“ਵਧੇਰੇ ਕਰਕੇ ਇਹ ਰੋਗ 65 ਸਾਲ ਦੀ ਉਮਰ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ ਘੇਰਦਾ ਹੈ ਕਿਉਂਕਿ ...”
(25 ਸਤੰਬਰ 2025)
ਬਚਪਨ ਅਤੇ ਜਵਾਨੀ ਦੀ ਤਰ੍ਹਾਂ ਬੁਢਾਪਾ ਵੀ ਮਨੁੱਖੀ ਜੀਵਨ ਦੀ ਇੱਕ ਮਹੱਤਵਪੂਰਨ ਅਵਸਥਾ ਹੈ। ਜੇਕਰ ਕਿਸੇ ਮਨੱਖ ਨੇ ਆਪਣਾ ਜਵਾਨੀ ਦਾ ਕਾਲ ਬੇਪਰਵਾਹੀ ਨਾਲ ਬਿਤਾਇਆ ਹੈ ਤਾਂ ਉਸ ਨੂੰ ਬੁਢਾਪੇ ਵਿੱਚ ਵੱਡੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਜਾਂ ਰੋਗਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਪਰ ਜੇਕਰ ਬੁਢਾਪੇ ਤੋਂ ਪਹਿਲਾਂ ਦਾ ਜੀਵਨ ਸਾਦਾ, ਸੁੱਚਾ, ਉੱਚੇ ਵਿਚਾਰਾਂ ਵਾਲਾ ਤੇ ਸਾਦੇ ਭੋਜਨ ਅਤੇ ਕਸਰਤ ਆਦਿ ਵਾਲਾ ਹੈ ਤਾਂ ਬੁਢਾਪਾ ਘੱਟ ਦੁਸ਼ਵਾਰੀਆਂ ਭਰਿਆ ਹੋਣ ਦੇ ਆਸਾਰ ਹੁੰਦੇ ਹਨ। ਉਕਤ ਦੋਵਾਂ ਹਕੀਕਤਾਂ ਦੇ ਬਾਵਜੂਦ ਇਹ ਵੀ ਸੱਚ ਹੈ ਕਿ ਜਦੋਂ ਮਨੁੱਖ ਬਹੁਤ ਹੀ ਵਡੇਰੀ ਉਮਰ ਦੇ ਗੇੜ ਵਿੱਚ ਪੈਰ ਜਾ ਪਾਉਂਦਾ ਹੈ ਤਾਂ ‘ਅਲਜ਼ਹਾਈਮਰ’ ਰੋਗ ਉਸ ਨੂੰ ਆ ਹੀ ਘੇਰਦਾ ਹੈ ਤੇ ਨਾ ਕੇਵਲ ਉਸਦੇ ਖ਼ੁਦ ਦੇ ਲਈ ਸਗੋਂ ਉਸਦੀ ਸਾਂਭ-ਸੰਭਾਲ ਜਾਂ ਦੇਖ਼ਭਾਲ ਕਰਨ ਵਾਲਿਆਂ ਲਈ ਵੀ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।
ਅਲਜ਼ਹਾਈਮਰ ਰੋਗ ਵਿੱਚ ਵਡੇਰੀ ਉਮਰ ਕਰਕੇ ਸਰੀਰ ਦੇ ਬਾਹਰੀ ਅੰਗਾਂ ਦੀ ਤਰ੍ਹਾਂ ਅੰਦਰੂਨੀ ਨਾੜੀ ਤੰਤਰ ਵੀ ਕਮਜ਼ੋਰ ਪੈ ਜਾਂਦਾ ਹੈ ਤੇ ਦਿਮਾਗ ਦਾ ਯਾਦਸ਼ਕਤੀ ਵਾਲਾ ਖਿੱਤਾ ਕਮਜ਼ੋਰੀ ਦੇ ਲੱਛਣ ਵਿਖਾਉਂਦਿਆਂ ਹੋਇਆਂ ਬਜ਼ੁਰਗਾਂ ਨੂੰ ਅਤਿ ਦਰਜੇ ਦੇ ਭੁਲੱਕੜ ਬਣਾ ਦਿੰਦਾ ਹੈ। ਬਜ਼ੁਰਗਾਂ ਦੇ ਵਿਹਾਰ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਤੇ ਆਪਣੀਆਂ ਗੱਲਾਂ ਅਤੇ ਚੀਜ਼ਾਂ ਨੂੰ ਭੁੱਲਣ ਵਾਲੇ ਬਜ਼ੁਰਗ ਦੀ ਦੇਖ਼-ਰੇਖ ਵਾਲੇ ਉਸਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਤੰਗ-ਪ੍ਰੇਸ਼ਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਬਜ਼ੁਰਗ ਤਾਂ ਆਪਣੀ ਭੁੱਲਣ ਦੀ ਆਦਤ ਕਰਕੇ ਘਰੋਂ ਨਿਕਲਣਾ ਬੰਦ ਕਰ ਦਿੰਦੇ ਹਨ ਤੇ ਕੁਝ ਮਾਮਲਿਆਂ ਵਿੱਚ ਮਰੀਜ਼ ਦੇ ਘਰ ਦੇ ਜੀਅ ਹੀ ਉਸ ਨੂੰ ਘਰੋਂ ਤੋਂ ਬਾਹਰ ਨਹੀਂ ਜਾਣ ਦਿੰਦੇ ਹਨ, ਜਿਸ ਕਰਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਦਾ ਸਾਥ ਛੁੱਟਣ ਪਿੱਛੋਂ ਘਰ ਦੇ ਅੰਦਰ ਹੀ ਰਹਿਣ ਤਕ ਸੀਮਿਤ ਹੋ ਜਾਣ ਕਰਕੇ ਪੀੜਿਤ ਬਜ਼ੁਰਗ ਦੀ ਦਿਮਾਗੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ ਅਤੇ ਪ੍ਰੇਸ਼ਾਨੀ ਦੇ ਦਬਾਅ ਹੇਠ ਉਹ ਹੋਰ ਭੁਲੱਕੜ ਬਣ ਜਾਂਦਾ ਹੈ। ਇਸ ਤਰ੍ਹਾਂ ਉਸਦੀ ਹਾਲਤ ਹੌਲ੍ਹੀ-ਹੌਲ੍ਹੀ ਬਦ ਤੋਂ ਬਦਤਰ ਹੁੰਦੀ ਚਲੀ ਜਾਂਦੀ ਹੈ।
ਦਰਅਸਲ ਸੰਨ 1901 ਵਿੱਚ ਜਰਮਨੀ ਦੇ ਇੱਕ ਡਾਕਟਰ ਐਲੋਇਸ ਅਲਜ਼ਹਾਈਮਰ ਨੇ ਇੱਕ 50 ਸਾਲਾ ਔਰਤ ਦਾ ਇਲਾਜ ਕਰਦਿਆਂ ਪਹਿਲੀ ਵਾਰ ਇਸ ਬਿਮਾਰੀ ਦੇ ਲੱਛਣ ਪਛਾਣੇ ਅਤੇ ਨੋਟ ਕੀਤੇ ਸਨ। ਉਸ ਵੱਲੋਂ ਕੀਤੀ ਇਸ ਬਿਮਾਰੀ ਦੀ ਖੋਜ ਨੂੰ ਉਸਦੇ ਨਾਂ ’ਤੇ ਹੀ ਦਰਜ ਕਰ ਦਿੱਤਾ ਗਿਆ ਸੀ ਇਸ ਲਈ ਇਸ ਰੋਗ ਨੂੰ ਅੱਜਕਲ ਵੀ ‘ਅਲਜ਼ਹਾਈਮਰ ਰੋਗ’ ਹੀ ਕਿਹਾ ਜਾਂਦਾ ਹੈ। ਸੰਨ 1984 ਵਿੱਚ ਕੌਮਾਂਤਰੀ ਪੱਧਰ ’ਤੇ ‘ਅਲਜ਼ਹਾਈਮਰ ਡਿਜ਼ੀਜ਼ ਇੰਟਰਨੈਸ਼ਨਲ’ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ।
ਇਹ ਮੰਨਿਆ ਜਾਂਦਾ ਹੈ ਕਿ ਵਧੇਰੇ ਕਰਕੇ ਇਹ ਰੋਗ 65 ਸਾਲ ਦੀ ਉਮਰ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ ਘੇਰਦਾ ਹੈ ਕਿਉਂਕਿ ਇਸ ਉਮਰ ਵਿੱਚ ਦਿਮਾਗ ਦੇ ਸੈੱਲ ਕਮਜ਼ੋਰ ਪੈ ਜਾਂਦੇ ਹਨ। ਜੇਕਰ ਕਿਸੇ ਪਰਿਵਾਰ ਵਿੱਚ ਕੋਈ ਅਲਜ਼ਹਾਈਮਰ ਦਾ ਮਰੀਜ਼ ਹੈ ਤਾਂ ਉਸਦੀ ਅਗਲੀ ਪੀੜ੍ਹੀ ਦੇ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਵੀ ਇਸ ਰੋਗ ਨਾਲ ਪੀੜਿਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਦੁਰਘਟਨਾ ਦੌਰਾਨ ਲੱਗੀ ਸਿਰ ਦੀ ਗੰਭੀਰ ਸੱਟ ਵੀ ਇਸ ਰੋਗ ਦਾ ਕਾਰਨ ਬਣ ਸਕਦੀ ਹੈ। ਕੁਝ ਖੋਜਾਂ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਦਿਮਾਗ ਦੇ ਅੰਦਰ ‘ਐੱਫ-ਐਕਟਿਨ’ ਨਾਮਕ ਇੱਕ ਪ੍ਰੋਟੀਨ ਦਾ ਖੰਡਿਤ ਹੋ ਜਾਣਾ ਨਾੜੀ ਤੰਤੂਆਂ ਦੀ ਵਿਵਸਥਾ ਨੂੰ ਗੜਬੜਾ ਦਿੰਦਾ ਹੈ।
ਇਸ ਰੋਗ ਸਬੰਧੀ ਕੁਝ ਅਤਿ ਮਹੱਤਵਪੂਰਨ ਅਤੇ ਯਾਦ ਰੱਖਣਯੋਗ ਤੱਥ ਇਹ ਹਨ ਕਿ ਜੋ ਨੌਜਵਾਨ ਹਵਾ ਪ੍ਰਦੂਸ਼ਣ ਵਾਲੇ ਖੇਤਰ ਵਿੱਚ ਅਧਿਕਤਰ ਸਮਾਂ ਕੰਮ ਕਰਦੇ ਹਨ, ਉਨ੍ਹਾਂ ਦੀ ਇਸ ਰੋਗ ਨਾਲ ਗ੍ਰਸੇ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਉੱਤਰੀ ਭਾਰਤ ਅੰਦਰ ਸਰਦੀਆਂ ਦੇ ਮੌਸਮ ਵਿੱਚ ਪਰਾਲੀ ਨੂੰ ਲਾਈ ਅੱਗ ਅਤੇ ਪਟਾਕਿਆਂ ਦਾ ਜ਼ਹਿਰੀਲਾ ਧੂੰਆਂ ਇਸ ਰੋਗ ਦੀ ਵਿੱਚ ਵਾਧਾ ਕਰਦਾ ਹੈ। ਜ਼ਿਆਦਾ ਸ਼ਰਾਬ ਪੀਣਾ ਵੀ ਅਲਜ਼ਹਾਈਮਰ ਨੂੰ ਸੱਦਾ ਦੇਣ ਦਾ ਕੰਮ ਕਰਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਵਰਤਮਾਨ ਹਾਲਾਤ ਸੰਕੇਤ ਦੇ ਰਹੇ ਹਨ ਕਿ ਸੰਨ 2050 ਵਿੱਚ ਅਲਜ਼ਹਾਈਮਰ ਰੋਗ ਤੋਂ ਪੀੜਿਤ ਵਿਅਕਤੀਆਂ ਦੀ ਸੰਖਿਆ ਵਰਤਮਾਨ ਸੰਖਿਆ ਤੋਂ ਤਿੰਨ ਗੁਣਾ ਵਧ ਜਾਵੇਗੀ। ਇੱਕ ਵਿਸ਼ੇਸ਼ ਪ੍ਰਕਾਰ ਦੀ ਐੱਮ.ਆਰ.ਆਈ. ਅਤੇ ਕੁਝ ਹੋਰ ਟੈੱਸਟ ਇਸ ਗੱਲ ਨੂੰ ਯਕੀਨੀ ਬਣਾ ਸਕਦੇ ਹਨ ਕਿ ਕੋਈ ਵਿਅਕਤੀ ਆਉਣ ਵਾਲੇ ਸਾਲਾਂ ਵਿੱਚ ਇਸ ਰੋਗ ਤੋਂ ਗ੍ਰਸਤ ਹੋਵੇਗਾ ਜਾਂ ਨਹੀਂ। ਇੱਕ ਹੋਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਿਹਤ ਮਾਹਿਰਾਂ ਵੱਲੋਂ ਹਰ ਰੋਜ਼ ਇੱਕ ਸੇਬ ਖਾਣ ਵਾਲੇ ਵਿਅਕਤੀ ਨੂੰ ਬੁਢਾਪੇ ਵਿੱਚ ਇਹ ਰੋਗ ਲੱਗਣ ਦੀ ਸੰਭਾਵਨਾ ਬਹੁਤ ਹੀ ਘੱਟ ਦੱਸੀ ਗਈ ਹੈ। ਉਂਜ ਸਮੇਂ ਸਿਰ ਇਸ ਰੋਗ ਦੀ ਤਸਦੀਕ ਹੋ ਜਾਣਾ, ਇਲਾਜ ਸ਼ੁਰੂ ਹੋ ਜਾਣਾ ਅਤੇ ਮਰੀਜ਼ ਨੂੰ ਸਾਂਭਣ ਵਾਲਿਆਂ ਦਾ ਇਸ ਰੋਗ ਦੇ ਲੱਛਣਾਂ ਪ੍ਰਤੀ ਜਾਗਰੂਕ ਹੋ ਕੇ ਮਰੀਜ਼ ਪ੍ਰਤੀ ਆਪਣੀ ਸੋਚ ਅਤੇ ਵਰਤੋਂ-ਵਿਹਾਰ ਵਿੱਚ ਲੋੜੀਂਦੇ ਪਰਿਵਰਤਨ ਲੈ ਆਉਣਾ ਆਦਿ ਇਸ ਰੋਗ ਤੋਂ ਪੀੜਿਤ ਸ਼ਖ਼ਸ ਦੀਆਂ ਪ੍ਰੇਸ਼ਾਨੀਆਂ ਨੂੰ ਕਾਫੀ ਹੱਦ ਤਕ ਘਟਾ ਸਕਦਾ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (