“ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣਾ, ਅਡਾਨੀ ਨੂੰ ਬਿਹਾਰ ਵਿੱਚ ਇੱਕ ਰੁਪਇਆ ...”
(2 ਅਕਤੂਬਰ 2025)
ਇਹ ਸੱਚ ਹੈ ਕਿ ਪੱਤਰਕਾਰਤਾ ਦੇ ਨਿਯਮਾਂ ਵਿੱਚ ਬੱਝੇ ਹੋਏ ਇਲੈਕਟ੍ਰੌਨਿਕ ਮੀਡੀਆ ਦੇ ਨਿਊਜ਼ ਚੈਨਲਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਦਰਸ਼ਕਾਂ ਨੂੰ ਤਸਵੀਰ ਦੇ ਦੋਵੇਂ ਪਾਸੇ ਵਿਖਾਉਣ ਅਤੇ ਇਹ ਫੈਸਲਾ ਦਰਸ਼ਕ ’ਤੇ ਛੱਡ ਦੇਣ ਕਿ ਤਸਵੀਰ ਦਾ ਕਿਹੜਾ ਪਾਸਾ ਸਹੀ ਹੈ ਅਤੇ ਕਿਹੜਾ ਪਾਸਾ ਗ਼ਲਤ। ਕਿਸੇ ਵੀ ਨਿਊਜ਼ ਰੀਡਰ ਜਾਂ ਡਿਬੇਟ ਸ਼ੋਅ ਦੇ ਐਂਕਰ ਨੂੰ ਜੱਜ ਬਣ ਕੇ ਜਾਂ ਪੱਖਪਾਤੀ ਬਣ ਕੇ ਸ਼ੋਅ ਨਹੀਂ ਚਲਾਉਣਾ ਚਾਹੀਦਾ ਹੈ ਸਗੋਂ ਡਿਬੇਟ ਵਿੱਚ ਸ਼ਾਮਲ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਬਰਾਬਰ ਸਮਾਂ ਦੇ ਕੇ, ਉਨ੍ਹਾਂ ਦੀ ਗੱਲ ਨੂੰ ਬਿਨਾਂ ਟੋਕਿਆਂ ਸੁਣ ਕੇ ਤੇ ਫਿਰ ਉਸਦਾ ਜਵਾਬ ਵਿਰੋਧੀ ਨੁਮਾਇੰਦੇ ਤੋਂ ਲੈ ਕੇ ਸਾਰਾ ਮੁੱਦਾ ਪੂਰੀ ਤਰ੍ਹਾਂ ਸਮਝਣ ਵਿੱਚ ਦਰਸ਼ਕਾਂ ਦੀ ਮਦਦ ਕਰਨੀ ਚਾਹੀਦੀ ਹੈ। ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਲੋਕਤੰਤਰ ਦਾ ਚੌਥਾ ਆਖੇ ਜਾਂਦੇ ‘ਪ੍ਰੈੱਸ’ ਦੇ ਨੁਮਾਇੰਦੇ ਵਜੋਂ ਕਾਰਜ ਕਰਨ ਲਈ ਬਣਾਏ ਗਏ ਕਈ ਨਿਊਜ਼ ਚੈਨਲ ਕੇਵਲ ਤੇ ਕੇਵਲ ਸਰਕਾਰੀ ‘ਧੂਤੇ’ ਬਣ ਕੇ ਰਹਿ ਗਏ ਹਨ ਅਤੇ ਇਨ੍ਹਾਂ ਦੇ ਮੱਥੇ ‘ਗੋਦੀ ਮੀਡੀਆ’ ਨਾਮਕ ਕਾਲਾ ਧੱਬਾ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ।
ਭਾਰਤ ਵਿੱਚ ਵੱਖ-ਵੱਖ ਜਾਤਾਂ, ਮਜ਼ਹਬਾਂ, ਭਾਸ਼ਾਵਾਂ ਅਤੇ ਸੱਭਿਅਚਾਰਕ ਭਿੰਨਤਾ ਵਾਲੇ ਲੋਕ ਰਹਿੰਦੇ ਹਨ। ਕੁਝ ਸਾਲ ਪਹਿਲਾਂ ਤਕ ਜਦੋਂ ਕੇਵਲ ‘ਦੂਰਦਰਸ਼ਨ’ ਰੂਪੀ ਸਰਕਾਰੀ ਟੀ.ਵੀ.ਚੈਨਲ ਹੀ ਹੋਂਦ ਵਿੱਚ ਸੀ, ਸਾਰੇ ਧਰਮਾਂ ਅਤੇ ਮਜ਼ਹਬਾਂ ਦੇ ਨੁਮਾਇੰਦਿਆਂ ਨੂੰ ਬਰਾਬਰ ਵਕਤ ਅਤੇ ਸਨਮਾਨ ਦੇ ਕੇ ਹਰ ਧਰਮ ਦੀਆਂ ਚੰਗੀਆਂ ਅਤੇ ਲੋਕ ਭਲਾਈ ਵਾਲੀਆਂ ਅਤੇ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਮਜ਼ਬੂਤ ਕਰਨ ਵਾਲੀਆਂ ਖਬਰਾਂ ਟੀ.ਵੀ. ’ਤੇ ਵਿਖਾਈਆਂ ਜਾਂਦੀਆਂ ਸਨ। ਇੱਕਪਾਸੜ ਜਾਂ ਮਜ਼ਹਬੀ ਕੱਟੜਤਾ ਫੈਲਾਉਣ ਵਾਲੇ ਪ੍ਰੋਗਰਾਮ ਪ੍ਰਸਾਰਿਤ ਕਰਨ ਤੋਂ ਪੂਰਾ ਗੁਰੇਜ਼ ਕੀਤਾ ਜਾਂਦਾ ਸੀ। ਪਰ ਹੁਣ ਅਸੀਂ ਅੱਜ ਜਦੋਂ ਅਖੌਤੀ ਵਿਗਿਆਨ ਅਤੇ ਤਕਨੀਕ ਦੀ ਉੱਚ-ਤਰੱਕੀ ਦੇ ਇਸ ਯੁਗ ਵਿੱਚ ਅਤਿਅੰਤ ਪੜ੍ਹੇ-ਲਿਖੇ ਨਿਊਜ਼ ਐਂਕਰਾਂ ਨੂੰ ਵੇਖਦੇ ਤੇ ਸੁਣਦੇ ਹਾਂ ਤਾਂ ਅਧਿਕਤਰ ਨਿਊਜ਼ ਚੈਨਲਾਂ ’ਤੇ ਖਬਰਾਂ ਦੀ ਚੋਣ ਕਰਨ ਵਿੱਚ, ਖਬਰਾਂ ਪੜ੍ਹਨ ਦੇ ਅੰਦਾਜ਼ ਵਿੱਚ ਤੇ ਕਿਸੇ ਡਿਬੇਟ ਸ਼ੋਅ ਦੇ ਸੂਤਰਧਾਰ ਦੀ ਸ਼ੈਲੀ-ਸ਼ਬਦਾਵਲੀ ਵਿੱਚ ਕੇਵਲ ਤੇ ਕੇਵਲ ਗਿਰਾਵਟ ਅਤੇ ਸੱਤਾ-ਪੱਖੀ ਉਲਾਰ ਸਪਸ਼ਟ ਨਜ਼ਰ ਆਉਂਦਾ ਹੈ।
ਭਾਰਤ ਵਿੱਚ ਪਿੰਡ ਪੱਧਰ ਤੋਂ ਲੈ ਕੇ ਕੌਮੀ ਪੱਧਰ ਤਕ ਦੇ ਅਤਿਅੰਤ ਮਹੱਤਵਪੂਰਨ ਮੁੱਦਿਆਂ ਅਤੇ ਸਮੱਸਿਆਵਾਂ ਦੀ ਕੋਈ ਥੋੜ ਨਹੀਂ ਹੈ। ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ, ਭ੍ਰਿਸ਼ਟਾਚਾਰ, ਚੋਰੀ, ਡਕੈਤੀ, ਲੁੱਟਾਂ-ਖੋਹਾਂ, ਨਸ਼ੇ, ਧੋਖਬਾਜ਼ੀਆਂ, ਸਾਈਬਰ ਕ੍ਰਾਈਮ, ਨਸਲੀ ਵਿਤਕਰਾ, ਹੱਤਿਆਵਾਂ, ਬਲਾਤਕਾਰ, ਅਗਵਾ ਅਤੇ ਵਧਦੀਆਂ ਆਤਮਹੱਤਿਆਵਾਂ ਅਤੇ ਵਧਦੇ ਸੜਕ ਜਾਂ ਰੇਲ ਹਾਦਸੇ ਆਦਿ ਜਿਹੇ ਅਨੇਕਾਂ ਹੀ ਮਹੱਤਵਪੂਰਨ ਮੁੱਦੇ ਮੁਲਕ ਦੇ ਲੋਕਾਂ ਨੂੰ ਦਰਪੇਸ਼ ਹਨ। ਦੇਸ਼ ਦਾ ਪੈਸਾ ਚੰਦ ਪੂੰਜੀਪਤੀਆਂ ਦੇ ਹੱਥਾਂ ਵਿੱਚ ਸਿਮਟ ਰਿਹਾ ਹੈ ਤੇ ਦੇਸ਼ ਦੀ ਅੱਧੀ ਤੋਂ ਵੱਧ ਅਬਾਦੀ ਗ਼ਰੀਬੀ ਅਤੇ ਭੁੱਖਮਰੀ ਵੱਲ ਧੱਕੀ ਜਾ ਰਹੀ ਹੈ। ਪਰ ਸਾਡੇ ਨਿਊਜ਼ ਚੈਨਲਾਂ ਨੂੰ ‘ਕਾਂਵੜੀਆਂ’, ‘ਮਸਜਿਦ ਹੇਠਾਂ ਮੰਦਰ’, ‘ਹਿੰਦੂ-ਮੁਸਲਮਾਨ’, “ਲਵ-ਜਿਹਾਦ’, ਝਟਕਾ ਜਾਂ ਹਲਾਲ ਮੀਟ’, “ਰਾਹੁਲ ਗਾਂਧੀ ਚਿੱਟੀ ਟੀ-ਸ਼ਰਟ ਕਿਉਂ ਪਾਉਂਦਾ ਹੈ?” ਆਦਿ ਮੁੱਦੇ ਸਭ ਤੋਂ ਵੱਧ ਮਹੱਤਵਪੂਰਨ ਜਾਪਦੇ ਹਨ ਕਿ ਕੇਵਲ ਇੱਕ ਜਾਂ ਦੋ ਦਿਨ ਨਹੀਂ ਸਗੋਂ ਹਫ਼ਤਿਆਂ ਜਾਂ ਮਹੀਨਿਆਂ ਬੱਧੀ ਅਜਿਹੇ ਮੁੱਦਿਆਂ ’ਤੇ ਬਹਿਸ ਕਰਵਾਈ ਜਾ ਰਹੀ ਹੈ। ਅਨੇਕਾਂ ਹੀ ਨਿਊਜ਼ ਐਂਕਰ ਅਜਿਹੇ ਹਨ, ਜਿਹੜੇ ਸਰਕਾਰ ਦੀਆਂ ਗ਼ਲਤ ਅਤੇ ਲੋਕ ਮਾਰੂ ਨੀਤੀਆਂ ’ਤੇ ਕਦੇ ਸਵਾਲ ਨਹੀਂ ਚੁੱਕਦੇ ਹਨ ਅਤੇ ਸੱਤਾਧਾਰੀ ਧਿਰ ਦੇ ਨੁਮਾਇੰਦੇ ਦੇ ਬਚਾ ਵਿੱਚ ਹਰ ਚੰਗਾ-ਮਾੜਾ ਤਰਕ ਦੇਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਵਿਰੋਧੀ ਧਿਰ ਦਾ ਕੋਈ ਵੀ ਨੁਮਾਇੰਦਾ ਜਦੋਂ ਦਲੀਲ ਨਾਲ ਸੱਤਾ ਧਿਰ ਨੂੰ ਘੇਰਨ ਲਗਦਾ ਹੈ ਤਾਂ ਇਹ ‘ਗੋਦੀ ਐਂਕਰ’ ਕਹੇ ਜਾਂਦੇ ਪੱਤਰਕਾਰ ਰੌਲਾ ਪਾ ਕੇ ਉਸਦੀ ਗੱਲ ਦਰਸ਼ਕਾਂ ਤਕ ਪੁੱਜਣ ਹੀ ਨਹੀਂ ਦਿੰਦੇ ਹਨ ਅਤੇ ਕਦੇ-ਕਦੇ ਆਪ ਹੀ ਸੱਤਾ ਧਿਰ ਦੇ ਬੁਲਾਰੇ ਬਣ ਕੇ ਵਿਰੋਧੀ ਧਿਰ ਦੇ ਨੁਮਾਇੰਦਿਆਂ ਨਾਲ ਉਲਝ ਜਾਂਦੇ ਹਨ। ਕਿੰਨੀ ਹਾਸੋਹੀਣੀ ਗੱਲ ਹੈ ਕਿ ਦਸ ਜਾਂ ਵੀਹ ਸਾਲ ਤੋਂ ਲਗਾਤਾਰ ਸੱਤਾ ’ਤੇ ਕਾਬਜ਼ ਧਿਰ ਤੋਂ ਜੋ ਸਵਾਲ ਪੁੱਛੇ ਜਾਣੇ ਚਾਹੀਦੇ ਹਨ, ਉਨ੍ਹਾਂ ਦੀ ਥਾਂ ਅਖੌਤੀ ਐਂਕਰ ਵਿਰੋਧੀ ਧਿਰਾਂ ਤੋਂ ਹੀ ਚਾਲੀ ਜਾਂ ਪੰਜਾਹ ਸਾਲ ਪਹਿਲਾਂ ਦਾ ਹਿਸਾਬ ਮੰਗਦੇ ਨਜ਼ਰ ਆਉਂਦੇ ਹਨ। ਇਹ ਉਲਾਰੂ, ਪੱਖਪਾਤੀ ਅਤੇ ਅਨੈਤਿਕ ਰਵਈਆ ਨਿਰਾਸ਼ਾਜਨਕ ਹੈ। ਇਹ ਰਵਈਆ ਇੱਕ ਪੱਤਰਕਾਰ ਦੇ ਨੈਤਿਕ ਧਰਮ ਦੇ ਇੱਕ ਦਮ ਖ਼ਿਲਾਫ਼ ਅਤੇ ਨਿੰਦਾਜਨਕ ਹੈ।
ਕੇਂਦਰ ਵਿੱਚ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਨੂੰ ਅਕਸਰ ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਭਾਰਤ ਦੇ ਉੱਘੇ ਉਦਯੋਗਪਤੀ ਗੌਤਮ ਅਡਾਨੀ ਦੀ ਗ਼ੈਰ-ਕੁਦਰਤੀ ਤੇਜ਼ੀ ਨਾਲ ਵਧੀ ਜਾਇਦਾਦ ਨੂੰ ਲੈ ਕੇ ਘੇਰਿਆ ਜਾਂਦਾ ਹੈ ਪਰ ਲਗਭਗ ਸਾਰੇ ਹੀ ਨਿਊਜ਼ ਚੈਨਲ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਜਾਂ ਕਿਸੇ ਕੇਂਦਰੀ ਮੰਤਰੀ ਤੋਂ ਜਵਾਬ ਲੈਣ ਤੋਂ ਗੁਰੇਜ਼ ਕਰਦੇ ਹਨ। ਅਡਾਨੀ ਦੀ ਮਾਲਕੀ ਵਾਲੀਆਂ ਬੰਦਰਗਾਹਾਂ ਤੋਂ ਅਰਬਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਜਾਂਦੇ ਹਨ ਪਰ ਕੋਈ ਵੀ ਚੈਨਲ ਇਸ ਬਾਰੇ ਕੋਈ ਪ੍ਰੋਗਰਾਮ ਨਹੀਂ ਕਰਦਾ ਹੈ। ਵਿਰੋਧੀ ਧਿਰ ਦਾ ਬੜਾ ਹੀ ਵਾਜਿਬ ਪ੍ਰਸ਼ਨ ਹੈ ਕਿ ਕੇਵਲ ਪੰਜ-ਸੱਤ ਸਾਲ ਵਿੱਚ ਹੀ ਇੱਕ ਵਿਅਕਤੀ 609 ਨੰਬਰ ਦੇ ਅਮੀਰ ਤੋਂ ਉੱਠ ਕੇ ਦੁਨੀਆਂ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਕਿਵੇਂ ਬਣ ਸਕਦਾ ਹੈ ਜਦੋਂ ਕਿ ਉਹ ਅੱਜ ਵੀ ਭਾਰਤ ਦਾ ਸਭ ਤੋਂ ਵੱਡਾ ਆਮਦਨ ਕਰ ਦਾਤਾ ਨਹੀਂ ਹੈ? ਅਜਿਹਾ ਕਿਉਂ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਇਸ ਸ਼ਖਸ ਨੂੰ ਆਪਣੇ ਨਾਲ ਵਿਦੇਸ਼ੀ ਮੁਲਕਾਂ ਦੀ ਯਾਤਰਾ ’ਤੇ ਲੈ ਕੇ ਜਾਂਦੇ ਹਨ ਤੇ ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ਮੁਲਕਾਂ ਤੋਂ ਇਸ ਸ਼ਖਸ ਨੂੰ ਵੱਡਾ ਕਾਰੋਬਾਰ ਹਾਸਲ ਹੋ ਜਾਂਦਾ ਹੈ? ਅਜਿਹਾ ਕਿਉਂ ਹੈ ਕਿ ਇਸ ਸ਼ਖਸ ਨੇ ਬੈਂਕਾਂ ਦਾ ਦੋ ਲੱਖ ਕਰੋੜ ਦੇ ਕਰੀਬ ਕਰਜ਼ਾ ਦੇਣਾ ਹੈ ਪਰ ਹੈ ਇਹ ਦੁਨੀਆਂ ਦਾ ਸਭ ਤੋਂ ਅਮੀਰ ਸ਼ਖਸ? ਅਜਿਹਾ ਕਿਉਂ ਹੈ ਕਿ ਭਾਰਤੀ ਜੀਵਨ ਬੀਮਾ ਨਿਗਮ ਅਤੇ ਸਟੇਟ ਬੈਂਕ ਆਫ ਇੰਡੀਆ ਜਿਹੇ ਵੱਡੇ ਸਰਕਾਰੀ ਅਦਾਰੇ ਉਦੋਂ ਵੀ ਅਡਾਨੀ ਦੇ ਸ਼ੇਅਰ ਖਰੀਦਣੇ ਜਾਰੀ ਰੱਖਦੇ ਹਨ ਜਦੋਂ ਕਿ ਅਡਾਨੀ ਦੇ ਸ਼ੇਅਰ ਲਗਾਤਾਰ ਗਿਰਾਵਟ ਦਰਜ ਕਰ ਰਹੇ ਸਨ? ਅਜਿਹੇ ਅਨੇਕਾਂ ਸਵਾਲਾਂ ਦੇ ਜਵਾਬ ਸੱਤਾ ਧਿਰ ਵੱਲੋਂ ਨਾ ਸੰਸਦ ਵਿੱਚ ਦਿੱਤੇ ਜਾਂਦੇ ਹਨ ਤੇ ਨਾ ਹੀ ਟੀ.ਵੀ. ਚੈਨਲਾਂ ਦੇ ਐਂਕਰ ਇਨ੍ਹਾਂ ਸਵਾਲਾਂ ਦੇ ਜਵਾਬ ਸੱਤਾ ਧਿਰ ਦੇ ਬੁਲਾਰਿਆਂ ਤੋਂ ਲੈਂਦੇ ਹਨ।
ਨੋਟਬੰਦੀ ਦੇ ਲਾਭ, ਜੀ.ਐੱਸ.ਟੀ. ਦੀਆਂ ਉੱਚੀਆਂ ਦਰਾਂ ਨਾਲ ਅੱਠ ਸਾਲ ਤਕ 127 ਲੱਖ ਕਰੋੜ ਰੁਪਏ ਦੀ ਰਾਸ਼ੀ ਦੇਸ਼ਵਾਸੀਆਂ ਤੋਂ ਉਗਰਾਹ ਕੇ ਹੁਣ ਟੈਕਸ ਦਰਾਂ ਵਿੱਚ ਛੋਟ ਦਾ ਉਤਸਵ ਮਨਾਉਣ ਦਾ ਢਕਵੰਜ ਰਚਣਾ, ਕੌਮਾਂਤਰੀ ਮਾਰਕੀਟ ਵਿੱਚ ਸਸਤੇ ਹੋਣ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦਾ ਅਸਮਾਨ ਛੂਹਣਾ, ਗੁਜਰਾਤ ਵਿੱਚ ਟੁੱਟੇ ਮੋਰਬੀ ਪੁਲ ਦਾ ਮਾਮਲਾ, ਬੀ.ਬੀ.ਸੀ. ਚੈਨਲ ਵੱਲੋਂ ਗੁਜਰਾਤ ਦੰਗਿਆਂ ਸਬੰਧੀ ਪੇਸ਼ ਕੀਤੀ ਦਸਤਾਵੇਜ਼ੀ, ਉੱਤਰ ਪ੍ਰਦੇਸ਼ ਵਿੱਚ ਵਧਦੀਆਂ ਅਗਵਾ, ਬਲਾਤਕਾਰ ਅਤੇ ਹੱਤਿਆ ਦੀਆਂ ਵਾਰਦਾਤਾਂ। ਚੀਨ ਦਾ ਭਾਰਤੀ ਸਰਹੱਦ ਦੇ ਅੰਦਰ ਆ ਕੇ ਬੰਕਰ ਅਤੇ ਸੜਕਾਂ ਤਿਆਰ ਕਰਨਾ, ਵੱਖ-ਵੱਖ ਰਾਜਾਂ ਵਿੱਚ ਲੋਕਾਂ ਦੁਆਰਾ ਬਹੁਮਤ ਨਾਲ ਚੁਣੀਆਂ ਸਰਕਾਰਾਂ ਅਨੈਤਿਕ ਢੰਗਾਂ ਨਾਲ ਸੁੱਟ ਦੇਣਾ, ਕਰੋਨਾ ਦੌਰਾਨ ਆਕਸੀਜਨ ਅਤੇ ਸਿਹਤ ਸਹੂਲਤਾਂ ਦੀ ਘਾਟ ਕਰਕੇ ਅਣਗਿਣਤ ਲੋਕਾਂ ਦਾ ਮਰਨਾ, ਸੰਸਦ ਵਿੱਚ ਬਿਨਾਂ ਬਹਿਸ ਦੇ ਪਾਸ ਕੀਤੇ ਕਿਸਾਨਾਂ ਸਬੰਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਦੇ ਕਿਸਾਨਾਂ ਨੂੰ ਜੀਪ ਹੇਠਾਂ ਕੁਚਲ ਦੇਣਾ, ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣਾ, ਅਡਾਨੀ ਨੂੰ ਬਿਹਾਰ ਵਿੱਚ ਇੱਕ ਰੁਪਇਆ ਲੈ ਕੇ ਇੱਕ ਹਜ਼ਾਰ ਏਕੜ ਉਪਜਾਊ ਜ਼ਮੀਨ ਲੀਜ਼ ’ਤੇ ਦੇਣਾ ਆਦਿ ਜਿਹੇ ਬਹੁਤ ਮੁੱਦੇ ਇਸ ਮੁਲਕ ਨੂੰ ਦਰਪੇਸ਼ ਹਨ ਪਰ ਸਾਡੇ ਅਖੌਤੀ ਨਿਊਜ਼ ਐਂਕਰਾਂ ਨੂੰ ਪਤਾ ਨਹੀਂ ਇਹ ਮੁੱਦੇ ਕਿਉਂ ਵਿਖਾਈ ਨਹੀਂ ਦੇ ਰਹੇ? ਟੀ.ਵੀ. ਪੱਤਰਕਾਰਾਂ ਦੇ ਇਸ ਪੱਖਪਾਤੀ ਅਤੇ ਪੱਤਰਕਾਰੀ ਧਰਮ ਦੇ ਖ਼ਿਲਾਫ਼ ਵਿਖਾਇਆ ਜਾ ਰਿਹਾ ਰਵਈਆ ਸੱਚਮੁੱਚ ਹੀ ਨਿਰਾਸ਼ਾਜਨਕ ਅਤੇ ਨਿੰਦਣਯੋਗ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (