“ਕੇਂਦਰ ਅੰਦਰ ਸ਼੍ਰੀ ਮੋਦੀ ਸਰਕਾਰ ਨੂੰ ਇਸ ਮੁੱਦੇ ਨੂੰ ਨਜਿੱਠਣ ਲਈ ਸਰਬ ਪਾਰਟੀ ਮੀਟਿੰਗ ਬੁਲਾਉਣੀ ...”
(1 ਅਕਤੂਬਰ 2025)
ਲੋਕਸ਼ਾਹੀ ਵਿੱਚ ਜਨਤਕ ਮੁੱਦਿਆਂ ਨੂੰ ਰਾਜਕੀ ਸ਼ਕਤੀ, ਪੁਲਿਸ, ਅਰਧ ਫੌਜੀ ਦਲਾਂ ਜਾਂ ਫੌਜ ਦੇ ਬੂਟਾਂ ਥੱਲੇ ਦਰੜ ਕੇ ਜਾਂ ਫਿਰ ਬੰਦੂਕ ਦੀ ਨਾਲੀ ਵਿੱਚੋਂ ਨਿਕਲੀ ਸ਼ਕਤੀ ਬਲਬੂਤੇ ਨਜਿੱਠਣਾ ਕਦੇ ਵੀ ਸਥਾਈ ਸ਼ਾਂਤੀ ਦਾ ਪ੍ਰਤੀਕ ਕਾਰਜ ਨਹੀਂ ਮੰਨਿਆ ਜਾ ਸਕਦਾ। 24 ਸਤੰਬਰ, 2025 ਨੂੰ ਭਾਰਤ ਦੇ ਖੂਬਸੂਰਤ ਕੇਂਦਰੀ ਸ਼ਾਸਤ ਪ੍ਰਦੇਸ਼ ਲਦਾਖ਼ ਵਿੱਚ ਜਿਵੇਂ ਨੌਜਵਾਨ ਅਤੇ ਸਥਾਨਿਕ ਜਨਤਕ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕੀਤਾ ਅਤੇ ਜਿਵੇਂ ਇਸ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਰੋਲ ਅਦਾ ਕੀਤਾ, ਇਹ ਅਤਿ ਚਿੰਤਾਜਨਕ ਹੈ। ਇਸ ਹਿੰਸਾ ਵਿੱਚ 4 ਲੋਕ ਮਾਰੇ ਗਏ ਜਦਕਿ 89 ਦੇ ਕਰੀਬ ਜਖ਼ਮੀ ਹੋਏ, ਜਿਨ੍ਹਾਂ ਵਿੱਚੋਂ ਕਈ ਹਸਪਤਾਲ ਦਾਖਲ ਕਰਾਏ ਗਏ।
ਕਰਫਿਊ: ਅਗਲੇ ਦਿਨ ਲੇਹ ਜ਼ਿਲ੍ਹੇ ਸਮੇਤ ਸਭ ਵੱਡੇ ਸ਼ਹਿਰਾਂ ਨੂੰ ਕਰਫਿਊ ਲਾ ਕੇ ਅਰਧ ਫ਼ੌਜੀ ਦਲਾਂ ਦੇ ਹਵਾਲੇ ਕਰ ਦਿੱਤਾ। ਲੇਹ ਐਪਕਸ ਬਾਡੀ (ਐੱਲ.ਏ.ਬੀ.) ਦੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। 50 ਤੋਂ ਵੱਧ ਕਾਰਕੁਨ ਗ੍ਰਿਫਤਾਰ ਕਰ ਲਏ ਗਏ। ਕੇਂਦਰ ਸਰਕਾਰ ਇਸ ਸਥਾਨਿਕ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਖਲਬਲੀ ਲਈ ਇਸ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਲੋਕਾਂ ਦੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ 10 ਸਤੰਬਰ, 2025 ਤੋਂ ਹੋਰ 15 ਸਹਿਯੋਗੀਆਂ ਨਾਲ ਲੇਹ ਅੰਦਰ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਣ ਅਤੇ ਜਲਵਾਯੂ ਸੰਭਾਲ ਪ੍ਰੇਮੀ, ਉੱਘੇ ਵਿਗਿਆਨੀ ਅਤੇ ਮੈਗਾਸਾਸੇ ਐਵਾਰਡ ਨਾਲ ਸਨਮਾਨਿਤ ਸੋਨਮ ਵਾਂਗ ਚੁੱਕ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਉਹ ਇੱਕ ਗਾਂਧੀਵਾਦੀ ਅਹਿੰਸਾ ਪ੍ਰੇਮੀ ਆਗੂ ਹਨ। ਉਹ ਕੇਂਦਰੀ ਸ਼ਾਸਤ ਅਤੇ ਅਤਿ ਸੰਵੇਦਨਸ਼ੀਲ ਪ੍ਰਦੇਸ਼ ਵਿੱਚ ਅਜਿਹਾ ਕਦਾਚਿਤ ਨਹੀਂ ਚਾਹੁੰਦੇ। ਜਦੋਂ ਉਨ੍ਹਾਂ ਨੂੰ ਲੇਹ ਅੰਦਰ ਹਿੰਸਾ, ਅਗਜ਼ਨੀ, ਪੁਲਿਸ ਗੋਲਾਬਾਰੀ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦੇ ਦਫਤਰ, ਕਈ ਵਾਹਨਾਂ ਨੂੰ ਅੱਗ ਹਵਾਲੇ ਅਤੇ ਤੋੜ-ਫੋੜ ਦਾ ਪਤਾ ਲੱਗਾ, ਉਨ੍ਹਾਂ ਭੁੱਖ ਹੜਤਾਲ ਵਾਪਸ ਲੈ ਲਈ।
ਬਲੀ ਦਾ ਬੱਕਰਾ: ਸੋਨਮ ਵਾਂਗ ਚੁੱਕ ਦਾ ਕਹਿਣਾ ਹੈ ਕਿ ਹਿਮਾਲੀਆ ਦੇ ਇਸ ਅਤਿ ਸੰਵੇਦਨਸ਼ੀਲ ਖੇਤਰ ਦੀਆਂ ਸਮੱਸਿਆਵਾਂ ਨੂੰ ਸਭ ਨਾਲ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਹੱਲ ਕਰਨ ਦੀ ਥਾਂ ਇਸ ਹਿੰਸਾ ਲਈ ਬੜੀ ਰਾਜਨੀਤਕ ਅਤੇ ਡਿਪਲੋਮੈਟਿਕ ਚਲਾਕੀ ਨਾਲ ਮੈਨੂੰ ਜ਼ਿੰਮੇਵਾਰ ਠਹਿਰਾ ਕੇ ‘ਬਲੀ ਦਾ ਬੱਕਰਾ’ ਬਣਾ ਕੇ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ। ਇਸ ਮਸਲੇ ਵਿੱਚ ਕਾਂਗਰਸ ਪਾਰਟੀ ਨੂੰ ਮੇਰੇ ਨਾਲ ਜੋੜਨਾ ਸਹੀ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਜਨਤਕ ਸੁਰੱਖਿਆ ਐਕਟ (ਪੀ.ਐੱਸ.ਏ.) ਅਧੀਨ ਗ੍ਰਿਫਤਾਰੀ ਤੋਂ ਨਹੀਂ ਡਰਦੇ, ਜਿਸ ਅਧੀਨ ਉਨ੍ਹਾਂ ਨੂੰ ਦੋ ਸਾਲ ਲਈ ਜੇਲ੍ਹ ਅੰਦਰ ਬੰਦ ਰੱਖਿਆ ਜਾ ਸਕਦਾ ਹੈ। ਪਰ ਉਨ੍ਹਾਂ ਕੇਂਦਰ ਸਰਕਾਰ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਨੂੰ ਬੁੱਧੀ ਅਤੇ ਦੂਰ-ਅੰਦੇਸ਼ੀ ਤੋਂ ਕੰਮ ਲੈਣ ਲਈ ਤਾਕੀਦ ਕੀਤੀ ਕਿ ਸਭ ਨੂੰ ਸਿਰ ਜੋੜ ਕੇ ਸਮੱਸਿਆ ਦਾ ਹੱਲ ਟੋਲਨਾ ਚਾਹੀਦਾ ਹੈ। ਨੌਜਵਾਨ ਨਿਰਾਸ਼ ਅਤੇ ਨਰਾਜ਼ ਹਨ। ਉਨ੍ਹਾਂ ਨੂੰ ਭਵਿੱਖ ਵਿੱਚ ਉਜਾਲੇ ਦੀ ਥਾਂ ਘੋਰ ਅੰਧੇਰਾ ਦਿਸ ਰਿਹਾ ਹੈ।
ਵਿਰੋਧੀ ਉਸਦੀ ਪਿੱਠ ’ਤੇ: ਕਾਂਗਰਸ ਪਾਰਟੀ ਤੋਂ ਇਲਾਵਾ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀ.ਡੀ.ਪੀ.) ਸੁਪਰੀਮੋ ਮਹਿਬੂਬਾ ਮੁਫ਼ਤੀ ਇਸ ਲਈ ਸੋਨਮ ਵਾਂਗ ਚੁੱਕ ਨੂੰ ਨਹੀਂ ਬਲਕਿ ਕੇਂਦਰ ਸਰਕਾਰ ਦੀਆਂ ਇਸ ਖਿੱਤੇ ਅੰਦਰ ਗਲਤ ਨੀਤੀਆਂ ਨੂੰ ਇਸ ਹਿੰਸਾ ਅਤੇ ਵਿਰੋਧ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਲਦਾਖ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਕੇ ਜੋ ਵਾਅਦੇ ਕੀਤੇ ਸਨ, ਇਸਦੀ ਤਰੱਕੀ, ਖੁਸ਼ਹਾਲੀ, ਇਕਜੁੱਟਤਾ ਅਤ ਸਥਾਨਿਕ ਸੱਭਿਆਚਾਰ ਦੀ ਰਖਵਾਲੀ ਲਈ, ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ।
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਜਿਹੇ ਪ੍ਰੌੜ੍ਹ ਆਗੂ ਦਾ ਕਹਿਣਾ ਹੈ ਕਿ ਸੋਨਮ ਵਾਂਗ ਚੁੱਕ ਇੱਕ ਗਾਂਧੀਵਾਦੀ ਅਹਿੰਸਾ ਪ੍ਰੇਮੀ ਆਗੂ ਹਨ। ਉਹ ਹਰ ਕਿਸਮ ਦੀ ਹਿੰਸਾ ਦੇ ਖਿਲਾਫ ਹਨ। ਉਨ੍ਹਾਂ ਨੂੰ ਅਜੋਕੀ ਹਿੰਸਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਉਣਾ ਸਰਾਸਰ ਗਲਤ ਹੈ ਅਤੇ ਇਹ ਗਲਤ ਦਿਸ਼ਾ ਵੱਲ ਕਾਰਵਾਈ ਕਰਨਾ ਹੈ। ਲਦਾਖ ਇੱਕ ਸਰਹੱਦੀ ਇਲਾਕਾ ਹੈ। ਚੀਨ ਇਸ ’ਤੇ ਨਿਸ਼ਾਨਾ ਸਾਧੀ ਬੈਠਾ ਹੈ। ਇਸਦੀ ਜ਼ਮੀਨ ’ਤੇ ਕਬਜ਼ਾ ਕਰੀ ਬੈਠਾ ਹੈ। ਇਸ ਅੰਦੋਲਨ ਲਈ ਨਵੀਂ ਉੱਭਰੀ ਨੌਜਵਾਨ ਸ਼ਕਤੀ ਹੈ ਜਿਸਨੇ ਇਸ ਅੰਦੋਲਨ ਤੋਂ ਸੋਨਮ ਵਾਂਗ ਚੁੱਕ ਨੂੰ ਲਾਂਭੇ ਕਰ ਦਿੱਤਾ ਹੈ। ਉਸਨੇ ਕੇਂਦਰ ਸਰਕਾਰ ’ਤੇ ਜ਼ੋਰ ਦਿੱਤਾ ਕਿ ਇਸ ਅੰਦੋਲਨ ਨੂੰ ਸ਼ਾਂਤ ਕਰਨ ਅਤੇ ਲਦਾਖ ਦੇ ਮੁੱਦੇ ਦੇ ਹੱਲ ਕਰਨ ਦਾ ਸਮਾਂ ਆ ਗਿਆ ਹੈ। ਕੇਂਦਰ ਸਰਕਾਰ ਨੂੰ ਇਸ ਤੋਂ ਉੱਕਣਾ ਨਹੀਂ ਚਾਹੀਦਾ ਅਤੇ ਤੁਰੰਤ ਮਿਲ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ।
ਸੰਵੇਦਨਸ਼ੀਲ ਖੇਤਰ: ਕਰੀਬ ਤਿੰਨ ਲੱਖ, ਚਾਰ ਹਜ਼ਾਰ ਅਬਾਦੀ ਵਾਲੇ ਲਦਾਖ ਖੇਤਰ ਨੂੰ 5 ਅਗਸਤ, 2019 ਨੂੰ ਕੇਂਦਰ ਅੰਦਰ ਭਾਜਪਾ ਦੀ ਅਗਵਾਈ ਵਾਲੀ ਸ਼੍ਰੀ ਨਰੇਂਦਰ ਮੋਦੀ ਐੱਨ.ਡੀ.ਏ. ਸਰਕਾਰ ਨੇ ਜੰਮੂ-ਕਸ਼ਮੀਰ ਰਾਜ ਵਿੱਚੋਂ ਧਾਰਾ 370 ਅਤੇ 35 ਏ ਹਟਾ ਕੇ ਜੰਮੂ-ਕਸ਼ਮੀਰ ਪੁਨਰਗਠਨ ਐਕਟ, 2019 ਅਧੀਨ ਵੱਖਰਾ ਕੇਂਦਰੀ ਸ਼ਾਸਤ ਪ੍ਰਦੇਸ਼ ਗਠਤ ਕੀਤਾ ਸੀ। ਇਹ ਖੇਤਰ ਅਤਿ ਸੰਵੇਦਨਸ਼ੀਲ ਸਰਹੱਦੀ ਇਲਾਕਾ ਹੈ ਜੋ ਪੂਰਬ ਵਿੱਚ ਤਿੱਬਤ (ਚੀਨ), ਪੱਛਮ ਵਿੱਚ ਪਾਕਿਸਤਾਨ ਅਧੀਨ ਮਕਬੂਜ਼ਾ ਕਸ਼ਮੀਰ, ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਹਿਮਾਚਲ ਪ੍ਰਦੇਸ਼ ਨਾਲ ਲਗਦਾ ਹੈ। ਸਿਆਚਿਨ ਗਲੇਸ਼ੀਅਰ ਅਤੇ ਅਕਮਾਈ ਚਿੰਨ ਐਸੇ ਖੇਤਰ ਹਨ ਜੋ ਨਿੱਤ ਦਿਨ ਪਾਕਿਸਤਾਨ ਅਤੇ ਚੀਨ ਨਾਲ ਸਰਹੱਦੀ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ। ਇਹ ਖੇਤਰ ਆਪਣੀ ਵਿਲੱਖਣ ਸੱਭਿਆਚਾਰਕ ਅਤੇ ਨਸਲੀ ਵਿਭਿੰਨਤਾ ਭਰੀ ਪਛਾਣ ਦਾ ਪ੍ਰਤੀਕ ਹੈ, ਜਿਸ ਵਿੱਚ ਹਿੰਦੂ, ਮੁਸਲਿਮ, ਬੋਧੀ ਅਤੇ ਸਥਾਨਿਕ ਕਬੀਲੇ ਸ਼ਾਮਲ ਹਨ।
ਮੰਗਾਂ: ਜਦੋਂ ਇਸ ਖੇਤਰ ਨੂੰ ਜੰਮੂ ਕਸ਼ਮੀਰ ਨਾਲੋਂ ਵੱਖ ਕਰਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਇਆ ਤਾਂ ਸਥਾਨਿਕ ਲੋਕਾਂ ਨੇ ਬਹੁਤ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ। ਉਹ ਸਮਝਦੇ ਸਨ ਕਿ ਉਹ ਹੁਣ ਆਪਣੀ ਅਲੱਗ ਖੁਦਮੁਖ਼ਤਾਰੀ, ਪਛਾਣ, ਤਰੱਕੀ ਨੂੰ ਸਥਾਪਿਤ ਕਰਨ ਦੇ ਸਮਰੱਥ ਹੋ ਸਕਣਗੇ। ਜੋ ਉਨ੍ਹਾਂ ਨੂੰ ਜੰਮੂ ਕਸ਼ਮੀਰ ਰਾਜ ਵਿੱਚ ਅਜੇ ਤਕ ਪ੍ਰਾਪਤ ਨਹੀਂ ਸੀ ਹੋ ਸਕੀ। ਉਹ ਚਾਹੁੰਦੇ ਸਨ ਕਿ ਲਦਾਖ ਨੂੰ ਇੱਕ ਪੂਰਨ ਰਾਜ ਦਾ ਰੁਤਬਾ ਦਿੱਤਾ ਜਾਏ। ਇਸ ਲਈ ਇੱਕ ਵਿਧਾਨ ਸਭਾ ਗਠਤ ਕੀਤੀ ਜਾਵੇ। ਵੱਖਰਾ ਪਬਲਿਕ ਸੇਵਾਵਾਂ ਕਮਿਸ਼ਨ ਸਥਾਪਿਤ ਕੀਤਾ ਜਾਏ। ਇਸ ਲਈ ਇਸ ਨੂੰ ਸੰਵਿਧਾਨ ਦੀ 6ਵੀਂ ਸੂਚੀ ਵਿੱਚ ਦਰਜ ਕੀਤਾ ਜਾਏ। ਆਦਿਵਾਸੀ ਖੇਤਰਾਂ ਲਈ ਸਵੈਸ਼ਾਸਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੇ ਸੱਭਿਆਚਾਰ ਅਤੇ ਵੱਖਰੀ ਪਛਾਣ ਲਈ ਸੰਵਿਧਾਨਿਕ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੇ ਜ਼ਮੀਨੀ ਅਧਿਕਾਰ ਸੁਨਿਸ਼ਚਿਤ ਕੀਤੇ ਜਾਣ। ਖਿੱਤੇ ਦੇ ਵਾਤਾਵਰਣ, ਬਨਸਪਤੀ ਅਤੇ ਕੁਦਰਤੀ ਸੁੰਦਰਤਾ ਦੀ ਸੰਭਾਲ ਯਕੀਨੀ ਬਣਾਈ ਜਾਏ। ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਨਅਤੀ ਕਰਨ, ਛੋਟੇ ਅਤੇ ਮੱਧ ਉਦਯੋਗਾਂ ਦੀ ਸਥਾਪਤੀ ਕੀਤੀ ਜਾਏ। ਇਸ ਲਈ ਉਨ੍ਹਾਂ ਇਸਦੀ ਇੱਕੋ ਸੀਟ ਤੋਂ ਭਾਜਪਾ ਆਗੂ ਜਿਤਾਇਆ। ਪਰ ਜਦੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੇਂਦਰ ਨੇ ਟਾਲ-ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਉਨ੍ਹਾਂ ਵੱਲੋਂ ਗਠਤ ਐੱਲ.ਏ.ਬੀ. ਨੇ ਸੋਨਮ ਵਾਂਗ ਚੁੱਕ ਦੀ ਅਗਵਾਈ ਵਿੱਚ ਲੇਹ ਤੋਂ ਦਿੱਲੀ ਤਕ ਪਦਯਾਤਰਾ ਕੀਤੀ ਤਾਂ ਕਿ ਕੇਂਦਰ ਸਰਕਾਰ ਅਤੇ ਰਾਸ਼ਟਰ ਦਾ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਕੇਂਦਰ ਕੀਤਾ ਜਾਵੇ। ਲੇਕਿਨ ਕੇਂਦਰ ਸਰਕਾਰ ਨੇ ਸੰਜੀਦਗੀ ਨਾ ਵਿਖਾਈ। ਆਖ਼ਰ ਵਾਂਗ ਚੁੱਕ ਨੂੰ 10 ਸਤੰਬਰ, 2025 ਨੂੰ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ। ਰਾਜ ਵਿੱਚ ਵਧਦੀ ਬੇਰੋਜ਼ਗਾਰੀ ਅਤੇ ਪੜ੍ਹੇ ਲਿਖੇ ਵਿਹਲੜ ਨੌਜਵਾਨਾਂ ਨੂੰ ਅੰਦੋਲਨ ਵਿੱਚ ਕੁੱਦਣ ਲਈ ਮਜਬੂਰ ਕੀਤਾ।
ਜੈਨ ਜ਼ੈੱਡ ਅੰਦੋਲਨ (Gen Z Protests): ਹਕੀਕਤ ਵਿੱਚ ਲਦਾਖ ਦੇ ਬੁੱਧ ਧਰਮ ਦੇ ਪ੍ਰਭਾਵ ਵਾਲੇ ਸ਼ਾਂਤਮਈ ਖੇਤਰ ਵਿੱਚ ਨੌਜਵਾਨ ਪੀੜ੍ਹੀ ਵਿੱਚ ਬੇਰੋਜ਼ੁਗਾਰੀ, ਬੇਕਾਰੀ, ਧੁੰਦਲੇ ਭਵਿੱਖ ਕਰਕੇ ਜੈਨ ਜ਼ੈੱਡ ਅੰਦੋਲਨ ਜੋ ‘ਅਰਬ ਬਹਾਰ’ ਅੰਦੋਲਨ ਵਾਂਗ ਸ਼੍ਰੀ ਲੰਕਾ, ਬੰਗਲਾ ਦੇਸ਼ ਅਤੇ ਨੇਪਾਲ ਵਿੱਚ ਭੜਕਣ, ਸੱਤਾ ਬਦਲਣ ਬਾਅਦ ਦਸਤਕ ਦਿੰਦਾ ਵਿਖਾਈ ਦੇ ਰਿਹਾ ਹੈ। ਇਹ ਭਾਰਤ ਅੰਦਰ ਖਤਰੇ ਦੀ ਘੰਟੀ ਹੈ।
ਉੱਤਰਾਖੰਡ ਵਿੱਚ ਦਸਤਕ: 24 ਸਤੰਬਰ ਨੂੰ ਉੱਤਰਾਖੰਡ ਅੰਦਰ ਭਾਜਪਾ ਦੀ ਪੁਸ਼ਕਰ ਸਿੰਘ ਧਾਮੀ ਦੀ ਦੂਰ-ਅੰਦੇਸ਼ੀ ਰਹਿਤ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਭਰਨ ਲਈ ਪ੍ਰੀਖਿਆਵਾਂ ਵਿੱਚ ‘ਪੇਪਰ ਲੀਕ’ ਮਾਫ਼ੀਆ ਵਿਰੁੱਧ ਪੂਰੇ ਪ੍ਰਦੇਸ਼ ਵਿੱਚੋਂ ਬੇਰੋਜ਼ੁਗਾਰ ਨੌਜਵਾਨ ਨੇ ਦੇਹਰਾਦੂਨ ਵਿਖੇ ਵੱਡਾ ਮੁਜ਼ਾਹਰਾ ਕੀਤਾ। ਸਥਿਤੀ ਉਦੋਂ ਵਿਗੜੀ ਜਦੋਂ ਇਸ ਮਾਫੀਆਂ ਦੇ ਗੁੰਡਾਗਰਦ ਗ੍ਰੋਹ ਨੇ ਇਸ ਨੂੰ ਸਾਬੋਤਾਜ਼ ਕਰਨ ਦਾ ਯਤਨ ਕੀਤਾ। ਇਹ ਅੰਦੋਲਨ ਵੀ ਜੈਨ ਜ਼ੈੱਡ ਦੀ ਦਸਤਕ ਹੈ। ਜੇ ਰਾਜ ਵਿੱਚ ਰੇਤ ਬਜਰੀ, ਲੈਂਡ ਅਤੇ ਪੇਪਰ ਲੀਕ ਮਾਫੀਆ ਨਾਲ ਨਾ ਨਜਿੱਠਿਆ ਗਿਆ ਤਾਂ ਸਥਿਤੀ ਬੇਕਾਬੂ ਹੋ ਸਕਦੀ ਹੈ।
ਮਨੀਪੁਰ ਅਸ਼ਾਂਤ: ਕੀ ਫੌਜੀ ਬੂਟ ਅਤੇ ਬੰਦੂਕ ਮਨੀਪੁਰ ਅੰਦਰ ਹਿੰਸਾ ਰੋਕ ਸਕੇ ਜੋ 3 ਮਈ, 2023 ਨੂੰ ਆਲ ਟਰਾਈਬਲ ਸਟੂਡੈਂਟ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਸੀ? ਅੱਜ ਭਾਜਪਾ ਦੇ ਰਾਜ ਅੰਦਰ ਸਭ ਵਿਧਾਇਕ ਉਸ ਵਿਰੁੱਧ ਖੜ੍ਹੇ ਹਨ।
ਰਾਜਪਾਲ ਟਕਰਾਅ: ਵੱਖ-ਵੱਖ ਰਾਜਾਂ ਅੰਦਰ ਜਿੱਥੇ ਗੈਰ ਭਾਜਪਾ ਸਰਕਾਰਾਂ ਹਨ, ਰਾਜਪਾਲਾਂ ਦੀ ਕੇਂਦਰ ਦੀ ਸ਼ਹਿ ਤੇ ਗੈਰ-ਸੰਵਿਧਾਨਿਕ ਦਖਲ ਅੰਦਾਜ਼ੀ ਕੇਂਦਰ ਸਰਕਾਰ ਵਿਰੁੱਧ ਸੁਲਗਦੇ ਅੰਦੋਲਨਾਂ ਨੂੰ ਜਨਮ ਦੇ ਰਹੀ ਹੈ। ਸੁਪਰੀਮ ਕੋਰਟ ਵੱਲੋਂ ਰਾਜਪਾਲਾਂ ਨੂੰ ਤੰਬੀਹ ਅਤੇ ਸੰਵਿਧਾਨਿਕ ਸੀਸ਼ਾ ਵਿਖਾਉਣ ਦੇ ਬਾਵਜੂਦ ਉਹ ਨਹੀਂ ਟਲ਼ ਰਹੇ। ਸੰਵਿਧਾਨਿਕ ਅਸੰਤੋਸ਼ ਰਾਸ਼ਟਰ ਨੂੰ ਵੱਡੇ ਟਕਰਾਅ ਵੱਲ ਧਕੇਲ ਸਕਦਾ ਹੈ।
ਪੰਜਾਬ ‘ਗਾਜ਼ਾ ਨਸਲ ਕੁਸ਼ੀ’: ਪੰਜਾਬ ਰਾਜ ਵਿੱਚ ਸਿੱਖ ਨੌਜਵਾਨਾਂ ਦੀ ਰਾਸ਼ਟਰਪਤੀ ਰਾਜ, ਬੇਅੰਤ ਸਿੰਘ ਕਾਂਗਰਸ ਸਰਕਾਰ ਵੇਲੇ ਫੌਜ, ਅਰਧ ਫੌਜੀ ਦਲਾਂ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਨਸਲ ਕੁਸ਼ੀ, “ਗਾਜ਼ਾ” ਵਾਂਗ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ 37 ਗੁਰਦਵਾਰਿਆਂ ਸਮੇਤ ਪੰਜਾਬ ਵਿੱਚ ਫ਼ੌਜੀ ਨੀਲਾ ਤਾਰਾ ਅਪਰੇਸ਼ਨ, ਜੂਨ 1984, ਨਵੰਬਰ 1984 ਵਿੱਚ 31 ਅਕਤੂਬਰ ਨੂੰ ਇੰਦਰਾ ਗਾਂਧੀ ਕਤਲ ਬਾਅਦ ਦਿੱਲੀ ਤੇ ਹੋਰ ਅਨੇਕ ਸਥਾਨਾਂ ’ਤੇ ਸਿੱਖ ਕਤਲ-ਏ-ਆਮ ਕੀ ਸਿੱਖ ਨੌਜਵਾਨ ਅਤੇ ਸਿੱਖ ਕੌਮ ਭੁੱਲ ਚੁੱਕੀ ਹੈ? ਹੁਣ ਅਗਸਤ-ਸਤੰਬਰ 2025 ਹੜ੍ਹਾਂ ਵਿੱਚ ਕਿਸੇ ਕੇਂਦਰ ਜਾਂ ਰਾਜ ਸਰਕਾਰਾਂ ਨੇ ਪੰਜਾਬੀਆਂ ਦੀ ਬਾਂਹ ਨਹੀਂ ਫੜੀ, ਖ਼ੁਦ ਪੰਜਾਬੀ ਨੌਜਵਾਨ, ਕਲਾਕਾਰ, ਪ੍ਰਵਾਸੀ ਪੰਜਾਬੀ ਉਨ੍ਹਾਂ ਦੀ ਮਦਦ ਲਈ ਕੁੱਦ ਪਏ। ਪੰਜਾਬ ਵਿੱਚ ਨੌਜਵਾਨ ਨੂੰ ਚਿੱਟੇ, ਗੈਂਗਸਟਰਵਾਦ ਅਤੇ ਹੁਣ ਪ੍ਰਵਾਸੀਆਂ ਵਿਰੋਧੀ ਮੁੱਦੇ ਦਾ ਸ਼ਿਕਾਰ ਕੌਣ ਬਣਾ ਰਿਹਾ? ਆਖ਼ਰ ਇਹ ਅੰਦਰੋ-ਅੰਦਰ ਸੁਲਗਦਾ ਲਾਵਾ ਜੈਨ ਜ਼ੈੱਡ ਵਜੋਂ ਕਿਸੇ ਸਮੇਂ ਭੜਕ ਸਕਦਾ ਹੈ।
ਕੇਂਦਰ ਸੰਭਲੇ: ਕੇਂਦਰ ਨੇ ਸੋਨਮ ਵਾਂਗ ਚੁੱਕ ਦੀ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲਦਾਖ ਸੰਸਥਾ ਦਾ ਲਸੰਸ ਰੱਦ ਕਰ ਦਿੱਤਾ ਹੈ। ਹਿਮਾਲੀਅਨ ਇੰਸਟੀਚਿਊਟ ਆਫ ਆਲਟਰਨੇਟਿਵਜ਼ ਲਦਾਖ ਦੇ ਵਿਦੇਸ਼ੀ ਫੰਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸਨੇ ਸਾਫ ਕੀਤਾ ਹੈ ਕਿ ਉਸ ਵਿਰੁੱਧ ਕਾਰਵਾਈ ਹਾਲਾਤ ਵਿੱਚ ਤਲਖ਼ੀ ਪੈਦਾ ਕਰੇਗੀ। ਭਾਜਪਾ ਦਾ ਸਥਾਨਿਕ ਸਾਂਸਦ ਉਸ ਅਤੇ ਸਰਕਾਰ ਵਿਰੁੱਧ ਹੈ। ਨੌਜਵਾਨ ਅੰਦੋਲਨ ਭੜਕਿਆ ਪਿਆ ਹੈ, ਜੈਨ ਜ਼ੈੱਡ ਚਿੰਗਾਰੀ ਨਾਲ। ਕੇਂਦਰ ਅੰਦਰ ਸ਼੍ਰੀ ਮੋਦੀ ਸਰਕਾਰ ਨੂੰ ਇਸ ਮੁੱਦੇ ਨੂੰ ਨਜਿੱਠਣ ਲਈ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਵਾਂਗ ਚੁੱਕ ਅਤੇ ਨੌਜਵਾਨ ਆਗੂਆਂ ਨਾਲ ਮੇਜ਼ ’ਤੇ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਆਪਣੇ ਲੋਕਾਂ, ਆਪਣੇ ਨੌਜਵਾਨਾਂ ਜਾਂ ਆਪਣੇ ਵਿਰੋਧੀ ਵਿਚਾਰਾਂ ਵਾਲੇ ਨਾਗਰਿਕਾਂ ਅਤੇ ਸੰਗਠਨਾਂ ਵਿਰੁੱਧ ਬਸਤੀਵਾਦੀ ਅੰਗਰੇਜ਼ ਜਾਂ ਅਰਧ ਪਾਗਲ ਡੌਨਲਡ ਟਰੰਪ ਜਾਂ ਮਰਹੂਮ ਇੰਦਰਾ ਗਾਂਧੀ ਵਾਂਗ ਪੁਲਿਸ, ਅਰਧ ਫੌਜੀ ਦਲਾਂ ਜਾਂ ਫੌਜੀ ਬੂਟਾਂ ਜਾਂ ਬੰਦੂਕ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਕੀ ਵਿਸ਼ਵ ਗੁਰੂ ਬਣਨ ਵਾਲੇ ਭਾਰਤ ਅਤੇ ਉਸਦੀ ਸਰਕਾਰ ਤੋਂ ਅਜਿਹੀ ਤਵੱਕੋ ਕੀਤੀ ਜਾ ਸਕਦੀ ਹੈ?
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (