“ਅੱਜ ਦਾ ਤੇਜ਼ ਇੰਟਰਨੈੱਟ, ਜੋ ਘਰ-ਘਰ ਤਕ ਪਹੁੰਚਦਾ ਹੈ ਅਤੇ ਵਿਸ਼ਵ ਭਰ ਵਿੱਚ ਡਾਟਾ ਦਾ ਸੰਚਾਰ ...”
(12 ਅਗਸਤ 2025)
ਅੱਜ ਦਾ ਡਿਜਿਟਲ ਯੁਗ ਜਿੱਥੇ ਤੇਜ਼ ਇੰਟਰਨੈੱਟ, ਵੀਡੀਓ ਕਾਲਿੰਗ ਅਤੇ ਮੈਡੀਕਲ ਤਕਨੀਕਾਂ ਜਿਵੇਂ ਐਂਡੋਸਕੋਪੀ, ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਹਨ, ਇੱਕ ਪੰਜਾਬੀ ਵਿਗਿਆਨੀ ਦੀ ਮਹਾਨ ਖੋਜ ਦੀ ਦੇਣ ਹੈ। ਇਹ ਸ਼ਖਸੀਅਤ ਹੈ ਡਾ. ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੂੰ “ਫਾਈਬਰ ਆਪਟਿਕਸ ਦੇ ਪਿਤਾ” ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਖੋਜ ਨੇ ਸੰਚਾਰ, ਮੈਡੀਕਲ ਵਿਗਿਆਨ ਅਤੇ ਉਦਯੋਗ ਦੇ ਖੇਤਰਾਂ ਵਿੱਚ ਕ੍ਰਾਂਤੀ ਲਿਆ ਦਿੱਤੀ, ਜਿਸਨੇ ਅੱਜ ਦੀਆਂ ਆਧੁਨਿਕ ਤਕਨੀਕਾਂ ਦੀ ਨੀਂਹ ਰੱਖੀ। ਡਾ. ਕਪਾਨੀ ਨਾ ਸਿਰਫ਼ ਇੱਕ ਅਸਾਧਾਰਨ ਵਿਗਿਆਨੀ ਸਨ, ਸਗੋਂ ਇੱਕ ਸਮਰਪਿਤ ਸਿੱਖ ਅਤੇ ਪੰਜਾਬੀ ਵੀ ਸਨ, ਜਿਨ੍ਹਾਂ ਨੇ ਆਪਣੇ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਪੱਧਰ ’ਤੇ ਉਜਾਗਰ ਕੀਤਾ। ਉਨ੍ਹਾਂ ਦੀ ਜੀਵਨ ਯਾਤਰਾ, ਵਿਗਿਆਨਕ ਪ੍ਰਾਪਤੀਆਂ ਅਤੇ ਸਿੱਖ ਸੱਭਿਆਚਾਰ ਪ੍ਰਤੀ ਯੋਗਦਾਨ ਨੇ ਪੰਜਾਬੀਆਂ ਲਈ ਮਾਣ ਦਾ ਮੌਕਾ ਪ੍ਰਦਾਨ ਕੀਤਾ।
ਡਾ. ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਇਆ। ਉਸ ਸਮੇਂ ਦਾ ਭਾਰਤ jo ਅਜੇ ਅੰਗਰੇਜ਼ੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ, ਵਿਗਿਆਨ ਅਤੇ ਤਕਨੀਕ ਦੇ ਸਾਧਨਾਂ ਦੇ ਮਾਮਲੇ ਵਿੱਚ ਸੀਮਿਤ ਸੀ। ਪਰ ਕਪਾਨੀ ਦੇ ਜਿਗਿਆਸੂ ਮਨ ਅਤੇ ਸਿਆਣਪ ਨੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਵੱਖਰਾ ਰਾਹ ਚੁਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਅਗਰਤਲਾ (ਤ੍ਰਿਪੁਰਾ) ਅਤੇ ਦੇਹਰਾਦੂਨ ਵਿੱਚ ਹਾਸਲ ਕੀਤੀ। ਬਾਅਦ ਵਿੱਚ ਆਗਰਾ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕਰਕੇ ਉਹ ਉੱਚ ਸਿੱਖਿਆ ਲਈ ਇੰਗਲੈਂਡ ਦੇ ਇੰਪੀਰੀਅਲ ਕਾਲਜ ਲੰਡਨ ਚਲੇ ਗਏ। ਉੱਥੇ ਉਨ੍ਹਾਂ ਨੇ ਆਪਟਿਕਸ ਦੇ ਖੇਤਰ ਵਿੱਚ ਪੀਐੱਚਡੀ ਕੀਤੀ ਅਤੇ ਆਪਣੇ ਸੁਪਰਵਾਈਜ਼ਰ ਪ੍ਰੋਫੈਸਰ ਹੈਰੋਲਡ ਹਾਪਕਿੰਸ ਨਾਲ ਮਿਲ ਕੇ ਫਾਈਬਰ ਆਪਟਿਕਸ ਦੀ ਦੁਨੀਆ ਵਿੱਚ ਪਹਿਲੀ ਵਾਰ ਕਦਮ ਰੱਖਿਆ।
1950 ਦੇ ਦਹਾਕੇ ਵਿੱਚ ਜਦੋਂ ਵਿਗਿਆਨਕ ਭਾਈਚਾਰਾ ਪ੍ਰਕਾਸ਼ ਦੇ ਸੰਚਾਰਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਸੀ, ਡਾ. ਕਪਾਨੀ ਨੇ ਇੱਕ ਅਜਿਹੀ ਖੋਜ ਕੀਤੀ, ਜਿਸਨੇ ਵਿਗਿਆਨ ਦੇ ਇਤਿਹਾਸ ਨੂੰ ਬਦਲ ਦਿੱਤਾ। ਸਾਲ 1954 ਵਿੱਚ ਉਨ੍ਹਾਂ ਨੇ ਸਫਲਤਾਪੂਰਵਕ ਸਾਬਤ ਕੀਤਾ ਕਿ ਪ੍ਰਕਾਸ਼ ਨੂੰ ਕੱਚ ਦੀਆਂ ਪਤਲੀਆਂ ਤਾਰਾਂ, ਜਿਨ੍ਹਾਂ ਨੂੰ ਅਸੀਂ ਅੱਜ ਆਪਟੀਕਲ ਫਾਈਬਰ ਕਹਿੰਦੇ ਹਾਂ, ਵਿੱਚੋਂ ਮੋੜਿਆ ਜਾ ਸਕਦਾ ਹੈ। ਇਸ ਸਿਧਾਂਤ ਨੂੰ “ਟੋਟਲ ਇੰਟਰਨਲ ਰਿਫਲੈਕਸ਼ਨ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦੀ ਸਹਾਇਤਾ ਨਾਲ ਪ੍ਰਕਾਸ਼ ਬਿਨਾਂ ਵੱਡੇ ਨੁਕਸਾਨ ਦੇ ਲੰਬੀ ਦੂਰੀਆਂ ਤਕ ਭੇਜਿਆ ਜਾ ਸਕਦਾ ਸੀ। ਇਸ ਖੋਜ ਨੂੰ 1954 ਵਿੱਚ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਜਿਸਨੇ ਵਿਸ਼ਵ ਪੱਧਰ ’ਤੇ ਵਿਗਿਆਨਕ ਭਾਈਚਾਰੇ ਦਾ ਧਿਆਨ ਖਿੱਚਿਆ। ਸਾਲ 1960 ਵਿੱਚ ਸਾਇੰਟੇਫਿਕ ਅਮਰੀਕਨ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੇ ਲੇਖ ਵਿੱਚ ਪਹਿਲੀ ਵਾਰ “ਫਾਈਬਰ ਆਪਟਿਕਸ” ਸ਼ਬਦ ਦੀ ਵਰਤੋਂ ਕੀਤੀ ਗਈ, ਜਿਸਨੇ ਇਸ ਖੇਤਰ ਨੂੰ ਇੱਕ ਨਵਾਂ ਨਾਂ ਅਤੇ ਪਛਾਣ ਦਿੱਤੀ।
ਡਾ. ਕਪਾਨੀ ਦੀ ਖੋਜ ਨੇ ਸੰਚਾਰ ਅਤੇ ਮੈਡੀਕਲ ਵਿਗਿਆਨ ਦੇ ਖੇਤਰਾਂ ਵਿੱਚ ਅਣਮਿੱਥੇ ਬਦਲਾਅ ਲਿਆਂਦੇ। ਸ਼ੁਰੂ ਵਿੱਚ ਉਨ੍ਹਾਂ ਦਾ ਕੰਮ ਮੁੱਖ ਤੌਰ ’ਤੇ ਮੈਡੀਕਲ ਇਮੇਜਿੰਗ ਉੱਤੇ ਕੇਂਦਰਿਤ ਸੀ। ਉਦਾਹਰਨ ਵਜੋਂ ਐਂਡੋਸਕੋਪੀ ਵਰਗੀਆਂ ਤਕਨੀਕਾਂ, ਜੋ ਅੱਜ ਡਾਕਟਰਾਂ ਨੂੰ ਸਰੀਰ ਦੇ ਅੰਦਰੂਨੀ ਹਿੱਸਿਆਂ ਦੀ ਜਾਂਚ ਬਿਨਾਂ ਵੱਡੀ ਸਰਜਰੀ ਦੇ ਕਰਨ ਦੀ ਸਹੂਲਤ ਦਿੰਦੀਆਂ ਹਨ, ਕਪਾਨੀ ਦੀ ਖੋਜ ਦੀ ਦੇਣ ਹਨ। ਪਰ ਜਲਦੀ ਹੀ ਫਾਈਬਰ ਆਪਟਿਕਸ ਦੀ ਸੰਭਾਵਨਾ ਸੰਚਾਰ ਦੇ ਖੇਤਰ ਵਿੱਚ ਵੀ ਸਾਹਮਣੇ ਆਈ। ਅੱਜ ਦਾ ਤੇਜ਼ ਇੰਟਰਨੈੱਟ, ਜੋ ਘਰ-ਘਰ ਤਕ ਪਹੁੰਚਦਾ ਹੈ ਅਤੇ ਵਿਸ਼ਵ ਭਰ ਵਿੱਚ ਡਾਟਾ ਦਾ ਸੰਚਾਰ ਡਾ. ਕਪਾਨੀ ਦੀ ਮੁਢਲੀ ਖੋਜ ਦੀ ਨੀਂਹ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਦੇ ਕੰਮ ਨੇ ਸੰਚਾਰ ਨੈਟਵਰਕਸ ਦੀ ਦੁਨੀਆ ਨੂੰ ਨਵਾਂ ਰੂਪ ਦਿੱਤਾ, ਜਿਸ ਨਾਲ ਅਰਬਾਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਈ।
ਡਾ. ਕਪਾਨੀ ਦੀ ਸਫਲਤਾ ਸਿਰਫ਼ ਵਿਗਿਆਨਕ ਖੋਜ ਤਕ ਸੀਮਿਤ ਨਹੀਂ ਸੀ। ਉਨ੍ਹਾਂ ਨੇ 1960 ਵਿੱਚ ਅਮਰੀਕਾ ਵਿੱਚ “ਔਪਟਿਕਸ ਟੈਕਨੋਲਜੀ ਇਨਕਾਰਪੋਰੇਟਿਡ” ਨਾਮਕ ਕੰਪਨੀ ਦੀ ਸਥਾਪਨਾ ਕੀਤੀ, ਜੋ ਫਾਈਬਰ ਆਪਟਿਕਸ ਉਪਕਰਣ ਬਣਾਉਣ ਵਾਲੀ ਪਹਿਲੀ ਕੰਪਨੀ ਸੀ। ਇਸ ਕੰਪਨੀ ਨੇ ਫਾਈਬਰ ਔਪਟਿਕਸ ਨੂੰ ਵਪਾਰਕ ਰੂਪ ਦਿੱਤਾ ਅਤੇ ਲੇਜ਼ਰ ਤਕਨੀਕ ਅਤੇ ਸੋਲਰ ਐਨਰਜੀ ਦੇ ਖੇਤਰ ਵਿੱਚ ਵੀ ਮਹੱਤਵਪੂਰਣ ਯੋਗਦਾਨ ਪਾਇਆ। ਉਨ੍ਹਾਂ ਨੇ 100 ਤੋਂ ਵੱਧ ਪੇਟੈਂਟ ਹਾਸਲ ਕੀਤੇ ਅਤੇ ਅਨੇਕਾਂ ਵਿਗਿਆਨਕ ਪੇਪਰ ਪ੍ਰਕਾਸ਼ਿਤ ਕੀਤੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿਵਾਈ। ਸਾਲ 1998 ਵਿੱਚ, “ਫੋਰਚਿਊਨ” ਮੈਗਜ਼ੀਨ ਨੇ ਉਨ੍ਹਾਂ ਨੂੰ 20ਵੀਂ ਸਦੀ ਦੇ ਸੱਤ ਸਭ ਤੋਂ ਮਹਾਨ ਵਿਗਿਆਨਕਾਂ ਵਿੱਚੋਂ ਇੱਕ ਮੰਨਿਆ, ਜੋ ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਦਾ ਸਬੂਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਰੈਂਕਲਿਨ ਇੰਸਟੀਚਿਊਟ ਮੈਡਲ, ਪਦਮ ਭੂਸ਼ਣ (2004), ਅਤੇ ਪਦਮ ਵਿਭੂਸ਼ਣ (2021, ਮਰਨ ਉਪਰੰਤ) ਵਰਗੇ ਸਨਮਾਨ ਮਿਲੇ, ਜਿਨ੍ਹਾਂ ਨੇ ਉਨ੍ਹਾਂ ਦੀ ਵਿਗਿਆਨਕ ਅਤੇ ਸਮਾਜਿਕ ਸੇਵਾਵਾਂ ਨੂੰ ਸਵੀਕਾਰਿਆ।
ਡਾ. ਕਪਾਨੀ ਦਾ ਸਿੱਖ ਵਿਰਸੇ ਨਾਲ ਡੂੰਘਾ ਜੁੜਾਓ ਸੀ, ਜੋ ਉਨ੍ਹਾਂ ਦੀ ਜੀਵਨੀ ਦਾ ਇੱਕ ਮਹੱਤਵਪੂਰਣ ਪਹਿਲੂ ਹੈ। ਉਨ੍ਹਾਂ ਨੇ 1967 ਵਿੱਚ ਅਮਰੀਕਾ ਵਿੱਚ “ਸਿੱਖ ਫਾਊਂਡੇਸ਼ਨ” ਦੀ ਸਥਾਪਨਾ ਕੀਤੀ, ਜਿਸਦਾ ਮੁੱਖ ਮਕਸਦ ਸਿੱਖ ਸੱਭਿਆਚਾਰ, ਇਤਿਹਾਸ ਅਤੇ ਕਲਾ ਨੂੰ ਪ੍ਰਮੋਟ ਕਰਨਾ ਸੀ। ਇਸ ਸੰਸਥਾ ਨੇ ਸਿੱਖ ਅਧਿਐਨ ਨਾਲ ਸਬੰਧਤ ਅਕਾਦਮਿਕ ਚੇਅਰਜ਼ ਦੀ ਸਥਾਪਨਾ ਕੀਤੀ ਅਤੇ ਸਿੱਖ ਭਾਈਚਾਰੇ ਦੀ ਪਛਾਣ ਨੂੰ ਵਿਸ਼ਵ ਪੱਧਰ ’ਤੇ ਉਜਾਗਰ ਕੀਤਾ। ਉਨ੍ਹਾਂ ਨੇ ਸਿੱਖ ਕਲਾ, ਸਾਹਿਤ, ਅਤੇ ਇਤਿਹਾਸ ਨੂੰ ਸੰਭਾਲਣ ਲਈ ਅਨੇਕਾਂ ਪ੍ਰੋਗਰਾਮ ਸ਼ੁਰੂ ਕੀਤੇ, ਜਿਨ੍ਹਾਂ ਨੇ ਪੰਜਾਬੀਆਂ ਨੂੰ ਆਪਣੇ ਵਿਰਸੇ ’ਤੇ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ। ਇਹ ਪਹਿਲਕਦਮੀਆਂ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਇੱਕ ਅਹਿਮ ਵਿਰਾਸਤ ਹਨ, ਕਿਉਂਕਿ ਇਨ੍ਹਾਂ ਨੇ ਸਿੱਖ ਪਛਾਣ ਨੂੰ ਵਿਦੇਸ਼ੀ ਧਰਤੀ ’ਤੇ ਮਜ਼ਬੂਤ ਕੀਤਾ।
ਡਾ. ਕਪਾਨੀ ਦੀ ਵਿਰਾਸਤ ਦਾ ਇੱਕ ਵਿਵਾਦਪੂਰਣ ਪਹਿਲੂ 2009 ਦੇ ਨੋਬਲ ਪੁਰਸਕਾਰ ਨਾਲ ਜੁੜਿਆ ਹੋਇਆ ਹੈ। ਸਾਲ 2009 ਵਿੱਚ ਨੋਬਲ ਕਮੇਟੀ ਨੇ ਚਾਰਲਸ ਕੇ. ਕਾਓ ਨੂੰ “ਪ੍ਰਕਾਸ਼ ਦੇ ਸੰਚਾਰ ਲਈ ਫਾਈਬਰ ਵਿੱਚ ਪ੍ਰਸਾਰਣ” ਦੀ ਖੋਜ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਕਾਓ ਨੇ 1966 ਵਿੱਚ ਸਟੈਂਡਰਡ ਟੈਲੀਕਮਿਊਨੀਕੇਸ਼ਨ ਲੈਬਾਰਟਰੀਜ਼ ਵਿੱਚ ਕੰਮ ਕਰਦਿਆਂ ਸਾਬਤ ਕੀਤਾ ਕਿ ਅਤਿ ਸ਼ੁੱਧ ਕੱਚ ਦੇ ਫਾਈਬਰ ਨਾਲ ਸਿਗਨਲ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ, ਜਿਸਨੇ ਸੰਚਾਰ ਲਈ ਫਾਈਬਰ ਔਪਟਿਕਸ ਨੂੰ ਵਿਹਾਰਕ ਬਣਾਇਆ। ਪਰ ਇਸ ਵਿੱਚ ਪੱਖਪਾਤ ਕਰਦੇ ਹੋਏ ਨੋਬਲ ਕਮੇਟੀ ਨੇ ਕਪਾਨੀ ਦੇ ਮੁਢਲੇ ਕੰਮ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਨੂੰ ਅਧਾਰ ਬਣਾ ਕੇ ਚਾਰਲਸ ਕੇ. ਕਾਉ ਨੇ ਆਪਣੀ ਖੋਜ ਨੂੰ ਪ੍ਰਮਾਣਿਤ ਕੀਤਾ ਸੀ। ਡਾ. ਕਪਾਨੀ ਦੀ ਮੁਢਲੀ ਖੋਜ ਫਾਈਬਰ ਆਪਟਿਕਸ ਦੀ ਨੀਂਹ ਸੀ ਅਤੇ ਉਨ੍ਹਾਂ ਨੂੰ ਨੋਬਲ ਪੁਰਸਕਾਰ ਵਿੱਚ ਸਾਂਝੇ ਤੌਰ ’ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਵਿਗਿਆਨਕ ਖੋਜ ਦੀ ਪ੍ਰਕਿਰਿਆ ਵਿੱਚ ਨਵੀਂਆਂ ਖੋਜਾਂ ਅਕਸਰ ਪੁਰਾਣੇ ਕੰਮ ਦੀ ਨੀਂਹ ’ਤੇ ਬਣਦੀਆਂ ਹਨ।
ਡਾ. ਕਪਾਨੀ ਦੀ ਨਿੱਜੀ ਜ਼ਿੰਦਗੀ ਵੀ ਉਨ੍ਹਾਂ ਦੀ ਸਫਲਤਾ ਦੀ ਪ੍ਰਤੀਕ ਸੀ। ਉਨ੍ਹਾਂ ਦਾ ਵਿਆਹ ਇੱਕ ਭਾਰਤੀ ਮੂਲ ਦੀ ਮਹਿਲਾ ਨਾਲ ਹੋਇਆ ਅਤੇ ਉਹ ਕੈਲੀਫੋਰਨੀਆ ਵਿੱਚ ਰਹਿੰਦੇ ਸਨ। ਉਹ ਇੱਕ ਪਰਉਪਕਾਰੀ ਇਨਸਾਨ ਵੀ ਸਨ, ਜਿਨ੍ਹਾਂ ਨੇ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਕਾਲਰਸ਼ਿੱਪਸ ਅਤੇ ਫੰਡ ਪ੍ਰਦਾਨ ਕੀਤੇ। ਉਨ੍ਹਾਂ ਦੀ ਮੌਤ 3 ਦਸੰਬਰ 2020 ਨੂੰ ਕੈਲੀਫੋਰਨੀਆ ਵਿੱਚ ਹੋਈ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਜਿਊਂਦੀ ਹੈ। ਡਾ. ਨਰਿੰਦਰ ਸਿੰਘ ਕਪਾਨੀ ਦੀ ਖੋਜ ਨੇ ਸੰਚਾਰ ਅਤੇ ਮੈਡੀਕਲ ਵਿਗਿਆਨ ਦੀ ਦੁਨੀਆ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਦੀ ਫਾਈਬਰ ਆਪਟਿਕਸ ਦੀ ਖੋਜ ਨੇ ਅੱਜ ਦੇ ਤੇਜ਼ ਇੰਟਰਨੈੱਟ ਅਤੇ ਵਿਸ਼ਵਵਿਆਪੀ ਸੰਚਾਰ ਨੈਟਵਰਕਸ ਦੀ ਨੀਂਹ ਰੱਖੀ। ਨਾਲ ਹੀ ਉਨ੍ਹਾਂ ਦੇ ਸਿੱਖ ਸੱਭਿਆਚਾਰ ਪ੍ਰਤੀ ਸਮਰਪਣ ਅਤੇ ਪੰਜਾਬੀ ਵਿਰਸੇ ਨੂੰ ਉਜਾਗਰ ਕਰਨ ਦੀਆਂ ਕੋਸ਼ਿਸ਼ਾਂ ਨੇ ਉਨ੍ਹਾਂ ਨੂੰ ਪੰਜਾਬੀ ਭਾਈਚਾਰੇ ਦਾ ਹੀਰੋ ਬਣਾਇਆ। ਨੋਬਲ ਪੁਰਸਕਾਰ ਵਿਵਾਦ ਦੇ ਬਾਵਜੂਦ ਉਨ੍ਹਾਂ ਦੀ ਵਿਰਾਸਤ ਨੂੰ ਵਿਸ਼ਵ ਭਰ ਵਿੱਚ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਡਾ. ਕਪਾਨੀ ਦੀ ਜੀਵਨੀ ਨਾ ਸਿਰਫ਼ ਵਿਗਿਆਨਕ ਪ੍ਰੇਰਨਾ ਦੀ ਕਹਾਣੀ ਹੈ, ਸਗੋਂ ਪੰਜਾਬੀਆਂ ਲਈ ਮਾਣ ਅਤੇ ਸਵੈਮਾਣ ਦਾ ਪ੍ਰਤੀਕ ਵੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (