“ਆਪਣੇ ਜੀਵਨ ਦੌਰਾਨ ਅਸੀਂ ਇਹ ਕੋਸ਼ਿਸ਼ ਕਰੀਏ ਕਿ ਧਰਤੀ ’ਤੇ ਭਵਿੱਖ ਵਿੱਚ ਜੀਵਨ ਪਹਿਲਾਂ ਨਾਲੋਂ ...”
(10 ਦਸੰਬਰ 2025)
ਆਦਿ-ਜੁਗਾਦਿ ਤੋਂ ਧਰਤੀ ’ਤੇ ਜੀਵਨ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਚਲਦਾ ਰਹੇਗਾ। ਅਸੀਂ ਸਾਰੇ ਇਸ ਸਮੇਂ ਇਸ ਕਾਫਲੇ ਦੇ ਨਾਲ ਨਾਲ ਚੱਲਣ ਵਾਲੇ ਧਰਤੀ ਦੇ ਯਾਤਰੀ ਹਾਂ। ਇੱਕ ਸੀਮਿਤ ਸਮੇਂ ਤਕ ਅਸੀਂ ਇੱਥੇ ਰਹਿਣ ਲਈ ਆਏ ਹਾਂ ਅਤੇ ਇੱਕ ਖਾਸ ਸਮੇਂ ਬਾਅਦ ਅਸੀਂ ਇੱਥੋਂ ਵਿਦਾ ਹੋ ਜਾਣਾ ਹੈ। ਇਹੋ ਜੀਵਨ ਦੀ ਚਿੱਟੇ ਦਿਨ ਵਰਗੀ ਸਚਾਈ ਹੈ। ਕੁਝ ਮਨੋਵਿਗਿਆਨਕ ਕਾਰਨਾਂ ਕਰਕੇ ਜੀਵਨ ਪ੍ਰਵਾਹ ਦੇ ਨਾਲ-ਨਾਲ ਚਲਦਿਆਂ, ਵਿਚਰਦਿਆਂ, ਸਾਡਾ ਵਿਹਾਰ ਅਜਿਹਾ ਬਣ ਜਾਂਦਾ ਹੈ ਜਿਵੇਂ ਅਸੀਂ ਇਸ ਧਰਤੀ ’ਤੇ ਸਦੀਵੀ ਹਾਂ ਪਰ ਸਾਨੂੰ ਹਰ ਪਲ ਜੀਵਨ ਅਤੇ ਮੌਤ ਸਬੰਧੀ ਜਾਗਰੂਕ ਰਹਿਣ ਦੀ ਲੋੜ ਹੁੰਦੀ ਹੈ।
ਡਾਰਵਿਨ ਅਨੁਸਾਰ ਜੀਵਾਂ ਨੂੰ ਜਿਊਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਜੋ ਇਸ ਸੰਘਰਸ਼ ਵਿੱਚੋਂ ਜੇਤੂ ਹੋ ਕੇ ਨਿਕਲਦੇ ਹਨ ਕੁਦਰਤ ਉਹਨਾਂ ਨੂੰ ਜੀਵਨ ਦੇ ਮੌਕੇ ਪ੍ਰਦਾਨ ਕਰਦੀ ਹੈ। ਇਸ ਚੋਣ ਨੂੰ ਡਾਰਵਿਨ ਕੁਦਰਤੀ ਚੋਣ (ਨੈਚਰੁਲ ਸਿਲੈਕਸ਼ਨ) ਦਾ ਨਾਮ ਦਿੱਤਾ। ਇਸ ਹਿਸਾਬ ਨਾਲ ਅਸੀਂ ਕੁਦਰਤ ਦੁਆਰਾ ਚੁਣੇ ਹੋਏ ਲੋਕ ਹਾਂ ਜੋ ਇਸ ਧਰਤੀ ’ਤੇ ਵਿਚਰ ਰਹੇ ਹਾਂ।
ਜੀਵਨ ਦੇ ਇਸ ਕਾਫਲੇ ਨਾਲ ਵਿਚਰਦਿਆਂ ਧਰਤੀ ਉੱਤੇ ਆਪਣੀ ਹਾਜ਼ਰੀ ਦੌਰਾਨ ਅਸੀਂ ਬੜਾ ਕੁਝ ਅਜਿਹਾ ਕਰਦੇ ਹਾਂ ਜਿਸ ਨਾਲ ਜੀਵਨ ਦਾ ਵੱਡਾ ਹਿੱਸਾ ਬਰਬਾਦ ਹੀ ਨਹੀਂ ਹੁੰਦਾ ਬਲਕਿ ਜੀਵਨ ਜਿਊਣ ਦੀ ਕਲਾ ਸਾਡੇ ਕੋਲੋਂ ਗਵਾਚ ਜਾਂਦੀ ਹੈ। ਕਈ ਵਾਰ ਦੋ ਅਣਜਾਣ ਵਿਅਕਤੀਆਂ ਦੇ ਵਾਹਨ ਅਚਾਨਕ ਆਪਸ ਵਿੱਚ ਟਕਰਾਅ ਜਾਂਦੇ ਹਨ। ਇਸ ਸਥਿਤੀ ਵਿੱਚ ਇਹ ਵੀ ਹੋ ਸਕਦਾ ਹੈ ਕਿ ਇਹ ਦੋਵੇਂ ਇੱਕ ਦੂਜੇ ਨੂੰ ਸੰਭਾਲਣ ਅਤੇ ਇੱਕ ਦੂਜੇ ਤੋਂ ਖਿਮਾਂ ਮੰਗਦੇ ਆਪਣੇ ਆਪਣੇ ਘਰ ਚਲੇ ਜਾਣ। ਆਪਣੇ ਹੋਏ ਛੋਟੇ ਮੋਟੇ ਨੁਕਸਾਨ ਦੀ ਆਪ ਭਰਪਾਈ ਕਰ ਲੈਣ ਅਤੇ ਆਪਣੇ ਕਾਰ ਵਿਹਾਰ ਨੂੰ ਨਿਰੰਤਰ ਕਰਨ ਲੱਗ ਜਾਣ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਸੇ ਗਲੀ ਗਵਾਂਢ ਵਿੱਚ ਹੋਏ ਬੋਲ ਬੁਲਾਰੇ ਨੂੰ ਲੈ ਕੇ ਕੁਝ ਲੋਕ ਥਾਣਿਆਂ, ਕਚਹਿਰੀਆਂ, ਅਦਾਲਤਾਂ ਦੇ ਅਜਿਹੇ ਚੱਕਰ ਵਿੱਚ ਉਲਝਦੇ ਹਨ ਕਿ ਦੂਜੇ ਨੂੰ ਨੀਵਾਂ ਵਿਖਾਉਣਾ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ। ਅਜਿਹੀ ਹਾਲਤ ਵਿੱਚ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਜੀਵਨ ਇਸ ਲਈ ਨਹੀਂ ਕਿ ਅਸੀਂ ਕਿਸੇ ਇੱਕ ਬੰਦੇ ਉੱਤੇ ਆਪਣੇ ਜੀਵਨ ਦੀ ਸਾਰੀ ਊਰਜਾ ਖਤਮ ਕਰ ਦੇਈਏ, ਅਸੀਂ ਆਪਣੇ ਜੀਵਨ ਦੌਰਾਨ ਹੋਰ ਵੀ ਬਹੁਤ ਕੁਝ ਕਰਨਾ ਹੈ। ਅੱਜਕਲ ਸੋਸ਼ਲ ਮੀਡੀਆ ਦਾ ਦੌਰ ਹੈ, ਕੁਝ ਲੋਕਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਿਸੇ ਵਿਅਕਤੀ ਨਾਲ ਕਈ-ਕਈ ਦਿਨ ਬਹਿਸਾਂ ਕਰਦੇ ਰਹਿੰਦੇ ਹਨ। ਇਨ੍ਹਾਂ ਬਹਿਸਾਂ ਵਿੱਚ ਫਿਰ ਹੋਰ ਵੀ ਲੋਕ ਸ਼ਾਮਲ ਹੋ ਜਾਂਦੇ ਹਨ ਜਾਂ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਇਹ ਬਹਿਸਾਂ ਇੱਕ ਦੂਜੇ ਉੱਤੇ ਨਿੱਜੀ ਤੌਰ ’ਤੇ ਸ਼ਬਦੀ ਹਮਲਿਆਂ ਦਾ ਕਾਰਨ ਵੀ ਬਣ ਜਾਂਦੀਆਂ ਹਨ। ਇਹ ਵੀ ਦੇਖਿਆ ਗਿਆ ਹੈ ਕਿ ਸੋਚ ਦੇ ਵਖਰੇਵੇਂ ਵਾਲੇ ਲੋਕ ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਉੱਤੇ ਅਜਿਹੀਆਂ ਟਿੱਪਣੀਆਂ ਕਰਦੇ ਹਨ ਜੋ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਹੁੰਦੀਆਂ। ਕੁਝ ਲੋਕ-ਨਾਇਕ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਹੁੰਦੀ ਹੈ, ਉਹਨਾਂ ਦੀ ਸ਼ਖਸੀਅਤ ਪ੍ਰਤੀ ਉਹ ਬੰਦੇ ਵੀ ਘਟੀਆਂ ਸ਼ਬਦਾਵਲੀ ਵਰਤਣ ਲੱਗ ਜਾਂਦੇ ਹਨ, ਜਿਨ੍ਹਾਂ ਨੇ ਇਸ ਸਮਾਜ ਲਈ ਕੁਝ ਨਹੀਂ ਕੀਤਾ ਹੁੰਦਾ। ਜਿਨ੍ਹਾਂ ਬੰਦਿਆਂ ਵਿੱਚ ਕੁਝ ਕਰ-ਗੁਜ਼ਰਨ ਦੀ ਹਿੰਮਤ ਹੁੰਦੀ ਹੈ ਉਹ ਅਜਿਹੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ।
ਜੀਵਨ ਦੀ ਮਹੱਤਤਾ ਨੂੰ ਭੁੱਲ ਕੇ ਦੁਨੀਆਂ ਦੇ ਵੱਡੀ ਗਿਣਤੀ ਲੋਕ ਹਰ ਦੌਰ ਵਿੱਚ ਸੰਤਾਪ ਭੋਗਦੇ ਹਨ। ਇਹ ਬਿਨਾਂ ਵਜਾਹ ਲੜਾਈਆਂ ਝਗੜੇ, ਜੇਲ੍ਹਾਂ, ਥਾਣਿਆਂ, ਅਦਾਲਤਾਂ, ਮੁਕੱਦਮਿਆਂ ਦੇ ਚੱਕਰਾਂ ਵਿੱਚ ਉਲਝੇ ਰਹਿੰਦੇ ਹਨ। ਕੁਝ ਲੋਕ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਵੱਡੇ ਵੱਡੇ ਚਕਲਿਆਂ ’ਤੇ ਅਕਸਰ ਵੱਡੇ ਵੱਡੇ ਪਾਪੜ ਵੇਲਣ ਦੀ ਕੋਸ਼ਿਸ਼ ਕਰਦੇ ਹਨ। ਮਾਣ-ਸਨਮਾਨ ਲਈ ਤਰਲੋਮੱਛੀ ਹੋਣਾ, ਗੱਲ-ਗੱਲ ’ਤੇ ਗੁੱਸਾ ਕਰਨਾ, ਆਪਣੀ ਹੈਸੀਅਤ ਤੋਂ ਵੱਧ ਖਰਚ ਕਰਨਾ, ਦੂਜੇ ਨੂੰ ਡਰਾਉਣਾ ਧਮਕਾਉਣਾ, ਦੁਸ਼ਮਣੀ, ਈਰਖਾ, ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼, ਇਹ ਕੋਸ਼ਿਸ਼ ਕਰਨੀ ਕਿ ਹਰ ਪਾਸੇ ਸਾਡਾ ਹੀ ਗੁਣਗਾਣ ਹੋਵੇ, ਆਪਣੀ ਅਮੀਰੀ ਦਾ ਵਿਖਾਵਾ ਕਰਨਾ, ਕਰਜ਼ਾ ਚੁੱਕ ਕੇ ਵਿਆਹਾਂ ਸ਼ਾਦੀਆਂ ਕਰਨੀਆਂ, ਕਾਰਾਂ ਕੋਠੀਆਂ ’ਤੇ ਖਰਚ ਕਰਨਾ, ਆਪਣੀ ਚੌਧਰ ਲਈ ਹਰ ਹੀਲਾ ਵਰਤਣਾ ਆਦਿ ਅਜਿਹੀਆਂ ਪ੍ਰਵਿਰਤੀਆਂ ਹਨ, ਜੋ ਪਿਛਲੇ ਕੁਝ ਅਰਸੇ ਤੋਂ ਪੰਜਾਬੀ ਸਮਾਜ ਵਿੱਚ ਪਣਪ ਰਹੀਆਂ ਹਨ। ਜਦੋਂ ਅਸੀਂ ਆਪਣੀ ਦਿੱਖ ਦੂਜਿਆਂ ਵਰਗੀ ਬਣਾਉਣ ਲੱਗ ਜਾਂਦੇ ਹਾਂ ਤਾਂ ਅਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਬਣ ਜਾਂਦੇ ਹਾਂ। ਸਾਡਾ ਵਿਹਾਰ ਅਜਿਹਾ ਬਣ ਜਾਂਦਾ ਹੈ ਕਿ ਜਿਵੇਂ ਇਹ ਜੀਵਨ ਕੁਝ ਕੁ ਲੋਕਾਂ ਜੋ ਸਾਡੇ ਆਸ ਪਾਸ, ਪਿੰਡ, ਗਲੀ-ਮੁਹੱਲੇ, ਵਾਕਫਕਾਰਾਂ ਅਤੇ ਰਿਸ਼ਤੇਦਾਰਾਂ ਦੇ ਵਿਖਾਉਣ ਲਈ ਹੈ ਅਤੇ ਇਨ੍ਹਾਂ ਵਿੱਚ ਅਸੀਂ ਹਰ ਹਾਲਤ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਣਾ ਹੈ। ਅਜਿਹੀ ਮਾਨਸਿਕਤਾ ਤੋਂ ਸਾਨੂੰ ਬਚਣਾ ਚਾਹੀਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਧਰਤੀ ’ਤੇ ਪੈਦਾ ਹੋਇਆ ਹਰ ਮਨੁੱਖ ਆਪਣੇ ਆਪ ਵਿੱਚ ਵਿਲੱਖਣ ਹੈ।
ਇੱਕ ਅਧਿਆਪਕ ਸਕੂਲ ਤੋਂ ਆਪਣੇ ਘਰ ਮੁੜਦਾ ਤਾਂ ਇੱਕ ਵਿਅਕਤੀ ਜਿਸਦਾ ਘਰ ਅਧਿਆਪਕ ਦੇ ਰਸਤੇ ਵਿੱਚ ਸੀ, ਉਸ ਨਾਲ ਈਰਖਾ ਰੱਖਦਾ ਸੀ ਅਤੇ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਉਸ ਨਾਲ ਲੜਾਈ ਝਗੜੇ ਵਿੱਚ ਉਲਝੇ। ਉਹ ਉਹਦੇ ਰਸਤੇ ਵਿੱਚ ਅਕਸਰ ਪਾਣੀ ਡੋਲ੍ਹ ਦਿੰਦਾ। ਅਧਿਆਪਕ ਸਿਆਣਾ ਬੰਦਾ ਸੀ ਉਹ ਚਿੱਕੜ ਤੋਂ ਬਚ ਕੇ ਆਪਣੇ ਘਰ ਚਲਾ ਜਾਂਦਾ। ਆਸ-ਪਾਸ ਦੇ ਲੋਕ ਮਹੀਨਿਆਂ ਤੋਂ ਇਹ ਸਭ ਕੁਝ ਦੇਖਦੇ ਆ ਰਹੇ ਸਨ। ਇੱਕ ਦਿਨ ਇੱਕ ਵਿਅਕਤੀ ਨੇ ਅਧਿਆਪਕ ਨੂੰ ਕਿਹਾ ਤੁਸੀਂ ਉਸ ਵਿਅਕਤੀ ਨੂੰ ਸਬਕ ਕਿਉਂ ਨਹੀਂ ਸਿਖਾਉਂਦੇ, ਉਹ ਆਏ ਦਿਨ ਤੁਹਾਡੇ ਨਾਲ ਦੁਰਵਿਹਾਰ ਕਰਦਾ ਹੈ। ਸ਼ਾਂਤ ਚਿੱਤ ਅਧਿਆਪਕ ਨੇ ਕਿਹਾ, “ਤਖਲੀਫ ਵਿੱਚ ਉਹ ਹੈ, ਮੈਂ ਨਹੀਂ ਹਾਂ। ਦੇਖੋ ਉਹ ਵਿਚਾਰਾ ਕਿੰਨਾ ਤਰੱਦਦ ਕਰਦਾ ਹੈ।”
ਸਾਡਾ ਜੀਵਨ ਇਸ ਲਈ ਅਣਮੁੱਲਾ ਹੈ ਕਿਉਂਕਿ ਇਹ ਸੀਮਿਤ ਹੈ। ਇਹ ਕਿਸੇ ਇੱਕ ਵਿਅਕਤੀ ਨਾਲ ਉਲਝਣ ਲਈ ਨਹੀਂ ਹੈ। ਦੁਨੀਆਂ ਭਰ ਦੇ ਵਿਦਵਾਨ ਇਹ ਮੰਨਦੇ ਹਨ ਕਿ ਜੀਵਨ ਦਾ ਆਪਣੇ ਆਪ ਵਿੱਚ ਕੋਈ ਮਨੋਰਥ ਨਹੀਂ ਹੁੰਦਾ। ਇਹ ਮਨੋਰਥ ਮਨੁੱਖ ਨੂੰ ਆਪ ਘੜਨਾ ਪੈਂਦਾ ਹੈ। ਜੇਕਰ ਆਪਣੇ ਜੀਵਨ ਦੇ ਮਨੋਰਥ ਨੂੰ ਮਨੁੱਖ ਆਪਣੀਆਂ ਰੁਚੀਆਂ ਅਨੁਸਾਰ ਢਾਲ ਲਵੇ ਤਾਂ ਇਹ ਸੋਨੇ ਉੱਤੇ ਸੁਹਾਗੇ ਵਰਗੀ ਗੱਲ ਹੋ ਨਿੱਬੜਦੀ ਹੈ। ਆਪਣੇ ਜੀਵਨ ਦੀ ਰੁਚੀ ਦੀ ਤਲਾਸ਼ ਕਰਨ ਨੂੰ ਜਾਪਾਨ ਦੇ ਲੋਕ ਇਕਾਗਾਈ ਆਖਦੇ ਹਨ। ਇਕਾਗਾਈ ’ਤੇ ਬਹੁਤ ਸਾਰਾ ਜਾਪਾਨੀ ਸਾਹਿਤ ਹੈ ਜਿਸ ਨੂੰ ਪੜ੍ਹ ਕੇ ਅਸੀਂ ਇਸ ਵਿਸ਼ੇ ਦੀ ਮਹੱਤਤਾ ਨੂੰ ਸਮਝ ਸਕਦੇ ਹਾਂ। ਹੁਣ ਤਾਂ ਪੰਜਾਬੀ ਭਾਸ਼ਾ ਵਿੱਚ ਵੀ ਇਕਾਗਾਈ ਸਬੰਧੀ ਕਿਤਾਬਾਂ ਪ੍ਰਕਾਸ਼ਤ ਹੋ ਗਈਆਂ ਹਨ ਜੋ ਸਾਨੂੰ ਪੰਜਾਬੀਆਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਇਸਦਾ ਅਰਥ ਸੰਖੇਪ ਵਿੱਚ ਇਹ ਹੁੰਦਾ ਹੈ ਕਿ ਹਰ ਬੰਦੇ ਦੀ ਕਿਸੇ ਨਾ ਕਿਸੇ ਚੀਜ਼ ਵਿੱਚ ਗਹਿਰੀ ਰੁਚੀ ਹੁੰਦੀ ਹੈ ਜਿਸ ਬਾਰੇ ਅਕਸਰ ਉਸ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ। ਜਿਵੇਂ ਕਿਸੇ ਨੂੰ ਰੁੱਖ ਜਾਂ ਫੁੱਲ ਬੂਟੇ ਲਾਉਣ ਵਿੱਚ ਰੁਚੀ ਹੈ, ਕਿਸੇ ਨੂੰ ਲਿਖਣ ਵਿੱਚ, ਕਿਸੇ ਨੂੰ ਪੜ੍ਹਨ ਵਿੱਚ, ਕਿਸੇ ਨੂੰ ਚਿਤਰਕਾਰੀ ਵਿੱਚ, ਕਿਸੇ ਨੂੰ ਗਾਉਣ, ਐਕਟਿੰਗ ਕਰਨ, ਕਿਸੇ ਨੂੰ ਖਾਣਾ ਬਣਾਉਣ ਜਾਂ ਡਰਾਇਵਿੰਗ ਕਰਨ ਵਿੱਚ। ਇਸ ਤਰ੍ਹਾਂ ਜਿਸ ਕੰਮ ਨੂੰ ਕਰਦਿਆਂ ਅਸੀਂ ਉਸ ਵਿੱਚ ਲੀਨ ਹੋ ਜਾਈਏ ਅਤੇ ਇਹ ਕੰਮ ਕਰਨ ਤੋਂ ਬਾਅਦ ਸਾਡਾ ਮਨ ਸ਼ਾਂਤੀ ਅਤੇ ਅਨੰਦ ਦਾ ਅਨੁਭਵ ਕਰੇ, ਉਹ ਸਾਡੀ ਇਕਾਗਾਈ ਹੁੰਦੀ ਹੈ। ਹੁਣ ਕਈ ਵਾਰ ਬੰਦੇ ਦੀ ਪੂਰੀ ਜ਼ਿੰਦਗੀ ਬੀਤ ਜਾਂਦੀ ਹੈ, ਉਸ ਨੂੰ ਆਪਣੀ ਰੁਚੀ ਦੀ ਸਮਝ ਨਹੀਂ ਪੈਂਦੀ। ਕਈ ਦਹਾਕਿਆਂ ਬਾਅਦ ਮੈਨੂੰ ਇਹ ਪਤਾ ਚੱਲਿਆ ਕਿ ਕੁਝ ਵੀ ਲਿਖਣ ਤੋਂ ਬਾਅਦ ਮੇਰਾ ਮਨ ਬੜੀ ਤਸੱਲੀ ਅਤੇ ਅਨੰਦ ਮਹਿਸੂਸ ਕਰਦਾ ਹੈ। ਸਚਾਈ ਇਹ ਹੈ ਕਿ 45 ਸਾਲ ਦੀ ਉਮਰ ਤਕ ਮੈਂਨੂੰ ਇਸਦਾ ਪਤਾ ਨਹੀਂ ਸੀ। ਇਸ ਤਰ੍ਹਾਂ ਜਦੋਂ ਅਸੀਂ ਆਪਣੇ ਇਕਾਗਾਈ ਲੱਭ ਲਈਏ ਤਾਂ ਸਾਨੂੰ ਇਸ ਲਈ ਕੰਮ ਕਰਨਾ ਚਾਹੀਦਾ ਹੈ।
ਦੁਨੀਆ ਦੇ ਵੱਡੇ ਫਿਲਾਸਫਰ ਪਲੈਟੋ ਅਨੁਸਾਰ ਜੀਵਨ ਦਾ ਉਦੇਸ਼ ਨੈਤਿਕ ਆਚਾਰ, ਗਿਆਨ ਅਤੇ ਸਚਾਈ ਦੀ ਨਿਰੰਤਰ ਖੋਜ ਕਰਦੇ ਰਹਿਣ ਵਿੱਚ ਹੈ, ਜੋ ਮਨੁੱਖ ਨੂੰ ਗਿਆਨਵਾਨ ਅਵਸਥਾ ਤਕ ਲੈ ਕੇ ਜਾਣ। ਇਸੇ ਤਰ੍ਹਾਂ ਆਧੁਨਿਕ ਵਿਚਾਰਕ ਇਮੈਨੁਅਲ ਕਾਂਟ ਆਖਦਾ ਹੈ, ਮਨੁੱਖ ਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਜੋ ਜਗਤ ਲਈ ਸਰਵਜਨਕ ਤੌਰ ’ਤੇ ਮਾਣ ਕਰਨ ਯੋਗ ਹੋਵੇ ਅਤੇ ਮਾਨਵਤਾ ਇਸ ’ਤੇ ਮਾਣ ਅਤੇ ਫਖਰ ਮਹਿਸੂਸ ਕਰ ਸਕੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਵਿਚਾਰ ਬੜੀ ਵੱਡੀ ਮਹੱਤਤਾ ਰੱਖਦੇ ਹਨ। ਉਹ ਪੁਰਾਤਨ ਰੂੜ੍ਹੀਵਾਦੀ ਕਰਮ ਕਾਂਡਾਂ ਨੂੰ ਛੱਡ ਕੇ, ਨੀਵੇਂ ਰਹਿ ਕੇ, ਸੱਚੀ-ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਨੂੰ ਤਰਜੀਹ ਦਿੰਦੇ ਹਨ। ਗੁਰੂ ਸਾਹਿਬ ਕੁਦਰਤ ਦੇ ਇਸ ਪਸਾਰੇ ਵਿੱਚ ਵਿਚਰਦਿਆਂ ਮਨੁੱਖ ਨੂੰ ਕੁਦਰਤ ਦਾ ਸਤਿਕਾਰ ਕਰਨ ਦੀ ਵੀ ਤਾਗੀਦ ਕਰਦੇ ਹਨ।
ਫ੍ਰੈਡਰਿਕ ਨੀਤਸ਼ੇ ਨੇ ਆਪਣੀ ਕਿਤਾਬ God is Dead ਵਿੱਚ ਲਿਖਿਆ ਹੈ: ਪੁਰਾਣੀਆਂ ਰੁੜ੍ਹੀਵਾਦੀਆਂ ਦੀਆਂ ਘੜੀਆਂ-ਘੜਾਈਆਂ ਧਾਰਨਾਵਾਂ ਮਨੁੱਖ ਨੂੰ ਉਸਦੀ ਅਸਲ ਸ਼ਕਤੀ ਨਾਲ ਵਾਕਫ ਨਹੀਂ ਹੋਣ ਦਿੰਦੀਆਂ। ਉਸਨੇ ਮਨੁੱਖ ਨੂੰ ਮਹਾਂਮਾਨਵ ਦਾ ਸੰਕਲਪ ਦਿੱਤਾ ਜੋ ਆਪਣੇ ਬਲਬੂਤੇ ’ਤੇ ਜੀਵਨ ਨੂੰ ਸੰਘਰਸ਼ ਅਤੇ ਸਿਰਜਣਾਤਮਿਕਤਾ ਨਾਲ ਜਿਊਂਦਾ ਹੈ। ਨੀਤਸ਼ੇ ਲਈ ਜੀਵਨ ਦਾ ਮਕਸਦ ਦੁੱਖਾਂ, ਸੰਕਟਾਂ ਦੇ ਬਾਵਜੂਦ ਸੰਘਰਸ਼ ਕਰਦਿਆਂ ਰਚਨਾਤਮਿਕ ਵਿਕਾਸ ਕਰਨਾ ਹੈ।
ਆਪਣੇ ਜੀਵਨ ਦੇ ਸਮੇਂ ਦੌਰਾਨ ਜਿੰਨਾ ਸਮਾਂ ਅਸੀਂ ਇਸ ਕਾਫਲੇ ਨਾਲ ਜੁੜੇ ਹੋਏ ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਤੋਂ ਕਦੇ ਵੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਅਸੀਂ ਇਸ ਧਰਤੀ ’ਤੇ ਜੀਵਨ ਦੇ ਇਸ ਕਾਫਲੇ ਨਾਲ ਵਿਚਰਦਿਆਂ ਕੁਝ ਅਜਿਹੀਆਂ ਪਿਰਤਾਂ ਪਾਈਏ ਕਿ ਸਾਡੀ ਇੱਥੇ ਹਾਜ਼ਰੀ ਸਾਰਥਕ ਹੋਵੇ। ਅਸੀਂ ਆਪਣੇ ਜੀਵਨ ਨੂੰ ਸਮਝਦਿਆਂ-ਜਾਣਦਿਆਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰੀਏ ਜੋ ਸਮੁੱਚੀ ਮਾਨਵਤਾ ਲਈ ਫਖਰ ਕਰਨ ਯੋਗ ਹੋਵੇ। ਅਜਿਹਾ ਅਸੀਂ ਇੱਕ ਦਰੱਖਤ ਲਾ ਕੇ ਵੀ ਕਰ ਸਕਦੇ ਹਾਂ, ਕਿਸੇ ਗਰੀਬ ਦੀ ਮਦਦ ਕਰਕੇ ਵੀ ਕਰ ਸਕਦੇ ਹਾਂ, ਇੱਕ ਨਿਤਾਣੇ ਬੰਦੇ ਦਾ ਇਲਾਜ ਕਰਵਾ ਕੇ ਵੀ ਕਰ ਸਕਦੇ ਹਾਂ, ਕਿਸੇ ਬੱਚੇ ਨੂੰ ਪੜ੍ਹਾਈ ਵਿੱਚ ਉਸਦੀ ਮਦਦ ਕਰਕੇ ਵੀ ਕਰ ਸਕਦੇ ਹਾਂ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਧਰਤੀ ’ਤੇ ਕੁਝ ਸਮੇਂ ਲਈ ਆਏ ਹਾਂ ਤਾਂ ਹਰ ਸਮੇਂ ਕੁਝ ਨਾ ਕੁਝ ਚੰਗਾ ਕਰਕੇ, ਕੁਝ ਸਿਰਜ ਕੇ ਜਾਈਏ।
ਜੀਵਨ ਦਾ ਅਨੰਦ ਮਾਣਨ ਲਈ ਰੁੱਖਾਂ, ਪੰਛੀਆਂ, ਫੁੱਲਾਂ-ਬੂਟਿਆਂ ਨਾਲ ਦੋਸਤੀ ਕਰੀਏ, ਅੰਬਰ ਨੂੰ ਨਿਹਾਰਨਾ ਸਿੱਖੀਏ, ਉਸ ਮਿੱਟੀ ਦੇ ਸ਼ੁਕਰਗੁਜਾਰ ਹੋਈਏ ਜੋ ਸਾਡੇ ਲਈ ਅੰਨ ਪੈਦਾ ਕਰਦੀ ਹੈ। ਮਨੁੱਖੀ ਸੱਭਿਅਤਾ ਦੌਰਾਨ ਧਰਤੀ ਦੇ ਉਹਨਾਂ ਸਭ ਲੋਕਾਂ, ਜਿਨ੍ਹਾਂ ਨੇ ਜੀਵਨ ਨੂੰ ਚੰਗਾ ਬਣਾਉਣ ਵਿੱਚ ਆਪਣਾ ਹੁਣ ਤਕ ਯੋਗਦਾਨ ਦਿੱਤਾ ਹੈ, ਉਹਨਾਂ ਦਾ ਧੰਨਵਾਦ ਕਰਨਾ ਸਿੱਖੀਏ। ਆਪਣੇ ਜੀਵਨ ਦੌਰਾਨ ਅਸੀਂ ਇਹ ਕੋਸ਼ਿਸ਼ ਕਰੀਏ ਕਿ ਧਰਤੀ ’ਤੇ ਭਵਿੱਖ ਵਿੱਚ ਜੀਵਨ ਪਹਿਲਾਂ ਨਾਲੋਂ ਵੀ ਵੱਧ ਸਫਲਤਾ ਨਾਲ ਵਿਗਸਦਾ, ਮੌਲਦਾ ਅਤੇ ਪ੍ਰਫੁੱਲਤ ਹੁੰਦਾ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (