“ਦੇਸ਼ ਦੀ ਅੰਦਰੂਨੀ ਹਾਲਤ ਲੀਡਰਸ਼ਿੱਪ ਦੇ ਐਸੇ ਝੂਠ ਦਾ ਲਬਾਦਾ ਲੋਕਾਂ ਸਾਹਮਣੇ ਹਕੀਕਤਾਂ ...”
(5 ਦਸੰਬਰ 2025)
ਚੀਨ ਅੰਦਰ ਕਮਿਊਨਿਸਟ ਸ਼ਾਸਨ ਪ੍ਰਬੰਧ ਬਾਰੇ ਪੂਰੇ ਵਿਸ਼ਵ ਵਿੱਚ ਇਹ ਮਿੱਥ ਮਸ਼ਹੂਰ ਹੈ ਕਿ ਇਸਦੀ ਆਰਥਿਕਤਾ ਬੜੀ ਤੇਜ਼ ਗਤੀ ਨਾਲ ਇੱਕ ਜਾਬਤਾ ਭਰੀ ਪ੍ਰਣਾਲੀ ਅਧੀਨ ਵਿਕਾਸ ਦੀ ਡਗਰ ਵੱਲ ਗਾਮਜ਼ਨ (ਛੜੱਮੇ ਮਾਰ ਰਹੀ) ਹੈ। ਚੀਨੀ ਨਾਗਰਿਕ ਇਹ ਮੰਨ ਕੇ ਸੁਖਦ ਮਹਿਸੂਸ ਕਰਦੇ ਚਲੇ ਆ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਵਰਗੀ ਮਹਾਂਸ਼ਕਤੀ ਨਾਲੋਂ ਕਿਸੇ ਗੱਲੋਂ ਪਿੱਛੇ ਨਹੀਂ ਹੈ, ਉਹ ਭਾਵੇਂ ਆਰਥਿਕ, ਤਕਨੀਕੀ, ਸਮਾਜਿਕ ਸੁਰੱਖਿਆ, ਪ੍ਰਮਾਣੂ, ਫੌਜੀ ਅਤੇ ਡਿਪਲੋਮੇਸੀ ਸਬੰਧੀ ਖੇਤਰ ਹੋਣ। ਉਨ੍ਹਾਂ ਨੂੰ ਆਪਣੇ ਦੇਸ਼, ਇਸ ’ਤੇ ਕਾਬਜ਼ ਕਮਿਊਨਿਸਟ ਪਾਰਟੀ ਅਤੇ ਇਸਦੀ ਲੀਡਰਸ਼ਿੱਪ ਉੱਤੇ ਮਾਣ ਹੈ। ਪਰ ਹਕੀਕਤ ਵਿੱਚ ਇਹ ਪੂਰੇ ਦਾ ਪੂਰਾ ਮੰਜ਼ਰ ਇੱਕ ਖੋਖਲਾਪਣ ਵਿਵਸਥਾ ’ਤੇ ਸਿਰਜਿਆ ਜਾ ਰਿਹਾ ਹੈ ਜੋ ਇੱਕ ਰਾਜਨੀਤਕ ਅਡੰਬਰ ’ਤੇ ਟਿਕਿਆ ਹੋਇਆ ਹੈ। ਇਹ ਬੰਦੂਕ ਦੀ ਗੋਲੀ ਵਿੱਚੋਂ ਨਿਕਲਣ ਵਾਲੀ ਸ਼ਕਤੀ ਦੇ ਡਰ ਦੀ ਉਪਜ ਹੈ।
ਨਿਰਾਸ਼ਾ: ਚੀਨ ਅੰਦਰ ਰੋਜ਼ਾਨਾ ਜ਼ਿੰਦਗੀ ਧੋਖੇਬਾਜ਼ੀ ਰਾਹੀਂ ਸੰਚਾਲਤ ਅਜਿਹਾ ਵਿਸ਼ਵਾਸ ਹੈ ਜੋ ਲਗਾਤਾਰ ਨਿਰਾਸ਼ਾ ਦੇ ਆਲਮ ਵਿੱਚ ਘਿਰਦਾ ਚਲਾ ਜਾ ਰਿਹਾ ਹੈ। ਅੱਜ ਸੋਸ਼ਲ ਮੀਡੀਏ ਦਾ ਯੁਗ ਹੈ। ਇਹ ਇੱਕ ਤਾਕਤਵਰ ਅਤੇ ਬਗੈਰ ਵਾਗਾਂ ਦੇ ਹਵਾ ਵਿੱਚ ਉਡਦਾ ਚੇਤਕ ਘੋੜਾ ਹੈ। ਅੱਖ ਦੇ ਫੋਰ ਵਿੱਚ ਇਹ ਵਿਸ਼ਵ ਦੇ ਫੰਨੇ ਖਾਂ ਆਗੂਆਂ ਨੂੰ ਨੰਗੇ ਕਰਨ ਦੀ ਸ਼ਕਤੀ ਰੱਖਦਾ ਹੈ। ਚੀਨੀ ਲੋਕ ਦੇਸ਼ ਅੰਦਰ ਪਸਰ ਰਹੀ ਰਾਜਨੀਤਕ, ਆਰਥਿਕ ਅਤੇ ਰੋਜ਼ਾਨਾ ਜ਼ਿੰਦਗੀ ਸਬੰਧੀ ਨਿਰਾਸ਼ਾ ਨੂੰ ਘਰਾਂ, ਨਿੱਜੀ ਮਿਲਣਗੀਆਂ ਅਤੇ ਵਿਸ਼ੇਸ਼ ਸਮਾਰੋਹਾਂ ਵਿੱਚ ਸਰਕਾਰੀ ਅਤੇ ਕਮਿਊਨਿਸਟ ਪਾਰਟੀ ਅਧਾਰਿਤ ਖੁਫੀਆਂ ਏਜੰਸੀਆਂ ਤੋਂ ਅੱਖ ਬਚਾ ਕੇ ਘੁਸਰ ਮੁਸਰ ਕਰਦੇ ਵੇਖੇ ਜਾਂਦੇ ਹਨ। ਉਹ ਅਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਬੇਰੋਜ਼ਗਾਰੀ, ਉਜਰਤਾਂ ਵਿੱਚ ਕਟੌਤੀ ਅਤੇ ਪਬਲਿਕ ਸਹੂਲਤਾਂ ਵਿੱਚ ਪੈਦਾ ਹੋ ਰਹੀ ਕਮੀ ਤੋਂ ਪੀੜਿਤ ਮਹਿਸੂਸ ਕਰ ਰਹੇ ਹਨ। ਕਈ ਵਾਰ ਦੋ ਵਕਤ ਦੀ ਰੋਟੀ ਲਈ ਚਿੰਤਤ ਹਨ।
ਕੌਮਾਂਤਰੀ ਪੱਧਰ ’ਤੇ ਚੀਨੀ ਆਰਥਿਕ ਵਿਕਾਸ, ਤਕਨੀਕੀ ਅਤੇ ਸਾਇੰਸੀ ਪ੍ਰਾਪਤੀਆਂ ਮਹਿਜ਼ ਵਿਖਾਵਾ ਹਨ; ਅੰਦਰਖਾਤੇ ਖੋਖਲੇਪਣ, ਆਰਥਿਕਤਾ ਦੇ ਸ਼ਿਕਾਰ ਅਮਰੀਕਾ ਅਤੇ ਚੀਨ ਦੀ ਚਲਾਕੀ ਦੇਖੋ! ਇਸ ’ਤੇ ਪਰਦਾਪੋਸ਼ੀ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿੰਨ ਪਿੰਗ ਮਿਲਦੇ ਹਨ। ਅਮਰੀਕੀ ਟੈਰਿਫ ਤੋਂ ਉਤਪੰਨ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਨੂੰ ਵਿਰਾਮ ਦੇਣ ਦਾ ਨਿਰਣਾ ਲੈਂਦੇ ਹਨ। ਸੋਸ਼ਲ ਮੀਡੀਆ, ਵਿਸ਼ਵ ਪ੍ਰਸਿੱਧ ਤੇਜ਼ ਤਰਾਰ ਆਗੂਆਂ, ਬੁੱਧੀਜੀਵੀਆਂ ਅਤੇ ਡਿਪਲੋਮੈਟਾਂ ਲਈ ਇਹ ਅੰਦਾਜ਼ਾ ਲਾਉਣਾ ਕੋਈ ਪੇਚੀਦਾ ਕਾਰਜ ਨਹੀਂ ਸੀ ਕਿ ਚੀਨ ਅਤੇ ਅਮਰੀਕਾ ਦੇ ਸਰਵਉੱਚ ਆਗੂ ਕਿਉਂ ਮਿਲੇ?
ਬੇਨਕਾਬ: ਚੀਨ ਅੰਦਰ ਅਜੋਕੀ ਸ਼ੀ ਜਿੰਨ ਪਿੰਗ ਲੀਡਰਸ਼ਿੱਪ ਪੂਰੇ ਯਤਨਾਂ ਨਾਲ ਦੇਸ਼ਵਾਸੀਆਂ ਨੂੰ ਭਰੋਸਾ ਦਿੰਦੀ ਵਿਖਾਈ ਦੇ ਰਹੀ ਹੈ ਕਿ ਦੇਸ਼ ਕਿਸੇ ਵੀ ਰਾਜਨੀਤਕ, ਆਰਥਿਕ, ਡਿਪਲੋਮੈਟਿਕ ਅਤੇ ਫੌਜੀ ਚੁਣੌਤੀ ਨੂੰ ਕਰਾਰਾ ਜਵਾਬ ਦੇਣ ਸਮਰੱਥ ਹੈ। ਪਰ ਦੇਸ਼ ਦੀ ਅੰਦਰੂਨੀ ਹਾਲਤ ਲੀਡਰਸ਼ਿੱਪ ਦੇ ਐਸੇ ਝੂਠ ਦਾ ਲਬਾਦਾ ਲੋਕਾਂ ਸਾਹਮਣੇ ਹਕੀਕਤਾਂ, ਤੱਥਾਂ ਅਤੇ ਨੰਗੀ ਅੱਖ ਨਾਲ ਦਿਸ ਰਹੇ ਮੰਦੇ ਹਾਲਾਤ ਰਾਹੀਂ ਬੇਨਕਾਬ ਕਰ ਰਹੀ ਹੈ। ਲੋਕਾਂ ਦੇ ਮੂੰਹ ਤੋਂ ਐਸੀ ਹਕੀਕਤ ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਦੀ ਤਰ੍ਹਾਂ ਬਿਆਨ ਹੋ ਰਹੀ ਏ। ਲੋਕ ਬੋਲਦੇ ਸੁਣੇ ਜਾ ਰਹੇ ਹਨ ‘ਵਾਈ ਕੀ ਆਂਗ, ਜੋਂਗ ਗਨ’ ਭਾਵ ‘ਬਾਹਰੋਂ ਮਜ਼ਬੂਤ, ਅੰਦਰੋਂ ਖੱਖੜੀ ਖੱਖੜ੍ਹੀ।’
ਚੀਨ ਰਾਸ਼ਟਰ ਕਰੋੜਾਂ ਗਰੀਬ, ਪਛੜੇ, ਕਮਜ਼ੋਰ, ਬੇਆਵਾਜ਼ ਲੋਕਾਂ ਦੀ ਕੀਮਤ ’ਤੇ, ਜੋ ਰਾਜ ਅਤੇ ਇਸ ’ਤੇ ਕਾਬਜ਼ ਤਾਕਤਵਰ ਲੋਕਾਂ ਅਤੇ ਰਾਜਨੀਤਕ ਸੰਗਠਨ ਅੱਗੇ ਆਵਾਜ਼ ਨਹੀਂ ਉਠਾ ਸਕਦੇ, ਆਪਣੇ ਆਪ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਮਹਾਂ ਸ਼ਕਤੀ ਸਿਰਜਦਾ ਦਰਸਾਉਂਦਾ ਹੈ।
ਚੀਨ ਹੀ ਨਹੀਂ, ਅਜੋਕੇ ਆਰਥਿਕ ਮੰਦਹਾਲੀ ਅਤੇ ਵਪਾਰਕ ਉੱਥਲ ਪੁੱਥਲ ਦੇ ਦੌਰ ਵਿੱਚ ਅਮਰੀਕਾ, ਯੂਕੇ, ਫਰਾਂਸ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਜਪਾਨ, ਦੱਖਣੀ ਕੋਰੀਆ, ਦੱਖਣੀ ਅਫਰੀਕਾ, ਬ੍ਰਾਜ਼ੀਲ, ਭਾਰਤ, ਤੁਰਕੀ, ਰੂਸ ਆਦਿ ਵਰਗੇ ਦੇਸ਼ ਅੰਦਰੂਨੀ ਤੌਰ ’ਤੇ ਆਮ ਜਨ ਜੀਵਨ ਭੈੜੇ ਹਾਲਾਤ ਦਾ ਸ਼ਿਕਾਰ ਹੋਣ ਦੇ ਬਾਵਜੂਦ ਬਾਹਰੀ ਤੌਰ ’ਤੇ ਆਪਣੇ ਆਪ ਨੂੰ ਸ਼ਕਤੀਸ਼ਾਲੀ, ਸਵੈਨਿਰਭਰ ਅਤੇ ਵਧੀਆ ਸਮਾਜਿਕ ਹਾਲਾਤ ਵਿੱਚ ਵਿਗਸਣ ਦਾ ਡਰਾਮਈ ਪ੍ਰਭਾਵ ਦੇ ਰਹੇ ਹਨ।
ਹਕੀਕਤ: ਚੀਨ ਵਿੱਚ ਰੋਜ਼ਾਨਾ ਰੋਜ਼ਗਾਰ ਦੀ ਤਲਾਸ਼ ਵਿੱਚ ਲੋਕ ਦਰ ਦਰ ਭਟਕਦੇ ਦਿਸ ਰਹੇ ਹਨ। ਵੱਡੇ ਪੱਧਰ ’ਤੇ ਲੋਕ ਦੋ ਵਕਤ ਦੀ ਰੋਟੀ ਲਈ ਤਰਸਦੇ ਹਨ। ਇੱਕ ਡਾਲਰ ਵਿੱਚ ਗੁਜ਼ਾਰਾ ਕਰਨ ਲਈ ਬੇਵੱਸ ਹਨ। ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ, ਖਾਣਾ, ਪਹਿਨਣਾ, ਮਨੋਰੰਜਨ ਦੇਣ ਲਈ ਜੱਦੋਜਹਿਦ ਕਰਦੇ ਵੇਖੇ ਜਾ ਰਹੇ ਹਨ। ਲੋਕਾਂ ਦੇ ਮਨਾਂ ਵਿੱਚੋਂ ਲਗਾਤਾਰ ਸ਼ਾਸਕਾਂ ਦੀ ਨਿਰੰਕੁਸ਼ਤਾ ਕਰਕੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਮਹੱਤਵਹੀਣ ਹੁੰਦੀਆਂ ਚਲੀਆਂ ਜਾ ਰਹੀਆਂ ਹਨ। ਲੋਕ ਘਰੇਲੂ ਜੀਵਨ, ਰੁਜ਼ਗਾਰ, ਪਰਿਵਾਰਕ ਪੋਸਣ, ਬਿਮਾਰੀਆਂ ਭਰੇ ਮਾਹੌਲ ਵਿੱਚ ਘਿਰਦੇ ਜਾ ਰਹੇ ਹਨ। ਵਧਦੀ ਬੇਰੋਜ਼ਗਾਰੀ ਅਤੇ ਜਨਤਕ ਬਦਜ਼ਨੀ ਨੂੰ ਸੰਨ 2024 ਵਿੱਚ ਅੰਕੜਾ ਹੇਰਾਫੇਰੀ ਨਾਲ ਲੁਕਾਇਆ ਗਿਆ ਹੈ। ਫਿਰ ਵੀ ਤਸਵੀਰ ਚਿੰਤਾਜਨਕ ਬਣੀ ਵਿਖਾਈ ਦਿੱਤੀ। 200 ਮਿਲੀਅਨ ਲੋਕ ਆਰਥਿਕ ਮੰਦਹਾਲੀ ਦੀ ਮੰਝਧਾਰ ਵਿੱਚ ਫਸੇ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਰਾਹਤ ਸਬੰਧੀ ਆਸ਼ਾ ਦੀ ਕਿਰਨ ਦੀ ਤਵੱਜੋ ਨਹੀਂ ਰੱਖ ਰਹੇ। ਕਾਰੋਬਾਰ ਘਾਟੇ ਵਿੱਚ ਜਾਣ ਜਾਂ ਖਤਮ ਹੋਣ ਕਰਕੇ, ਕੀਮਤਾਂ ਵਿੱਚ ਵਾਧੇ ਸਬੱਬ ਰੋਜ਼ਮੱਰਾ ਦੀਆਂ ਵਸਤਾਂ ਖਰੀਦਣ ਦੀ ਸਥਿਤੀ ਵਿੱਚ ਨਹੀਂ ਹਨ। ਘੱਟ ਉਜਰਤਾਂ ਮਾਰੇ ਦੂਸਰੇ ਸੂਬਿਆਂ ਦੇ 300 ਮਿਲੀਅਨ ਲੋਕ ਵਾਪਸ ਕੰਮਾਂ ’ਤੇ ਪਰਤਣਾ ਨਹੀਂ ਚਾਹੁੰਦੇ।
ਹਾਲਤ ਇਹ ਬਣਦੀ ਚਲੀ ਜਾ ਰਹੀ ਹੈ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਚਿੰਤਾਵਾਂ ਕਰਕੇ ਲੋਕ ਸ਼ਾਦੀ ਕਰਾਉਣ ਤੋਂ ਕਿਨਾਰਾ ਕਰ ਰਹੇ ਹਨ। ਜੇ ਸ਼ਾਦੀਆਂ ਕਰ ਵੀ ਲੈਂਦੇ ਹਨ ਤਾਂ ਬੱਚੇ ਨਾ ਪੈਦਾ ਕਰਨ ਦਾ ਨਿਰਣਾ ਲੈ ਰਹੇ ਹਨ। ਨਤੀਜੇ ਵਜੋਂ ਚੀਨ ਦੀ ਅਬਾਦੀ ਵਿੱਚ ਕਮੀ ਹੋ ਰਹੀ ਹੈ। ਇਸੇ ਕਰਕੇ ਅਬਾਦੀ ਪੱਖੋਂ ਭਾਰਤ ਉਸ ਤੋਂ ਅੱਗੇ ਨਿਕਲ ਗਿਆ ਹੈ।
ਅਮੀਰ ਅਤੇ ਗਰੀਬ ਪਾੜਾ ਵਧ ਰਿਹਾ ਹੈ। ਕਮਿਊਨਿਸਟ ਚੀਨ ਵਿੱਚ ਕਾਰਪੋਰੇਟ ਪ੍ਰਭਾਵ ਕਰਕੇ ਕਾਰੋਬਾਰ, ਪ੍ਰਸ਼ਾਸਨ ਅਤੇ ਸਨਅਤੀ ਅਦਾਰਿਆਂ ਵਿੱਚ ਸਮਾਜਿਕ ਅਸ਼ਾਂਤੀ ਪੈਦਾ ਹੋ ਰਹੀ ਹੈ। ਚੀਨ ਅੰਦਰ 15 ਤੋਂ 64 ਸਾਲ ਉਮਰ ਦੀ ਲੇਬਰ ਸ਼ਕਤੀ ਸੁੰਗੜ ਰਹੀ ਹੈ। ਸੰਨ 2030 ਤਕ ਸਲਾਨਾ ਇਸਦੇ 1 ਪ੍ਰਤੀਸ਼ਤ ਸੁੰਗੜਨ ਦਾ ਅਨੁਮਾਨ ਹੈ। ਕਾਮਿਆਂ ਵਿੱਚ ਹੁਨਰਮੰਦੀ ਘਟਣ ਕਰਕੇ ਚੀਨੀ ਕੁੱਲ ਪੈਦਾਵਾਰ ਵਿੱਚ 3 ਪ੍ਰਤੀਸ਼ਤ ਕਮੀ ਆਈ ਹੈ। ਰੀਅਲ ਅਸਟੇਟ ਕਾਰੋਬਾਰ ਵਿੱਚ ਕਮੀ ਵੇਖੀ ਗਈ ਹੈ। ਸੰਨ 2021 ਵਿੱਚ 1.794 ਬਿਲੀਅਨ ਵਰਗ ਮੀਟਰ ਘਰ ਵਿਕੇ। ਸੰਨ 2024 ਵਿੱਚ ਇਹ ਵਿਕਰੀ ਘਟ ਕੇ 947 ਮਿਲੀਅਨ ਵਰਗ ਮੀਟਰ ਰਹਿ ਗਈ। ਬੱਝਵੇਂ ਨਿਵੇਸ਼ ਵਿੱਚ ਕੋਵਿਡ-19 ਸਮੇਂ ਸੰਨ 2019 ਵਿੱਚ 13.2 ਕਮੀ ਵੇਖੀ ਗਈ ਜੋ ਇਸ ਸਾਲ ਸੰਨ 2025 ਵਿੱਚ 15.5 ਪ੍ਰਤੀਸ਼ਤ ਹੋ ਗਈ।
ਚੀਨੀ ਆਰਾਥਿਕਤਾ ਵਿੱਚ ਖੜੋਤ ਅਤੇ ਗਿਰਾਵਟ ਮਲੇਸ਼ੀਆ ਅਤੇ ਥਾਈਲੈਂਡ ਆਰਥਿਕਤਾਵਾਂ ਦੀ ਤਰਜ਼ ’ਤੇ ਦੇਖਣ ਨੂੰ ਮਿਲ ਰਹੀ ਹੈ। ਕਰਜ਼ਾ ਆਰਥਿਕਤਾ ਦੇ ਆਕਾਰ ਨਾਲੋਂ ਵਧ ਰਿਹਾ ਹੈ ਜਦਕਿ ਅਮਰੀਕਾ ਅਤੇ ਜਪਾਨ ਇਸ ਤੋਂ ਬਚੇ ਹੋਏ ਹਨ। ਚੀਨ ਦਾ ਕਾਰਪੋਰੇਟ ਕਰਜ਼ਾ ਇਸਦੀ ਜੀਡੀਪੀ ਦਾ 131 ਪ੍ਰਤੀਸ਼ਤ ਹੋ ਗਿਆ ਹੈ। ਘਰੇਲੂ ਬੈਂਕ ਇਸ ਨੂੰ ਅਜੇ ਵੀ ਚਿੰਤਾਜਨਕ ਨਹੀਂ ਮੰਨ ਰਹੇ। ਲੀਅਨਪਿੰਗ ਡਾਇਰੈਕਟਰ ਚੀਨੀ ਮੁੱਖ ਆਰਥਿਕ ਫੋਰਮ ਅਨੁਸਾਰ ਚੀਨ ਦੀ ਆਰਥਿਕ ਸਥਿਤੀ ਅਨਿਸ਼ਚਿਤ ਬਣੀ ਪਈ ਹੈ। ਚੀਨ ਦੀ ਪ੍ਰਤੀ ਜੀਅ ਆਮਦਨ 13000 ਡਾਲਰ ਹੈ ਜੋ ਸਿਰਫ ਅਮਰੀਕੀ ਪ੍ਰਤੀ ਜੀਅ ਆਮਦਨ ਦਾ 17 ਪ੍ਰਤੀਸ਼ਤ ਹੈ।
ਨਰਾਜ਼ਗੀ: ਸਤੰਬਰ 2025 ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ ਦੂਸਰੀ ਵੱਡੀ ਜੰਗ ਦੇ ਖਾਤਮੇ ਦੀ 80ਵੀਂ ਵਰ੍ਹੇਗੰਢ ਬੜੇ ਸ਼ਾਹਾਨਾ ਢੰਗ ਨਾਲ ਮਨਾਈ। ਇਸ ਤੋਂ ਨਰਾਜ਼ ਲੋਕ ਕਹਿ ਰਹੇ ਸਨ ਕਿ ਇਸ ਬੇਲੋੜੀ ਰਸਮ ’ਤੇ ਬਿਲੀਅਨ ਡਾਲਰ ਖਰਚ ਕਰਨ ਦੀ ਲੋੜ ਸੀ? ਇਨ੍ਹਾਂ ਨੂੰ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਖਰਚ ਕਰਨਾ ਚਾਹੀਦਾ ਸੀ। ਸੋਸ਼ਲ ਮੀਡੀਆ ਜੋ ਸਚਾਈ ਚੀਨੀ ਲੋਕਾਂ ਸਾਹਮਣੇ ਸ਼ੀ ਸਰਕਾਰ ਅਤੇ ਚੀਨੀ ਆਰਥਿਕਤਾ ਦੇ ਖੋਖਲੇਪਣ ਬਾਰੇ ਪ੍ਰੋਸ ਰਿਹਾ ਹੈ, ਇਹ ਲੋਕਾਂ ਨੂੰ ਨਿਰਾਸ਼ਾ ਦੇ ਆਲਮ ਵੱਲ ਧਕੇਲ ਰਿਹਾ ਹੈ। ਇਸ ਨੂੰ ਰੋਕਣ ਲਈ ਚੀਨ ਸਰਕਾਰ ਨੇ ਸੋਸ਼ਲ ਮੀਡੀਆ ਨੂੰ ਦਬਾਉਣ ਦੀ ਮੁਹਿੰਮ ਚਲਾ ਰੱਖੀ ਹੈ ਪਰ ਇਸਦੇ ਹਾਂ ਪੱਖੀ ਨਤੀਜੇ ਨਹੀਂ ਨਿਕਲ ਰਹੇ। ਲੋਕ ਇਸ ਤੋਂ ਨਰਾਜ਼ ਹਨ ਅਤੇ ਬਦਜ਼ਨ ਹੋ ਰਹੇ ਹਨ।
ਕਮਿਊਨਿਸਟ ਪਾਰਟੀ ਜਨਤਕ ਨਰਾਜ਼ਗੀ ਰੋਕਣ ਲਈ ਲੋਕਾਂ ਨੂੰ ਆਪਣੀ ਉਪਜੀਵਕਾ ਕਮਾਉਣ ਲਈ ਖੁੱਲ੍ਹਾਂ ਦੇ ਰਹੀ ਹੈ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਸ਼ੀ ਜਿੰਨ ਪਿੰਗ ਸ਼ਾਸਨ ਦੀ ਆਗਿਆ ਅਧੀਨ ਰਹਿਣ ਦੀ ਵਚਨਬੱਧਤ ਚਾਹ ਰਹੀ ਹੈ। ਪਰ ਪ੍ਰਸ਼ਾਸਨ ਜਿਵੇਂ ਨਿਰਕੁੰਸ਼ ਹੈ, ਕੀ ਉਹ ਅਜਿਹੀਆਂ ਖੁੱਲ੍ਹਾਂ ਦੀ ਇਜਾਜ਼ਤ ਦੇਵੇਗਾ? ਸਭ ਤੋਂ ਵੱਡਾ ਸਵਾਲ ਅਤੇ ਚੁਣੌਤੀ ਇਹੀ ਹੈ। ਸੰਨ 2012 ਵਿੱਚ, ਕਰੀਬ 13 ਸਾਲ ਪਹਿਲਾਂ ਜਦੋਂ ਸ਼ੀ ਨੇ ਚੀਨੀ ਕਮਿਊਨਿਸਟ ਪਾਰਟੀ ਅਤੇ ਸ਼ਾਸਨ ਦੀ ਵਾਗਡੋਰ ਸੰਭਾਲੀ ਸੀ, ਉਸਨੇ ਲੋਕ ਨੂੰ ਭਰੋਸਾ ਦਿੱਤਾ ਸੀ ਕਿ ਉਸਦਾ ‘ਚੀਨੀ ਸੁਪਨਾ’ ਹਰ ਚੀਨੀ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਜੀਵਨ ਪ੍ਰਦਾਨ ਕਰੇਗਾ। ਉਲਟ ਚੀਨ ‘ਬੁਲਬੁਲਾ ਆਰਥਿਕਤਾ’ ਵਿੱਚ ਧਸ ਰਿਹਾ ਹੈ।
ਮਸ਼ਕਿਲਾਂ: ਜਪਾਨ ਦੀ ਨਵੀਂ ਪ੍ਰਧਾਨ ਮੰਤਰੀ ਤਕਾਇਚੀ ਨੇ ਸੰਸਦ ਵਿੱਚ ਚੀਨ ਵੱਲੋਂ ਤਾਈਵਾਨ ਤੇ ਹਮਲੇ ਨੂੰ ‘ਜਪਾਨ ਦੀ ਹੋਂਦ’ ਦਾ ਸਵਾਲ ਦਰਸਾਇਆ। ਜਪਾਨ ਵੱਲੋਂ ਚੀਨ ਵਿੱਚ ਸਿੱਧੇ 100 ਬਿਲੀਅਨ ਨਿਵੇਸ਼ ਅਤੇ ਸੰਨ 2024 ਵਿੱਚ 292 ਬਿਲੀਅਨ ਵਪਾਰ ਤੋਂ ਵੀ ਚੀਨ ਸੰਤੁਸ਼ਟ ਨਹੀਂ। ਉਸਦੀ ਅੱਖ ਜਪਾਨੀ ਸੈਨਕਾਕੂ ਜਜ਼ੀਰਿਆਂ ’ਤੇ ਹੈ। ਇਨ੍ਹਾਂ ਨੂੰ ਲੈ ਕੇ ਚੀਨ ਅਤੇ ਜਪਾਨ ਵਿੱਚ 19ਵੀਂ ਸਦੀ ਦੀ ਯੂਕੇ ਅਤੇ ਫਰਾਂਸ ਵਾਂਗ ਦੁਸ਼ਮਣੀ ਖਤਰਨਾਕ ਪੜਾਅ ਵੱਲ ਵਧ ਰਹੀ ਹੈ। ਅੰਦਰੂਨੀ ਆਰਥਿਕ ਮੰਦਹਾਲੀ ਕਰਕੇ ਜਨਤਕ ਵਿਰੋਧ ਪੈਦਾ ਹੋਣ ਤੋਂ ਰੋਕਣ ਲਈ ਚੀਨ ਹੁਣ ਭਾਰਤ, ਰੂਸ, ਜਪਾਨ, ਫਿਲਪਾਈਨਜ਼ ਵੱਲੋਂ ਦੱਬੇ ਇਲਾਕੇ ਛਡਾਉਣ ਦੇ ਦਮਗਜ਼ੇ ਮਾਰਨ ਲੱਗ ਪਿਆ ਹੈ। ਸੰਨ 2020 ਵਿੱਚ ਗਲਵਾਨ ਘਾਟੀ ਟਕਰਾਅ ਕਰਕੇ ਭਾਰਤ-ਚੀਨ ਰਿਸ਼ਤੇ 5 ਸਾਲ ਠੱਪ ਰਹੇ ਸਨ। ਜੇ ਚੀਨ ਅੰਦਰੂਨੀ ਜਨਤਕ ਅਸੰਤੋਸ਼ ਰੋਕਣ ਲਈ ਗੁਆਂਢੀ ਦੇਸ਼ਾਂ ਨਾਲ ਫੌਜੀ ਟਕਰਾਅ ਪੈਦਾ ਕਰਦਾ ਹੈ ਤਾਂ ਇਹ ਏਸ਼ੀਆ ਅੰਦਰ ਬਹੁਤ ਦੁਖਦਾਈ ਸਾਬਤ ਹੋਵੇਗਾ।
**
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ। ਕਿੰਗਸਟਨ, ਕੈਨੇਡਾ।
**
ਗੂਗਲ ਦੱਸਦਾ ਹੈ:
China India GDP comparison (2024)
Nominal GDP: China ($18.74 trillion) vs. India ($3.91 trillion)
Nominal GDP per capita: China ($13,303.1) vs. India ($2,696.7)
Nominal GDP growth (annual %): India (6.5%) vs. China (5.0%)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (