DarbaraSKahlon8ਇਸ ਪ੍ਰਸਤਾਵ ਤਹਿਤ ਮੁੱਖ ਤੌਰ ’ਤੇ ਗਾਜ਼ਾ ਖੇਤਰ ਅੰਦਰ ਗੋਲੀਬੰਦੀ, ਇਸ ਨੂੰ ਅੱਤਵਾਦ ਰਹਿਤ ...
(9 ਅਕਤੂਬਰ 2025)

 

ਪੂਰੇ ਵਿਸ਼ਵ ਦੀ ਅੱਖਾਂ ਮੱਧ ਪੂਰਬ ਵਿੱਚ ਗਾਜ਼ਾ ਪੱਟੀ ਅੰਦਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ 20 ਨੁਕਾਤੀ ਸ਼ਾਂਤੀ ਪ੍ਰਸਤਾਵ ਵਾਰਤਾਲਾਪ ’ਤੇ ਲੱਗੀਆਂ ਹੋਈਆਂ ਹਨ। ਇਜ਼ਰਾਈਲ ਵੱਲੋਂ ਮੋਸਾਦ ਅਤੇ ਸ਼ਿਨ ਬੇਟ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ, ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵਿਦੇਸ਼ ਨੀਤੀ ਸਲਾਹਕਾਰ ਓਫਿਰ ਫਾਕ ਅਤੇ ਬੰਦੀਆਂ ਸਬੰਧੀ ਤਾਲਮੇਲਰ ਗਾਲ ਹਾਇਰਚ, ਹਮਾਸ ਵੱਲੋਂ ਪੂਰੀ ਟੀਮ ਗਰੁੱਪ ਆਗੂ ਖਲੀਲ ਅੱਲ ਹਾਇਆ ਦੀ ਅਗਵਾਈ ਵਿੱਚ (ਜੋ ਦੋਹਾ, ਕਤਰ ਵਿੱਚ ਇਜ਼ਰਾਈਲੀ ਹਮਲੇ ਵਿੱਚ ਬਚ ਨਿਕਲਿਆ ਸੀ), ਅਮਰੀਕਾ ਵੱਲੋਂ ਸਪੈਸ਼ਲ ਦੂਤ ਸਟੀਵ ਵਿਟਕੋਫ, ਹੋਰਨਾਂ ਤੋਂ ਇਲਾਵਾ ਜਾਰਡ ਕੁਸ਼ਨਰ (ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਹਨ) ਸ਼ਾਂਤੀ ਵਾਰਤਾ ਵਿੱਚ ਮੌਜੂਦ ਰਹਿਣਗੇ। ਇਨ੍ਹਾਂ ਤੋਂ ਇਲਾਵਾ ਕਤਰ, ਤੁਰਕੀ, ਮਿਸਰ ਸਬੰਧਿਤ ਵਿਸ਼ੇਸ਼ ਵਿਚੋਲੀਏ ਸ਼ਾਮਲ ਹਨ। ਇਹ ਗੱਲਬਾਤ ਕੁਝ ਦਿਨ ਚਲੇਗੀ ਤਾਂ ਕਿ ਸਭ ਅਤਿ ਸੰਵੇਦਨਸ਼ੀਲ ਮੁੱਦਿਆਂ ਨੂੰ ਪੂਰੀ ਤਰ੍ਹਾਂ ਰਿੜਕ ਕੇ ਕਿਸੇ ਸਰਬ ਸਵੀਕਾਰਤ, ਸਥਾਈਤਵ ਅਤੇ ਠੋਸ ਸਮਝੌਤੇ ’ਤੇ ਪੁੱਜਿਆ ਜਾ ਸਕੇ।

ਸ਼ਾਂਤੀ ਪ੍ਰਸਤਾਵ: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸ਼ਾਂਤੀ ਪ੍ਰਸਤਾਵ ਕੋਈ ਨਵਾਂ ਨਹੀਂ ਹੈ। ਅਜਿਹਾ ਪ੍ਰਸਤਾਵ ਉਨ੍ਹਾਂ ਦੇ ਪੂਰਵਧਿਕਾਰੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਵੀ ਪੇਸ਼ ਕੀਤਾ ਗਿਆ ਸੀ, ਜੋ ਉਸ ਸਮੇਂ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ। ਵਿਸ਼ਵ ਭਰ ਦੇ ਬੁੱਧੀਜੀਵੀ ਅਤੇ ਕੌਮਾਂਤਰੀ ਵਾਰਤਾਲਾਪਾਂ ਦੇ ਮਾਹਿਰ ਇਸ ਸ਼ਾਂਤੀ ਪ੍ਰਸਤਾਵ ਨੂੰ ਫਲਸਤੀਨੀਆਂ ਲਈ ਉਨ੍ਹਾਂ ਦੀ ਹੋਂਦ ਨੂੰ ਸਿਫਰ ਬਣਾਉਣ ਵਾਲਾ ਤੰਦੂਆ ਜਾਲ਼ ਕਰਾਰ ਦੇ ਰਹੇ ਹਨ। ਕੁਝ ਖੱਬੇ ਪੱਖੀ ਮਾਹਿਰ ਅਤੇ ਕੌਮਾਂਤਰੀ ਪੱਧਰ ਦੇ ਡਿਪਲੋਮੈਟ ਇਸ ਨੂੰ ‘ਪਾਗਲਾਨਾ ਬਸਤੀਵਾਦੀ ਸਕੀਮ’ ਸਮਝਦੇ ਹਨ। ਡੌਨਲਡ ਟਰੰਪ ਤਾਂ ਗਾਜ਼ਾ ਨੂੰ ਗਰੀਨ ਲੈਂਡ ਅਤੇ ਪਨਾਮਾ ਨਹਿਰ ਵਾਂਗ ਅਮਰੀਕੀ ਕਬਜ਼ੇ ਵਿੱਚ ਲੈ ਕੇ ਇੱਥੇ ਟੂਰਿਜ਼ਮ ਕੇਂਦਰ ਅਤੇ ‘ਰਿਵੇਰੀਆ’ ਵਰਗੇ ਮਨਮੋਹਕ ਸਥਾਨ ਵਿਕਸਿਤ ਕਰਨ ਦੀਆਂ ਗੱਲਾਂ ਕਰ ਰਹੇ ਹਨ।

ਮਸਲਾ: ਗਾਜ਼ਾ ਪੱਟੀ 41 ਕਿਲੋਮੀਟਰ ਲੰਬਾ, 6 ਤੋਂ 12 ਕਿਲੋਮੀਟਰ ਚੌੜਾ, 365 ਵਰਗ ਕਿਲੋਮੀਟਰ ਫਲਸਤੀਨ ਰਾਜ ਦਾ ਪੱਛਮੀ ਕਿਨਾਰੇ ਵਾਲੇ ਖੇਤਰ ਨਾਲੋਂ ਛੋਟਾ ਖੇਤਰ ਹੈ, ਜਿਸਦੀ ਅਬਾਦੀ 22 ਲੱਖ, ਜੋ ਵਿਸ਼ਵ ਦਾ ਸਭ ਤੋਂ ਵੱਡੀ ਮਨੁੱਖੀ ਘਣਤਾ ਵਾਲਾ ਸੁੰਨੀ ਮੁਸਲਿਮ ਸਬੰਧਿਤ ਹਮਾਸ ਸੰਗਠਨ ਦੁਆਰਾ ਸ਼ਾਸਤ ਇਲਾਕਾ ਹੈ, ਜਿਸਦੀ ਰਾਜਧਾਨੀ ਇਸਦਾ ਸਭ ਤੋਂ ਵੱਡਾ ਸ਼ਹਿਰ ਗਾਜ਼ਾ ਹੈ। ਇਸਦਾ ਲਗਾਤਾਰ ਇਜ਼ਰਾਈਲ ਨਾਲ ਜੰਗੀ ਤਣਾਓ ਜਾਰੀ ਹੈ। ਉਸਨੇ ਇਸਦੀ ਧਰਤੀ, ਅਕਾਸ਼ ਅਤੇ ਸਮੁੰਦਰ ਵੱਲੋਂ ਨਾਕਾਬੰਦੀ ਕਰ ਰੱਖੀ ਹੈ। ਅਕਤੂਬਰ 7, 2023 ਨੂੰ ਹਮਾਸ ਲੜਾਕੂਆਂ ਨੇ ਪੂਰੇ ਵਿਸ਼ਵ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਇਜ਼ਰਾਈਲ ਅੰਦਰ ਘੁਸ ਕੇ ਉਸਦੇ 1200 ਤੋਂ ਵੱਧ ਸ਼ਹਿਰੀ, ਸੁਰੱਖਿਆ ਗਾਡ ਮਾਰ ਮੁਕਾਏ ਅਤੇ 251 ਬੰਦੀ ਬਣਾ ਲਏ। ਮਕਸਦ ਬੰਦੀਆਂ ਦੀ ਆੜ ਵਿੱਚ ਇਜ਼ਰਾਈਲ ਨਾਲ ਕੋਈ ਸ਼ਾਂਤੀ ਸਮਝੌਤਾ ਅਤੇ ਉਨ੍ਹਾਂ ਨੂੰ ਮਾਨਤਾ ਦੇਣ ਦਾ ਸੌਦਾ ਕਰਨਾ ਸੀ।

ਪਰ ਇਹ ਇਤਿਹਾਸਕ ਭੁੱਲ ਹਮਾਸ ਅਤੇ ਗਾਜ਼ਾ ਪੱਟੀ, ਇਸਦੇ ਸ਼ਹਿਰਾਂ ਅਤੇ ਵਸੋਂ ਵਾਲੇ ਇਲਾਕਿਆਂ ’ਤੇ ਕਹਿਰ ਬਣ ਕੇ ਟੁੱਟੀ। ਹਮਾਸ ਦੇ ਜ਼ਮੀਨਦੋਜ਼ ਫ਼ੌਜੀ ਟਿਕਾਣੇ, ਹਸਪਤਾਲ ਅਤੇ ਤਕਨੀਕੀ ਅਦਾਰੇ ਸਭ ਰਾਖ ਅਤੇ ਮਲਬੇ ਦਾ ਢੇਰ ਬਣਾ ਦਿੱਤੇ ਗਏ। ਲਿਬਨਾਨ, ਹਿਜ਼ਬੁਲਾ ਲੜਾਕੂ, ਇਰਾਨ ਅਤੇ ਜੋ ਵੀ ਇੰਨਾ ਦੀ ਹਿਮਾਇਤ ’ਤੇ ਆਇਆ, ਉਹ ਸਭ ਇਜ਼ਰਾਈਲ ਕਹਿਰ ਦਾ ਸ਼ਿਕਾਰ ਹੋਇਆ। ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਲਈ ਅਮਰੀਕਾ ਜੰਗ ਵਿੱਚ ਕੁੱਦ ਪਿਆ। ਉਸਨੇ ਜ਼ਮੀਨਦੋਜ਼ ਈਰਾਨੀ ਪ੍ਰਮਾਣੂ ਟਿਕਾਣੇ ਫੋਰਡੋ ਅਤੇ ਨਾਤਨਜ਼ ਤਬਾਹ ਕਰਨ ਲਈ ਬੀ-2 ਸਪਿਰਟ ਸਟੀਲਥ ਬੰਬਰ ਵਰਤ ਕੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ। ਆਪੇ ਹੀ ਫਿਰ 12 ਰੋਜ਼ਾ (13 ਜੂਨ ਤੋਂ 25 ਜੂਨ, 2025) ਇਜ਼ਰਾਈਲ-ਇਰਾਨ ਜੰਗ ਬੰਦੀ ਕਰਵਾਈ।

ਇਜ਼ਰਾਈਲ ਨੇ ਪਿਛਲੇ 2 ਸਾਲਾਂ ਵਿੱਚ ਗਾਜ਼ਾ ਖੇਤਰ ਵਿੱਚ 67 ਹਜ਼ਾਰ ਲੋਕ ਮਾਰ ਮੁਕਾਏ ਹਨ, 1 ਲੱਖ 70 ਹਜ਼ਾਰ ਜਖ਼ਮੀ ਕੀਤੇ ਹਨ। ਉਹ ਇਸ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਹਮਾਸ ਲੜਾਕੂਆਂ ਦਾ ਇੱਥੋਂ ਖੁਰਾਖੋਜ ਮਿਟਾਉਣ ’ਤੇ ਤੁਲਿਆ ਹੋਇਆ ਹੈ। ਅਮਰੀਕਾ ਸਮੇਤ ਪੱਛਮੀ ਅਤੇ ਸਰਮਾਏਦਾਰ ਦੇਸ਼ ਉਸਦੀ ਪਿੱਠ ’ਤੇ ਹਨ। 57 ਮੁਸਲਿਮ ਦੇਸ਼ ਉਨ੍ਹਾਂ ਦੇ ਪਿੱਠੂ ਬਣੇ ਪਏ ਹਨ। ਇਰਾਨ ਉਨ੍ਹਾਂ ਨਾਲ ਆਢਾ ਨਹੀਂ ਲੈ ਸਕਦਾ। 93 ਪ੍ਰਤੀਸ਼ਤ ਸਾਖ਼ਰਤਾ ਵਾਲੇ ਇਸ ਗਾਜ਼ਾ ਖੇਤਰ ਦਾ ਵਿੱਦਿਅਕ, ਸਿਹਤ, ਕਾਰੋਬਾਰੀ, ਖੇਤੀ ਢਾਂਚਾ ਤਹਿਸ-ਨਹਿਸ ਹੋ ਚੁੱਕਾ ਹੈ। ਭੁੱਖਮਰੀ, ਬਿਮਾਰੀ, ਛੱਤ ਰਹਿਤ, ਪੀਣ ਵਾਲੇ ਪਾਣੀ ਰਹਿਤ ਵਿਵਸਥਾ ਨੇ ਇਹ ਖੇਤਰ ਨਰਕ ਬਣਾ ਰੱਖਿਆ ਹੈ।

ਯੂ.ਐੱਨ., ਕੌਮਾਂਤਰੀ ਬਿਰਾਦਰੀ ਅਤੇ ਮੁਸਲਿਮ ਦੇਸ਼ਾਂ ਦੇ ਦਬਾਅ ਅਤੇ ਅਮਰੀਕਾ ਸਮੇਤ ਸਰਮਾਏਦਾਰੀ ਦੇ ਇਸ ਖੇਤਰ ਵਿੱਚ ਲੰਬੇ ਸਮੇਂ ਵਾਲੇ ਹਿਤਾਂ ਦੇ ਮੱਦੇ ਨਜ਼ਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ, ਇਜ਼ਰਾਈਲੀ ਪ੍ਰਧਾਨ ਮੰਤਰੀ ਨਾਲ ਸਲਾਹ ਮਸ਼ਵਰੇ ਬਾਅਦ 20 ਨੁਕਾਤੀ ਸ਼ਾਂਤੀ ਪ੍ਰਸਤਾਵ ਲੈ ਕੇ ਆਇਆ। ਇੱਥੇ ਇਹ ਵਰਨਣਯੋਗ ਹੈ ਕਿ ਇਜ਼ਰਾਈਲ ਦੇ ਅੰਦਰ ਵੱਡੀ ਪੱਧਰ ’ਤੇ ਲੋਕ ਨਿੱਤ ਦੀਆਂ ਜੰਗਾਂ ਤੋਂ ਬੁਰੀ ਤਰ੍ਹਾਂ ਅਵਾਜ਼ਾਰ ਹਨ ਅਤੇ ਉਹ ਆਪਣੇ ਹਮਸਾਇਆ ਮੁਸਲਿਮ ਦੇਸ਼ਾਂ ਨਾਲ ਸਮੇਤ ਫਲਸਤੀਨ ਅਤੇ ਹਮਾਸ ਲੜਾਕੂਆਂ ਸਮੇਤ ਸ਼ਾਂਤੀ ਚਾਹੁੰਦੇ ਹਨ। ਉਹ ਪ੍ਰਧਾਨ ਮੰਤਰੀ ਨੇਤਨਯਾਹੂ ਦੀਆਂ ਜੰਗਬਾਜ਼, ਨਫਰਤੀ ਅਤੇ ਨਸਲਘਾਤੀ ਨੀਤੀਆਂ ਤੋਂ ਬੁਰੀ ਤਰ੍ਹਾਂ ਬੇਜ਼ਾਰ ਹਨ। ਅਕਸਰ ਨੇਤਨਯਾਹੂ ਦੀ ਸਰਕਾਰ ਵਿਰੁੱਧ ਮੁਜ਼ਾਹਰੇ ਕਰਦੇ ਵੇਖੇ ਜਾਂਦੇ ਹਨ। ਇਰਾਨ ਨਾਲ ਜੰਗ ਕਾਰਨ ਇਜ਼ਰਾਈਲੀ ਸ਼ਹਿਰੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਵੱਡਾ ਨੁਕਸਾਨ ਪੂਜਾ। ਇਸ ਤੋਂ ਲੋਕ ਬਹੁਤ ਨਰਾਜ਼ ਹੋਏ।

ਸ਼ਾਂਤੀ ਸਮਝੌਤਾ: 20 ਨੁਕਾਤੀ ਸ਼ਾਂਤੀ ਪ੍ਰਸਤਾਵ ਅਮਰੀਕਾ ਨੇ ਨਿਊਯਾਰਕ ਵਿਖੇ ਤੁਰਕੀ, ਪਾਕਿਸਤਾਨ, ਕਤਰ, ਜਾਰਡਨ, ਮਿਸਰ, ਯੂ.ਏ.ਈ., ਮਲੇਸ਼ੀਆ ਅਤੇ ਸਾਊਦੀ ਅਰਬ ਆਦਿ ਦੇਸ਼ਾਂ ਲਾਲ ਡੂੰਘੇ ਵਿਚਾਰ ਵਟਾਂਦਰੇ ਬਾਅਦ ਤਿਆਰ ਕੀਤਾ। ਅਮਰੀਕਾ ਨੇ ਦਬਾਅ ਅਤੇ ਵਿਚੋਲੀਆਂ ਦੇ ਯਤਨਾਂ ਰਾਹੀਂ ਇਜ਼ਰਾਈਲ ਹਮਾਸ ਅਤੇ ਪੱਛਮੀ ਕਿਨਾਰੇ ਵਾਲੇ ਫਲਤੀਨੀਆਂ ਨੂੰ ਇਸ ਪ੍ਰਸਤਾਵ ਅਧਾਰਤ ਕਿਸੇ ਸ਼ਾਂਤੀ ਸਮਝੌਤੇ ਲਈ ਮਨਾਇਆ।

ਇਸ ਪ੍ਰਸਤਾਵ ਤਹਿਤ ਮੁੱਖ ਤੌਰ ’ਤੇ ਗਾਜ਼ਾ ਖੇਤਰ ਅੰਦਰ ਗੋਲੀਬੰਦੀ, ਇਸ ਨੂੰ ਅੱਤਵਾਦ ਰਹਿਤ ਸਥਾਪਿਤ ਕਰਨਾ, ਇਸ ਖੇਤਰ ਦੀ ਮੁੜ ਤੋਂ ਉਸਾਰੀ ਕਰਨਾ, ਬੰਦੀਆਂ ਅਤੇ ਲਾਸ਼ਾਂ ਦੀ ਦੋਹਾਂ ਪਾਸਿਉਂ ਤੋਂ ਵਾਪਸੀ, ਹਮਾਸ ਨੂੰ ਨਿਹੱਥਾ ਕਰਨਾ, ਇਸ ਖੇਤਰ ਵਿੱਚੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ, ਸ਼ਾਂਤੀ ਪ੍ਰਸਤਾਵ ਸਿਰੇ ਚੜ੍ਹਨ ਦੇ 72 ਘੰਟੇ ਵਿੱਚ ਇਜ਼ਰਾਈਲੀ 48 ਬੰਦੀ ਅਤੇ ਲਾਸ਼ਾਂ ਦੀ ਹਮਾਸ ਵੱਲੋਂ 250 ਉਮਰ ਕੈਦੀ, 1700 ਗਾਜ਼ਾ ਬੰਦੀ ਅਤੇ ਹਜ਼ਾਰਾਂ ਨਜ਼ਰਬੰਦ ਫਲਸਤੀਨ ਇਜ਼ਰਾਈਲ ਵੱਲੋਂ ਰਿਹਾਅ ਕੀਤੇ ਜਾਣਗੇ। ਗਾਜ਼ਾ ਵਿਖੇ ਆਉਣ-ਜਾਣ ਦੀ ਖੁੱਲ੍ਹ, ਗਾਜ਼ਾ ਦਾ ਪ੍ਰਸ਼ਾਸਨਿਕ ਪ੍ਰਬੰਧ ਅਸਥਾਈ ਤਕਨੀਕੀ ਮਾਹਿਰ, ਨਿਰਪੱਖ ਫਲਸਤੀਨ ਕਮੇਟੀ ਚਲਾਏਗੀ, ਜਿਸ ’ਤੇ ‘ਸ਼ਾਂਤੀ ਬੋਰਡ’ ਨਜ਼ਰ ਰੱਖੇਗਾ, ਜਿਸਦਾ ਮੁਖੀ ਅਮਰੀਕੀ ਰਾਸ਼ਟਰਪਤੀ ਟਰੰਪ, ਹੋਰ ਮੈਂਬਰਾਂ ਸਮੇਤ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਹੋਵੇਗਾ। ਜਦੋਂ ਤਕ ਫਲਸਤੀਨ, ਜੋ ਮੁਹਮੰਦ ਅਬਾਸ ਅਧੀਨ ਕਾਇਮ ਹੈ, ਆਪਣਾ ਸੁਧਾਰ ਨਹੀਂ ਕਰਦਾ ਇਹ ‘ਸ਼ਾਂਤੀ ਬੋਰਡ’ ਵਿੱਤੀ, ਵਿਕਾਸ, ਮੁੜ ਵਸੇਬਾ ਕਾਰਜਾਂ ਦੀ ਦੇਖ-ਰੇਖ ਕਰੇਗਾ। ਇੱਥੇ ਵਿਕਾਸ ਅਤੇ ਮੁੜ ਉਸਾਰੀ ਲਈ ਕੌਮਾਂਤਰੀ ਫਾਈਨੈਂਸਰ, ਕੰਪਨੀਆਂ ਨੂੰ ਕੰਮ ਦਿੱਤਾ ਜਾਵੇਗਾ ਜੋ ਨਿਵੇਸ਼, ਰੋਜ਼ਗਾਰ, ਵਧੀਆ ਮੌਕਿਆਂ ਅਤੇ ਗਾਜ਼ਾ ਦਾ ਭਵਿੱਖ ਸਾਜ਼ਗਾਰ ਕਰਨ ਵਿੱਚ ਸਹਾਈ ਹੋਣਗੀਆਂ। ਖਾੜੀ ਦੇਸ਼ਾਂ ਨੂੰ ਵੱਡੇ ਪ੍ਰਾਜੈਕਟ ਸੌਂਪੇ ਜਾਣਗੇ। ਹਮਾਸ ਅਤੇ ਹੋਰ ਧੜਿਆਂ ਨੂੰ ਗਾਜ਼ਾ ਦੇ ਪ੍ਰਸ਼ਾਸਨਿਕ ਪ੍ਰਬੰਧ ਵਿੱਚ ਸ਼ਾਮਲ ਕੀਤਾ ਜਾਵੇਗਾ ਲੇਕਿਨ ਉਨ੍ਹਾਂ ਦਾ ਸਭ ਫੌਜੀ, ਅੱਤਵਾਦੀ ਹਥਿਆਰ ਉਤਪਾਦਨ ਸਿਸਟਮ, ਜ਼ਮੀਨ ਦੋਜ਼ ਸੁੰਰਗਾਂ ਨਸ਼ਟ ਕਰ ਦਿੱਤੀਆਂ ਜਾਣਗੀਆਂ। ਇੱਕ ਸ਼ਾਂਤਮਈ ਸਮਾਜਿਕ, ਆਰਥਿਕ, ਸੱਭਿਆਚਾਰਕ ਮਾਹੌਲ ਸਿਰਜਿਆ ਜਾਵੇਗਾ। ਹਮਾਸ ਗਰੰਟੀ ਦੇਵੇਗਾ ਕਿ ਉਹ ਗੁਆਂਢੀਆਂ ਲਈ ਮੁਸ਼ਕਲਾਂ ਪੈਦਾ ਨਹੀਂ ਕਰੇਗਾ। ਫਲਸਤੀਨ ਪੁਲਿਸ ਦੀ ਟ੍ਰੇਨਿੰਗ ਅਤੇ ਮਦਦ ਲਈ ਕੌਮਾਂਤਰੀ ਪ੍ਰਪੱਕ ਦਸਤੇ ਤਾਇਨਾਤ ਕੀਤੇ ਜਾਣਗੇ। ਗਾਜ਼ਾ ਅਤੇ ਪੱਛਮੀ ਕਿਨਾਰੇ ਵਾਲੀਆਂ ਇਜ਼ਰਾਈਲ ਅਤੇ ਮਿਸਰ ਨਾਲ ਲਗਦੀਆਂ ਸਰਹੱਦਾਂ ਸੁਰੱਖਿਅਤ ਬਣਾਈਆਂ ਜਾਣਗੀਆਂ। ਅਮਰੀਕਾ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸ਼ਾਂਤੀ, ਸਹਿਹੋਂਦ ਅਤੇ ਮਿਲਵਰਤਣ ਕਾਇਮ ਰੱਖਣਾ ਯਕੀਨੀ ਬਣਾਏਗਾ।

ਅਸਪਸ਼ਟਤਾ: ਡਰ ਹੈ ਕਿ ਇਜ਼ਰਾਈਲੀ ਬੰਦੀ ਰਿਹਾਈ ਬਾਅਦ ਉਹ ਮੁੱਕਰ ਨਾ ਜਾਏ। ਨੇਤਨਯਾਹੂ ਭਰੋਸੇਯੋਗ ਆਗੂ ਨਹੀਂ ਹੈ। ਗੋਲੀਬੰਦੀ ਬਾਰੇ ਠੋਸ ਯੋਜਨਾ ਨਹੀਂ ਹੈ। ਇਜ਼ਰਾਈਲ ਫੌਜਾਂ ਦੀ ਵਾਪਸੀ ਦੀ ਕੋਈ ਤਾਰੀਖ ਤੈਅ ਨਹੀਂ। ਇਜ਼ਰਾਈਲ ਹਮਾਸ ਬਾਗੀਆਂ ਦੇ ਹਮਲੇ ਬਹਾਨੇ ਫੌਜ ਵਾਪਸੀ ਨਹੀਂ ਕਰੇਗਾ। ਕਿਧਰੇ ਨਹੀਂ ਲਿਖਿਆ ਕਿ ਇਜ਼ਰਾਈਲ ਗਾਜ਼ਾ ’ਤੇ ਕਬਜ਼ਾ ਛੱਡੇਗਾ ਅਤੇ ਅਧਿਕਾਰ ਹਟਾਏਗਾ। ਸਭ ਤੋਂ ਵਿਵਾਦਤ ਟਰੰਪ ਦੀ ਸ਼ਾਸਨ ਪ੍ਰਬੰਧ ਯੋਜਨਾ ਹੈ, ਜਿਸਦੇ ‘ਸ਼ਾਂਤੀ ਬੋਰਡ’ ਦਾ ਉਹ ਆਪ ਮੁਖੀ ਹੈ। ਭਾਵ ਫਲਸਤੀਨ ਅਤੇ ਗਾਜ਼ਾ ’ਤੇ ਸਿੱਧਾ ਅਮਰੀਕੀ ਕਬਜ਼ਾ। ਇਹ ਸਰਮਾਏਦਾਰ ਨਿਜ਼ਾਮ ਦਾ ਕਬਜ਼ਾ ਹੈ, ਜਿਵੇਂ ਇਰਾਕ ਅਤੇ ਅਮਰੀਕਾ ਅਤੇ ਬ੍ਰਿਟੇਨ ਨੇ ਕਾਇਮ ਕੀਤਾ ਸੀ। ਇਹ ਫਲਸਤੀਨੀਆਂ ਦੇ ਸਵੈਸ਼ਾਸਨ ਦੇ ਅਧਿਕਾਰ ਦੀ ਉਲੰਘਣਾ ਅਤੇ ਜ਼ਬਰੀ ਕਬਜ਼ਾ ਹੈ, ਸਪਸ਼ਟ ਫਲਸਤੀਨ ਰਾਜ ਸਥਾਪਤੀ ਤੋਂ ਇਨਕਾਰ। ਹਮਾਸ ਨੂੰ ਨਿਹੱਥਾ ਕਰਨਾ ਸੰਭਵ ਨਹੀਂ ਹੋਵੇਗਾ। ਉਸਨੇ ਆਪਣੇ ਲੜਾਕੂਆਂ ਵਿੱਚ ਹਜ਼ਾਰਾਂ ਨਵੇਂ ਮੁਜਾਹਿਦ ਭਰਤੀ ਕਰ ਰੱਖੇ ਹਨ।

ਟਰੰਪ ਦੇ 20 ਨੁਕਾਤੀ ਸ਼ਾਂਤੀ ਪ੍ਰਸਤਾਵ ’ਤੇ ਚੱਲਣਾ ਸੂਲਾਂ ’ਤੇ ਚੱਲਣ ਸਮਾਨ ਹੋਵੇਗਾ। ਇਸ ਸਬੰਧੀ ਕੋਈ ਟਾਈਮ ਫਰੇਮ ਨਹੀਂ ਹੈ। ਗੋਲੀਬਾਰੀ ਨਾਲ ਗੱਲਬਾਤ ਕਿਵੇਂ ਜਾਰੀ ਰਹੇਗੀ, ਜੋ ਇਜ਼ਰਾਈਲ ਜਾਰੀ ਰੱਖ ਰਿਹਾ ਹੈ? ਇਜ਼ਰਾਈਲ ਰਾਸ਼ਟਰ ਅਤੇ ਫ਼ੌਜ ਦੀ ਸੋਚ ਜਿੰਨਾ ਚਿਰ ਫਲਸਤੀਨ ਦੇ ਬਰਬਰਤਾਪੂਰਨ ਖਾਤਮੇ ਸਬੰਧੀ ਨਹੀਂ ਬਦਲਦੀ, ਸ਼ਾਂਤੀ ਸੰਭਵ ਨਹੀਂ। ਇਜ਼ਰਾਈਲ ਨੂੰ ਨਸਲਕੁਸ਼ੀ ਰਾਸ਼ਟਰ ਤੋਂ ਮਾਨਵਵਾਦੀ ਬਣਨਾ ਜ਼ਰੂਰੀ ਹੈ, ਨਹੀਂ ਤਾਂ ਇਹ ਜੰਗੀ ਨਫਰਤ ਦਾ ਨਾਸੂਰ ਕਾਇਮ ਰਹੇਗਾ।

ਚੋਰ ਨਾਲੋਂ ਪੰਡ ਕਾਹਲੀ: ਟਰੰਪ ਨੇ ਸ਼ਾਂਤੀ ਵਾਰਤਾ ਤੋਂ ਐਨ ਪਹਿਲਾਂ ਹਮਾਸ ਨੂੰ ਧਮਕੀ ਦਿੱਤੀ ਕਿ ਜੇ ਉਹ ਸ਼ਾਂਤੀ ਸਮਝੌਤਾ ਨਹੀਂ ਕਰੇਗਾ ਤਾਂ ਉਸਦਾ ਇਸ ਧਰਤੀ ਤੋਂ ਖੁਰਾਖੋਜ ਮਿਟ ਜਾਏਗਾ। ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ‘ਜੋਰੀ ਮੰਗੈ ਦਾਨ ਵੇ ਲਾਲੋ’ ਵਾਂਗ ਪ੍ਰਾਪਤ ਕਰਨ ਦਾ ਭੂਤ ਸਵਾਰ ਹੈ। ਉਹ ਇਜ਼ਰਾਈਲ-ਇਰਾਨ, ਭਾਰਤ-ਪਾਕਿ ਸਮੇਤ 10 ਜੰਗਾਂ ਵਿੱਚ ਸ਼ਾਂਤੀ ਦਾ ਦਾਅਵਾ ਕਰ ਚੁੱਕਾ ਹੈ। ਉਹ 10 ਅਕਤੂਬਰ ਦੇ ਨੋਬਲ ਸ਼ਾਂਤੀ ਪੁਰਸਕਾਰ ਐਲਾਨ ਤੋਂ ਪਹਿਲਾਂ ਇਜ਼ਰਾਈਲ-ਹਮਾਸ ਸ਼ਾਂਤੀ ’ਤੇ ਜਬਰੀ ਮੁਹਰ ਠੁਕਵਾਉਣਾ ਚਾਹੁੰਦਾ ਹੈ। ਉਸਦਾ ਨਾਮ ਇਸ ਪੁਰਸਕਾਰ ਲਈ ਪਾਕਿਸਤਾਨ ਫੌਜ ਮੁਖੀ ਆਸਿਮ ਮੁਨੀਰ, ਪਾਕਿ ਸਰਕਾਰ, ਨੇਤਨਯਾਹੂ ਅਤੇ ਇਜ਼ਰਾਈਲੀ ਸਰਕਾਰ, ਜਾਰਜੀਆ ਵਿੱਚ ਅਮਰੀਕੀ ਪ੍ਰਤੀਨਿਧ ਬਡੀ ਕਾਰਟਰ, ਕੰਬੋਡੀਆ ਦਾ ਸਾਬਕਾ ਪ੍ਰਧਾਨ ਮੰਤਰੀ ਹੁਨ ਮਾਨਟ, ਕੰਬੋਡੀਆ ਸਰਕਾਰ ਅਤੇ ਹਮਾਸ ਕੋਲ ਬੰਦੀ ਇਜ਼ਰਾਈਲੀਆਂ ਦੇ ਮਾਪੇ ਕਰ ਚੁੱਕੇ ਹਨ।

ਹਕੀਕਤ ਵਿੱਚ ਟਰੰਪ ਸ਼ਾਂਤੀ ਪ੍ਰਸਤਾਵ ਹਮਾਸ ਅਤੇ ਇਜ਼ਰਾਈਲ ਲਈ ਅੱਗ ਦੀਆਂ ਲਪਟਾਂ ਨਾਲ ਭਾਂਬੜ ਵਾਂਗ ਬਲ ਰਹੇ ਦਰਿਆ ਨੂੰ ਪਾਰ ਕਰਨ ਸਮਾਨ ਹੈ। ਫਿਰ ਵੀ ਮੱਧ ਏਸ਼ੀਆ ਦੇ ਇਸ ਸ਼ਦੀਦ (ਅਤਿਅੰਤ) ਜੰਗੀ ਬਰਬਾਦੀ ਭਰੇ ਖਿੱਤੇ ਵਿੱਚ ਪੂਰੇ ਵਿਸ਼ਵ ਦੇ ਲੋਕ ਸ਼ਾਂਤੀ ਚਾਹੁੰਦੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author