“ਗ਼ਰੀਬੀ ਹਟਾਉਣ ਦਾ ਮਤਲਬ ਗ਼ਰੀਬਾਂ ਦੀ ਪੈਸੇ ਨਾਲ ਮਦਦ ਕਰਨਾ ਨਹੀਂ ਹੈ ਸਗੋਂ ਇਸਦਾ ...”
(17 ਅਕਤੂਬਰ 2025)
ਇਹ ਇੱਕ ਪ੍ਰਮਾਣਿਤ ਤੱਥ ਹੈ ਕਿ ਗ਼ਰੀਬੀ ਅਨੇਕਾਂ ਦੁੱਖਾਂ, ਜੁਰਮਾਂ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਮੂਲ ਜੜ੍ਹ ਹੈ। ਅੱਜ ਵੀ ਸਾਡੀ ਇਸ ਦੁਨੀਆਂ ਅੰਦਰ ਚੰਦ ਅਰਬਪਤੀਆਂ ਜਾਂ ਖ਼ਰਬਪਤੀਆਂ ਦੇ ਹੱਥਾਂ ਵਿੱਚ ਦੁਨੀਆਂ ਦਾ 65 ਫ਼ੀਸਦੀ ਤੋਂ ਵੱਧ ਸਰਮਾਇਆ ਹੈ ਤੇ ਇਸ ਤੋਂ ਬਿਲਕੁਲ ਉਲਟ ਇਸੇ ਦੁਨੀਆਂ ਵਿੱਚ ਕਈ ਕਰੋੜ ਲੋਕ ਭੁੱਖਣ-ਭਾਣੇ ਸੌਂ ਜਾਂਦੇ ਹਨ। ਸਾਡੇ ਇਸ ਨਿਰਦਈ ਸੰਸਾਰ ਦਾ ਅਤੇ ਵਰਤਮਾਨ ਸਮਿਆਂ ਦਾ ਇੱਕ ਖ਼ਤਰਨਾਕ ਸੱਚ ਇਹ ਵੀ ਹੈ ਕਿ ਅਜੋਕੇ ਸੰਸਾਰ ਦੇ ਸਿਆਸਤਦਾਨਾਂ ਅਤੇ ਸਰਮਾਇਆਦਾਰਾਂ ਦੇ ਨਾਪਾਕ ਗਠਜੋੜ ਸਦਕਾ ਅਮੀਰ ਅਤੇ ਗ਼ਰੀਬ ਦਰਮਿਆਨ ਪਾੜਾ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਪਾੜਾ ਹੌਲੀ-ਹੌਲੀ ਉਸ ਸਥਿਤੀ ਵੱਲ ਨੂੰ ਵਧ ਰਿਹਾ ਹੈ ਜਦੋਂ ਜਿਊਂਦੇ ਰਹਿਣ ਲਈ ਦੋ ਵਕਤ ਦੀ ਰੋਟੀ ਨਾਲ ਢਿੱਡ ਭਰਨ ਤੋਂ ਵੀ ਵਾਂਝੇ ਰਹਿ ਜਾਣ ਵਾਲੇ ਲੋਕ ਜਾਂ ਤਾਂ ਕਮਜ਼ੋਰ ਅਤੇ ਬੇਵੱਸ ਹੋ ਕੇ ਢਹਿ ਜਾਣਗੇ ਜਾਂ ਫਿਰ ਬਾਗ਼ੀ ਹੋ ਕੇ ਸਰਮਾਇਅਦਾਰਾਂ ਖ਼ਿਲਾਫ ਜੰਗ ਛੇੜ ਦੇਣਗੇ ਤੇ ਆਪਣੇ ਹੱਕ ਲੈਣ ਲਈ ਹਰ ਸੰਭਵ ਰਸਤਾ ਇਖਤਿਆਰ ਕਰ ਲੈਣਗੇ।
ਅੱਜ ‘ਕੌਮਾਂਤਰੀ ਗ਼ਰੀਬੀ ਹਟਾਓ ਦਿਵਸ’ ਹੈ ਤੇ ਇਸ ਦਿਵਸ ਦਾ ਅਰੰਭ ਸੰਨ 1987 ਵਿੱਚ ਉਸ ਵੇਲੇ ਹੋਇਆ ਸੀ ਜਦੋਂ ਕੋਈ ਇੱਕ ਲੱਖ ਦੇ ਕਰੀਬ ਲੋਕ ਪੈਰਿਸ ਵਿਖੇ ਸਥਿਤ ਉਸ ਸਥਾਨ ’ਤੇ ਇਕੱਤਰ ਹੋਏ ਸਨ, ਜਿੱਥੇ ਸੰਨ 1948 ਵਿੱਚ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਐਲਾਨਨਾਮੇ ’ਤੇ ਦਸਤਖ਼ਤ ਕੀਤੇ ਗਏ ਸਨ। ਉੱਥੇ ਇਕੱਤਰ ਹੋਏ ਲੋਕਾਂ ਦਾ ਇਹ ਮੰਨਣਾ ਸੀ ਕਿ “ਗ਼ਰੀਬੀ ਅਸਲ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੈ” ਤੇ ਉਨ੍ਹਾਂ ਨੇ ਅੱਜ ਦੇ ਦਿਨ ਪ੍ਰਣ ਕੀਤਾ ਸੀ ਕਿ ਹਰ ਸਾਲ ਉਹ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਇਹ ਦਿਵਸ ਬੜੇ ਜ਼ੋਰ-ਸ਼ੋਰ ਨਾਲ ਮਨਾਉਣਗੇ ਅਤੇ ਉਕਤ ਸਥਾਨ ’ਤੇ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਗ਼ਰੀਬੀ ਹਟਾਉਣ ਲਈ ਤੇ ਗ਼ਰੀਬਾਂ ਦੇ ਭਲੇ ਲਈ ਹਾਅ ਦਾ ਨਾਅਰਾ ਬੁਲੰਦ ਕਰਨਗੇ। ਉਂਜ ਸੰਯੁਕਤ ਰਾਸ਼ਟਰ ਸੰਘ ਵੱਲੋਂ 22 ਦਸੰਬਰ 1992 ਨੂੰ ਇਹ ਮਤਾ ਪ੍ਰਵਾਨ ਕੀਤਾ ਗਿਆ ਸੀ ਕਿ ਸੰਸਾਰ ਭਰ ਵਿੱਚ ਹਰ ਸਾਲ 17 ਅਕਤੂਬਰ ਦੇ ਦਿਨ ‘ਕੌਮਾਂਤਰੀ ਗ਼ਰੀਬੀ ਹਟਾਓ ਦਿਵਸ’ ਮਨਾਇਆ ਜਾਵੇਗਾ। ਅੱਜ ਸੰਸਾਰ ਭਰ ਵਿੱਚ ਮਨਾਏ ਜਾ ਰਹੇ ਇਸ ਦਿਵਸ ਦਾ ਸਾਲ 2025 ਲਈ ਮਿਥਿਆ ਗਿਆ ਥੀਮ ਹੈ, ‘ਗ਼ਰੀਬ ਪਰਿਵਾਰਾਂ ਲਈ ਸਨਮਾਨ ਅਤੇ ਮਦਦ ਸੁਨਿਸ਼ਚਿਤ ਕਰ ਕੇ ਸਮਾਜਿਕ ਅਤੇ ਸੰਸਥਾਗਤ ਦੁਰਵਿਹਾਰ ਦਾ ਹੋਵੇ ਖ਼ਾਤਮਾ।’
ਅੰਕੜੇ ਦੱਸਦੇ ਹਨ ਕਿ ਸੰਨ 1990 ਵਿੱਚ ਇਸ ਸੰਸਾਰ ਵਿੱਚ 186.7 ਕਰੋੜ ਲੋਕ ਅਤਿ-ਗ਼ਰੀਬੀ ਦੀ ਹਾਲਤ ਵਿੱਚ ਰਹਿ ਰਹੇ ਸਨ ਜਦੋਂ ਕਿ ਸੰਨ 2013 ਵਿੱਚ ਇਹ ਅੰਕੜਾ 80 ਕਰੋੜ ਦੇ ਕਰੀਬ ਦੱਸਿਆ ਗਿਆ ਸੀ। ਦਰਅਸਲ ਕੌਮਾਂਤਰੀ ਅੰਕੜਿਆਂ ਅਨੁਸਾਰ ਉਹ ਲੋਕ ਜਿਨ੍ਹਾਂ ਦੀ ਆਮਦਨੀ 1.90 ਡਾਲਰ ਪ੍ਰਤੀ ਦਿਨ ਭਾਵ ਉਸ ਵੇਲੇ ਦੇ ਹਿਸਾਬ ਨਾਲ 32 ਰੁਪਏ ਦਿਹਾੜੀ ਤੋਂ ਵੀ ਘੱਟ ਸੀ, ਨੂੰ ‘ਅਤਿ ਗ਼ਰੀਬ’ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਸੀ। ਅਜੋਕੇ ਸਮਿਆਂ ਅੰਦਰ ਵੀ ਇਸ ਸੰਸਾਰ ਅੰਦਰ 69 ਕਰੋੜ ਅਜਿਹੇ ਲੋਕ ਵੱਸ ਰਹੇ ਹਨ ਜਿਨ੍ਹਾਂ ਦੀ ਪ੍ਰਤੀ ਦਿਨ ਆਮਦਨੀ 2.15 ਡਾਲਰ ਭਾਵ 190 ਕੁ ਰੁਪਏ ਦਿਹਾੜੀ ਤੋਂ ਵੀ ਘੱਟ ਹੈ। ਕਿੰਨੇ ਸਿਤਮ ਦੀ ਗੱਲ ਹੈ ਕਿ ਸਾਡੀ ਦੁਨੀਆਂ ਦੀ ਅੱਧੀ ਅਬਾਦੀ ਦੀ ਆਮਦਨੀ 6.85 ਡਾਲਰ ਪ੍ਰਤੀ ਦਿਨ ਭਾਵ 550 ਕੁ ਰੁਪਏ ਦਿਹਾੜੀ ਤੋਂ ਵੀ ਘੱਟ ਹੈ ਤੇ ਇੱਕ ਛੋਟੇ ਜਿਹੇ ਝਟਕੇ ਨਾਲ ਇਹ ਵਰਗ ਤੁਰੰਤ ਹੀ ‘ਅਤਿ-ਗ਼ਰੀਬ’ ਦੀ ਸ਼੍ਰੇਣੀ ਵਿੱਚ ਆ ਜਾਵੇਗਾ। ਇਸ ਸੰਸਾਰ ਅੰਦਰ ਮੌਜੂਦ 110 ਕਰੋੜ ਲੋਕ ਤਾਂ ‘ਬਹੁਪੱਖੀ ਗ਼ਰੀਬੀ’ ਦੇ ਸ਼ਿਕਾਰ ਹਨ। ਇੱਥੇ ਬਹੁਪੱਖੀ ਗ਼ਰੀਬੀ ਤੋਂ ਭਾਵ ਕੇਵਲ ਪੈਸੇ ਦੀ ਘਾਟ ਨਹੀਂ ਹੈ, ਸਗੋਂ ਲੋੜੀਂਦੇ ਭੋਜਨ, ਕੱਪੜਿਆਂ, ਰੈਣ ਬਸੇਰੇ, ਵਿੱਦਿਆ ਅਤੇ ਸਿਹਤ ਸਹੂਲਤਾਂ ਦੀ ਘਾਟ ਵੀ ਹੈ। ਸੰਸਾਰ ਦੇ ਤਿੰਨ ਸਿਖਰਲੇ ਗ਼ਰੀਬ ਮੁਲਕਾਂ ਵਿੱਚੋਂ ਪਹਿਲਾ ਮੁਲਕ ‘ਦੱਖਣੀ ਸੁਡਾਨ’ ਹੈ, ਜਿੱਥੋਂ ਦੇ ਵਾਸੀਆਂ ਦੀ ਪ੍ਰਤੀ ਦਿਨ ਆਮਦਨੀ 1.25 ਡਾਲਰ ਭਾਵ 109 ਰੁਪਏ ਦਿਹਾੜੀ ਹੈ। ਗ਼ਰੀਬੀ ਵਿੱਚ ਸੰਸਾਰ ਪੱਧਰ ’ਤੇ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਮੁਲਕਾਂ ਵਿੱਚ ਈਥੋਪੀਆ ਅਤੇ ਬਰੂੰਡੀ ਆਦਿ ਦੇ ਨਾਂ ਸ਼ਾਮਲ ਹਨ, ਜਿੱਥੋਂ ਦੇ ਨਾਗਰਿਕਾਂ ਦੀ ਪ੍ਰਤੀ ਦਿਨ ਆਮਦਨੀ ਕ੍ਰਮਵਾਰ 197 ਰੁਪਏ ਅਤੇ 217 ਰੁਪਏ ਦਿਹਾੜੀ ਬਣਦੀ ਹੈ। ਸੰਸਾਰ ਪੱਧਰੀ ਅੰਕੜੇ ਇਹ ਵੀ ਜ਼ਾਹਿਰ ਕਰਦੇ ਹਨ ਕਿ ਗ਼ਰੀਬ ਦੇਸ਼ਾਂ ਵਿੱਚ ਜੁਰਮਾਂ ਦੀ ਦਰ ਵੀ ਜ਼ਿਆਦਾ ਹੀ ਹੁੰਦੀ ਹੈ।
ਕਿੰਨਾ ਦਿਲਚਸਪ ਅਤੇ ਦਿਲ ਚੀਰਵਾਂ ਤੱਥ ਹੈ ਕਿ ਵਿਸ਼ਵ ਦੇ ਸਭ ਤੋਂ ਗ਼ਰੀਬ ਲੋਕਾਂ ਦੀ ਕੁੱਲ ਗਿਣਤੀ ਵਿੱਚੋਂ ਅੱਧਿਉਂ ਵੱਧ ਲੋਕ ਦੁਨੀਆਂ ਦੇ ਕੇਵਲ ਪੰਜ ਮੁਲਕਾਂ ਵਿੱਚ ਵਸਦੇ ਹਨ ਤੇ ਉਹ ਮੁਲਕ ਹਨ- ਭਾਰਤ, ਨਾਈਜੀਰੀਆ, ਕਾਂਗੋ, ਈਥੋਪੀਆ ਅਤੇ ਬੰਗਲਾਦੇਸ਼। ਕਿੰਨੇ ਦੁੱਖ ਦੀ ਗੱਲ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦਾ ਯੁਗ ਆਖੇ ਜਾਂਦੇ ਅਜੋਕੇ ਸਮੇਂ ਵਿੱਚ ਵੀ ਸੰਸਾਰ ਦੇ 220 ਕਰੋੜ ਪੀਣ ਯੋਗ ਸਾਫ ਪਾਣੀ ਦੀ ਸਹੂਲਤ ਤੋਂ ਮਹਿਰੂਮ ਹਨ। ਗ਼ਰੀਬੀ ਕਾਰਨ ਹਰ ਸਾਲ ਪੰਜ ਸਾਲ ਤੋਂ ਛੋਟੀ ਉਮਰ ਦੇ 2,97,000 ਬੱਚੇ ਦਮ ਤੋੜ ਜਾਂਦੇ ਹਨ। ਹੁਣ ਤਕ ਵੀ ਸੰਸਾਰ ਦੀ 13 ਫ਼ੀਸਦੀ ਅਬਾਦੀ ਤਕ ਬਿਜਲੀ ਨਹੀਂ ਪਹੁੰਚਾਈ ਜਾ ਸਕੀ ਹੈ ਤੇ ਦੁਨੀਆਂ ਦੀ 40 ਫ਼ੀਸਦੀ ਅਬਾਦੀ ਦੀ ਪਹੁੰਚ ਸਾਫ ਅਤੇ ਸਹੀ ਬਾਲਣ ਤਕ ਨਹੀਂ ਹੋ ਪਾਈ ਹੈ। ਭੋਜਨ ਦੀ ਘਾਟ ਜਾਂ ਸਪਸ਼ਟ ਆਖੀਏ ਤਾਂ ਪੌਸ਼ਟਿਕ ਭੋਜਨ ਦੀ ਘਾਟ ਕਰਕੇ ਸੰਸਾਰ ਦੇ ਹਰ ਨੌਂ ਵਿਅਕਤੀਆਂ ਪਿੱਛੇ ਇੱਕ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਕਿੰਨੀ ਦੁਰਵਿਵਸਥਾ ਹੈ ਕਿ ਈਥੋਪੀਆ ਵੱਲੋਂ ਆਪਣੇ ਦੇਸ਼ ਦੇ 10.5 ਕਰੋੜ ਨਾਗਰਿਕਾਂ ਦੀਆਂ ਸਿਹਤ ਸਹੂਲਤਾਂ ’ਤੇ ਖ਼ਰਚ ਕੀਤੀ ਜਾ ਰਹੀ ਕੁੱਲ ਰਾਸ਼ੀ ਸੰਸਾਰ ਦੇ ਸਭ ਤੋਂ ਅਮੀਰ ਆਦਮੀ ਦੇ ਕੁੱਲ ਪੈਸੇ ਦਾ ਕੇਵਲ ਇੱਕ ਫ਼ੀਸਦੀ ਬਣਦੀ ਹੈ।
ਗ਼ਰੀਬੀ ਦੇ ਸਬੰਧ ਵਿੱਚ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇਸ਼ ਦੇ ਵਾਸੀਆਂ ਨੇ ਸਦੀਆਂ ਤਕ ਜਰਵਾਣਿਆਂ, ਲੁਟੇਰਿਆਂ ਅਤੇ ਅੰਗਰੇਜ਼ਾਂ ਦਾ ਸ਼ਾਸਨ ਹੰਢਾਇਆ ਹੈ, ਜੋ ਇੱਥੋਂ ਦੀ ਧਨ-ਸੰਪਦਾ ਲੁੱਟ ਕੇ ਆਪਣੇ ਮੁਲਕਾਂ ਨੂੰ ਲੈ ਗਏ ਸਨ ਤੇ ‘ਸੋਨੇ ਦੀ ਚਿੜੀ’ ਆਖੇ ਜਾਂਦੇ ਇਸ ਮੁਲਕ ਨੂੰ ‘ਕੰਗਾਲ’ ਕਰ ਗਏ ਸਨ। ਭਾਰਤ ਨੇ ਸੰਨ 1876 ਤੋਂ 1879 ਤਕ ਪਏ ਅਕਾਲ ਦੌਰਾਨ ਭੁੱਖਮਰੀ ਕਾਰਨ 6 ਮਿਲੀਅਨ ਮੌਤਾਂ ਦੇਖੀਆਂ ਸਨ ਤੇ ਸੰਨ 1943 ਵਿੱਚ ਬੰਗਾਲ ਵਿੱਚ ਆਏ ਭਿਆਨਕ ਅਕਾਲ ਨੂੰ ਵੀ ਆਪਣੇ ਨੰਗੇ ਪਿੰਡੇ ’ਤੇ ਹੰਢਾਇਆ ਸੀ। ਇਸ ਦੇਸ਼ ਦੇ ਨਾਗਰਿਕਾਂ ਨੇ ਆਜ਼ਾਦੀ ਤੋਂ ਬਾਅਦ ਕਈ ਸਾਲ ਤਕ ਦੇਸ਼ ਦੀ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਵੱਲੋਂ ਚਲਾਈ ਗਈ ‘ਗਰੀਬੀ ਹਟਾਓ’ ਮੁਹਿੰਮ ਨੂੰ ਵੀ ਨੇੜਿਉਂ ਦੇਖਿਆ, ਸੁਣਿਆ ਅਤੇ ਹੰਢਾਇਆ ਹੈ। ਭਾਰਤ ਵਿੱਚ ਸੰਨ 1990 ਵਿੱਚ 43 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ ਜਦੋਂ ਕਿ ਸਾਲ 2024 ਵਿੱਚ ਇਹ ਅੰਕੜਾ 23.4 ਕਰੋੜ ਸੀ। ਇੱਥੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਚੋਣ ਲਈ ਤੈਅ ਮਾਪਦੰਡਾਂ ਵਿੱਚੋਂ ਸਭ ਤੋਂ ਅਹਿਮ ਮਾਪਦੰਡ 32 ਰੁਪਏ ਦਿਹਾੜੀ ਕਮਾਉਣਾ ਹੈ ਜੋ ਕਿ ਬੜਾ ਹੀ ਕੋਝਾ ਮਜ਼ਾਕ ਆਖਿਆ ਜਾ ਸਕਦਾ ਹੈ। ਚੇਤੇ ਰਹੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਨ 1946 ਵਿੱਚ ਆਪਣੀ ਪੁਸਤਕ ‘ਡਿਸਕਵਰੀ ਆਫ ਇੰਡੀਆ’ ਵਿੱਚ ਲਿਖਿਆ ਸੀ, “ਇੱਥੇ ਰੋਟੀ, ਕੱਪੜਾ ਅਤੇ ਮਕਾਨ ਸਣੇ ਮਨੁੱਖੀ ਹੋਂਦ ਲਈ ਲੋੜੀਂਦੇ ਕਈ ਹੋਰ ਤੱਤਾਂ ਦਾ ਘਾਟ ਹੈ। ਦੇਸ਼ ਦੀ ਵਿਕਾਸ ਨੀਤੀ ਦਾ ਉਦੇਸ਼ ਲੋਕਾਂ ਨੂੰ ਗ਼ਰੀਬੀ ਤੋਂ ਛੁਟਕਾਰਾ ਦਿਵਾਉਣਾ ਹੋਣਾ ਚਾਹੀਦਾ ਹੈ।” ਬੇਹੱਦ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਅੱਜ ਦੇਸ਼ ਦੀ ਕੁੱਲ 146 ਕਰੋੜ ਅਬਾਦੀ ਵਿੱਚੋਂ 82 ਕਰੋੜ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਸਾਡੇ ਸੂਝਵਾਨ ਸਿਆਸਤਦਾਨਾਂ ਨੇ ਉਨ੍ਹਾਂ ਦੀ ਆਮਦਨੀ ਵਧਾਉਣ ਜਾਂ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਦੀ ਥਾਂ ਉਨ੍ਹਾਂ ਦੇ ਹੱਥਾਂ ਵਿੱਚ ਠੂਠੇ ਫੜਾ ਕੇ ਉਨ੍ਹਾਂ ਨੂੰ ਪੰਜ ਕਿਲੋ ਅਨਾਜ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਕਰ ਦਿੱਤਾ ਹੈ। ਭਾਰਤੀ ਅਰਥਵਿਵਸਥਾ ਨੂੰ ਪੰਜ ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਦੀ ਡੁਗਡੁਗੀ ਵਜਾਉਣ ਵਾਲੇ ਸਿਆਸਤਦਾਨ ਅਤੇ ਉਨ੍ਹਾਂ ਦਾ ਸਾਥੀ ਮੀਡੀਆ ਇਹ ਹਰਿਗ਼ਜ਼ ਨਹੀਂ ਦੱਸਦਾ ਹੈ ਕਿ ਸਾਲ 2024 ਵਿੱਚ ਜਾਰੀ ਕੀਤੀ ਗਈ ਦਰਜਾਬੰਦੀ ਵਿੱਚ ਸਾਡਾ ਮਹਾਨ ਦੇਸ਼ ‘ਭੁੱਖਮਰੀ ਸੂਚਕ ਅੰਕ’ ਵਿੱਚ 127 ਮੁਲਕਾਂ ਵਿੱਚੋਂ 105ਵੇਂ ਸਥਾਨ ’ਤੇ ਖੜ੍ਹਾ ਸੀ ਤੇ ਵਿਸ਼ਵ ਦੇ ਅਰਥ ਸ਼ਾਸਤਰੀਆਂ ਨੇ ਭਾਰਤ ਦੇ ਇਸ ਦਰਜੇ ਨੂੰ ‘ਬੇਹੱਦ ਗੰਭੀਰ’ ਐਲਾਨਿਆ ਸੀ।
ਅੰਤ ਵਿੱਚ ਇਹ ਦੱਸਣਾ ਬਣਦਾ ਹੈ ਕਿ ਸੰਸਾਰ ਦੇ ਨਾਮਵਰ ਆਗੂ ਸ੍ਰੀ ਜੇ.ਐੱਫ. ਕੈਨੇਡੀ ਨੇ ਕਿਹਾ ਸੀ, “ਜੇਕਰ ਸਾਡਾ ਸਮਾਜ ਗ਼ਰੀਬਾਂ ਦੀ ਮਦਦ ਨਹੀਂ ਕਰ ਸਕਦਾ ਹੈ ਤਾਂ ਫਿਰ ਇਹ ਸਮਾਜ ਉਨ੍ਹਾਂ ਚੰਦ ਲੋਕਾਂ ਨੂੰ ਵੀ ਨਹੀਂ ਬਚਾ ਪਾਏਗਾ, ਜਿਹੜੇ ਅਮੀਰ ਹਨ।” ਇਸੇ ਤਰ੍ਹਾਂ ਇੱਕ ਹੋਰ ਨਾਮਵਰ ਸ਼ਖ਼ਸੀਅਤ ਸ੍ਰੀ ਨੈਲਸਨ ਮੰਡੇਲਾ ਨੇ ਆਖਿਆ ਸੀ, “ਜਿੰਨਾ ਚਿਰ ਤਕ ਸਾਡੀ ਦੁਨੀਆਂ ਵਿੱਚ ਗ਼ਰੀਬੀ, ਅਨਿਆਂ ਅਤੇ ਨਬਰਾਬਰੀ ਦੀ ਹੋਂਦ ਰਹੇਗੀ, ਉੰਨਾ ਚਿਰ ਤਕ ਸਾਡੇ ਵਿੱਚੋਂ ਕਿਸੇ ਨੂੰ ਵੀ ਆਰਾਮ ਨਹੀਂ ਕਰਨਾ ਚਾਹੀਦਾ ਹੈ।” ਸੰਸਾਰ ਦੀ ਨਾਮਵਰ ਸੰਸਥਾ ਯੂਨੈਸਕੋ ਦਾ ਤਾਂ ਸਾਫ ਸ਼ਬਦਾਂ ਵਿੱਚ ਕਹਿਣਾ ਹੈ, “ਗ਼ਰੀਬੀ ਹਟਾਉਣ ਦਾ ਮਤਲਬ ਗ਼ਰੀਬਾਂ ਦੀ ਪੈਸੇ ਨਾਲ ਮਦਦ ਕਰਨਾ ਨਹੀਂ ਹੈ ਸਗੋਂ ਇਸਦਾ ਅਰਥ ਤਾਂ ਹਰੇਕ ਮਰਦ ਅਤੇ ਔਰਤ ਨੂੰ ਮਾਣ ਅਤੇ ਸ਼ਾਨ ਨਾਲ ਜੀਵਨ ਜਿਊਣ ਦੇ ਕਾਬਿਲ ਬਣਾਉਣਾ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (