DarbaraSKahlon8ਬਿਹਾਰ ਵਿੱਚ ਮੁੱਖ ਟੱਕਰ ਸੱਤਾਧਾਰੀ ਐੱਨ.ਡੀ.ਏ. ਅਤੇ ਮੁੱਖ ਵਿਰੋਧੀ ਗਠਜੋੜ ...
(5 ਨਵੰਬਰ 2025)

 

ਬਿਹਾਰ ਰਾਜ ਭਾਰਤ ਦੇ ਸ਼ਾਨਾਮੱਤੇ ਇਤਿਹਾਸ ਦਾ ਧੁਰਾ ਰਿਹਾ ਹੈ। ਇਸ ਰਾਜ ਵਿੱਚ ਪੰਜਵੀਂ ਈਸਵੀ ਪੂਰਬ ਵਿੱਚ ਮਹਾਤਮਾ ਬੁੱਧ ਨੂੰ ਗਯਾ ਦੇ ਸਥਾਨ ’ਤੇ ਗਿਆਨ ਪ੍ਰਾਪਤ ਹੋਇਆ। ਉਨ੍ਹਾਂ ਬੁੱਧ ਧਰਮ ਦੀ ਨੀਂਹ ਰੱਖੀ। ਵਿਸ਼ਵ ਦੇ ਲੋਕਤੰਤਰੀ ਸਿਸਟਮ ਦਾ ਇਹ ਰਾਜ ਧੁਰਾ ਰਿਹਾ ਹੈ। ਵੈਸ਼ਾਲੀ ਵਰਗੇ ਕਈ ਮਹਾਨ ਲੋਕ ਰਾਜ ਇੱਥੇ ਸਥਾਪਿਤ ਸਨ। ਮਹਾਨ ਮੋਰੀਆ ਰਾਜ ਦੀ ਰਾਜਧਾਨੀ ਪਾਟਲੀਪੁੱਤਰ (ਪਟਨਾ) ਰਹੀ ਹੈ। ਔਕਸਫੋਰਡ ਯੂਨੀਵਰਸਿਟੀ ਤੋਂ 500 ਸਾਲ ਪਹਿਲਾਂ ਇੱਥੇ ਪ੍ਰਸਿੱਧ ਨਾਲੰਦਾ ਅਤੇ ਵਿਕਰਮਸ਼ਿਲਾ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ ਸਨ। ਸਿੱਖ ਧਰਮ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸੰਨ 1666 ਈ: ਵਿੱਚ ਪਟਨਾ ਸਾਹਿਬ ਹੋਇਆ। ਸੰਨ 1975 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੰਨ 1975-1977 ਵਿੱਚ ਨਾਫਜ਼ ਐਮਰਜੈਂਸੀ ਵਿਰੁੱਧ ‘ਪੂਰਨ ਇਨਕਲਾਬ’ ਦੇ ਨਾਂਅ ਹੇਠ ਸੰਘਰਸ਼ ਇੱਥੋਂ ਛੇੜਿਆ ਗਿਆ ਸੀ ਜੈ ਪ੍ਰਕਾਸ਼ ਨਰਾਇਣ ਅਗਵਾਈ ਵਿੱਚ। ਕਰਪੂਰੀ ਠਾਕੁਰ ਦੀ ਰਾਹਨੁਮਾਈ ਹੇਠ ਮੰਡਲ ਸੰਘਰਸ਼ ਓ.ਬੀ.ਸੀ. ਵਰਗਾਂ ਦੇ ਪ੍ਰਤੀਨਿਧਤਾ ਲਈ ਇੱਥੋਂ ਸ਼ੁਰੂ ਕੀਤਾ ਗਿਆ।

ਇਸ ਮਹਾਨ ਰਾਜ ਦੀ 8ਵੀਂ ਵਿਧਾਨ ਸਭਾ (ਝਾਰਖੰਡ ਰਾਜ ਦੇ ਵੱਖ ਹੋਣ ਬਾਅਦ) ਦੇ 243 ਮੈਂਬਰਾਂ ਦੀਆਂ ਚੋਣਾਂ ਲਈ ਦੋ ਮਰਹਲਿਆਂ ਵਿੱਚ 6 ਅਤੇ 11 ਨਵੰਬਰ, 2025 ਨੂੰ ਹੋਣ ਜਾ ਰਹੀਆਂ ਹਨ। ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਅੱਖਾਂ ਇਨ੍ਹਾਂ ਉੱਤੇ ਲੱਗੀਆਂ ਹੋਈਆਂ ਹਨ। ਇਸ ਵਿੱਚ ਕਰੀਬ 7,43,55976 ਵੋਟਰ (ਗਿਣਤੀ ਕੁਝ ਘੱਟ-ਵੱਧ ਹੋ ਸਕਦੀ ਹੈ।) ਭਾਗ ਲੈਣ ਜਾ ਰਹੇ ਹਨ। ਮੁੱਖ ਗਹਿਗੱਚ ਮੁਕਾਬਲਾ ਸੱਤਾਧਾਰੀ ਐੱਨ.ਡੀ.ਏ. ਅਤੇ ਮੁੱਖ ਵਿਰੋਧੀ ਮਹਾਂਗਠਬੰਧਨ ਰਾਜਨੀਤਕ ਗਠਜੋੜਾਂ ਵਿਚਕਾਰ ਹੈ। ਵੈਸੇ ਗਰਾਂਡ ਡੈਮੋਕਰੈਟਿਕ ਅਲਾਇੰਸ ਅਤੇ ਦੂਸਰੇ ਕੁਝ ਮਹੱਤਵਪੂਰਨ ਰਾਜਨੀਤਕ ਦਲ ਵੀ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਅਨੇਕ ਅਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ।

ਮੌਜੂਦਾ ਸਥਿਤੀ: 7ਵੀਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸੱਤਾਧਾਰੀ ਐੱਨ.ਡੀ.ਏ. ਗਠਜੋੜ ਨੇ ਬਹੁਮਤ ਪ੍ਰਾਪਤ ਕੀਤਾ ਸੀ, ਜਿਸ ਵਿੱਚ ਭਾਜਪਾ ਨੂੰ 74, ਜਨਤਾ ਦਲ ਯੂ (ਜੇ.ਡੀ.ਯੂ.) ਨੂੰ 45, ਐੱਲ.ਜੇ.ਪੀ. ਨੂੰ 4, ਹਿੰਦੁਸਤਾਨੀ ਅਵਾਮ ਮੋਰਚਾ (ਐੱਚ.ਏ.ਐੱਮ.) ਨੂੰ 4 ਸੀਟਾਂ ਮਿਲੀਆਂ ਸਨ। ਪਰ ਵੱਡੀ ਪਾਰਟੀ ਦੇ ਹੋਣ ਦੇ ਬਾਵਜੂਦ ਭਾਜਪਾ ਵੱਲੋਂ ਸ਼੍ਰੀ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਗਿਆ, ਜੋ ਰਾਜਨੀਤਕ ਮਜਬੂਰੀ ਸੀ।

ਮਹਾਂਗਠਬੰਧਨ ਗਠਜੋੜ ਦੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਸਭ ਤੋਂ ਵੱਧ 75, ਕਾਂਗਰਸ ਨੇ 19, ਸੀ.ਪੀ.ਆਈ. ਐੱਮ.ਐੱਲ ਨੇ 12, ਸੀ.ਪੀ.ਆਈ. ਨੇ 2, ਸੀ.ਪੀ.ਐੱਮ. ਨੇ 2 ਸੀਟਾਂ ਪ੍ਰਾਪਤ ਕੀਤੀਆਂ ਸਨ। ਦੂਸਰੀਆਂ ਪਾਰਟੀਆਂ ਵਿੱਚੋਂ ਏ.ਆਈ.ਐੱਮ.ਆਈ.ਐੱਸ ਨੇ 5, ਬਸਪਾ ਨੇ 1, ਐੱਲ.ਐੱਸ.ਪੀ. ਨੇ 1, ਅਜ਼ਾਦ ਨੇ 1 ਸੀਟ ਪ੍ਰਾਪਤ ਕੀਤੀ ਸੀ।

ਗਲਬਾ: ਜੇ ਗਹੁ ਨਾਲ ਦੇਖਿਆ ਜਾਵੇ ਤਾਂ ਕਰਪੂਰੀ ਠਾਕੁਰ ਦੀ ਵਿਚਾਰਧਾਰਾ ਤੋਂ ਮੁਤਾਸਰ ਅਤੇ ਜੈ ਪ੍ਰਕਾਸ਼ ਨਰਾਇਣ ਦੇ ਸੰਘਰਸ਼ ਵਿੱਚੋਂ ਰੜ੍ਹ ਕੇ ਨਿਕਲੇ ਦੋ ਨੌਜਵਾਨਾਂ ਸ਼੍ਰੀ ਲਾਲੂ ਪ੍ਰਸਾਦ ਯਾਦਵ ਅਤੇ ਪਰਿਵਾਰ ਅਤੇ ਨਿਤੀਸ਼ ਕੁਮਾਰ ਦੇ ਜੁਗਾੜੀ ਗਠਜੋੜ ਦੀ ਕਾਰਾਗਰੀ ਨੇ ਬਿਹਾਰ ਦੀ ਰਾਜਨੀਤੀ ਤੇ ਸਰਾਲ੍ਹੀ ਸੱਪ ਦੀ ਤਰ੍ਹਾਂ ਜਕੜ ਪੀਡੀ ਕਰ ਲਈ ਕਿ ਹੁਣ ਉਸ ਨੂੰ ਛੱਡਣ ਦਾ ਨਾਮ ਨਹੀਂ ਲੈ ਰਹੇ। ਪੰਜਾਬ ਅੰਦਰ ਸ. ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਂਗ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇ.ਡੀ.ਯੂ. ਨਾਲ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਲੰਬਾ ਸਮਾਂ ਰਾਜਨੀਤਕ ਗਠਜੋੜ ਦੇ ਬਾਵਜੂਦ ਪੰਜਾਬ ਵਾਂਗ ਬਿਹਾਰ ਦੀ ਬਰਬਾਦੀ ਹੁੰਦੀ ਚਲੀ ਗਈ। ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੌਤੀਵਾਦ, ਗੈਰ-ਕਾਨੂੰਨੀ ਜ਼ਮੀਨੀ ਕਬਜ਼ਿਆਂ, ਖੁਦਾਈ, ਰੇਤ-ਬਜਰੀ, ਨਸ਼ੀਲੇ ਪਦਾਰਥਾਂ, ਸਿੱਖਿਆ, ਸਿਹਤ, ਕੇਬਲ, ਤਸਕਰੀ, ਨਿੱਜੀ ਹਿੰਸਕ ਸੈਨਾਵਾਂ, ਬੇਰੋਜ਼ਗਾਰੀ, ਰਾਜਨੀਤਕ ਧੋਖਾਧੜੀ, ਜਾਤੀਵਾਦ, ਰੰਗਦਾਰੀ ਮਾਫੀਆ ਗ੍ਰੋਹਾਂ ਨੇ ਰਾਜ ਨੂੰ ਪੂਰੇ ਦੇਸ਼ ਅਤੇ ਵਿਦੇਸ਼ ਅੰਦਰ ਜੰਗਲ ਰਾਜ ਵਜੋਂ ਬਦਨਾਮ ਕਰ ਦਿੱਤਾ।

ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਸੰਨ 1990 ਤੋਂ 1997, 900 ਕਰੋੜੀ ਚਾਰਾ ਘੋਟਾਲੇ ਵਿੱਚ ਜੇਲ੍ਹ ਯਾਤਰਾ ਕਾਰਨ ਉਸਨੇ ਅਨਪੜ੍ਹ ਪਤਨੀ ਰਾਬੜੀ ਦੇਵੀ ਨੂੰ 1997 ਤੋਂ 1999, 1999 ਤੋਂ ਸੰਨ 2000, ਸੰਨ 2000 ਤੋਂ 2005 ਤਕ ਸੱਤਾ ’ਤੇ ਥੋਪਣ ਦਾ ਬੱਜਰ ਗੁਨਾਹ ਕੀਤਾ। ਨਿਤੀਸ਼ ਕੁਮਾਰ 3 ਮਾਰਚ, 2000 ਤੋਂ 10 ਮਾਰਚ, 2000 (7 ਦਿਨ), ਸੰਨ 2005 ਤੋਂ 2014, ਵਿਚਾਲੇ 278 ਦਿਨ ਜੀਤਨ ਰਾਮ ਮਾਝੀ (20 ਮਈ, 2014 ਤੋਂ 22 ਫਰਵਰੀ, 2015) ਹੁਣ 22 ਫਰਵਰੀ, 2015 ਤੋਂ ਹੁਣ ਤਕ ਸੱਤਾ ਵਿੱਚ ਹੈ। ਲੇਕਿਨ ਇਹ ਰਾਜ ਅੱਜ ਵੀ ਭਾਰਤ ਦਾ ਸਭ ਤੋਂ ਵੱਧ ਪਛੜਿਆ ਰਾਜ ਹੈ। ਇਸਦੀ ਪ੍ਰਤੀ ਜੀਅ ਆਮਦਨ ਸਭ ਤੋਂ ਘੱਟ ਹੈ।

ਇਹ ਸਵਾਲ ਤਾਂ ਉੱਠੇਗਾ ਹੀ ਕਿ ਭਾਰਤੀ ਜਨਤਾ ਪਾਰਟੀ ਦੀਆਂ ਸ਼੍ਰੀ ਵਾਜਪਾਈ ਅਤੇ ਨਰੇਂਦਰ ਮੋਦੀ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਬਿਹਾਰ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ?

ਲਾਲੂ ਪ੍ਰਸਾਦ ਵਰਗਾ ਭ੍ਰਿਸ਼ਟਾਚਾਰੀ ਕਈ ਸਾਲ ਜੇਲ੍ਹਾਂ ਵਿੱਚ ਸੜਦਾ ਰਿਹਾ ਅਤੇ ਨਿਤੀਸ਼ ਕਾਲ ਵਿੱਚ ਭ੍ਰਿਸ਼ਟਾਚਾਰ ਅਤੇ ਨਿਕੰਮੇ ਰਾਜ ਪ੍ਰਬੰਧ ਦਾ ਹਾਲ ਦੇਖੋ ਕਿ ਉਹ ਇੱਕ ਪੁਲ ਦਾ ਉਦਘਾਟਨ ਕਰਕੇ ਆਉਂਦਾ ਹੈ ਅਤੇ ਉਹ ਪੁਲ ਇੱਕ ਹਫਤੇ ਬਾਅਦ ਢਹਿਢੇਰੀ ਹੋ ਜਾਂਦਾ ਹੈ। ਦੂਸਰੇ ਪੁਲ ਉਦਘਾਟਨ ਕਰਕੇ ਆਉਂਦਾ ਹੈ ਤਾਂ ਉਹ ਪੁਲ ਉਹ ਇੱਕ ਦਿਨ ਬਾਅਦ ਗਿਰ ਜਾਂਦਾ ਹੈ। ਤੀਸਰੇ ਪੁਲ ਦਾ ਉਦਘਾਟਨ ਕਰਨ ਜਾਣਾ ਹੁੰਦਾ ਹੈ ਤਾਂ ਇਤਲਾਹ ਆ ਜਾਂਦੀ ਹੈ ਕਿ ਨਾ ਆਇਓ, ਉਹ ਪੁਲ ਗਿਰ ਗਿਆ ਹੈ।

ਲੇਕਿਨ ਸੂਬੇ ਅੰਦਰ ਜਾਤੀਵਾਦ, ਪੱਛੜੇਪਣ, ਅੰਧ-ਵਿਸ਼ਵਾਸ ਦਾ ਆਲਮ ਦੇਖੋ! ਦੋਹਾਂ ਪਿੱਛੇ ਜਾਤੀਵਾਦੀ ਲਾਮਬੰਦੀ ਬਾਦਸਤੂਰ ਕਾਇਮ ਹੈ। ਪੱਛਮੀ ਬੰਗਾਲ ਵਿੱਚ ਵੀ ਕੁਮਾਰੀ ਮਮਤਾ ਬੈਨਰਜੀ ਦੀ ਸਰਕਾਰ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਪੱਛੜੇਪਣ, ਸਨਅਤੀ ਪਤਨ ਦਾ ਸ਼ਿਕਾਰ ਹੈ ਪਰ ਭਾਰਤੀ ਜਨਤਾ ਪਾਰਟੀ ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ਼ ਆਦਿ ਵਾਂਗ ਇਨ੍ਹਾਂ ਰਾਜਾਂ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਨਹੀਂ ਕਰ ਸਕੀ। ਬਿਹਾਰ ਵਿੱਚ ਪੰਜਾਬ ਵਾਂਗ ਰਾਜਨੀਤਕ ਗਠਜੋੜ ਬਗੈਰ ਸੱਤਾ ਵਿੱਚ ਆਉਣ ਸਮਰੱਥ ਨਹੀਂ ਹੈ। ਉਹ ਬਿਹਾਰ ਵਿੱਚ ਲੋਕ ਜਨਸ਼ਕਤੀ ਪੱਤਾ ਖੇਡਣ ਦੇ ਬਾਵਜੂਦ ਨਾਕਾਮ ਹੈ।

ਮੁੱਖ ਮੰਤਰੀ ਚਿਹਰੇ: ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਦੇ ਬੁਢਾਪੇ ਅਤੇ ਬਿਮਾਰੀ ਦੇ ਬਾਵਜੂਦ ਰਾਜਨੀਤਕ ਕ੍ਰਿਸ਼ਮਾ ਦੇਖੋ! ਮਹਾਗਠਬੰਧਨ ਗਠਜੋੜ ’ਤੇ ਪ੍ਰਭਾਵ ਬਣਾ ਕੇ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਪੁੱਤਰ ਤੇਜੱਸਵੀ ਯਾਦਵ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਐਲਾਨਣ ਦਾ ਹੀ ਨਹੀਂ ਬਲਕਿ ਇਸਦਾ ਮੈਨੀਫੈਸਟੋ ‘ਬਿਹਾਰ ਕਾ ਤੇਜੱਸਵੀ ਪ੍ਰਣ’ ਅਧੀਨ ਜਾਰੀ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ।

ਭਾਜਪਾ ਨਹੀਂ ਚਾਹੁੰਦੀ ਹੈ ਕਿ ਐੱਨ.ਡੀ.ਏ. ਗਠਜੋੜ ਦਾ ਅਗਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਰਹੇ ਖਾਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ। ਪਰ ਮਰਦੀ ਨੂੰ ਅੱਕ ਚੱਬਣਾ ਪੈ ਰਿਹਾ ਹੈ। ਉਸਦੇ ਆਗੂ ਸਟੇਜਾਂ ਤੋਂ ਇਹ ਸੰਦੇਸ਼ ਦੇਣ ਲਈ ਮਜਬੂਰ ਹਨ, “ਨਿਤੀਸ਼ ਮੁੱਖ ਮੰਤਰੀ ਥੇ, ਮੁੱਖ ਮੰਤਰੀ ਹੈਂ ਔਰ ਮੁੱਖ ਮੰਤਰੀ ਰਹੇਂਗੇ।’ ਸਰਵੇਖਣ ਬੁੱਢੇ ਨਿਤੀਸ਼ ਨਾਲੋਂ ਤੇਜੱਸਵੀ ਨੂੰ 30 ਪ੍ਰਤੀਸ਼ਤ ਅੱਗੇ ਦੱਸ ਰਹੇ ਹਨ।

ਮੁਕਾਬਲਾ: ਬਿਹਾਰ ਚੋਣਾਂ ਵਿੱਚ ਤਿੰਨ ਰਾਜਨੀਤਕ ਗਠਜੋੜ ਅਤੇ ਕੁਝ ਰਾਜਨੀਤਕ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਦੀ ਲੜਾਈ ਦੇ ਘਮਸਾਨ ਵਿੱਚ ਕੁੱਦੀਆਂ ਹੋਈਆਂ ਹਨ। ਸੱਤਾਧਾਰੀ ਐੱਨ.ਡੀ.ਏ. ਗਠਜੋੜ ਵਿੱਚ ਸ਼ਾਮਲ ਸਭ 243 ਸੀਟਾਂ ’ਤੇ ਚੋਣ ਲੜ ਰਿਹਾ ਹੈ। ਇਸ ਵਿੱਚ ਸ਼ਾਮਲ ਭਾਜਪਾ 101, ਜੇ.ਡੀ.ਯੂ. 101, ਲੋਕ ਜਨਸ਼ਕਤੀ ਪਾਰਟੀ 29, ਹਿੰਦੁਸਤਾਨ ਅਵਾਮ ਮੋਰਚਾ 6, ਰਾਸ਼ਟਰੀ ਲੋਕ ਮੋਰਚਾਂ 6, ਅਜ਼ਾਦ 1 ਸੀਟ ’ਤੇ ਜ਼ੋਰ ਅਜ਼ਮਾਈ ਕਰ ਰਹੇ ਹਨ। ਮਹਾਂਗਠਬੰਧਨ ਗਠਜੋੜ ਵਿੱਚ ਆਰ.ਜੇ.ਡੀ. 143, ਕਾਂਗਰਸ 61, ਸੀ.ਪੀ.ਆਈ. (ਐੱਮ.ਐੱਲ.) 20, ਸੀ.ਪੀ.ਆਈ. 9, ਸੀ.ਪੀ.ਐੱਮ. 4, ਇੰਡੀਅਨ ਇਨਕਲੂਸਿਵ ਪਾਰਟੀ 3, ਜਨ ਸ਼ਕਤੀ ਦਲ 1 ਅਤੇ 2 ਅਜ਼ਾਦ ਉਮੀਦਵਾਰ ਸੱਤਾ ਹਥਿਆਉਣ ਲਈ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ।

ਤੀਸਰੇ ਗਰਾਂਡ ਡੈਮੋਕ੍ਰੈਟਿਕ ਅਲਾਇੰਸ ਵਿੱਚ ਆਲ ਇੰਡੀਆ ਮਜਲਸ-ਏ-ਇਤਹਾਦੁਦ ਮੁਸਲਮੀਨ ਜਿਸਦੀ ਵੱਡੀ ਟੇਕ 17 ਪ੍ਰਤੀਸ਼ਤ ਬਿਹਾਰ ਦੇ ਮੁਸਲਮਾਨ ਭਾਈਚਾਰੇ ’ਤੇ ਹੋਵੇਗੀ, ਅਤੇ ਜੋ ਇਹ ਵੀ ਪ੍ਰਚਾਰ ਰਿਹਾ ਕਿ ਬਿਹਾਰ ਦਾ ਮੁੱਖ ਮੰਤਰੀ ਮੁਸਲਮਾਨ ਕਿਉਂ ਨਹੀਂ, 25 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਗਠਜੋੜ ਦੀ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਵੀ 25 ਸੀਟਾਂ ’ਤੇ ਚੋਣ ਲੜ ਰਹੀ ਹੈ। ਤੀਸਰੀ ਭਾਈਵਾਲ ਅਜ਼ਾਦ ਸਮਾਜ ਪਾਰਟੀ 4 ਸੀਟਾਂ ’ਤੇ ਚੋਣ ਲੜ ਰਹੀ ਹੈ। ਜੇਕਰ ਦੋ ਵੱਡੇ ਗਠਜੋੜਾਂ ਵਿੱਚੋਂ ਕਿਸੇ ਨੂੰ ਬਹੁਮਤ ਨਹੀਂ ਮਿਲਦਾ ਤਾਂ ਸੱਤਾ ਦੀ ਚਾਬੀ ਇਸ ਹੱਥ ਆ ਸਕਦੀ ਹੈ।

ਚੌਥੀ ਰਾਜਨੀਤਕ ਸ਼ਕਤੀ ਵਿੱਚ ਕੁਝ ਪਾਰਟੀਆਂ ਆਪੋ ਆਪਣਾ ਰਾਜਨੀਤਕ ਭਵਿੱਖ ਅਜ਼ਾਦਾਨਾ ਤੌਰ ’ਤੇ ਖੜ੍ਹਾ ਕਰਨ ਵੱਲ ਰੁਚਿਤ ਹਨ। ਬਹੁਜਨ ਸਮਾਜ ਪਾਰਟੀ ਆਪਣੇ ਤੌਰ ’ਤੇ 130 ਸੀਟਾਂ ’ਤੇ ਚੋਣ ਲੜ ਰਹੀ ਹੈ। ਆਮ ਆਦਮੀ ਪਾਰਟੀ 121 ਸੀਟਾਂ ’ਤੇ ਜ਼ੋਰ ਅਜ਼ਮਾਈ ਕਰ ਰਹੀ ਹੈ। ਜਨਸ਼ਕਤੀ ਜਨਤਾ ਦਲ 22 ਸੀਟਾਂ ’ਤੇ ਚੋਣ ਲੜ ਰਹੀ ਹੈ।

ਪ੍ਰਸ਼ਾਂਤ ਕਿਸ਼ੋਰ ਕਾਰਕ: ਆਪ ਪੀਹਣਾ ਕਿੰਨਾ ਔਖਾ ਹੈ, ਪਤਾ ਉਦੋਂ ਲਗਦਾ ਜਦੋਂ ਚੱਕੀ ਦੇ ਹੱਥੇ ਨੂੰ ਹੱਥ ਪਾਉਣਾ ਪਵੇ। ਪ੍ਰਸ਼ਾਤ ਕਿਸ਼ੋਰ ਚੋਣ ਮਾਹਿਰ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ, ਨਿਤੀਸ਼ ਕੁਮਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕਾ ਹੈ। ਇਸਦਾ ਸਾਰਾ ਧੰਦਾ ਝੂਠ, ਮਕਾਰੀ, ਫਰਾਡ ਉੱਤੇ ਖੜ੍ਹਾ ਹੁੰਦਾ ਰਿਹਾ ਹੈ। ਇਸਨੇ ਇਸ ਬਲਬੂਤੇ ਬਿਹਾਰ ਵਿੱਚ ਜਨ ਸੁਰਾਜ ਪਾਰਟੀ ਗਠਤ ਕਰਕੇ ਸੱਤਾ ਦੇ ਡੰਡੇ ਨੂੰ ਹੱਥ ਪਾਉਣ ਦੇ ਯਤਨ ਨਾਲ ਕਦਮ ਅੱਗੇ ਵਧਾਇਆ। ਹੁਣ ਚੋਣ ਜਾਦੂਗਰੀ, ਜ਼ੀਰੋਗਰੀ ਵੱਲ ਅੱਗੇ ਵਧ ਰਹੀ ਹੈ। ਪਹਿਲਾ ਫਰਾਡ ਉਸਦਾ ਉਦੋਂ ਜੱਗ ਜ਼ਹਿਰ ਹੋਇਆ ਹੈ ਜਦੋਂ ਉਸਦੇ ਨਾਮ ’ਤੇ ਦੋ ਥਾਈਂ ਬਿਹਾਰ ਅਤੇ ਬੰਗਾਲ ਵਿੱਚ ਵੋਟ ਕਾਰਡ ਸਾਹਮਣੇ ਆਏ।

ਇਸਦੀ ਪਾਰਟੀ 116 ਸੀਟਾਂ ਤੋਂ ਚੋਣ ਲੜਨ ਜਾ ਰਹੀ ਹੈ। ਇਸਨੇ ਵਿਸ਼ੇਸ਼ ਕਰਕੇ ਉਨ੍ਹਾਂ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ, ਜਿੱਥੋਂ ਭਾਜਪਾ, ਜੇ.ਡੀ.ਯੂ. ਜਾਂ ਹੋਰ ਪਾਰਟੀਆਂ 0.25 ਤੋਂ 5 ਪ੍ਰਤੀਸ਼ਤ ਫਰਕ ਨਾਲ ਚੋਣਾਂ ਜਿੱਤੀਆਂ ਸਨ। ਇਹ 116 ਸੀਟਾਂ ਵਿੱਚੋਂ 34 ’ਤੇ ਭਾਜਪਾ, 31 ਤੇ ਆਰ.ਜੇ.ਡੀ., 25 ’ਤੇ ਜੇ.ਡੀ.ਯੂ., 13 ’ਤੇ ਕਾਂਗਰਸ  ਚੋਣ ਲੜ ਰਹੀ ਹੈ।

ਲੋਕ ਲੁਭਾਊ ਮੈਨੀਫੈਸਟੋ: ਵੱਖ-ਵੱਖ ਗਠਜੋੜਾਂ ਨੇ ਬਿਹਾਰੀ ਵੋਟਰਾਂ ਨੂੰ ਭਰਮਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਘਰ-ਘਰ ਰੋਜ਼ਗਾਰ, ਔਰਤਾਂ ਨੂੰ ‘ਜੀਵਕਾ ਦੀਦੀ’ ਅਧੀਨ ਪੱਕੀ ਨੌਕਰੀ ਅਤੇ ਕਾਰੋਬਾਰ ਲਈ ਧਨ, ਮੁਫਤ ਬਿਜਲੀ, ਮਨਰੇਗਾ ਦਿਹਾੜੀ ਅਤੇ ਰੋਜ਼ਗਾਰ ਵਿੱਚ ਵਾਧਾ, ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ, ਮੁਫਤ ਬੀਮਾ ਯੋਜਨਾ, ਬੁਢਾਪਾ ਪੈਨਸ਼ਨ, ਸਨਅਤੀਕਰਨ, ਭੂਮੀਹੀਣਾਂ ਨੂੰ ਬੰਧੋਪਾਧਿਆਇ ਕਮਿਸ਼ਨ, 2006 ਅਨੁਸਾਰ ਜ਼ਮੀਨਾਂ, ਸੁਰੱਖਿਆ, ਵਧੀਆ ਸਿੱਖਿਆ, ਸਿਹਤ, ਆਵਾਜਾਈ, ਸ਼ੁੱਧ ਪਾਣੀ ਸਹੂਲਤਾਂ ਆਦਿ। ਪਰ ਲਾਲੂ ਪਰਿਵਾਰ ਕਦੋਂ ਨੌਕਰੀ ਬਦਲੇ ਜ਼ਮੀਨਾਂ ਜਾਇਦਾਦਾਂ ਹਥਿਆ ਲਵੇ, ਅੱਲਾ ਜਾਣੇ।

ਆਲੋਚਨਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਲਾਲੂ-ਰਾਬੜੀ ਜੰਗਲ ਰਾਜ ਨੂੰ 100 ਸਾਲ ਬਿਹਾਰ ਦੇ ਲੋਕ ਨਹੀਂ ਭੁੱਲਣਗੇ। ਐੱਨ.ਡੀ.ਏ. ਸ਼ਾਸਨ ਬਾਰੇ ਕਹਿੰਦੇ ਹਨ, “ਜਬ ਇਤਨੀ ਲਾਈਟ ਹੈ ਤੋਂ ਲਾਲਟੈਨ ਚਾਹੀਏ ਕਿਆ?’ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਆਰ.ਜੇ.ਡੀ. ਦੇ ਆਰ ਨੂੰ ਰੰਗਦਾਰੀ, ਜੇ ਨੂੰ ਜੰਗਲ ਰਾਜ, ਡੀ ਨੂੰ ਦਾਦਾਗਿਰੀ’ ਗਰਦਾਨਦੇ ਸੁਣੇ ਗਏ। ਗੋਦੀ ਮੀਡੀਆ ਢੋਲ ਖੜਕਾਉਂਦਾ ਦਿਸਿਆ। ਪਰ ਬੁਲੇਟ ਟਰੇਨਾਂ ਅਤੇ ਸਨਅਤਾਂ ਬਿਹਾਰ ਦੀ ਥਾਂ ਗੁਜਰਾਤ ਭੱਜਦੀਆਂ ਦੇਖੀਆਂ ਗਈਆਂ। ਅਮਿਤ ਸ਼ਾਹ ਗ੍ਰਹਿ ਮੰਤਰੀ ਐੱਨ.ਡੀ.ਏ. ਦੀ ਹੂੰਝਾ ਫੇਰੂ ਜਿੱਤ ਦਾ ਦਾਅਵਾ ਨਿਤੀਸ਼ ਕੁਸ਼ਾਸਨ ’ਤੇ ਕਰਦੇ ਵੇਖੇ ਗਏ। ‘ਡਬਲ ਇੰਜਨ’ ਦਾ ਢੰਡੋਰਾ ਪਿੱਟਦੇ ਵੇਖੇ ਗਏ।

ਰਾਹੁਲ ਗਾਂਧੀ ਬਿਹਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਦੀ ਕਠਪੁਤਲੀ ਦਰਸਾਉਂਦਾ ਹੈ। ਉਸਦੇ ਕੁਸ਼ਾਸਨ ਵਿੱਚ ਬਿਹਾਰ ਸਕੂਲੋਂ ਵਿਦਿਆਰਥੀ ਭੱਜਣ, ਨੰਨ੍ਹੇ ਬੱਚਿਆਂ ਦੀ ਮੌਤ, ਮਾਨਵ ਵਿਕਾਸ ਸਬੰਧੀ 27ਵਾਂ, ਸਕੂਲਾਂ ਵਿੱਚ ਦਾਖਲਿਆਂ, ਔਰਤ ਸਾਖਰਤਾ ਵਿੱਚ 28ਵਾਂ, ਪਰਿਵਾਰ ਲਈ ਟਾਇਲੈੱਟ ਸਬੰਧੀ 29ਵਾਂ ਸਥਾਨ ਦੇਸ਼ ਵਿੱਚ ਪ੍ਰਾਪਤ ਕਰਦਾ ਹੈ, ਕਿੰਨੀ ਸ਼ਰਮ ਦੀ ਗੱਲ ਹੈ। ਭਾਜਪਾ ਦੇ ਬਿਹਾਰੀ ਪ੍ਰਧਾਨ ਸਮਰਾਟ ਚੌਧਰੀ ’ਤੇ ਮੋਦੀ ਕੈਬਨਿਟ ਵਿੱਚ ਮੰਤਰੀ ਰਹੇ ਆਰ.ਕੇ. ਸਿੰਘ ਭ੍ਰਿਸ਼ਟਾਚਾਰ, ਵਿੱਦਿਅਕ ਯੋਗਤਾ ਸਬੰਧੀ ਝੂਠੇ ਸਰਟੀਫਿਕੇਟਾਂ ਦੇ ਦੋਸ਼ ਲਾਉਂਦਾ ਹੈ। ਨਿਤੀਸ਼ ਦੇ ਨਜ਼ਦੀਕੀ ਮੁਕਮਾ (ਪਟਨਾ) ’ਤੇ ਚੋਣ ਲੜ ਰਹੇ ਅਨੰਤ ਕੁਮਾਰ ਉੱਤੇ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਦੋਸ਼ ਲਾਉਂਦਾ ਹੈ। ਇਹ ਉਹੀ ਆਰ.ਕੇ. ਸਿੰਘ ਹੈ, ਜਿਸਨੇ ਸੰਨ 1990 ਵਿੱਚ ਮੁੱਖ ਮੰਤਰੀ ਲਾਲੂ ਯਾਦਵ ਦੇ ਆਦੇਸ਼ ’ਤੇ ਸਮਸਤੀਪੁਰ ਦੇ ਜ਼ਿਲ੍ਹਾ ਮਜਿਸਟ੍ਰੇਟ ਹੁੰਦੇ ਲਾਲ ਸ਼ਿਨ ਅਡਵਾਨੀ ਦੀ ਸੋਮਨਾਥ ਤੋਂ ਅਯੁੱਧਿਆਂ ਰੱਥ ਯਾਤਰਾ ਰੋਕੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਭਾਜਪਾ ’ਤੇ ਦੋਸ਼ ਹੈ ਕਿ ਉਹ ਉੱਚ ਜਾਤੀ ਦੀ ਰਾਜਨੀਤੀ ਕਰ ਰਹੀ ਹੈ। ਉਸਦੇ 50 ਤੋਂ ਵੱਧ ਉਮੀਦਵਾਰ ਉੱਚ-ਜਾਤੀਆਂ ਨਾਲ ਸਬੰਧਿਤ ਹਨ। ਇਸੇ ਦੌਰਾਨ ਤੇਜੱਸਵੀ ਯਾਦਵ ਨੇ ਸਪਸ਼ਟ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ, ਤਾਂ ਵਕਫ ਬੋਰਡ ਸਬੰਧੀ ਕਾਨੂੰਨ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਫਿਰਕਾਪ੍ਰਸਤੀ ਦੇ ਸਖ਼ਤ ਵਿਰੁੱਧ ਹਨ। ਭਾਜਪਾ ਨੂੰ ‘ਭਾਰਤ ਜਲਾਉ ਪਾਰਟੀ’ ਕਹਿਣਾ ਚਾਹੀਦਾ ਹੈ ਜੋ ਦੇਸ਼ ਫਿਰਕੂ ਨਫਰਤ ਦੀ ਅੱਗ ਭੜਕਾਉਂਦੀ ਹੈ। ਨਿਤੀਸ਼ ਦੇ 20 ਅਤੇ ਮੋਦੀ ਦੇ 11 ਸਾਲਾਂ ਸ਼ਾਸਨ ਨੇ ਬਿਹਾਰ ਨੂੰ ਕੰਗਾਲ ਕਰ ਦਿੱਤਾ ਹੈ। ਇਸਨੂੰ ਸੜਾਂਦ ਵਿੱਚ ਤਬਦੀਲ ਕਰ ਦਿੱਤਾ ਹੈ। ਇਸਨੂੰ ਸੱਤਾ ਵਿੱਚੋਂ ਵਗਾਹ ਮਾਰਨ ਦਾ ਸਮਾਂ ਆ ਰਿਹਾ ਹੈ।

ਬਿਹਾਰ ਵਿੱਚ ਮੁੱਖ ਟੱਕਰ ਸੱਤਾਧਾਰੀ ਐੱਨ.ਡੀ.ਏ. ਅਤੇ ਮੁੱਖ ਵਿਰੋਧੀ ਗਠਜੋੜ ਮਹਾਂ-ਗਠਬੰਧਨ ਦਰਮਿਆਨ ਹੈ। ਸੱਤਾ ਅਤੇ ਰਾਜਨੀਤਕ ਤਿਕੜਮਬਾਜ਼ੀ ਖ਼ਾਤਰ ਚੋਣ ਲੜ ਰਹੇ ਸਭ ਰਾਜਨੀਤਕ ਗਠਜੋੜ ਅਤੇ ਪਾਰਟੀਆਂ ਸਾਮ, ਦਾਮ, ਦੰਡ, ਭੇਦ, ਸੋਸ਼ਲ ਅਤੇ ਬੁਰਕੀ ਮੀਡੀਆ ਦੀ ਸ਼ਰਮਨਾਕ ਢੰਗ ਨਾਲ ਵਰਤੋਂ ਕਰ ਰਹੇ ਹਨ ਅਤੇ ਮਹਾਤਮਾ ਬੁੱਧ ਦੇ ਅਸ਼ਟ ਮਾਰਗ ਗਿਆਨ ਦੇ ਪਰਖਚੇ ਉਡਾ ਰਹੇ ਹਨ। ਦੇਖੋ! ਬਿਹਾਰੀ ਵੋਟਰ ਕਿਹੋ ਜਿਹਾ ਫਤਵਾ ਦਿੰਦੇ ਹਨ। ਇਸ ਫਤਵੇ ਦਾ ਭਾਰਤ ਦੀ ਰਾਸ਼ਟਰੀ ਰਾਜਨੀਤੀ ਉੱਤੇ ਵੀ ਵੱਡਾ ਅਸਰ ਦੇਖਣ ਨੂੰ ਮਿਲੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author