀ, ਇਹ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਦਾ ਟੁੱਟਣਾ ਸੀ। ਕਈ ਪਰਿਵਾਰਾਂ ਦੇ ਮੈਂਬਰ ਵੱਖ ਹੋ ਗਏ। ਕੁਝ ਭਾਰਤ ਵਿੱਚ ਰਹਿ ਗਏ, ਕੁਝ ਪਾਕਿਸਤਾਨ ਚਲੇ ਗਏ। ਪੁਰਾਣੀਆਂ ਦੋਸਤੀਆਂ, ਵਪਾਰਕ ਸਾਂਝਾਂ ਅਤੇ ਰਿਸ਼ਤੇਦਾਰੀਆਂ ਹਮੇਸ਼ਾ ਲਈ ਟੁੱਟ ਗਈਆਂ। ਲੋਕ ਆਪਣੇ ਘਰਾਂ ਤੋਂ ਸਿਰਫ਼ ਉਹੀ ਕੁਝ ਲੈ ਕੇ ਨਿਕਲੇ, ਜੋ ਕੁਝ ਉਹ ਆਪਣੇ ਹੱਥਾਂ ਵਿੱਚ ਚੁੱਕ ਸਕਦੇ ਸਨ। ਪਿੱਛੇ ਰਹਿ ਗਈਆਂ ਯਾਦਾਂ, ਪੁਰਖਿਆਂ ਦੀਆਂ ਜ਼ਮੀਨਾਂ ਅਤੇ ਉਹ ਸਭ ਕੁਝ ਜੋ ਸਦੀ ਦਰ ਸਦੀ ਮਿਹਨਤ ਨਾਲ ਜੋੜਿਆ ਗਿਆ ਸੀ।
ਅੰਗਰੇਜ਼ਾਂ ਨੇ ਆਪਣੇ ਚਲਾਕੀ ਭਰੇ ਪੱਤੇ ਖੇਡੇ ਅਤੇ ਸੱਤਾ ਛੱਡ ਕੇ ਚਲੇ ਗਏ ਪਰ ਆਪਣੇ ਪਿੱਛੇ ਇੱਕ ਅਜਿਹਾ ਜ਼ਖ਼ਮ ਛੱਡ ਗਏ ਜੋ ਅਜੇ ਵੀ ਪੂਰੀ ਤਰ੍ਹਾਂ ਨਹੀਂ ਭਰਿਆ। ਅੱਜ ਭਾਵੇਂ ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਹੈ, ਪਰ ਭਾਰਤ ਵਾਲਾ ਪੰਜਾਬ ਅਜੇ ਵੀ ਦੇਸ਼ ਦਾ ਦਿਲ ਹੈ। ਖੇਡਾਂ ਤੋਂ ਲੈ ਕੇ ਰਾਜਨੀਤੀ, ਪ੍ਰਸ਼ਾਸਨ ਤੋਂ ਲੈ ਕੇ ਸੱਭਿਆਚਾਰ ਅਤੇ ਧਰਮ ਤਕ, ਪੰਜਾਬੀ ਭਾਈਚਾਰਾ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪੰਜਾਬ ਦੀ ਇਹ ਮਹੱਤਤਾ ਹੀ ਹੈ ਕਿ ਇਸ ਨੂੰ ਦੁਬਾਰਾ ਤੋੜਨ ਦੀਆਂ ਕੋਈ ਵੀ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਵੰਡ ਦਾ ਦਰਦ ਅੱਜ ਵੀ ਸਰਹੱਦ ਦੇ ਨੇੜੇ ਵਸਦੇ ਲੋਕਾਂ ਦੇ ਚਿਹਰਿਆਂ ’ਤੇ ਦੇਖਿਆ ਜਾ ਸਕਦਾ ਹੈ। ਕਈ ਪਿੰਡਾਂ ਦੇ ਲੋਕਾਂ ਦੀਆਂ ਜੜ੍ਹਾਂ ਸਰਹੱਦ ਪਾਰ ਹਨ। ਉਹ ਆਪਣੇ ਪਿੰਡਾਂ, ਖੇਤਾਂ, ਮੰਦਰਾਂ ਅਤੇ ਗੁਰਦੁਆਰਿਆਂ ਦੀਆਂ ਕਹਾਣੀਆਂ ਅਜੇ ਵੀ ਸਾਂਝੀਆਂ ਕਰਦੇ ਹਨ, ਜੋ ਹੁਣ ਦੂਜੇ ਦੇਸ਼ ਵਿੱਚ ਹਨ। ਇਹ ਦਰਦ ਵਿਰਾਸਤ ਵਾਂਗ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧ ਰਿਹਾ ਹੈ। ਫਿਰ ਵੀ, ਪੰਜਾਬ ਨੇ ਹਿੰਮਤ ਨਹੀਂ ਹਾਰੀ। ਖੇਤੀਬਾੜੀ ਵਿੱਚ ਹਰੀ ਕ੍ਰਾਂਤੀ ਲਿਆ ਕੇ, ਨਵੀਂ ਤਕਨੀਕਾਂ ਅਪਣਾ ਕੇ ਅਤੇ ਆਪਣੀ ਮਿਹਨਤ ਨਾਲ ਪੰਜਾਬ ਦੇ ਲੋਕਾਂ ਨੇ ਆਪਣੀ ਪਛਾਣ ਦੁਬਾਰਾ ਬਣਾਈ। ਭਾਰਤ ਦੇ ਅਨਾਜ ਘਰ ਵਜੋਂ ਪੰਜਾਬ ਨੇ ਦੇਸ਼ ਦੀ ਭੁੱਖ ਮਿਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪੰਜਾਬੀਆਂ ਦੀ ਜਜ਼ਬੇਦਾਰੀ ਅਤੇ ਮਿਹਨਤ ਨੇ ਇਹ ਸਾਬਤ ਕੀਤਾ ਕਿ ਭਾਵੇਂ ਇਤਿਹਾਸ ਨੇ ਉਹਨਾਂ ਨਾਲ ਨਾ ਇਨਸਾਫ਼ੀ ਕੀਤੀ ਹੋਵੇ, ਪਰ ਉਹ ਹਾਰ ਮੰਨਣ ਵਾਲੇ ਨਹੀਂ।
ਅੱਜ ਭਾਰਤ ਸੰਸਾਰ ਦੇ ਨਕਸ਼ੇ ’ਤੇ ਇੱਕ ਮਜ਼ਬੂਤ ਅਤੇ ਖ਼ੁਦਮੁਖਤਿਆਰ ਦੇਸ਼ ਵਜੋਂ ਉੱਭਰ ਰਿਹਾ ਹੈ। ਇਸ ਤਰੱਕੀ ਵਿੱਚ ਹਰ ਰਾਜ, ਹਰ ਭਾਈਚਾਰੇ ਅਤੇ ਹਰ ਨਾਗਰਿਕ ਦਾ ਯੋਗਦਾਨ ਹੈ। ਪਰ ਆਜ਼ਾਦੀ ਦੀ ਅਸਲੀ ਖੁਸ਼ੀ ਉਸ ਦਿਨ ਮਿਲੇਗੀ ਜਦੋਂ ਦੇਸ਼ ਪੂਰੀ ਤਰ੍ਹਾਂ ‘ਫੁੱਟ ਪਾਉ ਤੇ ਰਾਜ ਕਰੋ’ ਵਾਲੀ ਸੋਚ ਤੋਂ ਮੁਕਤ ਹੋ ਜਾਵੇਗਾ। ਵੰਡ ਦੀਆਂ ਯਾਦਾਂ ਸਾਨੂੰ ਚਿਤਾਵਣੀ ਦਿੰਦੀਆਂ ਹਨ ਕਿ ਨਫ਼ਰਤ ਅਤੇ ਵੰਡ ਸਿਰਫ਼ ਤਬਾਹੀ ਲਿਆਉਂਦੀ ਹੈ। ਸਵਤੰਤਰਤਾ ਦਿਵਸ ਮਨਾਉਂਦੇ ਸਮੇਂ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਉਹਨਾਂ ਦੇ ਸੁਪਨਿਆਂ ਵਾਲਾ ਭਾਰਤ ਬਣਾ ਸਕੇ ਹਾਂ? ਸੱਚੀ ਆਜ਼ਾਦੀ ਉਹ ਹੋਵੇਗੀ, ਜਦੋਂ ਹਰ ਭਾਰਤੀ ਨਾਗਰਿਕ ਨੂੰ ਉਸਦਾ ਹੱਕ ਮਿਲੇ, ਜਦੋਂ ਅਸੀਂ ਆਪਸੀ ਪਿਆਰ ਅਤੇ ਭਰੋਸੇ ਨਾਲ ਰਹੀਏ, ਜਦੋਂ ਕੋਈ ਵੀ ਸੱਤਾ ਲਈ ਲੋਕਾਂ ਦੀ ਏਕਤਾ ਨੂੰ ਤੋੜ ਨਾ ਸਕੇ।
ਆਉ, ਇਸ ਦਿਨ ਅਸੀਂ ਵਾਅਦਾ ਕਰੀਏ ਕਿ ਅਸੀਂ ਕੇਵਲ ਆਜ਼ਾਦੀ ਦੀ ਖੁਸ਼ੀ ਨਹੀਂ ਮਨਾਵਾਂਗੇ, ਸਗੋਂ ਵੰਡ ਦੇ ਗਮ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਦੇਸ਼ ਨੂੰ ਇਕਜੁੱਟ, ਮਜ਼ਬੂਤ ਅਤੇ ਸ਼ਾਂਤਮਈ ਬਣਾਉਣ ਲਈ ਹਰੇਕ ਯਤਨ ਕਰਾਂਗੇ। ਕਿਉਂਕਿ ਅਸਲੀ ਜਸ਼ਨ ਉਸ ਵੇਲੇ ਹੋਵੇਗਾ ਜਦੋਂ ਸਾਡੇ ਦੇਸ਼ ਵਿੱਚ ਨਾ ਕੇਵਲ ਰਾਜਨੀਤਿਕ, ਸਗੋਂ ਸਮਾਜਿਕ ਅਤੇ ਆਰਥਿਕ ਆਜ਼ਾਦੀ ਵੀ ਹੋਵੇਗੀ, ਜਦੋਂ ਆਜ਼ਾਦੀ ਦੀ ਖੁਸ਼ੀ ‘ਵੰਡ ਦੇ ਗਮ’ ’ਤੇ ਭਾਰੀ ਪੈ ਜਾਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (