“ਕਿਸਾਨੀ ਪੰਜਾਬ ਦੇ ਅਰਥਚਾਰੇ, ਭਾਈਚਾਰੇ, ਰਾਜਨੀਤੀ ਦੀ ਰੀੜ੍ਹ ਦੀ ਹੱਡੀ ਹੈ, ਭਾਜਪਾ ਇਸਦੀ ਬਾਂਹ ...”
(19 ਅਕਤੂਬਰ 2025)
ਹਰ ਚਿਤੰਨ ਵਿਅਕਤੀ ਦੀ ਇਹ ਖ਼ਾਹਿਸ਼ ਹੁੰਦੀ ਹੈ ਕਿ ਉਹ ਜਿਊਂਦੇ ਜੀਅ ਇਸ ਧਰਤੀ ’ਤੇ ਆਪਣੇ ਅਤੇ ਆਪਣੇ ਪਰਿਵਾਰ ਲਈ ਇੱਕ ਖੁਸ਼ਹਾਲ ਜੀਵਨ ਦਾ ਸੁਪਨਾ ਸਾਕਾਰ ਕਰੇ। ਇਵੇਂ ਹੀ ਅਜੋਕੇ ਲੋਕਤੰਤਰੀ ਯੁਗ ਵਿੱਚ ਹਰ ਖਿੱਤੇ ਜਾਂ ਦੇਸ਼ ਅੰਦਰ ਸੰਗਠਿਤ ਹਰ ਰਾਜਨੀਤਕ ਪਾਰਟੀ ਚਾਹੁੰਦੀ ਹੈ ਕਿ ਉਹ ਸੱਤਾ ਪ੍ਰਾਪਤੀ ਕਰਕੇ ਆਪਣੇ ਲੋਕਾਂ ਨੂੰ ਇੱਕ ਵਧੀਆ, ਜਵਾਬਦੇਹ, ਪਾਰਦਰਸ਼ੀ, ਸਾਫ ਸੁਥਰਾ ਅਮਨ-ਕਾਨੂੰਨ ਆਧਾਰਿਤ ਭ੍ਰਿਸ਼ਟਾਚਾਰ ਰਹਿਤ ਵਿਕਾਸਮਈ ਸ਼ਾਸਨ ਪ੍ਰਦਾਨ ਕਰੇ। ਅਜਿਹਾ ਕਰ ਸਕਣਾ ਇੱਕ ਸ਼ਿਮਾਕਾਰੀ, ਗਤੀਸ਼ੀਲ ਅਤੇ ਦੂਰਅੰਦੇਸ਼ ਲੀਡਰਸ਼ਿੱਪ ਬਗੈਰ ਸੰਭਵ ਨਹੀਂ।
ਸੁਪਨਾ: ਭਾਰਤੀ ਜਨਤਾ ਪਾਰਟੀ ਜੋ ਵਿਸ਼ਵ ਭਰ ਵਿੱਚ ਸਭ ਤੋਂ ਵੱਡੀ ਲੋਕਤੰਤਰੀ ਪਾਰਟੀ ਵਜੋਂ ਸਥਾਪਿਤ ਹੋ ਚੁੱਕੀ ਹੈ ਅਤੇ ਜਿਸਦੀ ਅਗਵਾਈ ਵਿੱਚ ਐੱਨ ਡੀ ਏ ਗਠਜੋੜ ਕੇਂਦਰ ਅੰਦਰ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਤੇ ਭਾਰਤ ਦੇ 20 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਅੰਦਰ ਸ਼ਾਸਨ ਚਲਾ ਰਿਹਾ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਸਿੱਖ ਭਾਈਚਾਰੇ ਦੀ ਬਹੁਗਿਣਤੀ ਨਾਲ ਸਬੰਧਿਤ ਰਾਜ ਪੰਜਾਬ ਵਿੱਚ ਸੰਨ 1967 ਤੋਂ 1977 ਤਕ ਇਹ ਜਨਸੰਘ ਅਤੇ ਜਨਤਾ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵਿੱਚ ਸੱਤਾ ਵਿੱਚ ਰਹੀ। ਸੰਨ 1980 ਵਿੱਚ ਭਾਰਤੀ ਜਨਤਾ ਪਾਰਟੀ ਵਜੋਂ ਹੋਂਦ ਵਿੱਚ ਆਉਣ ਬਾਅਦ ਸੰਨ 1996 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਨੀਤਕ ਗਠਜੋੜ ਬਾਅਦ ਇਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸੰਨ 1997, 2007 ਅਤੇ 2012 ਵਿੱਚ ਗਠਤ ਸਰਕਾਰਾਂ ਵਿੱਚ ਭਾਈਵਾਲ ਰਹੀ। ਸੰਨ 2020 ਵਿੱਚ ਸ਼੍ਰੀ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨੀ ਬਿੱਲ ਪਾਸ ਕਰਨ ਪੈਦਾ ਹੋਏ ਕਿਸਾਨੀ ਅੰਦੋਲਨ ਦੇ ਦਬਾਅ ਕਰਕੇ ਅਕਾਲੀ-ਭਾਜਪਾ ਗਠਜੋੜ ਤੜੱਕ ਕਰਕੇ ਟੁੱਟ ਗਿਆ। ਉਪਰੰਤ ਭਾਰਤੀ ਜਨਤਾ ਪਾਰਟੀ ਨੇ ਨਿਸ਼ਚਾ ਕਰ ਲਿਆ ਕਿ ਉਹ ਉੰਨਾ ਚਿਰ ਇੱਕ ਰਾਜਨੀਤਕ ਯੁਕਤਬੱਧ ਸੰਘਰਸ਼ ਜਾਰੀ ਰੱਖੇਗੀ ਜਿੰਨਾ ਚਿਰ ਪੰਜਾਬ ਦੀ ਸੱਤਾ ’ਤੇ ਕਾਬਜ਼ ਨਹੀਂ ਹੋ ਜਾਂਦੀ। ਇਸ ਦਿਸ਼ਾ ਵਿੱਚ ਸਵਾਮੀ ਵਿਵੇਕਾਨੰਦ ਦਾ ਇਹ ਸੰਦੇਸ਼, “ਉੱਠੋ ਜਾਗੋ ਅਤੇ ਰੁਕੋ ਮੱਤ ਜਦੋਂ ਤਕ ਤੁਹਾਡਾ ਟੀਚਾ ਪ੍ਰਾਪਤ ਨਾ ਹੋ ਜਾਏ’ ਅਨੁਸਾਰ ਲੱਕ ਬੰਨ੍ਹ ਕੇ ਆਪਣੇ ਨਿਸ਼ਚੇਵਾਚਕ ਸੁਪਨੇ ਨੂੰ ਸਾਕਾਰ ਕਰਨ ਵੱਲ ਤੁਰ ਪਈ ਹੋਈ ਹੈ। ਹਕੀਕਤ ਇਹ ਵੀ ਹੈ, “ਬਹੁਤ ਕਠਿਨ ਹੈ ਡਗਰ ਪਨਘਟ ਕੀ।”
ਨਕਲੀ ਸੈਸ਼ਨ: ਪੰਜਾਬ ਵਿੱਚ ਭਾਰੀ ਇਤਿਹਾਸਕ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਪੂਰਤੀ ਲਈ ਕੋਈ ਠੋਸ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਦੋ ਰੋਜ਼ਾ 26 ਅਤੇ 29 ਸਤੰਬਰ, 2025 ਨੂੰ ਵਿਸ਼ੇਸ਼ ਪੰਜਾਬ ਪੁਨਰ ਨਿਵਾਸ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਬਦਇੰਤਜ਼ਾਮੀ ਅਤੇ ਭਗਵੰਤ ਮਾਨ ਸਰਕਾਰ ਦੇ ਗੈਰ ਜ਼ਿੰਮੇਵਰਾਨਾ ਵਤੀਰੇ ਕਰਕੇ ਇਹ ਸੈਸ਼ਨ ਸੱਤਾ ਅਤੇ ਵਿਰੋਧੀ ਧਿਰ ਦੀ ਸ਼ਰਮਨਾਕ ਹੇਠਲੇ ਦਰਜੇ ਦੀ ਚਿੱਕੜ ਉਛਾਲੀ, ਦੂਸ਼ਣਬਾਜ਼ੀ ਅਤੇ ਤੁਹਮਤਬਾਜ਼ੀ ਦਾ ਸ਼ਿਕਾਰ ਹੋ ਗਿਆ।
ਦੂਸਰੇ ਪਾਸੇ ਪੰਜਾਬ ਅੰਦਰ ਆਪਣੀ ਸੱਤਾ ਦੇ ਸੁਪਨਿਆਂ ਨੂੰ ਨਕਲੀ ਤੌਰ ’ਤੇ ਸਾਕਾਰ ਕਰਨ ਦਾ ਮਾਡਲ ਪੇਸ਼ ਕਰਨ ਅਤੇ ਇੱਛਾ ਪੂਰਤੀ ਦਾ ਮੁਜ਼ਾਹਰਾ ਕਰਨ ਲਈ ਭਾਜਪਾ ਦੇ ਕਾਰਜਕਾਰੀ ਪ੍ਰਧਾਨ (ਪੰਜਾਬ) ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ, ਜੋ ਪਠਾਨਕੋਟ ਤੋਂ ਵਿਧਾਇਕ ਵੀ ਹਨ ‘ਵਿਧਾਨ ਸਭਾ ਸੈਸ਼ਨ’ ਪਾਰਟੀ ਦਫਤਰ ਚੰਡੀਗੜ੍ਹ ਵਿਖੇ ‘ਜਨਤਾ ਦੀ ਵਿਧਾਨ ਸਭਾ’ ਵਜੋਂ ਬੁਲਾਇਆ ਗਿਆ। ਇਸਦੇ ਸਪੀਕਰ ਵਜੋਂ ਭੂਮਿਕਾ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਡਿਪਟੀ ਸਪੀਕਰ ਲੋਕ ਸਭਾ ਰਹੇ ਚਰਨਜੀਤ ਸਿੰਘ ਅਟਵਾਲ ਨੇ ਨਿਭਾਈ। ਇਸ ਵਿੱਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਨਿੰਦਾ ਮਤਾ ਅਸ਼ਵਨੀ ਕੁਮਾਰ ਲੈ ਕੇ ਆਏ ਜਿਸ ’ਤੇ ਪਾਰਟੀ ਵਿਧਾਇਕ ਜੰਗੀ ਲਾਲ ਮਹਾਜਨ ਤੋਂ ਇਲਾਵਾ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਮੰਤਰੀ ਵਿਜੈ ਸਾਂਪਲਾ, ਸੋਮ ਪ੍ਰਕਾਸ਼, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਕੇਵਲ ਸਿੰਘ ਢਿੱਲੋਂ ਅਤੇ ਸਰਬਜੀਤ ਸਿੰਘ ਮੱਕੜ ਆਦਿ ਨੇ ਵਿਚਾਰ ਰੱਖੇ। ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਮਾਨ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਇਹ ਵਿਅਕਤੀ ਦੁਆਰਾ ਪੈਦਾ ਪਰਲੋ ਰੂਪੀ ਹੜ੍ਹ ਸੀ।
ਦੂਸਰੇ ਮਤੇ ਵਿੱਚ 12 ਹਜ਼ਾਰ ਕਰੋੜ ਰਾਜ ਆਫਤ ਪ੍ਰਬੰਧਨ ਫੰਡ ਘੋਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਹੜ੍ਹ ਲਈ ਜ਼ਿੰਮੇਵਾਰ ਮੰਤਰੀਆਂ ਅਤੇ ਅਫਸਰਸ਼ਾਹਾਂ ਨੂੰ ਜ਼ਿੰਮੇਮੇਵਾਰ ਠਹਿਰਾਉਣ ਲਈ ਹਾਈ ਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ ਕੀਤੀ। ਹੜ੍ਹਾਂ ਵਿੱਚ ਮਰੇ (60 ਦੇ ਕਰੀਬ) ਲੋਕਾਂ ਦੇ ਪ੍ਰਤੀ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ।
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਜਿਹੇ ਪਵਿੱਤਰ ਸਦਨ ਦੀ ਕੁਵਰਤੋਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 1600 ਕਰੋੜ ਰਾਹਤ ਫੰਡ ਦਾ ਹਾਊਸ ਵਿੱਚ ਫੱਟੀਆਂ ਰਾਹੀਂ ਜੁਮਲਾ ਦਰਸਾ ਕੇ ਵਿਰੋਧ ਕਰਨ ਵਾਲਿਆਂ ਦੀ ਸਸਪੈਨਸ਼ਨ ਦੀ ਮੰਗ ਕੀਤੀ। ਹੋਰ ਅਮਨ ਕਾਨੂੰਨ, ਆਰਥਿਕ ਬਦਹਾਲੀ, ਬੇਰੋਜ਼ਗਾਰੀ, ਨਸ਼ੀਲੇ ਪਦਾਰਥਾਂ ਦੇ ਕਹਿਰ ਅਤੇ ਗੈਂਗਸਟਰਵਾਦ ਮੁੱਦਿਆਂ ’ਤੇ ਖੂਬ ਨਖੇਧੀ ਕੀਤੀ। ਚਲੋ! ਸੱਤਾ ਬਗੈਰ ਹੀ ਨਕਲੀ ਸੈਸ਼ਨ ਰਾਹੀਂ ਸੱਤਾ ਵਿੱਚ ਹੋਣ ਦਾ ਰਾਂਝਾ ਰਾਜ਼ੀ ਕਰ ਲਿਆ।
ਦੋ ਸੀਟਾਂ ਤੋਂ ਸੱਤਾ ਵੱਲ: ਸੰਨ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ ਦੋ ਸੀਟਾਂ ਹਾਸਲ ਹੋਈਆਂ ਸਨ। ਲੇਕਿਨ ਵਿਚਾਰਧਾਰਕ ਮਾਂ ਸੰਗਠਨ ਆਰ ਐੱਸ ਐੱਸ ਦੀ ਰਾਹਨੁਮਾਈ, ਭਗਵਾ ਬ੍ਰਿਗੇਡ ਦੀ ਹਿਮਾਇਤ ਨਾਲ ਆਖਰ ਇਸਨੇ 16 ਮਈ 1996 ਵਿੱਚ 13 ਦਿਨ, 19 ਮਾਰਚ, 1998 ਵਿੱਚ ਗਠਤ 13 ਮਹੀਨੇ ਅਤੇ ਫਿਰ 13 ਅਕਤੂਬਰ 1999 ਨੂੰ 22 ਮਈ, 2004 ਤਕ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਕੇਂਦਰ ਅੰਦਰ ਸਰਕਾਰਾਂ ਗਠਤ ਕੀਤੀਆਂ।
ਪੰਜਾਬ ਵਿੱਚ ਅਜੋਕੀ ਵਿਧਾਨ ਸਭਾ ਵਿੱਚ ਭਾਜਪਾ ਦੇ ਦੋ ਵਿਧਾਇਕ ਹਨ। ਪੰਜਾਬ ਦੀ ਸੰਨ 2011 ਦੀ ਜਨਗਣਨਾ ਅਨੁਸਾਰ 57.69 ਪ੍ਰਤੀਸ਼ਤ ਸਿੱਖ, 38.49 ਪ੍ਰਤੀਸ਼ਤ ਹਿੰਦੂ, 1.93 ਪ੍ਰਤੀਸ਼ਤ ਮੁਸਲਿਮ ਅਤੇ 1.2 ਪ੍ਰਤੀਸ਼ਤ ਈਸਾਈ ਬਰਾਦਰੀਆਂ ਦੇ ਲੋਕ ਵਸਦੇ ਹਨ। ਭਾਜਪਾ ਆਪਣੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਬਾਅਦ ਸਮਝਦੀ ਹੈ ਕਿ ਦੋਹਾਂ ਪਾਰਟੀਆਂ ਦੇ ਗਠਜੋੜ ਸਮੇਂ 117 ਮੈਂਬਰੀ ਵਿਧਾਨ ਸਭਾ ਵਿੱਚ ਅਕਾਲੀ 94 ਅਤੇ ਭਾਜਪਾ 23 ਦੀ ਵੰਡ ਦਾ ਇਸਨੂੰ ਬਹੁਤ ਵੱਡਾ ਰਾਜਨੀਤਕ ਨੁਕਸਾਨ ਹੁੰਦਾ ਰਿਹਾ।
ਰਾਜਨੀਤਕ ਖਲਾਅ: ਪੰਜਾਬ ਵਿੱਚ ਅਕਾਲੀਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਵਾਰੋ ਵਾਰ ਸ਼ਾਸਨ ਕਰਕੇ ਪੈਦਾ ਹੋਈਆਂ ਵੱਡੀਆਂ ਰਾਜਨੀਤਕ, ਧਾਰਮਿਕ, ਸਮਾਜਿਕ, ਆਰਥਿਕ ਦੁਸ਼ਵਾਰੀਆਂ, ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਨਸ਼ੀਲੇ ਪਦਾਰਥਾਂ ਦੀ ਅੰਧਾਧੁੰਦ ਵਿਕਰੀ, ਗੈਂਗਸਟਰਵਾਦ, ਰੇਤ, ਬਜਰੀ, ਕੇਬਲ, ਲੈਂਡ, ਸ਼ਰਾਬ, ਟਰਾਂਸਪੋਰਟ ਘੋਟਾਲਿਆਂ ਨੇ ਜੋ ਰਾਜਨੀਤਕ ਖਲਾਅ ਪੈਦਾ ਕੀਤਾ ਉਸਦਾ ਲਾਭ ਉਠਾ ਕੇ, ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਝੂਠੇ, ਫਰਾਡੀ, ਪਾਪੂਲਿਸਟ, ਰੰਗਲਾ ਪੰਜਾਬ, ਸੱਥਾਂ ਵਿੱਚੋਂ ਸਰਕਾਰ, ਵੀਆਈਪੀ ਕਲਚਰ ਦੇ ਖਾਤਮੇ, ਭ੍ਰਿਸ਼ਟਾਚਾਰ ਰਹਿਤ ਸ਼ਾਸਨ ਦੇ ਵਾਅਦਿਆਂ ਨਾਲ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ 16 ਮਾਰਚ, 2022 ਨੂੰ 117 ਮੈਂਬਰੀ ਵਿਧਾਨ ਸਭਾ ਵਿੱਚੋਂ 92 ਸੀਟਾਂ ’ਤੇ ਜਿੱਤ ਹਾਸਲ ਕਰਕੇ ਸਰਕਾਰ ਗਠਤ ਕੀਤੀ। ਇੰਨੀ ਨਿਕੰਮੀ, ਦਿਸ਼ਾਹੀਣ, ਭ੍ਰਿਸ਼ਟਾਚਰੀ, ਫਰਾਡ, ਕਰਜ਼ਾਧਾਰੀ, ਸਾਹਸਤਹੀਨ ਸਰਕਾਰ ਤੋਂ ਪੰਜਾਬ ਦੇ ਲੋਕ ਅਤੇ ਪ੍ਰਵਾਸੀ ਪੰਜਾਬੀ ਇੰਨੇ ਬੇਜ਼ਾਰ ਹੋ ਚੁੱਕੇ ਹਨ ਕਿ ਹੁਣ ਆਪਣੇ ਆਪ ਨੂੰ ਇਸ ਲਈ ਦੋਸ਼ੀ ਮੰਨ ਰਹੇ ਹਨ।
ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਵਿੱਚ ਪਾਟੋਧਾੜ, ਬਸਪਾ ਅਤੇ ਖੱਬੀ ਪੱਖੀਆਂ ਦੇ ਸਫਾਏ ਕਰਕੇ ਇੱਕ ਵਾਰ ਫਿਰ ਪੰਜਾਬ ਰਾਜਨੀਤਕ ਖਲਾਅ ਦੀ ਕਗਾਰ ’ਤੇ ਖੜ੍ਹਾ ਹੈ। ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਨਰੇਂਦਰ ਮੋਦੀ ਸਰਕਾਰ ਭਾਵੇਂ ਭਾਜਪਾ ਵੱਲੋਂ ਸੰਨ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਸੰਪੂਰਨ ਬਹੁਮਤ ਨਾ ਪ੍ਰਾਪਤ (543 ਵਿੱਚੋਂ 240) ਕਰਨ ਕਰਕੇ ਜਨਤਾ ਦਲ ਯੂ ਅਤੇ ਟੀਡੀਪੀ ਆਦਿ ਦੀਆਂ ਬੈਸਾਖੀਆਂ ’ਤੇ ਚੱਲ ਰਹੀ ਹੈ ਪਰ ਹੈ ਅਜੇ ਤਕ ਮਜ਼ਬੂਤ, ਸਮਰੱਥ ਅਤੇ ਗਤੀਸ਼ੀਲ।
ਰਾਜਨੀਤਕ ਵਿੰਡਬਨਾ ਇਹ ਹੈ ਕਿ ਜਿਸ ਭਾਜਪਾ ਦਾ ਪੰਜਾਬ ਅੰਦਰ 5 ਤੋਂ 8 ਪ੍ਰਤੀਸ਼ਤ ਵੋਟ ਆਧਾਰ ਰਿਹਾ ਹੈ, ਲੋਕ ਸਭਾ ਚੋਣਾਂ ਵੇਲੇ ਇਹ 18.5 ਪ੍ਰਤੀਸ਼ਤ ਰਿਹਾ। 23 ਵਿਧਾਨ ਸਭਾ ਸੀਟਾਂ ’ਤੇ ਇਸਨੇ ਨੰਬਰ ਇੱਕ ਪੁਜ਼ੀਸ਼ਨ ਪ੍ਰਾਪਤ ਕੀਤੀ ਜੋ ਉਤਸ਼ਾਹਜਨਕ ਪ੍ਰਾਪਤੀ ਹੈ।
ਭਾਜਪਾ ਕੀ ਕਰੇ? ਪੰਜਾਬ ਵਿੱਚ ਸੱਤਾ ਪ੍ਰਾਪਤੀ ਲਈ ਇਸ ਨੂੰ ਸਿੱਖ ਮਨੋਦਿਸ਼ਾ ਜਾਣਨੀ ਜ਼ਰੂਰੀ ਹੈ। ਐਮਰਜੈਂਸੀ ਅਤੇ ਹੋਰ ਸਮੇਂ ਇੱਥੋਂ ਦੇ ਇੰਚਾਰਜ ਹੁੰਦੇ ਸ਼੍ਰੀ ਮੋਦੀ ਪੰਜਾਬ ਕਾਫੀ ਸਮਾਂ ਰਹੇ ਹਨ ਪਰ ਉਹ ਅਤੇ ਭਾਜਪਾ ਦੇ ਸਥਾਨਿਕ ਆਗੂ ਅਤੇ ਆਰ ਐੱਸ.ਐੱਸ. ਸਿੱਖ ਮਾਨਸਿਕਤਾ ਨਹੀਂ ਸਮਝ ਸਕੇ। ਉਨ੍ਹਾਂ ਗੁਰੂ ਕਾਲ, ਮਿਸਲ ਅਤੇ ਮਹਾਰਾਜਾ ਰਣਜੀਤ ਸਿੰਘ ਕਾਲ ਦੀ ਸਟੱਡੀ ਨਹੀਂ ਕੀਤੀ। ਮਹਾਰਾਜਾ ਕਾਲ ਵੇਲੇ ਸਾਵਨ ਮੱਲ, ਮੁਹਕਮ ਚੰਦ, ਬੇਲੀ ਰਾਮ ਆਦਿ ਸੈਂਕੜੇ ਹਿੰਦੂ ਅਹਿਲਕਾਰ, ਵਜ਼ੀਰ, ਜਰਨੈਲ ਸਨ।
ਭਾਜਪਾ ਨੂੰ ਪੰਜਾਬੀ ਭਾਸ਼ਾ, ਗੋਲਡਨ ਟੈਂਪਲ ਮਾਡਲ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਤੋੜਨ, ਅੰਮ੍ਰਿਤਸਰ ਪਵਿੱਤਰ ਸ਼ਹਿਰ ਐਲਾਨਣ ਦਾ ਬੀੜੀ ਸਿਗਰਟਾਂ ਵਾਲੇ ਜਲੂਸ ਰਾਹੀਂ ਵਿਰੋਧ, ਪਹਾੜੀ ਰਾਜਾਂ ਨੂੰ ਵਿਸ਼ੇਸ਼ ਟੈਕਸ ਅਤੇ ਜ਼ਮੀਨ ਪੈਕੇਜ, ਦਰਬਾਰ ਸਾਹਿਬ ’ਤੇ ਹਮਲੇ ਲਈ ਲਾਲ ਕ੍ਰਿਸ਼ਨ ਅਡਵਾਨੀ ਵਰਗਿਆਂ ਵੱਲੋਂ ਇੰਦਰਾ ਗਾਂਧੀ ਨੂੰ ਉਕਸਾਉਣ ਆਦਿ ਵਰਗੀਆਂ ਇਤਿਹਾਸਕ ਗਲਤੀਆਂ ਦੀ ਖਿਮਾ ਜਾਚਨਾ ਕਰਕੇ ਸਿੱਖਾਂ ਨਾਲ ਰੋਟੀ-ਬੇਟੀ ਦੀ ਸਾਂਝ ਮਜ਼ਬੂਤ ਕਰਨੀ ਚਾਹੀਦੀ ਹੈ। ਬੰਦੀ ਸਿੰਘਾਂ ਦੀ ਰਿਹਾਈ, ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਪੂਰੇ ਰਾਸ਼ਟਰੀ ਸਨਮਾਨ ਨਾਲ ਮਨਾਉਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਐਲਾਨਣੀਆਂ ਚਾਹੀਦੀਆਂ ਹਨ। ਸਿੱਖ ਸੰਸਥਾਵਾਂ ਵਿੱਚ ਦਖਲ ਬੰਦ ਕਰਨਾ ਚਾਹੀਦਾ ਹੈ।
ਪੰਜਾਬ ਨੂੰ ਅਜੇ ਤਕ ਕੋਈ ਵਿਸ਼ੇਸ਼ ਸਨਅਤੀ, ਖੇਤੀ ਅਤੇ ਵਿਕਾਸ ਪੈਕੇਜ ਮੋਦੀ ਸਰਕਾਰ ਨੇ ਨਹੀਂ ਦਿੱਤਾ। ਸਰਕਾਰ ਗੁਜਰਾਤ ਬੰਦਰਗਾਹਾਂ ਵਾਂਗ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਨਾਲ ਵਪਾਰ ਲਈ ਵਾਹਗਾ, ਹੁਸੈਨੀਵਾਲਾ, ਕਰਤਾਰਪੁਰ ਲਾਂਘੇ ਖੋਲ੍ਹੇ। ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣ ਲਈ ਸੰਵਿਧਾਨਿਕ ਸੋਧ ਕਰੇ। ਭਾਰਤ ਕਦੇ ਸਿੱਖਾਂ ਵੱਲੋਂ ਸੰਨ 1947 ਵੰਡ ਵੇਲੇ ਭਾਰਤ ਨਾਲ ਰਹਿਣ ਦੇ ਕੁਰਬਾਨੀ ਭਰੇ ਇਤਿਹਾਸਕ ਫੈਸਲੇ ਦੀ ਦੇਣ ਨਹੀਂ ਦੇ ਸਕਦਾ।
ਚੰਡੀਗੜ੍ਹ, ਹੈੱਡਵਰਕਸ ਕੰਟਰੋਲ, ਸਰਹੱਦੀ ਪੰਜਾਬੀ ਭਾਸ਼ੀ ਇਲਾਕੇ ਪੰਜਾਬ ਹਵਾਲੇ ਕਰਨ ਦਾ ਪ੍ਰਬੰਧ ਕਰੇ। ਸਿੱਖ ਨੌਜਵਾਨਾਂ ਨੂੰ ਭਾਜਪਾ ਨਾਲ ਜੋੜੇ। ਭ੍ਰਿਸ਼ਟਾਚਾਰੀ, ਕੁਸ਼ਾਸਕ, ਈ. ਡੀ. ਕੇਸਾਂ ਵਿੱਚ ਫਸੀ ਬੁੱਢੀ ਠੇਰੀ ਕੈਪਟਨ ਅਮਰਿੰਦਰ, ਰਾਣਾ ਗੁਰਮੀਤ, ਮਨਪ੍ਰੀਤ ਬਾਦਲ ਆਦਿ ਵਰਗੀ ਲੀਡਰਸ਼ਿੱਪ ਬਾਹਰ ਵਗਾਹ ਮਾਰੇ। ਇਨ੍ਹਾਂ ਧਾੜਵੀਆਂ ਨੇ ਇਸਦਾ ਚਰਿੱਤਰ, ਚਿਹਰਾ ਕਰੂਪ ਕਰ ਰੱਖਿਆ ਹੈ।
33 ਪ੍ਰਤੀਸ਼ਤ ਦਲਿਤਾਂ, ਮਲੇਰਕੋਟਲਾ, ਕਾਦੀਆਂ ਵਾਸਤੇ ਮੁਸਲਿਮ ਭਾਈਚਾਰੇ, ਈਸਾਈ ਭਾਈਚਾਰੇ ਦੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੇ। ਪੰਜਾਬ ਵਿੱਚ ਯੋਜਨਾਬੱਧ ਢੰਗ ਨਾਲ ਹੋ ਰਹੇ ਧਰਮ ਪਰਿਵਰਤਨ ਨੂੰ ਬੇਨਕਾਬ ਕਰਕੇ ਰੋਕੇ। ਸਭ ਤੋਂ ਜ਼ਰੂਰੀ ਐੱਨ ਆਰ ਆਈ ਪੰਜਾਬੀਆਂ ਦਾ ਵਿੰਗ ਸਥਾਪਿਤ ਕਰੇ।
ਕਿਸਾਨੀ ਪੰਜਾਬ ਦੇ ਅਰਥਚਾਰੇ, ਭਾਈਚਾਰੇ, ਰਾਜਨੀਤੀ ਦੀ ਰੀੜ੍ਹ ਦੀ ਹੱਡੀ ਹੈ, ਭਾਜਪਾ ਇਸਦੀ ਬਾਂਹ ਫੜੇ। ਫਸਲੀ ਵਿਭਿੰਨਤਾ ਲਈ ਇੱਕ ਲੱਖ ਕਰੋੜ ਦਾ ਪੈਕੇਜ ਦੇ ਕੇ ਇਸ ਨੂੰ ਗਲ਼ ਲਾਵੇ। ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਲਿਆਂ ਨੂੰ ਪੁੱਠੇ ਲਮਕਾਵੇ। ਫੂਡ ਪ੍ਰੋਸੈੱਸਿੰਗ, ਡੇਅਰੀ, ਮੱਛੀ, ਸੂਰ, ਮਧੂ ਮੱਖੀ, ਜੈਵਿਕ ਖੇਤੀ ਦਾ ਇਨਕਲਾਬ ਸਿਰਜੇ। ਕਿਸਾਨੀ ਦੇ ਹਰ ਘਰ ਦਾ ਕੁੰਡਾ ਖੜਕਾਵੇ। ਕਿਸਾਨੀ ਨਾਲ ਜੋੜਮੇਲ ਭਾਜਪਾ ਲਈ ਪੰਜਾਬ ਸੱਤਾ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ।
ਪੰਜਾਬ ਵਿੱਚ ਬੇਰੋਜ਼ਗਾਰੀ, ਨਸ਼ੇ, ਗੈਂਗਸਟਰਵਾਦ ਦਾ ਹੱਲ ਇੱਥੇ ਪਹਾੜੀ ਰਾਜਾਂ ਵਾਂਗ ਸਨਅਤ, ਇਨਫੋਟੈੱਕ, ਕੱਪੜਾ, ਖੇਡ, ਲੋਹਾ ਉਦਯੋਗ ਚੇਨ ਸਥਾਪਿਤ ਕਰਕੇ ਨੌਜਵਾਨ ਨੂੰ ਇਨਖ਼ ਕਿੱਤਿਆਂ ਵਿੱਚ ਲਾਵੇ।
ਸ਼ਹਿਰ ਖੇਤਰੀ ਵਿੱਚੋਂ ਬਾਹਰ ਭਾਜਪਾ ਅਤੇ ਭਾਰਤੀ ਜਥੇਬੰਦੀਆਂ ਦਿਹਾਤੀ ਧਰਾਤਲ ’ਤੇ ਸੁਹਿਰਦਤਾ ਨਾਲ ਨਾਨਕ ਮਾਡਲ ਅਨੁਸਾਰ ਕੰਮ ਤਾਂ ਕਰਨ, ਸੱਤਾ ਉਨ੍ਹਾਂ ਦੇ ਪੈਰ ਚੁੰਮੇਗੀ। ਨੀਯਤ ਸਾਫ ਰੱਖੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (