DarbaraSKahlon8ਆਪਣੇ ਰਾਜਨੀਤਿਕ ਵਸਾਹਘਾਤੀ ਫੰਧੇ ਨੂੰ ਸਫਲ ਬਣਾਉਣ ਲਈ ਕੈਪਟਨ ਅਮਰਿੰਦਰ ਧੜੱਲੇ ਨਾਲ ...
(21 ਦਸੰਬਰ 2025)


ਫੂਲਕੀਆ ਮਿਸਲ ਨਾਲ ਸਬੰਧਿਤ ਪਟਿਆਲਾ ਰਿਆਸਤ ਦਾ ਹੁਕਮਰਾਨ ਰਿਹਾ ਖਾਨਦਾਨ “ਜਨਤਾ ਨਾਲ ਗੱਦਾਰੀ ਸੱਤਾ ਨਾਲ ਜਾਰੀ” ਕਰਕੇ ਸਦੀਆਂ ਤੋਂ ਭਾਰਤ
, ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਬਦਨਾਮ ਰਿਹਾ ਹੈ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਾਸਨ ਪ੍ਰਸ਼ਾਸਨ ਸਮਝਣੋ ਭਾਵੇਂ ਨਾਕਾਮ ਸਿੱਧ ਹੁੰਦਾ ਹੈ ਪਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਕਿਰਦਾਰ ’ਤੇ ਬਾਕਮਾਲ ਅਤੇ ਸਟੀਕ ਟਿੱਪਣੀਆਂ ਦਾ ਮਾਹਿਰ ਹੈ। ਕੈਪਟਨ ਅਮਰਿੰਦਰ ਦੇ ਖਾਨਦਾਨ ਸਬੰਧੀ ਉਹਨਾਂ ਦੀ ਟਿੱਪਣੀ ਸੌ ਫੀਸਦੀ ਸੱਚ ਹੈ ਕਿ ਜੇ ਭਾਰਤ ਵਿੱਚ ਮੁਗਲ ਸ਼ਾਸਕ ਸਨ ਤਾਂ ਇਹ ਉਹਨਾਂ ਦਾ ਪਿੱਠੂ, ਜੇ ਧਾੜਵੀ ਅਬਦਾਲੀ ਆਏ ਤਾਂ ਉਨ੍ਹਾਂ ਦਾ ਪਿੱਠੂ, ਜੇ ਅੰਗਰੇਜ਼ ਆਇਆ ਤਾਂ ਉਹਨਾਂ ਦਾ ਪਿੱਠੂ, ਜੇ ਕਾਂਗਰਸ ਪਾਰਟੀ ਦੇਸ਼ ਦੀ ਵੰਡ ਬਾਅਦ ਸੱਤਾ ਵਿੱਚ ਆਈ ਤਾਂ ਉਹਨਾਂ ਦਾ ਪਿੱਠੂ ਅਤੇ ਹੁਣ ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਸਦਾ ਪਿੱਠੂ ਬਣਿਆ ਰਿਹਾ। ਇਸ ਨੂੰ ਪਟਿਆਲਾ ਰਿਆਸਤ ਦੇ ਲੋਕਾਂ, ਪੰਜਾਬ ਜਾਂ ਭਾਰਤ ਦੇ ਲੋਕਾਂ ਨਾਲ ਕਦੇ ਕੋਈ ਸਰੋਕਾਰ ਨਹੀਂ ਰਿਹਾ।

ਵਿਸਾਹਘਾਤੀ ਫੰਧੇਬਾਜ਼

ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਅੱਤ ਦਾ ਸ਼ਾਤਰ, ਧੌਂਸਬਾਜ਼ ਅਤੇ ਸੱਤਾ ਖਾਤਰ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਅੱਤ ਕਿਸਮ ਦਾ ਬਦਕਿਰਦਾਰ, ਵਿਸਾਹਘਾਤੀ ਫੰਧੇਬਾਜ਼ ਰਿਹਾ ਹੈ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਸਨਸਨੀਖੇਜ਼ ਰਾਜਨੀਤਿਕ ਕਿੱਸੇ ਕਹਾਣੀਆਂ ਘੜਨ ਦਾ ਮਾਹਿਰ ਰਿਹਾ ਹੈ। ਪੰਜਾਬ ਵਿੱਚ ਸੱਤਾ ਹਥਿਆਉਣ ਲਈ ਇਹ ਵਿਧਾਨ ਸਭਾ ਚੋਣਾਂ ਤੋਂ ਸਾਲ ਡੇਢ ਸਾਲ ਪਹਿਲਾਂ ਰਾਜਨੀਤਿਕ ਵਿਸਾਹਘਾਤੀ, ਧੋਖਾਘੜੀ, ਫਰਾਡ ਅਤੇ ਦਾਦਾਗਿਰੀ ਬਾਹੂਬਲੀ ਹਮਲਾਵਰ ਜਾਲ ਫੈਲਾਉਣ ਦੀ ਨਾਟਕਕਾਰੀ ਕਰਦਾ ਰਿਹਾ, ਜਿਸਦਾ ਪੰਜਾਬੀ ਹਮੇਸ਼ਾ ਭੁਲੇਖਾ ਖਾਂਦੇ ਰਹੇ ਹਨ। ਮਾਰਚ 2026 ਨੂੰ 84 ਸਾਲ ਦੀ ਉਮਰ ਨੂੰ ਢੁਕਣ ਵਾਲੇ ਇਸ ਆਗੂ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਇਹ ਸਿਰਫ ਉਸਦੀ ਨੀਤੀ ਅਨੁਸਾਰ ਮਾਰਗ ਦਰਸ਼ਕ ਮੰਡਲ ਤਕ ਸੀਮਿਤ ਹੈ ਪਰ ਫਿਰ ਵੀ ਇਹ ਸਭ ਸੀਮਾਵਾਂ ਤੋੜ ਕੇ ਭ੍ਰਿਸ਼ਟਾਚਾਰ ਬਲਬੂਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਚੰਡੀਗੜ੍ਹ ਨੇੜੇ ਉਸਾਰੇ ਸੀਸਵਾ ਮਹਿਲ ਵਿੱਚ ਬੈਠ ਗਿਆ ਹੈ। ਭਾਜਪਾ ਲੀਡਰਸ਼ਿੱਪ ਅਤੇ ਪੰਜਾਬੀਆਂ ਨੂੰ ਆਦਤਨ ਮਾਰਚ, 2027 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਬੜੇ ਸ਼ਾਤਰਾਨਾ ਢੰਗ ਨਾਲ ਵਿਸਾਹਘਾਤੀ ਫੰਧੇ ਵਿੱਚ ਫਸਾਉਣ ਦੇ ਯਤਨ ਅਰੰਭ ਚੁੱਕਾ ਹੈ। ਹਾਲਾਂਕਿ ਇਸਦੀ ਹਾਲਤ ਗੁਰਬਾਣੀ ਅਨੁਸਾਰ ਇਹ ਹੈ, “ਅੰਤਿਰ ਅਗਿਨ ਬਾਹਿਰ ਤਨੁ ਸੁਆਹ। ਗਲਿ ਪਾਥਰ ਕੈਸੇ ਤਰੈ ਅਥਾਹ।”

ਸੋਸ਼ਲ ਮੀਡੀਆ:

ਅਜੋਕਾ ਯੁਗ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਸੋਸ਼ਲ ਮੀਡੀਆ ਇੰਨਾ ਸ਼ਕਤੀਸ਼ਾਲੀ ਹੈ ਕਿ ਇਸਨੇ ਵਿਸ਼ਵ ਦੇ ਵੱਡੇ ਵੱਡੇ ਫੰਨੇ ਖਾਂ ਆਗੂ ਨੰਗੇ ਕਰ ਕੇ ਰੱਖ ਦਿੱਤੇ ਹਨ। ਆਪਣੇ ਰਾਜਨੀਤਿਕ ਵਸਾਹਘਾਤੀ ਫੰਧੇ ਨੂੰ ਸਫਲ ਬਣਾਉਣ ਲਈ ਕੈਪਟਨ ਅਮਰਿੰਦਰ ਧੜੱਲੇ ਨਾਲ ਸਿਰ ਤੋਂ ਰਾਜਨੀਤਿਕ ਸਿਧਾਂਤਾਂ ਦੀ ਲੋਈ ਲਾਹ ਕੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਪੰਜਾਬ ਭਰ ਵਿੱਚੋਂ ਯੂਟਿਓਬਰ ਚੈਨਲਾਂ ਨਾਲ ਅਤੇ ਹੋਰ ਸਸਤੇ ਸ਼ੋਹਰਤ ਦੇ ਭੁੱਖੇ ਰਾਜਨੀਤੀ ਅਤੇ ਪੱਤਰਕਾਰੀ ਦੇ ਸਿਧਾਂਤਾਂ ਤੋਂ ਕੋਰੇ ਲੋਕਾਂ ਨੂੰ ਸੀਸਵਾ ਮਹੱਲ ਵਿੱਚ ਟੈਲੀਫੋਨ ਸੁਨੇਹਿਆਂ ਨਾਲ ਸੱਦ ਰਿਹਾ ਹੈ। ਧੜਾਧੜ ਵਿਸਾਹਘਾਤ ਸਟੋਰੀਆਂ ਘੜ-ਘੜ ਕੇ ਭਾਜਪਾ ਲੀਡਰਸ਼ਿੱਪ ਕਾਡਰ ਅਤੇ ਪੰਜਾਬੀਆਂ ਅੱਗੇ ਪਰੋਸ ਰਿਹਾ ਹੈ ਹਾਲਾਂਕਿ ਸਚਾਈ ਇਹ ਵੀ ਹੈ ਕਿ ਇਸ ਵਿਅਕਤੀ ਦਾ ਭਾਜਪਾ ਦੀ ਹਿੰਦੂਤਵੀ ਵਿਚਾਰਧਾਰਾ, ਕਾਡਰ ਅਤੇ ਲੀਡਰਸ਼ਿੱਪ ਨਾਲ ਕੋਈ ਸਰੋਕਾਰ ਨਹੀਂ।

ਕੈਪਟਨ ਅਮਰਿੰਦਰ ਜੂਨ 1984 ਵਿੱਚ ਨੀਲਾ ਤਾਰਾ ਅਪਰੇਸ਼ਨ ਦੇ ਵਿਰੋਧ ਵਿੱਚ ਇਹ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ। ਸੰਨ 1985 ਵਿੱਚ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਖੇਤੀ ਮੰਤਰੀ ਬਣਿਆ। ਸੰਨ 1986 ਵਿੱਚ ਅਪਰੇਸ਼ਨ ਕਾਲੀਗਰਜ ਦੇ ਵਿਰੋਧ ਵਿੱਚ ਅਸਤੀਫਾ ਦੇ ਕੇ ਬਰਨਾਲਾ ਸਰਕਾਰ ਤੋਂ ਬਾਹਰ ਆ ਗਿਆ। ਅਕਾਲੀ ਦਲ ਤੋਂ ਲਾਂਭੇ ਹੋ ਕੇ ਸੰਨ 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਪੰਥਕ ਗਠਿਤ ਕਰਕੇ ਇਸਨੇ ਚੋਣਾਂ ਲੜੀਆਂ ਸਿਰਫ ਤਿੰਨ ਸੀਟਾਂ ਜਿੱਤੀਆਂ। ਅੰਮ੍ਰਿਤਸਰ ਐਲਾਨਨਾਮਾ 1994 ਵਿੱਚ ਦਸਤਖਤ ਕਰਤਾ ਬਣਿਆ। ਸੰਨ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਨੂੰ ਟਿਕਟ ਨਾ ਦੇਣ ਕਰਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਇਆ। ਸੰਨ 1999 ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ। ਸੰਨ 2002 ਦੀਆਂ ਵਿਧਾਨ ਸਭਾ ਵਿੱਚ ਜਿੱਤ ਚੋਣਾਂ ਤੋਂ ਪਹਿਲਾਂ ਬਾਬਾ ਤੇ ਬਲੂੰਗੜਾ ਸਰਕਾਰ ਭਾਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੁੱਤਰ ਸੁਖਬੀਰ ਬਾਦਲ ਨੂੰ ਭ੍ਰਿਸ਼ਟਾਚਾਰੀਆਂ ਵਜੋਂ ਬਦਨਾਮ ਕਰਕੇ, ਖੂੰਡੇ ਨਾਲ ਅਕਾਲੀਆਂ ਨੂੰ ਦੋ ਮਿੰਟ ਵਿੱਚ ਸਿੱਧੇ ਕਰਕੇ ਸੱਤਾ ਤੋਂ ਲਾਂਭੇ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਰਬ ਹਿੰਦ ਅਕਾਲੀ ਦਲ ਦੀ ਅਸ਼ੋਪਲੀ ਹਿਮਾਇਤ ਕਰਕੇ ਸੰਭਵ ਹੋ ਸਕੀ। ਜਿੱਤ ਉਪਰੰਤ ਮੁੱਖ ਮੰਤਰੀ ਬਣ ਗਿਆ।

ਫਿਰ ਕੈਪਟਨ ਸਿਟੀ ਸੈਂਟਰ ਘੁਟਾਲੇ ਵਿੱਚ ਫਸਿਆ। ਸੰਨ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਬਾਅਦ ਕਈ ਸਾਲ ਅਦਾਲਤਾਂ ਵਿੱਚ ਪੇਸ਼ੀਆਂ ਭੁਗਤਦਾ ਰਿਹਾ। ਸੰਨ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਨ 2010 ਵਿੱਚ ਉਸਨੇ ਫਿਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ। ਰਾਜ ਵਿੱਚ ਵਸਾਹਘਾਤੀ ਫੰਧੇ ਰਾਹੀਂ ਪੰਜਾਬੀਆਂ ਨੂੰ ਸੱਤਾ ਖਾਤਰ ਗੁਮਰਾਹ ਕਰਨ ਦਾ ਯਤਨ ਕੀਤਾ ਪਰ ਅਸਫਲ ਰਿਹਾ। ਕਾਂਗਰਸ ਚੋਣਾਂ ਉਸਦੀ ਅਗਵਾਈ ਵਿੱਚ ਹਾਰ ਗਈ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੂੰ ਧੱਕੇ ਨਾਲ ਸੋਨੀਆ ਗਾਂਧੀ ਦੇ ਪ੍ਰਭਾਵ ਨਾਲ ਪੰਜਾਬ ਕਾਂਗਰਸ ਪ੍ਰਧਾਨਗੀ ਪਦ ਤੋਂ ਲਾਂਭੇ ਕਰਕੇ 27 ਨਵੰਬਰ, 2015 ਨੂੰ ਉਹ ਸੱਤਾ ਲਾਲਸਾ ਕਰਕੇ ਪ੍ਰਧਾਨ ਬਣ ਬੈਠਾ। ਕਾਂਗਰਸ ਵਿੱਚ ਇਹ ਪ੍ਰਥਾ ਸਥਾਪਿਤ ਹੋ ਚੁੱਕੀ ਸੀ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਹੀ ਚੋਣਾਂ ਵਿੱਚ ਜਿੱਤ ਹੋਣ ਤੇ ਮੁੱਖ ਮੰਤਰੀ ਥਾਪਿਆ ਜਾਂਦਾ ਸੀ। ਫਿਰ ਪੰਜਾਬੀਆਂ ਨੂੰ ਰਾਜਨੀਤਿਕ ਵਿਸਾਹਘਾਤੀ ਫੰਧੇ ਵਿੱਚ ਫਾਹਣ ਲਈ ਮੀਖਾ ਅੰਕੜਾ ਮਾਹਿਰ ਬਿਹਾਰ ਤੋਂ ਪ੍ਰਸ਼ਾਂਤ ਕਿਸ਼ੋਰ ਕਿਰਾਏ ’ਤੇ ਲਿਆਂਦਾ ਜਿਵੇਂ ਸੰਨ 2012 ਵਿੱਚ ਮੁੱਖ ਮੰਤਰੀ ਗੁਜਰਾਤ ਨਰਿੰਦਰ ਮੋਦੀ ਨੇ ਵਿਧਾਨ ਸਭਾ, 2014 ਵਿੱਚ ਲੋਕ ਸਭਾ ਚੋਣਾਂ ਅਤੇ 2015 ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਵਾਂਗ ਸਨ 2017 ਵਿੱਚ ਪੰਜਾਬ ਵਿਧਾਨ ਸਭਾ ਲਈ ਉਸ ਨੂੰ ਲਿਆਂਦਾ। “ਕਾਫੀ ਵਿਦ ਕੈਪਟਨ”, “ਲੰਚ ਵਿਦ ਕੈਪਟਨ”, ਕਿਸਾਨਾਂ ਦਾ ਉੱਕਾ-ਪੁੱਕਾ ਕਰਜ਼ਾ ਮੁਆਫ ਕਰਨ ਲਈ ਫਾਰਮ ਭਰਨੇ, ਘਰ-ਘਰ ਰੁਜ਼ਗਾਰ, ਗੁਟਕਾ ਸਾਹਿਬ ਦੀ ਕਸਮ ਤਖਤ ਸਾਹਿਬ ਤਲਵੰਡੀ ਵੱਲ ਮੂੰਹ ਕਰਕੇ ਚਾਰ ਹਫਤੇ ਵਿੱਚ ਨਸ਼ਾ ਤਸਕਰੀ ਦਾ ਲੱਕ ਤੋੜਨਾ, ਰੇਤ ਬਜਰੀ, ਟਰਾਂਸਪੋਰਟ, ਕੇਬਲ, ਟਰਾਂਸਪੋਰਟ ਮਾਫੀਏ ਦਾ ਖਾਤਮਾ, ਪੰਜਾਬ ਦੇ ਮਸਲਿਆਂ ਦਾ ਹੱਲ ਕਰਨਾ, ਭ੍ਰਿਸ਼ਟਾਚਾਰ ਜੜ੍ਹੋਂ ਪੁੱਟਣਾ ਦੇ ਝੂਠੇ ਵਾਅਦਿਆਂ ਨਾਲ ਪੰਜਾਬ ਅਤੇ ਪੰਜਾਬੀਆਂ ਨਾਲ ਵਿਸਾਹਘਾਤ ਕੀਤਾ। ਚੋਣਾਂ ਜਿੱਤਣ ਬਾਅਦ ਸਭ ਖਤਮ। ਆਮ ਆਦਮੀ ਕੀ, ਮੰਤਰੀ ਵੀ ਉਸ ਨੂੰ ਨਹੀਂ ਸਨ ਮਿਲ ਸਕਦੇ। ਪਾਕਿਸਤਾਨ ਤੋਂ ਔਰਤ ਮਿੱਤਰ ਅਰੂਸਾ ਪੱਕੇ ਪੈਰੀਂ ਸੱਦ ਲਈ। ਸਭ ਲੈਣ ਦੇਣ ਉਸ ਰਾਹੀਂ। ਮੁੱਖ ਮੰਤਰੀ ਨਿਵਾਸ ਦੇ ਭ੍ਰਿਸ਼ਟਾਚਾਰ ਸਿਖਰ ਛੂਹਣ ਲੱਗਾ। ਸਿਸਵਾ ਮਹਿਲ ਉਸਾਰਿਆ। ਸ਼ਾਸਨ ਅਫਸਰਸ਼ਾਹੀ ਨੂੰ ਲੀਜ਼ ’ਤੇ ਦੇ ਦਿੱਤਾ। ਮੁੱਖ ਪ੍ਰਿੰਸੀਪਲ ਸਕੱਤਰ ਅਹੁਦਾ ਗਠਿਤ ਕਰਕੇ ਸ਼ਾਸਨ ਉਸ ਹਵਾਲੇ ਕਰ ਦਿੱਤਾ। ਕੈਪਟਨ, ਉਸਦਾ ਪਰਿਵਾਰ, ਅਰੂਸਾ ਅਤੇ ਹੋਰ ਦਰਬਾਰੀ ਵਿਦੇਸ਼ਾਂ ਵਿੱਚ ਜਾਇਦਾਦਾਂ ਅਤੇ ਬੈਂਕ ਖਾਤਿਆਂ ਰਾਹੀਂ ਪੰਜਾਬ ਅਤੇ ਪੰਜਾਬੀਆਂ ਨੂੰ ਦੋਹੀਂ ਹੱਥੀਂ ਲੁੱਟਣ ਲੱਗੇ। ਰਾਜ ਕਾਂਗਰਸ ਪਾਰਟੀ ਦੇ ਨਾਮ ਦਾ, ਅੱਖ ਮਟਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ। ਤਾਹੀਓਂ ਅੱਜ ਕੈਪਟਨ, ਪਤਨੀ ਪਰਨੀਤ ਕੌਰ ਅਤੇ ਪੁੱਤਰ ਰਣਇੰਦਰ ਫਰਾਂਸ ਜਾਇਦਾਦ ਅਤੇ ਬੈਂਕ ਖਾਤਿਆਂ ਕਰਕੇ ਈਡੀ ਦੀ ਲਪੇਟ ਵਿੱਚ ਫਸੇ ਹੋਏ ਹਨ। ਆਖਰਕਾਰ ਪਾਰਟੀ ਨੂੰ 18 ਸਤੰਬਰ, 2021 ਨੂੰ ਸਣੇ ਕੁਰਸੀ ਇਸ ਨੂੰ ਸੱਤਾ ਵਿੱਚੋਂ ਵਗਾਹ ਕੇ ਬਾਹਰ ਮਾਰਨਾ ਪਿਆ। ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ। ਪੰਜਾਬ ਲੋਕ ਕਾਂਗਰਸ ਗਠਿਤ ਕੀਤੀ। ਪਰ ਜਦੋਂ ਵਿਧਾਨ ਸਭਾ ਚੋਣਾਂ 2022 ਵਿੱਚ ਇਸਦੇ 16 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤਾਂ 19 ਸਤੰਬਰ, 2022 ਵਿੱਚ ਇਸਦੇ ਭਾਜਪਾ ਵਿੱਚ ਰਲੇਵੇਂ ਨਾਲ ਆਪ ਸਮੇਤ ਟੱਬਰ ਈਡੀ ਦੇ ਛਾਪਿਆਂ ਤੋਂ ਬਚਣ ਲਈ ਉਸ ਵਿੱਚ ਜਾ ਮਿਲੇ। ਸੰਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਘੋਰ ਵਿਰੋਧੀ ਰਹੇ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਦਾ ਅਸਫਲ ਯਤਨ ਕੀਤਾ।

ਆਖਰੀ ਗੁਮਰਾਹਕੁਨ ਯਤਨ:

ਜ਼ਿੰਦਗੀ ਦੀ ਸ਼ਾਮ ਵਿੱਚ ਸੱਤਾ ਲਲ੍ਹਕ ਅਤੇ ਪੰਜਾਬੀਆਂ ਨੂੰ ਸ਼ਰਮਨਾਕ ਢੰਗ ਨਾਲ ਸੋਸ਼ਲ ਮੀਡੀਆ ਸਹਾਰੇ ਗੁਮਰਾਹ ਕਰ ਰਿਹਾ ਹੈ। ਅਖੇ ਭਾਜਪਾ ਸੰਨ 2027, ਕੀ ਸਨ 2032 ਅਤੇ ਸੰਨ 2037 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਦੀ। ਸੋ ਇਸ ਨੂੰ ਸੰਨ 2027 ਦੀਆਂ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਨੀਆਂ ਚਾਹੀਦੀਆਂ ਹਨ। ਪੈਮਾਨਾ ਭਾਜਪਾ ਵੱਲੋਂ 23 ਸੀਟਾਂ ’ਤੇ ਲੜਨਾ ਨਹੀਂ ਹੋਵੇਗਾ ਕਿਉਂਕਿ ਲੋਕ ਸਭਾ ਚੋਣਾਂ 2024 ਵਿੱਚ ਭਾਜਪਾ ਨੇ 18 .56 ਪ੍ਰਤੀਸ਼ਤ ਜਦੋਂ ਕਿ ਅਕਾਲੀ ਦਲ ਬਾਦਲ ਨੇ 13.42% ਵੋਟਾਂ ਲਈਆਂ ਸਨ। ਕੀ ਭਾਜਪਾ ਵੱਡੇ ਭਰਾ ਵਜੋਂ ਲੜੇਗੀ? ਜੋ ਅਕਾਲੀ ਦਲ ਮਨਜ਼ੂਰ ਨਹੀਂ ਕਰੇਗਾ। ਗੱਠਜੋੜ ਕਿਸ ਅਕਾਲੀ ਦਲ ਨਾਲ ਹੋਵੇਗਾ? ਬਾਦਲ ਜਾਂ ਹਰਪ੍ਰੀਤ ਜਾਂ ਵਾਰਸ ਪੰਜਾਬ ਦੇ ਜਾਂ ਮਾਨ ਜਾਂ ਦਲ ਖਾਲਸਾ ਜਾਂ ਹੋਰ ਨਾਲ?

ਕੈਪਟਨ ਨਵੇਂ ਝੂਠੇ ਗੁਮਰਾਹਕੁਨ ਬਿਰਤਾਂਤ ਸਿਰਜ ਰਿਹਾ ਹੈ। ਉਸ ਅਨੁਸਾਰ ਮਰਹੂਮ ਰਾਜੀਵ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦੋ ਵਾਰ ਮਿਲਣ ਦਾ ਯਤਨ ਕੀਤਾ। ਸੰਤਾਂ ਨੇ ਹਾਂ ਕਰ ਦਿੱਤੀ ਸੀ। ਇੱਕ ਲੱਖ ਸੋਨ ਟਕੇ ਦਾ ਸਵਾਲ ਹੈ ਕਿ ਫਿਰ ਤਤਕਾਲੀ ਤਾਕਤਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਲੜਕੇ ਨੂੰ ਨਾ ਮਿਲਣ ਦੀ ਕੀ ਦਿੱਕਤ ਸੀ? ਰਾਜੀਵ ਗਾਂਧੀ ਅੰਬਾਲਾ ਕੰਟੋਨਮੈਂਟ ਤੋਂ ਕਿਉਂ ਵਾਪਸ ਪਰਤਿਆ? ਕੈਪਟਨ ਨੇ ਮਰਹੂਮ ਮੁੱਖ ਮੰਤਰੀ ਦਰਬਾਰਾ ਸਿੰਘ ’ਤੇ ਕਾਰ ਸੇਵਾ ਟਰੱਕਾਂ ਰਾਹੀਂ ਏਕੇ 47 ਬੰਦੂਕਾਂ ਸੰਤਾਂ ਨੂੰ ਭੇਜਣ ਦਾ ਦੋਸ਼ ਲਾਇਆ, ਜਦਕਿ ਨੀਲਾ ਤਾਰਾ ਅਪਰੇਸ਼ਨ ਬਾਅਦ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅੰਮ੍ਰਿਤਸਰ ਵਿੱਚੋਂ ਇੱਕ ਵੀ ਐਸੀ ਬੰਦੂਕ ਖਾੜਕੂਆਂ ਜਾਂ ਭਿੰਡਰਾਂਵਾਲਾ ਤੋਂ ਨਹੀਂ ਮਿਲੀ। ਢਿਲਵਾਂ ਕਾਂਡ ਬਾਅਦ ਛੇ ਅਕਤੂਬਰ, 1983 ਨੂੰ ਦਰਬਾਰਾ ਸਿੰਘ ਸਰਕਾਰ ਤੋੜ ਦਿੱਤੀ ਗਈ ਸੀ ਜਦਕਿ ਅਪਰੇਸ਼ਨ ਨੀਲਾ ਤਾਰਾ 3 ਜੂਨ, 1984 ਨੂੰ ਕੀਤਾ ਗਿਆ ਸੀ। ਕੈਪਟਨ ਦੇ ਸੱਤਾ ਲਈ ਅਤੇ ਈਡੀ ਤੋਂ ਬਚਣ ਲਈ ਗੁਮਰਾਹਕੁੰਨ ਪ੍ਰਚਾਰ ਦੀ ਫੂਕ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ, ਕੇਂਦਰੀ ਮੰਤਰੀ ਰਵਨੀਤ ਬਿੱਟੂ, ਸਾਬਕਾ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਅਨੇਕ ਆਗੂ ਕੱਢ ਚੁੱਕੇ ਹਨ। ਅਸ਼ਵਨੀ ਕੁਮਾਰ ਅਨੁਸਾਰ ਭਾਜਪਾ ਸਭ ਵਿਧਾਨ ਸਭਾ ਸੀਟਾਂ ’ਤੇ ਲੜੇਗੀ। ਇਵੇਂ ਉਹ ਪੰਜਾਬ ਰਾਜਨੀਤੀ ਵਿੱਚੋਂ ਅਪ੍ਰਸੰਗਕ ਅਤੇ ਮਨਫੀ ਹੋ ਚੁੱਕਾ ਹੈ। ਵੈਸੇ ਤਾਂ ਭ੍ਰਿਸ਼ਟਾਚਾਰ ਦੇ ਅਪਰਾਧ ਵਿੱਚ ਮੂੰਹ ਬੋਲੇ ਭਤੀਜੇ ਵਿਕਰਮ ਮਜੀਠੀਆ ਕੋਲ ਜੇਲ੍ਹ ਵਿੱਚ ਬੈਠਣ ਦਾ ਭਾਗੀ ਹੈ। ਇਸਨੇ ਪੰਜਾਬ ਦਾ ਇੱਕ ਮਸਲਾ ਵੀ ਹੱਲ ਨਹੀਂ ਕਰਾਇਆ ਆਪਣੇ ਦੋ ਵਾਰ ਮੁੱਖ ਮੰਤਰੀ ਕਾਰਜ ਕਾਲ ਵਿੱਚ। ਜੋ ਪਾਣੀਆਂ ਦੇ ਸਮਝੌਤੇ ਤੋੜਨ ਵਾਲਾ ਕਾਨੂੰਨ ਸੰਨ 2004 ਵਿੱਚ ਇਸਨੇ ਵਿਧਾਨ ਸਭਾ ਵਿੱਚ ਪਾਸ ਕਰਾਇਆ ਸੀ, ਹਕੀਕਤ ਇਹ ਹੈ ਕੋਈ ਹੋਰ ਮੁੱਖ ਮੰਤਰੀ ਵੀ ਹੁੰਦਾ ਉਸ ਨੂੰ ਵੀ ਇਹੀ ਕਰਨਾ ਪੈਣਾ ਸੀ। ਇਹ ਕੋਈ ਅਲੋਕਾਰ ਕ੍ਰਿਸ਼ਮਾ ਨਹੀਂ ਹੈ। ਕੈਪਟਨ ਲਈ ਬਿਹਤਰ ਇਹੀ ਹੈ ਕਿ ਬੁਢਾਪੇ ਦੇ ਰਹਿੰਦੇ ਚਾਰ ਦਿਨ ਪੰਜਾਬੀਆਂ ਨਾਲ ਕੀਤੇ ਵਿਸਾਹਘਾਤ ਦੇ ਪਸ਼ਚਾਤਾਪ ਰਾਹੀਂ ਗੁਜ਼ਾਰ ਲੈਣ। ਭਾਜਪਾ ਪੰਜਾਬ ਵਿੱਚ ਹਿੰਦੂਤਵੀ ਨੀਤੀਆਂ, ਪੰਜਾਬ ਨੂੰ ਲਗਾਤਾਰ ਜ਼ਖਮ ਦੇਣ, ਸਿੱਖ ਅਤੇ ਕਿਸਾਨ ਮਾਨਸਿਕਤਾ ਨਾ ਸਮਝਣ, ਦਲਿਤ ਭਾਈਚਾਰੇ ਦੀ ਕਿਸਾਨੀ ਅਤੇ ਸਿੱਖ ਭਾਈਚਾਰੇ ਨਾਲ ਸੱਭਿਆਚਾਰ ਸਾਂਝ ਤੋਂ ਬੇਖਬਰ ਪੰਜਾਬ ਵਿੱਚ ਇਕੱਲਿਆਂ ਸੱਤਾ ਵਿੱਚ ਆਉਣ ਦੇ ਸੁਪਨੇ ਤਿਆਗ ਦੇਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author