“ਭ੍ਰਿਸ਼ਟਾਚਾਰ ਪ੍ਰਤੀ ਦੋਗਲੇ ਅਤੇ ਦੋਹਰੇ ਮਾਪਦੰਡ ਰੱਖਣ ਵਾਲੇ ਸਿਆਸਤਦਾਨਾਂ ਤੋਂ ਬਾਅਦ ਜੇਕਰ ...”
(10 ਦਸੰਬਰ 2025)
ਭਾਰਤ ਬੇਸ਼ਕ ਕਹਿਣ ਨੂੰ ਇੱਕ ਤਰੱਕੀਸ਼ੀਲ ਮੁਲਕ ਹੈ ਪਰ ਸਭ ਜਾਣਦੇ ਹਨ ਕਿ ਇੱਥੇ ਭ੍ਰਿਸ਼ਟਾਚਾਰ ਰੂਪੀ ਪੌਦਾ ਹੁਣ ਇੱਕ ਅਜਿਹਾ ਵਿਸ਼ਾਲ ਬੋਹੜ ਬਣ ਚੁੱਕਾ ਹੈ ਜਿਸਦੀਆਂ ਕੇਵਲ ਜੜ੍ਹਾਂ ਹੀ ਡੂੰਘੀਆਂ ਨਹੀਂ ਹੋਈਆਂ ਸਗੋਂ ਇਸਦੀਆਂ ਟਹਿਣੀਆਂ ਵੀ ਹਰ ਦਿਸ਼ਾ ਵਿੱਚ ਦੂਰ ਤਕ ਫੈਲ ਚੁੱਕੀਆਂ ਹਨ। ਇੱਥੇ ਕੋਈ ਵੀ ਚੋਣ, ਕੋਈ ਵੀ ਸੌਦਾ, ਕੋਈ ਵੀ ਵਪਾਰਕ ਸਮਝੌਤਾ ਅਤੇ ਕੋਈ ਵੀ ਸਿਆਸੀ ਫੈਸਲਾ ਬਿਨਾਂ ਭ੍ਰਿਸ਼ਟਾਚਾਰ ਦੀ ਛੋਹ ਦੇ ਹੋ ਹੀ ਨਹੀਂ ਸਕਦਾ ਹੈ। ਇੱਥੇ ਆਏ ਦਿਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਪੁਲ ਡਿਗਦੇ ਹਨ, ਸੜਕਾਂ ਧਸ ਜਾਂਦੀਆਂ ਹਨ, ਨਾਲੀਆਂ ਅਤੇ ਨਾਲੇ ਸਾਫ ਨਾ ਹੋਣ ਕਰਕੇ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜ ਜਾਂਦਾ ਹੈ ਤੇ ਭਾਰੀ ਤਬਾਹੀ ਮਚਾਉਂਦਾ ਹੈ। ਇੱਥੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਵਰਦੀਆਂ, ਕਿਤਾਬਾਂ, ਟਾਈਆਂ, ਬੈਲਟਾਂ ਆਦਿ ਦੀ ਖ਼ਰੀਦ ਫਰੋਖ਼ਤ ਵਿੱਚੋਂ ਮੁਨਾਫ਼ਾ ਹਾਸਲ ਕਰਨ ਲਈ ਸਿੱਖਿਆ ਸੰਸਥਾਵਾਂ ਦੇ ਮਾਲਕਾਂ ਅਤੇ ਅਧਿਕਾਰੀਆਂ ਵੱਲੋਂ ਗ਼ਰੀਬ ਮਾਪਿਆਂ ਨੂੰ ਦਿਨ ਦੀਵੀਂ ਲੁੱਟਿਆ ਜਾਂਦਾ ਹੈ। ਸਰਕਾਰਾਂ ਹਜ਼ਾਰਾਂ ਰੁਪਏ ਦੀ ਫੀਸ ਲੈ ਕੇ ਬੇਰੁਜ਼ਗਾਰਾਂ ਤੋਂ ਨੌਕਰੀਆਂ ਦੇ ਫਾਰਮ ਭਰਵਾਉਂਦੀਆਂ ਹਨ ਤੇ ਫਿਰ ਕਦੇ ਪੇਪਰ ਲੀਕ ਕਰਕੇ ਅਤੇ ਕਦੇ ਬਿਨਾਂ ਕਾਰਨ ਦੱਸੇ ਭਰਤੀ ਰੱਦ ਕਰਕੇ ਵਿਚਾਰੇ ਲੋੜਵੰਦ ਬੇਰੁਜ਼ਗਾਰਾਂ ਦਾ ਪੈਸਾ ਡਕਾਰ ਜਾਂਦੀਆਂ ਹਨ। ਇੱਥੇ ਡੀਪੂਆਂ ’ਤੇ ਰਾਸ਼ਨ ਵੰਡਣ ਤੋਂ ਲੈ ਕੇ ਸਰਕਾਰੀ ਬੱਸਾਂ ਵਿੱਚ ਤੇਲ ਪੁਆਉਣ ਤਕ ਹਰੇਕ ਪੱਧਰ ’ਤੇ ਭ੍ਰਿਸ਼ਟਾਚਾਰ ਹੁੰਦਾ ਹੈ। ਵੱਡੇ-ਛੋਟੇ ਮੰਤਰੀ ਅਤੇ ਅਧਿਕਾਰੀ ਜਾਅਲੀ ਬਿੱਲ ਪਾ-ਪਾ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਲੈਂਦੇ ਹਨ ਅਤੇ ਹਰੇਕ ਚੀਜ਼ ’ਤੇ ਭਾਰੀ ਟੈਕਸ ਦੇਣ ਵਾਲਾ ਆਮ ਆਦਮੀ ਵਿਚਾਰਾ ਭ੍ਰਿਸ਼ਟਾਚਾਰ ਦੀ ਚੱਕੀ ਵਿੱਚ ਪਿਸ ਕੇ ਰਹਿ ਜਾਂਦਾ ਹੈ।
ਅਜਿਹਾ ਕੋਈ ਮਾਈ ਦਾ ਲਾਲ ਪੂਰੇ ਭਾਰਤ ਵਿੱਚ ਮੌਜੂਦ ਨਹੀਂ ਹੈ ਜੋ ਹਿੱਕ ਠੋਕ ਕੇ ਇਹ ਆਖ ਸਕੇ ਕਿ ਭਾਰਤ ਵਿੱਚ ਹੋਣ ਵਾਲੀਆਂ ਲੋਕ ਸਭਾ, ਵਿਧਾਨ ਸਭਾ, ਨਗਰ ਨਿਗਮ ਜਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਬਿਨਾਂ ਭ੍ਰਿਸ਼ਟਾਚਾਰ ਦੇ ਨੇਪਰੇ ਚੜ੍ਹਦੀਆਂ ਹਨ। ਚੋਣਾਂ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਪਹਿਲਾਂ ਸ਼ਰੇਆਮ ਕਦੇ ਆਹ ਮੁਫਤ, ਕਦੇ ਔਹ ਮੁਫਤ ਦਾ ਝਾਂਸਾ ਦਿੰਦੀਆਂ ਹਨ ਤੇ ਫਿਰ ਚੋਣਾਂ ਤੋਂ ਚੰਦ ਦਿਨ ਜਾਂ ਚੰਦ ਘੰਟੇ ਪਹਿਲਾਂ ਸ਼ਰਾਬ, ਆਟਾ, ਨਕਦੀ ਜਾਂ ਕੋਈ ਹੋਰ ਲਾਲਚ ਦੇ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰ ਲੈਂਦੀਆਂ ਹਨ। ਭ੍ਰਿਸ਼ਟਾਚਾਰ ਦੇ ਇਸ ਹਮਾਮ ਵਿੱਚ ਸਾਰੇ ਸਿਆਸੀ ਦਲ ਨੰਗੇ ਹਨ। ਦੇਸ਼ ਲਗਾਤਾਰ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ। ਸਰਕਾਰਾਂ ਅਤੇ ਸਰਕਾਰੀ ਅਦਾਰੇ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ ਪਰ ਸੱਤਾ ਉੱਤੇ ਕਾਬਜ਼ ਸਿਆਸਤਦਾਨ ਸਰਕਾਰੀ ਨੀਤੀਆਂ ਨੂੰ ਆਪਣੇ ਕਾਰੋਬਾਰੀ ਮਿੱਤਰਾਂ ਦੇ ਮਾਫਕ ਬਣਾ ਕੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਅਤੇ ਦੇਸ਼ ਦੇ ਸਿਰ ਹੋਰ ਕਰਜ਼ਾ ਚਾੜ੍ਹ ਕੇ ਲੋਕ ਭਲਾਈ ਦੀਆਂ ਸਕੀਮਾਂ ਚਲਾਉਣ ਦਾ ਢਕਵੰਜ ਰਚ ਰਹੇ ਹਨ। ਕੀ ਅੱਜ ਕੋਈ ਗ਼ਰੀਬ, ਇਮਾਨਦਾਰ ਅਤੇ ਇੱਜ਼ਤਦਾਰ ਵਿਅਕਤੀ ਚੋਣਾਂ ਲੜਨ ਦੀ ਹਿੰਮਤ, ਜੁਰਅਤ ਜਾਂ ਸਮਰੱਥਾ ਰੱਖਦਾ ਹੈ?
ਭਾਰਤ ਦੇ ਕਣ-ਕਣ ਵਿੱਚ ਭਗਵਾਨ ਚਾਹੇ ਹੈ ਜਾਂ ਨਹੀਂ ਪਰ ਇਸਦੇ ਕਣ-ਕਣ ਵਿੱਚ ਭ੍ਰਿਸ਼ਟਚਾਰ ਜ਼ਰੂਰ ਵਸ ਗਿਆ ਹੈ। ਹੁਣ ਵੱਡੀ ਗੱਲ ਇਹ ਹੈ ਕਿ ਇਸ ਮਹਾਂਸ਼ਕਤੀਸ਼ਾਲੀ ਹੋ ਚੁੱਕੇ ਭ੍ਰਿਸ਼ਟਾਚਾਰ ਨੂੰ ਆਖਰ ਖ਼ਤਮ ਕਰ ਕੌਣ ਸਕਦਾ ਹੈ? ਭ੍ਰਿਸ਼ਟਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਾਇਦੇ ਕਾਨੂੰਨ ਬਣਾਉਣ ਵਾਲੇ ਦਿਆਨਤਦਾਰ ਅਤੇ ਮੁਲਕ ਨੂੰ ਸਮਰਪਿਤ ਸਿਆਸਤਦਾਨ ਅਤੇ ਉਨ੍ਹਾਂ ਕਾਨੂੰਨਾਂ ਨੂੰ ਇਮਾਨਦਾਰੀ ਅਤੇ ਸਖ਼ਤੀ ਨਾਲ ਲਾਗੂ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਜੋ ਸਾਡੇ ਮੁਲਕ ਵਿੱਚ ਕਦੇ ਮਿਲ ਪਾਉਣੇ ਸੰਭਵ ਹੀ ਨਹੀਂ ਜਾਪਦੇ ਹਨ। ਇੱਥੇ ਉਹ ਲੋਕ ਵੀ ਸੱਤਾ ਵਿੱਚ ਆਏ ਹਨ ਜੋ ਸੰਘ ਪਾੜ ਪਾੜ ਕੇ ਆਖ਼ਦੇ ਸਨ, “ਨਾ ਖਾਵਾਂਗਾ ਤੇ ਨਾ ਹੀ ਖਾਣ ਦਿਆਂਗਾ” ਪਰ ਹਕੀਕਤ ਵਿੱਚ ਓਹੀ ਲੋਕ ਅੱਜ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਵਿੱਚ ਉਨ੍ਹਾਂ ਸਿਆਸਤਦਾਨਾਂ ਨੂੰ ਉੱਚ ਅਹੁਦਿਆਂ ਅਤੇ ਪਦਵੀਆਂ ’ਤੇ ਬਿਰਾਜਮਾਨ ਕਰੀ ਬੈਠੇ ਹਨ, ਜਿਨ੍ਹਾਂ ’ਤੇ ਕਦੇ ਉਨ੍ਹਾਂ ਨੇ ਆਪ ਹੀ ‘ਮਹਾਂ-ਭ੍ਰਿਸ਼ਟਾਚਾਰੀ’ ਹੋਣ ਦੇ ਬੜੇ ਸੰਗੀਨ ਇਲਜ਼ਾਮ ਲਾਏ ਸਨ। ਇੱਥੋਂ ਤਕ ਕਿ ਵਾਰ-ਵਾਰ ਖ਼ੁਦ ਨੂੰ ‘ਕੱਟੜ ਇਮਾਨਦਾਰ’ ਐਲਾਨਣ ਵਾਲੇ ਕਈ ਵੱਡੇ ਸਿਆਸੀ ਆਗੂ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹੀ ਜੇਲ੍ਹਾਂ ਵਿੱਚ ਬੰਦ ਹਨ। ਲੋਕ ਵਿਚਾਰੇ ਪ੍ਰੇਸ਼ਾਨ ਹਨ ਕਿ ਉਹ ਆਖਰ ਇਤਬਾਰ ਕਰਨ ਤਾਂ ਫਿਰ ਕਿਸ ਉੱਤੇ ਕਰਨ?
ਭ੍ਰਿਸ਼ਟਾਚਾਰ ਪ੍ਰਤੀ ਦੋਗਲੇ ਅਤੇ ਦੋਹਰੇ ਮਾਪਦੰਡ ਰੱਖਣ ਵਾਲੇ ਸਿਆਸਤਦਾਨਾਂ ਤੋਂ ਬਾਅਦ ਜੇਕਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਸਮਰੱਥਾ ਕੋਈ ਰੱਖਦਾ ਹੈ ਤਾਂ ਉਹ ਹੈ ਪੁਲਿਸ ਵਿਭਾਗ। ਪਰ ਭਾਰਤੀ ਜਨਮਾਨਸ ਦੀ ਬਦਕਿਸਮਤੀ ਦੇਖੋ ਕਿ ਇੱਥੋਂ ਦਾ ਪੁਲਿਸ ਵਿਭਾਗ ਹੀ ਭ੍ਰਿਸ਼ਟਾਚਾਰ ਕਰਕੇ ਸਭ ਤੋਂ ਵੱਧ ਬਦਨਾਮ ਹੈ। ਕੋਈ ਵਿਅਕਤੀ ਪੁਲਿਸ ਮਹਿਕਮੇ ਵਿੱਚ ਹੋਵੇ ਅਤੇ ਇਮਾਨਦਾਰ ਹੋਵੇ, ਲੋਕ ਇਹ ਗੱਲ ਮੰਨਣ ਨੂੰ ਹਰਗਿਜ਼ ਵੀ ਤਿਆਰ ਨਹੀਂ ਹੁੰਦੇ ਹਨ ਜਦੋਂ ਕਿ ਹਕੀਕਤਨ ਪੁਲਿਸ ਵਿੱਚ ਅਤੇ ਸਿਆਸਤ ਵਿੱਚ ਅਜਿਹੇ ਸ਼ਖ਼ਸ ਮੌਜੂਦ ਹਨ ਜੋ ਦੇਸ਼ ਪ੍ਰਤੀ, ਦੇਸ਼ ਦੀ ਜਨਤਾ ਪ੍ਰਤੀ ਤੇ ਲੋਕ ਭਲਾਈ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਅਤੇ ਸੁਹਿਰਦ ਹਨ ਪਰ ਉਨ੍ਹਾਂ ਦੀ ਗਿਣਤੀ ਹੁਣ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੈ ਜਿਸ ਕਰਕੇ ਲੋਕ ਸਾਰੇ ਸਿਆਸਤਦਾਨਾਂ ਅਤੇ ਸਾਰੇ ਪੁਲਿਸ ਕਰਮੀਆਂ ਨੂੰ ਭ੍ਰਿਸ਼ਟ ਮੰਨਣ ਲੱਗ ਪਏ ਹਨ। ਪੰਜਾਬ ਵਿੱਚ ਅਤਿਅੰਤ ਭਿਆਨਕ ਰੂਪ ਧਾਰਨ ਕਰ ਗਈ ਨਸ਼ਿਆਂ ਦੀ ਤ੍ਰਾਸਦੀ ਲਈ ਲੋਕ ਸਿਆਸਤਦਾਨਾਂ, ਪੁਲਿਸ ਅਤੇ ਨਸ਼ਾ ਤਸਕਰਾਂ ਦੇ ਗਠਜੋੜ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ। ਹੁਣ ਉਹ ਸਮਾਂ ਆ ਗਿਆ ਹੈ ਕਿ ਜਾਂ ਤਾਂ ਇਮਾਨਦਾਰ ਸਿਆਸਤਦਾਨ ਅਤੇ ਪੁਲਿਸ ਅਧਿਕਾਰੀ ਇਕਜੁੱਟ ਹੋ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕਮਰ ਕੱਸ ਲੈਣ ਤੇ ਆਪੋ ਆਪਣੀ ਜਮਾਤ ਮੱਥੇ ਉੱਤੇ ਲੱਗੇ ਇਸ ਕਲੰਕ ਦੇ ਟਿੱਕੇ ਨੂੰ ਮਿਟਾਉਣ ਦਾ ਯਤਨ ਕਰਨ ਜਾਂ ਫਿਰ ਅੱਕ ਕੇ ਅਤੇ ਥੱਕ ਕੇ ਲੋਕ ਖ਼ੁਦ ਹੀ ਇੱਕ ਲਹਿਰ ਸ਼ੁਰੂ ਕਰ ਦੇਣ ਅਤੇ ਭ੍ਰਿਸ਼ਟਾਚਾਰੀਆਂ ਦਾ ਪਿੰਡ, ਸ਼ਹਿਰ ਜਾਂ ਦੇਸ਼ ਵਿੱਚ ਹੀ ਰਹਿਣਾ ਮੁਸ਼ਕਿਲ ਕਰ ਦੇਣ। ਅਜਿਹਾ ਹੋਏ ਬਗ਼ੈਰ ਭ੍ਰਿਸ਼ਟਾਚਾਰ ਦੇ ਇਸ ‘ਮਹਾਂਸ਼ਕਤੀਸ਼ਾਲੀ’ ਹੋ ਚੁੱਕੇ ਦੈਂਤ ਨੂੰ ਖ਼ਤਮ ਕੀਤੇ ਜਾਣ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਹੈ। ਜੇਕਰ ਲੋਕ ਖ਼ੁਦ ਇਮਾਨਦਾਰ ਅਤੇ ਉੱਦਮੀ ਬਣ ਜਾਣਗੇ ਤਾਂ ਬੇਈਮਾਨਾਂ ਦਾ ਇਸ ਮੁਲਕ ਵਿੱਚ ਰਹਿਣਾ ਤਾਂ ਕੀ, ਸਾਹ ਤਕ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (