“ਭਾਰਤ ਦੇ ਰਾਜਨੀਤੀਵਾਨਾਂ, ਉੱਚ ਅਫਸਰਸ਼ਾਹਾਂ, ਤਸਕਰਾਂ, ਗੈਂਗਸਟਰਾਂ, ਧੋਖੇਬਾਜ਼ ...”
(27 ਅਕਤੂਬਰ 2025)
ਇਹ ਵਿਸ਼ਵ ਵਿਆਪੀ ਸਚਾਈ ਹੈ ਕਿ ਜਦੋਂ ਕਿਸੇ ਸਮਾਜ, ਧਰਮ ਜਾਂ ਰਾਸ਼ਟਰ ਵਿੱਚ ਨੈਤਿਕਤਾ, ਸਦਾਚਾਰ ਅਤੇ ਚੰਗਿਆਈ ਅਸਫਲ ਹੋ ਜਾਂਦੇ ਹਨ ਤਾਂ ਉੱਥੇ ਅਨੈਤਿਕਤਾ, ਦੁਰਾਚਾਰ ਅਤੇ ਭ੍ਰਿਸ਼ਟਾਚਾਰੀ ਬਦੀ ਭਾਰੂ ਹੋ ਜਾਂਦੇ ਹਨ। ਮਨੁੱਖ ਹੀ ਨਹੀਂ, ਸਮਾਜ, ਧਰਮ ਅਤੇ ਰਾਸ਼ਟਰ ਨਾਲ ਸਬੰਧਿਤ ਸੰਸਥਾਵਾਂ ਵੀ ਅਨੈਤਿਕਤਾ, ਦੁਰਾਚਾਰ ਅਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਜਾਂਦੀਆਂ ਹਨ। ਕਮਜ਼ੋਰ ਸਮਾਜ, ਧਰਮ ਅਤੇ ਰਾਸ਼ਟਰ ਹੀ ਨਹੀਂ ਬਲਕਿ ਬਲਵਾਨ ਵੀ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸਭ ਤੋਂ ਖ਼ਤਰਨਾਕ ਸਥਿਤੀ ਉਦੋਂ ਉਤਪੰਨ ਹੁੰਦੀ ਹੈ ਜਦੋਂ ਇਨ੍ਹਾਂ ਨੂੰ ਅੰਦਰੂਨੀ ਅਤੇ ਬਾਹਰੀ ਤੌਰ ’ਤੇ ਅਨੈਤਿਕਤਾ, ਦੁਰਾਚਾਰਤਾ ਅਤੇ ਭ੍ਰਿਸ਼ਟਾਚਾਰਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਾ ਮਾਨਵ, ਸਮਾਜਿਕ, ਧਾਰਮਿਕ ਅਤੇ ਰਾਸ਼ਟਰੀ ਵਿਕਾਸ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਕੌਮਾਂਤਰੀ ਅਤੇ ਬਾਹਰੀ ਤੌਰ ’ਤੇ ਭਰੋਸੇਯੋਗਤਾ ਨੂੰ ਵੱਡੀ ਸੱਟ ਲਗਦੀ ਹੈ।
ਭ੍ਰਿਸ਼ਟਾਚਾਰ: ਭ੍ਰਿਸ਼ਟਾਚਾਰ ਮਨੁੱਖੀ ਸੁਭਾਅ ਦੀ ਕਮਜ਼ੋਰੀ ਨਾਲ ਜੁੜੀ ਹੋਈ ਅਨੈਤਿਕ ਬਦੀ ਹੈ। ਜਦੋਂ ਇਸਨੂੰ ਸੱਤਾ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਇਹ ਅਨਰਥ ਵੱਲ ਵਧਦੀ ਹੈ। ਮਨੁੱਖੀ ਭਰੋਸੇਯੋਗਤਾ ਦੇ ਖ਼ਾਤਮੇ ਬਾਅਦ ਇਹ ਸਮਾਜਿਕ, ਧਾਰਮਿਕ ਅਤੇ ਰਾਸ਼ਟਰੀ ਭਰੋਸੇਯੋਗਤਾ ਦੇ ਖ਼ਾਤਮੇ ਨੂੰ ਆਪਣੇ ਪ੍ਰਦੂਸ਼ਿਤ ਦਾਇਰੇ ਵਿੱਚ ਸਮੇਟਣਾ ਸ਼ੁਰੂ ਕਰ ਦਿੰਦੀ ਹੈ। ਜੇਕਰ ਰਾਸ਼ਟਰ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਸਬੰਧਿਤ ਚੌਕਸੀ ਏਜੰਸੀਆਂ ਭ੍ਰਿਸ਼ਟਾਚਾਰ, ਅਨੈਤਿਕਤਾ ਅਤੇ ਦੁਰਾਚਾਰਤਾ ਦੇ ਫੈਲਦੇ ਦਾਇਰਿਆਂ ’ਤੇ ਸਮੇਂ ਸਿਰ ਲਗਾਮ ਨਹੀਂ ਲਾਉਂਦੀਆਂ ਜਾਂ ਲਾਉਣੋ ਅਸਰਮਥ ਸਾਬਤ ਹੁੰਦੀਆਂ ਹਨ ਤਾਂ ਇਸਦੇ ਸਿੱਟੇ ਬਹੁਤ ਹੀ ਮਾੜੇ ਨਿਕਲਦੇ ਹਨ। ਇਹ ਸੰਸਥਾਵਾਂ ਭ੍ਰਿਸ਼ਟਾਚਾਰੀ, ਧੋਖਾਘੜੀ ਅਤੇ ਦਗਾਬਾਜ਼ ਦੇਸੀ ਅਤੇ ਵਿਦੇਸ਼ੀ ਸੰਸਥਾਵਾਂ ਤਕ ਸੀਮਿਤ ਹੋ ਕੇ ਰਹਿ ਜਾਂਦੀਆਂ ਹਨ, ਇਵੇਂ ਹੀ ਇੰਨ੍ਹਾਂ ’ਤੇ ਕਾਬਜ਼ ਮਨੁੱਖ।
ਸਨਸਨੀਖੇਜ਼ ਖੁਲਾਸੇ:
ਭਾਰਤੀ ਪਾਰਲੀਮੈਂਟ ਵਿੱਚ ਇੱਕ ਵਾਰ ਇੱਕ ਸਾਂਸਦ ਨੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰ ਨੂੰ ਰਾਜਨੀਤੀਵਾਨਾਂ ਅਤੇ ਅਫਸਰਸ਼ਾਹਾਂ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਬੈਠ ਜਾਉ, ਇਹ ਲੋਕ ਭ੍ਰਿਸ਼ਟਾਚਾਰ ਰਾਹੀਂ ਲੁੱਟਿਆ ਧਨ ਦੇਸ਼ ਵਿੱਚ ਹੀ ਖਰਚਣਗੇ, ਕਿਤੇ ਵਿਦੇਸ਼ ਨਹੀਂ ਲਿਜਾਣਗੇ। ਜਦੋਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਭ੍ਰਿਸ਼ਟਾਚਾਰ ਬਾਰੇ ਅਜਿਹੇ ਵਿਚਾਰ ਹੋਣਗੇ ਤਾਂ ਕਿਹੜੀ ਭ੍ਰਿਸ਼ਟਾਚਾਰ ਰੋਕੂ ਰਾਜ ਏਜੰਸੀ ਇਸ ਨੂੰ ਰੋਕਣ ਲਈ ਸੰਜੀਦਗੀ ਜਾਂ ਰਾਜਨੀਤਕ ਇੱਛਾ ਸ਼ਕਤੀ ਅੱਗੇ ਆਏਗੀ। ਕਿਵੇਂ ਇਸ ਦੇਸ਼ ਦੇ ਚਾਰਾ, ਕਾਮਨਵੈਲਥ, ਕੋਲਾ, ਸੰਚਾਰ, ਆਦਰਸ਼, ਚੌਪਰ, ਬੋਫੋਰਸ ਆਦਿ ਘੋਟਾਲਿਆਂ ਵਿਸ਼ਵ ਵਿਆਪੀ ਤਰਥੱਲੀ ਮਚਾਈ, ਸਭ ਵਾਕਿਫ ਹਨ। ਅੱਜ ਦੇਸ਼ ਦੇ ਸਭ ਤੋਂ ਤਾਕਤਵਰ ਅਡਾਨੀ, ਅੰਬਾਨੀ ਕਾਰਪੋਰੇਟ ਘਰਾਣੇ, ਰਾਜਨੀਤੀਵਾਨ ਅਤੇ ਅਫਸਰਸ਼ਾਹ ਇਨ੍ਹਾਂ ਵਿੱਚ ਸ਼ਾਮਲ ਹਨ। ਦੇਸ਼ ਦਾ 5 ਟ੍ਰਿਲੀਅਨ ਡਾਲਰ ਧਨ ਵਿਦੇਸ਼ੀ ਬੈਂਕਾਂ ਅਤੇ ਹਵਾਲਾ ਸੰਸਥਾਵਾਂ ਵਿੱਚ ਜਮ੍ਹਾਂ ਹੈ।
ਇਸੇ ਸਮੇਂ ਅਸੀਂ ਆਪਣੇ ਸੁਹਿਰਦ ਪਾਠਕਾਂ ਅਤੇ ਕੌਮਾਂਤਰੀ ਭਾਈਚਾਰੇ ਸਾਹਮਣੇ ਇੱਕ ਵਿਸ਼ਵ ਦੇ ਕਦੇ ਪਹਿਲੇ-ਦੋ ਤਿੰਨ ਵਧੀਆ ਦੇਸ਼ਾਂ ਵਿੱਚ ਸ਼ੁਮਾਰ ਕੈਨੇਡਾ ਅਤੇ ਨਿਕੰਮੇ ਭ੍ਰਿਸ਼ਟਾਚਾਰੀ ਦੇਸ਼ਾਂ ਵਿੱਚ ਸ਼ੁਮਾਰ ਬੰਗਲਾ ਦੇਸ਼ ਦੇ ਸਨਸਨੀਖੇਜ਼ ਭ੍ਰਿਸ਼ਟਾਚਾਰੀ ਸਕੈਂਡਲ ਉਜਾਗਰ ਕਰ ਰਹੇ ਹਾਂ। ਬਰੈਂਪਟਨ ਘੋਟਾਲਾ: ਕੈਨੇਡਾ ਵਿਸ਼ਵ ਦੇ ਪਹਿਲੇ ਚਾਰ-ਪੰਜ ਭ੍ਰਿਸ਼ਟਾਚਾਰ ਰਹਿਤ ਵਧੀਆ ਦੇਸ਼ਾਂ ਵਿੱਚ ਸ਼ੁਮਾਰ ਹੁੰਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇਸ ਵਿੱਚ ਭ੍ਰਿਸ਼ਟਾਚਾਰ, ਗਬਨ, ਵਿੱਤੀ ਧੋਖਾਘੜੀ, ਫਿਰੌਤੀਆਂ ਦੇ ਵਾਧੇ ਕਰਕੇ ਹੁਣ ਇਹ 15ਵੀਂ ਪੁਜ਼ੀਸ਼ਨ ’ਤੇ ਪੁੱਜ ਗਿਆ ਹੈ। ਪੈਸੇਫਿਕ ਚੋਣਾਂ ਅਤੇ ਰੇਲ ਕੰਟ੍ਰੈਕਟ ਘੋਟਾਲੇ ਕਰਕੇ ਇਸਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਕਦੇ ਅਜਿਹੀ ਸਵੱਛ ਸ਼ਾਸਨ ਅਤੇ ਪ੍ਰਸ਼ਾਸਨ ਵਾਲੀ ਛਵ੍ਹੀ ਹੁੰਦੀ ਸੀ ਇਸ ਦੇਸ਼ ਦੀ।
11 ਅਕਤੂਬਰ, 2025 ਨੂੰ ਕੈਨੇਡਾ ਦੀ ਨਾਮਵਰ ਅਖਬਾਰ ‘ਟਰਾਂਟੋ ਸਟਾਰ’ ਵਿੱਚ ਇਸਦੇ ਜਾਂਚਕਰਤਾ ਰਿਪੋਰਟਰ ਕੇਵਿਨ ਡੌਨੋਵਾਨ ਨੇ ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ 18 ਦਸੰਬਰ, 2023 ਨੂੰ ਇੱਕ ਦਫਤਰੀ ਇਮਾਰਤ ਸਬੰਧੀ ਕੀਤੇ ਸਨਸਨਖ਼ੇਜ਼ ਸੌਦੇ ਤੋਂ ਪਰਤ ਦਰ ਪਰਤ ਪਰਦੇ ਹਟਾ ਕੇ ਪੂਰੇ ਕੈਨੇਡਾ ਅੰਦਰ ਰਾਜਨੀਤਕ, ਪ੍ਰਸ਼ਾਸਨਿਕ, ਵਿੱਤੀ ਕਾਰੋਬਾਰੀ ਬਿਕਰਮ ਢਿੱਲੋਂ ਵੱਲੋਂ ਬਰੈਂਪਟਨ ਸਿਟੀ ਤੋਂ ਇਹ ਇਮਾਰਤ ਸੰਨ 2023 ਵਿੱਚ 77.9 ਮਿਲੀਅਨ ਡਾਲਰ ਵਿੱਚ ਖਰੀਦੀ ਸੀ, ਜਿਸ ਕਰਕੇ ਕਾਰੋਬਾਰੀ ਨੂੰ 45 ਮਿਲੀਅਨ ਡਾਲਰ ਦੇ ਕਰੀਬ ਲਾਭ ਹੋਇਆ। ਇਹ ‘ਵਿੰਡਫਾਲ’ ਨੰਗਾ ਚਿੱਟਾ ਘੋਟਾਲਾ ਹੈ।
175 ਸੰਦਲਵੁੱਡ ਪਾਰਕ ਵੇਅ ਪੱਛਮ ਦੋ ਮੰਜਲਾ ਇਮਾਰਤ, ਉੱਤਰ-ਪੂਰਬ ਬਰੈਂਪਟਨ ਵਿੱਚ 16 ਏਕੜ ਸਨਅਤੀ ਜ਼ੋਨ ਵਿੱਚ ਪਿੰਕ ਸਟੋਨ ਅਤੇ ਸ਼ੀਸੇ ਨਾਲ ਉਸਾਰੀ ਕਦੇ ਔਂਟੇਰੀਓ ਪ੍ਰਾਂਤ ਦੇ 17 ਭਾਈਚਾਰਿਆਂ ਲਈ ਬਿਜਲੀ ਸਪਲਾਈ ਕਰਨ ਵਾਲੀ ਏਲੈਕਟਰਾ ਯੂਟਿਲਟੀ ਕੰਪਨੀ ਦੀ ਜਾਇਦਾਦ ਸੀ। ਸੰਨ 2020 ਵਿੱਚ ਇਸ ਕੰਪਨੀ ਨੂੰ ਹੋਰ ਦਫਤਰਾਂ ਦੀ ਲੋੜ ਕਰਕੇ ਇਸਦੇ ਬੁਲਾਰੇ ਬਲੇਅਰ ਪੇਬਰਡੀ ਅਨੁਸਾਰ ਇੱਕ ਨੰਬਰਡ ਕੰਪਨੀ ਨੂੰ ਵੇਚ ਦਿੱਤੀ 32.5 ਮਿਲੀਅਨ ਡਾਲਰ ਵਿੱਚ। ਤਿੰਨ ਹਫਤੇ ਬਾਅਦ ਇਸਨੂੰ ਬੀ.ਵੀ.ਡੀ. ਪੈਟਰੋਲੀਅਮ ਕੰਪਨੀ ਮਾਲਿਕ ਨੇ 21 ਮਿਲੀਅਨ ਮਾਰਗੇਜ਼ ਮਾਰਫਤ ਇਹ ਖਰੀਦ ਲਈ। ਉਸਨੇ ਤਿੰਨ ਸਾਲ ਲਈ 5.3 ਮਿਲੀਅਨ ਡਾਲਰ ਲੀਜ਼ ’ਤੇ ਇਸਦੀ ਪਹਿਲੀ ਏਲੈਕਟਰਾ ਯੂਟਿਲਟੀ ਕੰਪਨੀ ਨੇ ਲੈ ਲਈ।
ਸਤੰਬਰ 20, 2023 ਨੂੰ ਸਪੈਸ਼ਲ ਸਿਟੀ ਕੌਂਸਲ ਮੀਟਿੰਗ ਵਿੱਚ ਸਪੀਡ ਕੈਮਰਾ ਹੱਬ ਦਾ ਮੁੱਦਾ ਵਿਚਾਰਿਆ ਪਰ ਮੇਅਰ ਪੈਟਰਿਕ ਬਰਾਊਨ ਨੇ ਇਸ ਲਈ ਸੰਦਲਵੁੱਡ ਪਾਰਕ ਦਫਤਰ ਖਰੀਦਣ ਬਾਰੇ ਗੱਲ ਨਾ ਕੀਤੀ। ਸਤੰਬਰ 29 ਦੀ ਮੀਟਿੰਗ ਬੰਦ ਕਮਰੇ ਵਿੱਚ ਹੋਈ ਜਿਸ ਵਿੱਚ ਮੇਅਰ ਨੇ ਦੱਸਿਆ ਕਿ ਉਸਨੇ ਸਟਾਫ ਨੂੰ 77.9 ਮਿਲੀਅਨ ਦੀ ਸੰਦਲ ਵੁੱਡ ਇਮਾਰਤ ਖਰੀਦਣ ਲਈ ਕਿਹਾ ਹੈ। ਉਸਨੇ ਇਸਦਾ ਪ੍ਰਸਤਾਵ ਪੇਸ਼ ਕੀਤਾ ਜਿਸਦੀ ਤਾਈਦ ਕੌਂਸਲਰ ਰੋਵਨਾ ਸਨਤੋਸ ਨੇ ਕੀਤੀ। ਬਾਕੀ ਮੈਂਬਰ ਗੁੰਗੇ ਬਣੇ ਬੈਠੇ ਰਹੇ। ਭਾਵੇਂ ਇੱਕ ਐੱਮ.ਪੀ.ਆਰ. ਮੁਲਾਂਕਣ ਕੰਪਨੀ ਨੇ ਇਸਦੀ ਕੀਮਤ 67.5 ਮਿਲੀਅਨ ਲਾਈ ਪਰ ਇਸ ਨੂੰ ਖਰੀਦਿਆ 77.9 ਮਿਲੀਅਨ ਵਿੱਚ। ਬੱਸ ਇੱਥੋਂ ਇਸ ਘੁਟਾਲੇ, ਇਸਦੇ ਸ਼ਾਜਸ਼ਕਾਰ ਮੇਅਰ ਅਤੇ ਕਾਰੋਬਾਰੀ ’ਤੇ ਸ਼ੱਕ ਉਜਾਗਰ ਹੁੰਦਾ ਹੈ।
ਟੁਰਾਂਟੋ ਸਟਾਰ ਵੱਲੋਂ ਜਾਣਕਾਰੀ ਮੰਗਣ ’ਤੇ ਇਸ ਨੂੰ ‘ਗੁਪਤ ਅਧਿਕਾਰ’ ਅਤੇ ‘ਕਾਰੋਬਾਰੀ ਗੁਪਤਤਾ’ ਦੇ ਢੁੱਚਰ ਹੇਠ ਨਾਂਹ ਕਰ ਦਿੱਤੀ ਜਦਕਿ ਸੂਚਨਾ ਦੇ ਅਧਿਕਾਰ ਹੇਠ ਜੋ ਸੌਦਾ ਪਬਲਿਕ ਡੋਮੇਨ ਵਿੱਚ ਆ ਜਾਵੇ, ਉਸਦੀ ਜਾਣਕਾਰੀ ਦੇਣੀ ਬਣਦੀ ਹੈ।
ਕਾਰੋਬਾਰੀ ਬਿਕਰਮ ਢਿੱਲੋਂ ਨੇ ‘ਸਟਾਰ’ ਵੱਲੋਂ ਲਿਖਤੀ, ਟੈਲੀਫੋਨ ਕਾਲਾਂ, ਈਮੇਲ ਅਤੇ ਨਿੱਜੀ ਤੌਰ ’ਤੇ ਜਾਣਕਾਰੀ ਦੇਣ ਤੋਂ ਟਾਲਾ ਵੱਟੀ ਰੱਖਿਆ। ਮੇਅਰ ਨੇ ਈਮੇਲ ਰਾਹੀਂ ਦੱਸਿਆ ਕਿ ਇਹ ਸਿਟੀ ਲਈ ਜ਼ਰੂਰੀ ਸੀ ਅਤੇ ਵਧੀਆ ਸੌਦਾ ਸੀ। ਜਿਸ ਮੰਤਵ ਲਈ ਇਹ ਇਮਾਰਤ ਖਰੀਦੀ ਪਿਛਲੇ ਦੋ ਸਾਲ ਤੋਂ ਉਸ ਲਈ ਨਹੀਂ ਵਰਤੀ ਗਈ। ਬਿਕਰਮ ਢਿੱਲੋਂ ਮੇਅਰ ਦਾ ਚਹੇਤਾ ਹੈ, ਜਿਸ ਨੂੰ ਅਗਸਤ 2023 ਵਿੱਚ ‘ਸ਼ਹਿਰ ਦਾ ਸਰਵੋਤਮ ਨਾਗਰਿਕ’ ਵਜੋਂ ਸਨਮਾਨਿਤ ਕੀਤਾ। ਉਹ ਕਈ ਸਮਾਗਮਾਂ ਵਿੱਚ ਉਸ ਨਾਲ ਦੇਖਿਆ ਗਿਆ।
ਜਨਰੇਸ਼ਨਲ ਫੰਡ: ਬਰੈਂਪਟਨ ਲਈ ਜਨਰੇਸ਼ਨਲ ਪ੍ਰਾਜੈਕਟ ਫੰਡ 100 ਮਿਲੀਅਨ ਡਾਲਰ ਰੱਖਿਆ ਸੀ ਜੋ ਸੰਨ 2023 ਵਿੱਚ 20 ਮਿਲੀਅਨ, ਮਾਰਚ, 2025 ਵਿੱਚ ਸਿਰਫ 11 ਮਿਲੀਅਨ ਰਹਿ ਗਿਆ ਹੈ। ਸਟਾਰ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਵੱਲੋਂ ਸੰਦਲ ਵੁੱਡ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਕਦੇ ਔਂਟੇਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਉਮੀਦਵਾਰ ਰਹੇ ਮੇਅਰ ਪੈਟਰਿਕ ਬਰਾਊਨ ਵਿਰੁੱਧ ਪ੍ਰੀਮੀਅਰ ਡੱਗ ਫੋਰਡ ਨੂੰ ਸੰਦਲਵੁੱਡ ਅਤੇ ਜਨਰੇਸ਼ਨਲ ਪ੍ਰਾਜੈਕਟ ਫੰਡ ਘੋਟਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਜਾਂਚ ਕਰਾਉਣੀ ਚਾਹੀਦੀ ਹੈ।
ਬੰਗਲਾਦੇਸ਼ ਭ੍ਰਿਸ਼ਟਾਚਾਰ: 5 ਅਕਤੂਬਰ, 2025 ਨੂੰ ਬੰਗਲਾ ਦੇਸ਼ ਦੀ ਸਭ ਤੋਂ ਵੱਡੀ ਅਖ਼ਬਾਰ ‘ਪ੍ਰਤੀਦਿਨ’ ਨੇ ਦੇਸ਼ ਅੰਦਰ ਸਨਸਨੀ ਖੇਜ ‘ਬੇਗਮਪਾਰਾ’ ਨਾਮਕ ਭ੍ਰਿਸ਼ਟਾਚਾਰ ਨੂੰ ਬੇਨਕਾਬ ਕੀਤਾ ਹੈ। 24 ਅਗਸਤ 2025 ਨੂੰ ਅੰਤ੍ਰਿਮ ਸਰਕਾਰ ਨੇ ਧਨਾਢ, ਚੋਰ, ਭ੍ਰਿਸ਼ਟਾਚਾਰੀ ਬੰਗਲਾਦੇਸ਼ੀ ਰਾਜਨੀਤੀਵਾਨਾਂ, ਅਫਸ਼ਰਸ਼ਾਹਾਂ ਅਤੇ ਕਾਰੋਬਾਰੀਆਂ ਵੱਲੋਂ ਬਿਲੀਅਨ ਡਾਲਰ ਗਲਤ ਢੰਗ ਨਾਲ ਦੇਸ਼ ਵਿੱਚੋਂ ਲਿਜਾ ਕੇ ਵਿਦੇਸ਼ਾਂ ਵਿੱਚ ਜੋ ਜਾਇਦਾਦਾਂ ਖਰੀਦਣ ਅਤੇ ਕਾਰੋਬਾਰਾਂ ਲਾਏ ਹਨ, ਉਨ੍ਹਾਂ ਦੀ ਰਿਕਵਰੀ ਦੇ ਹੁਕਮਾਂ ਦਾ ਖੁਲਾਸਾ ਵੀ ਕੀਤਾ ਹੈ। ਕਰੀਬ 1000 ਬੰਗਲਾਦੇਸ਼ੀ ਰਾਜਨੀਤੀਵਾਨਾਂ, ਉੱਚ ਅਫਸਰਸ਼ਾਹਾਂ, ਕਾਰੋਬਾਰੀਆਂ ਦੇ ਨਾਂਅ ਇਸ ਵਿੱਚ ਸ਼ਾਮਲ ਹਨ. ਜਿਨ੍ਹਾਂ ਨੇ ਕੈਨੇਡਾ ਵਿੱਚ ਸਥਾਈ ਨਾਗਰਿਕਤਾ ਲਈ ਨਿਵੇਸ਼ ਕੀਤਾ। ਸੰਨ 2006 ਤੋਂ 2024 ਤਕ 44000 ਬੰਗਲਾਦੇਸ਼ੀਆਂ ਨੇ ਕੈਨੇਡਾ ਦੀ ਪੀ ਆਰ ਪ੍ਰਾਪਤ ਕੀਤੀ। ਆਮ ਪ੍ਰਵਾਸੀ ਨੂੰ ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਜਦੋਂ ਕਿ ਭ੍ਰਿਸ਼ਟਾਚਾਰੀ ਇਸ ਨੂੰ ਲੁੱਟੇ ਧਨ ਨਾਲ ਖਰੀਦ ਲੈਂਦੇ ਹਨ।
‘ਬਗਮਪਾਰਾ’ ਬੰਗਲਾ ਵਿੱਚ ‘ਔਰਤਾਂ ਦੀ ਕਲੋਨੀ’ ਕਹੀ ਜਾਂਦੀ ਹੈ। ਧਨਾਢ ਭ੍ਰਿਸ਼ਟਾਚਾਰੀ ਬੰਗਲਾ ਦੇਸ਼ੀਆਂ ਨੇ ਔਰਤਾਂ ਅਤੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਵਸਣ ਲਈ ਇਹ ਢੰਗ ਵਰਤਿਆ। ਮਿਸਾਲ ਵਜੋਂ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਅਹਮਦ ਕਲਕੌਸ ਸਟੱਡੀ ਲੀਵ ’ਤੇ ਅਮਰੀਕਾ ਜਾਂਦਾ ਹੈ। ਉੱਥੇ ਜਾਅਲੀ ਕੰਪਨੀਆਂ ਬਣਾਉਂਦਾ ਹੈ ਆਪਣੇ ਪਰਿਵਾਰ ਦੇ ਨਾਂਅ ’ਤੇ। ਉੱਥੇ ਨਾਗਰਿਕਤਾ ਪ੍ਰਾਪਤ ਕਰਦਾ ਹੈ। ਫਿਰ ਉਨ੍ਹਾਂ ਨੂੰ ਕੈਨੇਡਾ ਸ਼ਿਫਟ ਕਰਕੇ ਬੇਗਮ ’ਤੇ ਪਰਿਵਾਰ ਨੂੰ ਉੱਥੇ ਭੇਜ ਦਿੰਦਾ ਹੈ।
ਇਵੇਂ ਬੰਗਲਾ ਦੇਸ਼ ਸਰਕਾਰੀ ਟੀ.ਵੀ. ਚੈਨਲ ਦੀ ਕਾਰਜਕਾਰੀ ਅਧਿਕਾਰੀ ਆਪਣੇ ਪਤੀ ਨੂੰ ਕੈਨੇਡਾ ਭੇਜ ਕੇ ਹਵਾਲਾ ਰਾਹੀਂ ਲੱਖਾਂ ਡਾਲਰ ਭੇਜ ਕੇ ਉੱਥੇ ਵਸਦੀ ਹੈ। ਬੰਗਲਾ ਦੇਸ਼ ਦੀ ਇਸ ਜਮਾਤ ਕੋਲ ਰਿਚਮੰਡ ਹਿੱਲ ਅਤੇ ਓਕਵਿਲ ਵਿੱਚ ਵੱਡੇ-ਵੱਡੇ ਘਰ ਮੌਜੂਦ ਹਨ। ਜੀ.ਟੀ.ਏ. (ਗਰਾਂਡ ਟਰਾਂਟੋ ਏਰੀਆ) ਵਿੱਚ ਇਨ੍ਹਾਂ ਕੋਲ ਦੋ ਸੌ ਦੇ ਕਰੀਬ ਬਹੁ ਕਰੋੜੀ ਬੰਗਲੇ, ਜਾਇਦਾਦਾਂ, ਬੇਨਾਮੀ ਕੰਪਨੀਆਂ, ਪਰਿਵਾਰਿਕ ਟ੍ਰਸਟਾਂ ਅਤੇ ਕਾਰੋਬਾਰੀ ਨਾਂਵਾਂ ਹੇਠ ਦਰਜ ਹਨ। ਇਨਾਂ ਆਪਣੀ ਪਛਾਣ ਲੁਕੋ ਕੇ ਰੱਖੀ ਹੋਈ ਹੈ। ਡਰ ਹੈ ਕਿ ਕਿਤੇ ਪੋਲ ਨਾ ਖੁੱਲ੍ਹ ਜਾਏ।
ਨਵੇਂ ਕੈਨੇਡੀਅਨ ਕਾਨੂੰਨਾਂ ਦੇ ਬਾਵਜੂਦ ਇਹ ਲੋਕ ਆਪਣੀ ਜਾਇਦਾਦ ਦੇ ਸ੍ਰੋਤ ਉਜਾਗਰ ਨਹੀਂ ਕਰਦੇ। ਇਨ੍ਹਾਂ ਨੇ ਸਿੰਗਾਪੁਰ, ਦੁਬਈ, ਯੂ.ਕੇ. ਰੂਟ ਰਾਹੀਂ ਧਨ ਵਾਈਟ ਕਰਕੇ ਲਿਆਂਦਾ ਹੋਇਆ ਹੈ। ਇਵੇਂ ਇਹ ਦੇਸੀ ਅਤੇ ਵਿਦੇਸ਼ੀ ਕਾਨੂੰਨ ਤੋਂ ਬਚ ਨਿਕਲਦੇ ਹਨ। ਬੰਗਲਾਦੇਸ਼ ਅੰਤ੍ਰਿਮ ਸਰਕਾਰ ਕੀ ਇਨ੍ਹਾਂ ਤੋਂ ਧਨ ਵਾਪਸ ਕਰ ਸਕੇਗੀ, ਇਹ ਸੰਭਵ ਨਹੀਂ ਲਗਦਾ।
ਭਾਰਤ ਦੇ ਰਾਜਨੀਤੀਵਾਨਾਂ, ਉੱਚ ਅਫਸਰਸ਼ਾਹਾਂ, ਤਸਕਰਾਂ, ਗੈਂਗਸਟਰਾਂ, ਧੋਖੇਬਾਜ਼ ਵਿੱਤੀ ਅਪਰਾਧੀਆਂ ਨੇ ਆਪਣੇ ਪਰਿਵਾਰਾਂ ਦੇ ਇੱਕ-ਦੋ ਮੈਂਬਰ ਕੈਨੇਡਾ, ਅਮਰੀਕਾ, ਅਸਟ੍ਰੇਲੀਆ, ਯੂ.ਕੇ. ਜਾਂ ਹੋਰ ਥਾਂਵਾਂ ’ਤੇ ਭ੍ਰਿਸ਼ਟਾਚਾਰ ਰਾਹੀਂ ਲੁੱਟਿਆ ਧਨ ਨਿਵੇਸ਼ ਕਰਨ ਲਈ ਵਸਾਏ ਹੋਏ ਹਨ। ਕੀ ਅਜਿਹੇ ਦੇਸ਼ਾਂ ਨੇ ਕਦੇ ਅੰਤਰਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਜਾਂਚ ਕਰਨ ਦਾ ਯਤਨ ਕੀਤਾ ਕਿ ਪ੍ਰਵਾਸੀ ਭ੍ਰਿਸ਼ਟਾਚਾਰੀ ਇਨ੍ਹਾਂ ਦੇਸ਼ਾਂ ਵਿੱਚ ਕਿਹੋ ਜਿਹਾ ਧਨ ਲਿਆ ਰਹੇ ਹਨ? ਅਜਿਹਾ ਧਨ ਸਵੀਕਾਰ ਕਰਨਾ ਕਿਹੋ ਜਿਹੀ ਰਾਸ਼ਟਰੀ ਨੈਤਿਕਤਾ ਹੈ?
ਕੈਨੇਡਾ ਗਲੋਬਲ ਪੱਧਰ ’ਤੇ ਇੱਕ ਭ੍ਰਿਸ਼ਟਾਚਾਰ ਰਹਿਤ, ਖੂਬਸੂਰਤ, ਕਾਨੂੰਨ ਦੇ ਰਾਜ ਵਾਲਾ ਦੇਸ਼ ਅਖਵਾਉਂਦਾ ਹੈ। ਪਰ ਇਸ ਅੰਦਰ ਕਾਲਾ ਧਨ ਬੜੀ ਸਾਫਗੋਈ ਨਾਲ ਬਗੈਰ ਪੁੱਛ ਪ੍ਰਤੀਤ ਦੇ ਆ ਰਿਹਾ ਹੈ। ਇੱਥੇ ਕਾਨੂੰਨ ਸਹੀ ਹਨ ਪਰ ਅਮਲ ਸਹੀ ਨਹੀਂ। ਇਨ੍ਹਾਂ ਨੂੰ ਚੀਰ ਕੇ ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰੀ ਧਨ ਆ ਕੇ ਸਮੋ ਰਿਹਾ ਹੈ, ਜੋ ਇਸਦੀ ਸਦਾਚਾਰਕ ਅਤੇ ਸਾਫ ਛਵ੍ਹੀ ਨੂੰ ਪਲੀਤ ਕਰ ਰਿਹਾ ਹੈ। ਕੈਨੇਡਾ ਦੇ ਉੱਜਲ ਭਵਿੱਖ ਲਈ ਇਨ੍ਹਾਂ ’ਤੇ ਰੋਕ ਲੱਗਣੀ ਅਤਿ ਜ਼ਰੂਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (