GurcharanNoorpur7“ਆਪਣੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਪਦਾਰਥਾਂ ਨੂੰ ਇਕੱਠੇ ਕਰਨ ਦੀ ਲਾਲਸਾ ਤਹਿਤ ਮਨੁੱਖ ...”
(18 ਮਾਰਚ 2017)

 

ਜਦੋਂ ਤੱਕ ਇਸ ਧਰਤੀਤੇ ਵੰਨ-ਸੁਵੰਨਤਾ ਬਣੀ ਰਹੇਗੀ, ਉਦੋਂ ਤੱਕ ਸਾਡੀ ਜ਼ਿੰਦਗੀ ਵੀ ਬਹੁ-ਰੰਗੀ ਬਣੀ ਰਹੇਗੀ। ਕੁਦਰਤੀ ਵੰਨ-ਸੁਵੰਨਤਾ ਦੇ ਖਤਮ ਹੁੰਦਿਆਂ ਹੀ ਸਾਡੀ ਜ਼ਿੰਦਗੀ ਦੇ ਰੰਗ ਵੀ ਫਿੱਕੇ ਪੈਣ ਲੱਗ ਪੈਣਗੇ। ਸ਼ੀਸ਼ੇ ਦੇ ਮਰਤਬਾਨਾਂ ਵਿੱਚ ਤਾੜ ਕੇ ਰੱਖੀਆਂ ਮੱਛੀਆਂ ਤੋਂ ਅਸੀਂ ਦਰਿਆਵਾਂ, ਸਮੁੰਦਰਾਂ, ਨਦੀਆਂ ਦੀ ਵਿਸ਼ਾਲਤਾ ਦੇ ਦਰਸ਼ਨ ਨਹੀਂ ਕਰ ਸਕਦੇ। ਗੱਡੀਆਂ ਵਿੱਚ ਟੰਗੀਆਂ ਬਨਾਉਟੀ ਚਿੜੀਆਂ, ਤੋਤੇ, ਗਟਾਰਾਂ ਸਾਡੇ ਮਨਾਂ ਨੂੰ ਸੰਗੀਤਕ ਹੁਲਾਰੇ ਨਹੀਂ ਦੇ ਸਕਦੇ

ਅਸੀਂ ਕੁਦਰਤੀ ਬਨਸਪਤੀ ਅਤੇ ਜੰਗਲਾਂ ਨੂੰ ਸਾਫ਼ ਕਰ ਕੇ ਧਰਤੀ ਨੂੰ ਜਾਂ ਤਾਂ ਪਲਾਟਾਂ ਦਾ ਰੂਪ ਦੇ ਦਿੱਤਾ ਜਾਂ ਫਿਰ ਉਸ ਥਾਂ ਉੱਤੇ ਕੰਕਰੀਟ ਦੇ ਜੰਗਲ ਉਸਾਰ ਲਏ। ਸਾਡੇ ਵੱਡੇ-ਵਡੇਰਿਆਂ ਵੱਲੋਂ ਖੂਹਾਂ ਦੇ ਮੌਣਾਂਤੇ ਲਗਾਏ ਰੁੱਖਾਂ ਦੇ ਝੁੰਡ ਫਰਨੀਚਰ ਦੇ ਰੂਪ ਵਿੱਚ ਸਾਡੇ ਘਰਾਂ ਦਾ ਸ਼ਿੰਗਾਰ ਬਣ ਗਏ। ਸੀਮੈਂਟ ਦੀਆਂ ਬਣੀਆਂ ਛੱਤਾਂ ਅਤੇ ਸ਼ੀਸ਼ੇ ਦੀਆਂ ਬਾਰੀਆਂ ਵਾਲੇ ਘਰ ਉਸਾਰ ਕੇ ਅਸੀਂ ਉਹਨਾਂ ਪੰਛੀਆਂ ਤੋਂ ਸਦਾ ਲਈ ਵਿੱਛੜ ਗਏ, ਜੋ ਸਾਡੇ ਘਰਾਂ ਵਿੱਚ ਮਹਿਮਾਨ ਬਣ ਕੇ ਸਾਡੇ ਨਾਲ ਰਹਿੰਦੇ ਸਨ।  ਕੱਚੀਆਂ ਕੰਧਾਂ, ਪੁਰਾਣੇ ਰੁੱਖ, ਖੁੱਡਾਂ-ਖੋਲੇ ਹੁਣ ਕਿਤੇ ਨਹੀਂ ਬਚੇ। ਸਾਡੇ ਉਹ ਪੰਛੀ, ਚਿੜੀਆਂ, ਤੋਤੇ, ਗਟਾਰਾਂ, ਜੋ ਅਜਿਹੀਆਂ ਥਾਂਵਾਂਤੇ ਆਲ੍ਹਣੇ ਪਾਉਂਦੇ ਸਨ, ਹੁਣ ਆਲ੍ਹਣੇ ਪਾਉਣ ਤਾਂ ਪਾਉਣ ਕਿੱਥੇ?

ਕੁਝ ਦਹਾਕੇ ਪਹਿਲਾਂ ਦੇ ਸਾਡੇ ਪਿੰਡਾਂ ਵਿੱਚ ਕੁਝ ਸਾਂਝੀਆਂ ਥਾਂਵਾਂ ਹੁੰਦੀਆਂ ਸਨ, ਜਿੱਥੇ ਇੱਕ-ਦੋ ਵੱਡੇ ਰੁੱਖ ਪਿੱਪਲ ਜਾਂ ਬੋਹੜ ਹੁੰਦੇ ਸਨ। ਉੱਚਾ ਉੱਡਣ ਵਾਲੇ ਕੁਝ ਪੰਛੀ ਇਹਨਾਂ ਰੁੱਖ਼ਾਂਤੇ ਆਲ੍ਹਣੇ ਬਣਾਉਂਦੇ ਅਤੇ ਆਂਡੇ ਦਿੰਦੇ ਸਨ। ਇਸੇ ਤਰ੍ਹਾਂ ਹਰ ਪਿੰਡ ਵਿੱਚ ਇੱਕ ਛੱਪੜ ਹੁੰਦਾ ਸੀ, ਜੋ ਪਸ਼ੂਆਂ ਨੂੰ ਪਾਣੀ ਪਿਆਉਣ, ਨਹਾਉਣ ਲਈ ਵਰਤਿਆ ਜਾਂਦਾ ਸੀ। ਇੱਥੋਂ ਹੀ ਸਿਆਲ ਆਉਣ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੇ ਕੰਧਾਂ-ਕੌਲੇ ਲਿੱਪਣ ਲਈ ਗਿੱਲੀ ਮਿੱਟੀ ਲੈ ਕੇ ਜਾਂਦੇ ਸਨ। ਪੰਜਾਬ ਦੇ ਪਿੰਡਾਂ ਦੇ ਇਹਨਾਂ ਛੱਪੜਾਂ 'ਚ ਡੱਡੂ, ਮੱਛੀਆਂ, ਬਗਲੇ, ਕੱਛੂਕੁਮੇ, ਆਦਿ ਆਮ ਦੇਖੇ ਜਾ ਸਕਦੇ ਸਨ। ਚਿੜੀਆਂ, ਤੋਤੇ, ਲਾਲੀਆਂ, ਕਾਂ, ਕਬੂਤਰ, ਆਦਿ ਘਰਾਂ ਦੀਆਂ ਕੰਧਾਂ, ਖੁੱਡਾਂ-ਖੋਲਿਆਂ ਵਿੱਚ ਆਲ੍ਹਣੇ ਪਾਉਂਦੇ ਸਨ। ਜ਼ਿਆਦਾਤਰ ਪੰਛੀ ਉੱਚੇ ਵੱਡੇ ਦਰਖਤਾਂਤੇ ਆਲ੍ਹਣੇ ਪਾਉਂਦੇ ਸਨ। ਇਸ ਤਰ੍ਹਾਂ ਹਰ ਪਿੰਡ ਵਿੱਚ ਇੱਕ ਤਰ੍ਹਾਂ ਦਾ ਇੱਕ ਮਨਮੋਹਕ ਦ੍ਰਿਸ਼ ਸਿਰਜਿਆ ਨਜ਼ਰ ਆਉਂਦਾ ਸੀ। ਆਲ੍ਹਣੇ ਬਣਾਉਣ ਲਈ ਇਹ ਵੱਖ-ਵੱਖ ਪੰਛੀ ਵੱਖ-ਵੱਖ ਤਰ੍ਹਾਂ ਦੇ ਕੱਖਾਂ ਨੂੰ ਵਰਤਦੇ ਸਨ। ਕੁਝ ਪੰਛੀ ਅਜਿਹੇ ਵੀ ਹਨ, ਜਿਨ੍ਹਾਂ ਵਾਸਤੇ ਘਰ ਬਣਾਉਣ ਦਾ ਸਾਮਾਨ ਹੀ ਨਹੀਂ ਬਚਿਆ।

ਇੱਕ ਬੜਾ ਪਿਆਰਾ ਪੰਛੀ ਹੈ ਬਿੱਜੜਾ, ਜੋ ਸਰਕੜੇ ਨੂੰ ਚੀਰ ਕੇ ਆਪਣਾ ਘਰ ਬਣਾਉਂਦਾ ਹੈ। ਇਸ ਦਾ ਆਲ੍ਹਣਾ ਕਿੱਕਰਾਂ ਦੀਆਂ ਟਾਹਣੀਆਂ ਨਾਲ ਲਟਕਵੇਂ ਰੂਪ ਵਿੱਚ ਹੁੰਦਾ ਹੈ। ਦਹਾਕਾ ਕੁ ਪਹਿਲਾਂ ਬਿੱਜੜੇ ਦੇ ਆਲ੍ਹਣੇ ਕਿੱਕਰਾਂ ਨਾਲ ਲਟਕਦੇ ਬਾਹਰ ਖੇਤਾਂ ਵਿੱਚ ਆਮ ਨਜ਼ਰ ਆਉਂਦੇ ਸਨ, ਪਰ ਹੁਣ ਇਹ ਅਲੋਪ ਹੁੰਦੇ ਜਾ ਰਹੇ ਹਨ। ਅੱਜ ਕਿਤੇ ਵੀ ਸਰਕੜਾ ਨਹੀਂ ਰਿਹਾ ਅਤੇ ਕਿੱਕਰਾਂ ਵੀ ਸੁੱਕ ਗਈਆਂ ਹਨ। ਹੁਣ ਬਿੱਜੜਾ ਵਿਚਾਰਾ ਆਲ੍ਹਣਾ ਪਾਵੇ ਤਾਂ ਪਾਵੇ ਕਿੱਥੇ?

ਕੁਦਰਤੀ ਜੰਗਲਾਂ ਅਤੇ ਰੁੱਖਾਂ ਹੇਠਲਾ ਰਕਬਾ ਦਿਨੋ-ਦਿਨ ਘੱਟ ਹੁੰਦਾ ਜਾ ਰਿਹਾ ਹੈ। ਚੀਤੇ, ਸ਼ੇਰ, ਹਿਰਨ, ਆਦਿ ਜਾਨਵਰ ਬੜੀ ਘੱਟ ਗਿਣਤੀ ਵਿੱਚ ਬਚੇ ਹਨ।  ਤੇਜ਼ੀ ਨਾਲ ਜੰਗਲਾਂ ਨੂੰ ਸਾਫ਼ ਕਰ ਕੇ ਮਨੁੱਖ ਨੇ ਧਰਤੀ ਨੂੰ ਜਾਂ ਤਾਂ ਵਾਹੀ ਯੋਗ ਬਣਾ ਲਿਆ ਹੈ ਜਾਂ ਇਹਨਾਂ ਜੰਗਲਾਂ ਦੀ ਥਾਂਤੇ ਇਮਾਰਤਾਂ ਦੇ ਜੰਗਲ ਉਸਾਰਨੇ ਸ਼ੁਰੂ ਕਰ ਦਿੱਤੇ ਹਨ। ਬਹੁਤ ਸਾਰਾ ਰਕਬਾ ਅਜਿਹਾ ਹੈ, ਜਿੱਥੇ ਜਾਂ ਤਾਂ ਵੱਡੇ-ਵੱਡੇ ਡੇਰੇ ਉਸਾਰ ਲਏ ਗਏ ਜਾਂ ਭੂ-ਮਾਫੀਆ ਇਹਦੇਤੇ ਕਾਬਜ਼ ਹੋ ਗਿਆ। ਇਹਨਾਂ ਥਾਂਵਾਂਤੇ ਰੁੱਖ ਜਾਂ ਫਸਲਾਂ ਕੁਝ ਵੀ ਪੈਦਾ ਨਹੀਂ ਹੋ ਰਿਹਾ।

ਧਰਤੀਤੇ ਪੰਛੀਆਂ ਦੀ ਚਹਿਚਹਾਟ ਨੂੰ ਖਤਮ ਕਰਨ ਲਈ ਸਿੱਧੇ ਤੌਰਤੇ ਮਨੁੱਖ ਜ਼ਿੰਮੇਵਾਰ ਹੈ। ਕੁਝ ਸਾਲਾਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਬੱਤਖਾਂ, ਮੋਰਾਂ, ਬੁਲਬੁਲਾਂ ਦੀਆਂ ਤਸਵੀਰਾਂ ਕਿਤਾਬਾਂ ਵਿੱਚ ਹੀ ਦਿਖਾ ਸਕਾਂਗੇ।  ਹਕੀਕਤ ਵਿੱਚ ਇਹਨਾਂ ਪੰਛੀਆਂ ਨੂੰ ਦੇਖਣਾ ਸ਼ਾਇਦ ਉਹਨਾਂ ਨੂੰ ਨਸੀਬ ਨਾ ਹੋਵੇ। ਮਨੁੱਖ ਨੇ ਆਪਣੀਆਂ ਸਹੁਲਤਾਂ ਲਈ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਖਤਮ ਕਰਨ ਦਾ ਜਿਵੇਂ ਤਹੱਈਆ ਹੀ ਕਰ ਲਿਆ ਹੈ।

ਇੱਕ ਕਲਪਤ ਲੋਕ ਕਥਾ ਅਨੁਸਾਰ ਰੱਬ ਨੇ ਇਹ ਸ੍ਰਿਸ਼ਟੀ ਸਾਜਣ ਸਮੇਂ ਇੱਕ ਬੰਦੇ ਅਤੇ ਇੱਕ ਔਰਤ ਨੂੰ ਪੈਦਾ ਕੀਤਾ ਅਤੇ ਫਿਰ ਉਹਨਾਂ ਦਾ ਦਿਲ ਬਹਿਲਾਉਣ ਲਈ ਬਾਕੀ ਜੀਵ-ਜੰਤੂਆਂ ਅਤੇ ਵੰਨ-ਸੁਵੰਨੀ ਬਨਸਪਤੀ ਦਾ ਸੰਸਾਰ ਸਿਰਜ ਦਿੱਤਾ।  ਅੰਮਾ ਹਵਾ ਅਤੇ ਆਦਮ ਵਾਲੀ ਕਥਾ ਵੀ ਲਗਭਗ ਅਜਿਹੀ ਹੀ ਕਥਾ ਹੈ।  ਇਹਨਾਂ ਕਥਾਵਾਂ ਦਾ ਸਾਰ-ਅੰਸ਼ ਇਹ ਹੈ ਕਿ ਮਨੁੱਖ ਇੱਕ-ਮਾਤਰ ਸਭ ਤੋਂ ਉੱਤਮ ਜੀਵ ਹੈ ਅਤੇ ਇਸ ਦੇ ਆਲੇ-ਦੁਆਲੇ ਦੇ ਪੇੜ-ਪੌਦੇ, ਜੀਵ-ਜੰਤੂ ਇਸ ਦੇ ਮਨ-ਪ੍ਰਚਾਵੇ ਅਤੇ ਇਸ ਦੀ ਜ਼ਿੰਦਗੀ ਦੇ ਵਸੀਲੇ ਮਾਤਰ ਹਨ। ਲਗਭਗ ਹਰ ਇੱਕ ਧਾਰਮਿਕ ਗ੍ਰੰਥ ਵਿੱਚ ਕਈ ਥਾਂਈਂ ਅਜਿਹਾ ਜ਼ਿਕਰ ਅਉਂਦਾ ਹੈ ਕਿ ਮਨੁੱਖ ਧਰਤੀ ਦਾ ਸਭ ਤੋਂ ਉੱਤਮ ਜੀਵ ਹੈ, ਪਰ ਇਸ ਕਥਨ ਨੂੰ ਸਾਨੂੰ ਇਖਲਾਕੀ ਪੱਖ ਤੋਂ ਅਤੇ ਦੂਜੇ ਜਾਨਵਰਾਂ ਦੇ ਨਜ਼ਰੀਏ ਤੋਂ ਵੀ ਵੇਖਣਾ ਚਾਹੀਦਾ ਹੈ।

ਅੱਜ ਮਨੁੱਖ ਇਸ ਧਰਤੀਤੇ ਦੂਜੇ ਸਭ ਜੀਵਾਂ ਵਾਸਤੇ ਖਤਰਾ ਸਾਬਤ ਹੋ ਰਿਹਾ ਹੈ। ਇਸ ਧਰਤੀਤੇ ਰਹਿਣ ਦਾ ਬਾਕੀ ਜੀਵਾਂ ਦਾ ਵੀ ਓਨਾ ਹੀ ਅਧਿਕਾਰ ਹੈ, ਜਿੰਨਾ ਮਨੁੱਖ ਦਾ। ਸਗੋਂ ਇਹ ਕਹਿ ਸਕਦੇ ਹਾਂ ਕਿ ਇਸ ਧਰਤੀਤੇ ਜੇ ਸਿਰਫ਼ ਮਨੁੱਖ ਹੀ ਨਾ ਹੋਵੇ ਤਾਂ ਬਾਕੀ ਜੀਵ-ਜੰਤੂ ਬੜੇ ਆਰਾਮ ਨਾਲ ਸੁਖੀ ਜ਼ਿੰਦਗੀ ਬਤੀਤ ਕਰਨ। ਮਨੁੱਖ ਆਪਣੇ ਮੁਨਾਫਾ-ਕਮਾਊ ਰਵੱਈਏ ਨੂੰ ਹਰ ਹਾਲਤ ਵਿੱਚ ਹਰ ਥਾਂਤੇ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਲਾਗੂ ਕਰਦਾ ਆਇਆ ਹੈ। ਮਨੁੱਖ ਨੇ ਕੁਦਰਤੀ ਨਿਯਮਾਂ-ਵਰਤਾਰਿਆਂ ਵਿੱਚ ਹੱਦੋਂ ਵੱਧ ਦਖਲ-ਅੰਦਾਜ਼ੀ ਕਰਨੀ ਆਰੰਭ ਕਰ ਦਿੱਤੀ ਹੈ, ਜਿਸ ਕਰ ਕੇ ਪਿਛਲੇ ਕੁਝ ਅਰਸੇ ਤੋਂ ਕੁਝ ਜੀਵਾਂ ਦੀਆਂ ਨਸਲਾਂ ਬੜੀ ਤੇਜ਼ੀ ਨਾਲ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕੁਝ ਜੀਵ-ਜਾਤੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਮਨੁੱਖ ਦੁਆਰਾ ਸਫ਼ਾਇਆ ਹੀ ਕਰ ਦਿੱਤਾ ਗਿਆ ਹੈ। ਇਸ ਪਾਪ ਤੋਂ ਮਨੁੱਖ ਜਾਤੀ ਨੂੰ ਕਦੇ ਵੀ ਬਰੀ ਨਹੀਂ ਕੀਤਾ ਜਾ ਸਕਦਾ।

ਆਪਣੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਪਦਾਰਥਾਂ ਨੂੰ ਇਕੱਠੇ ਕਰਨ ਦੀ ਲਾਲਸਾ ਤਹਿਤ ਮਨੁੱਖ ਆਪਣੇ ਲਈ ਦੌਲਤ ਦੇ ਅੰਬਾਰ ਲਗਾ ਲੈਣ ਲਈ ਹਾਬੜਿਆ ਫਿਰਦਾ ਹੈ। ਦੁਨਿਆਵੀ ਪਦਾਰਥਾਂ ਨੂੰ ਇਕੱਠਾ ਕਰਨ ਦੀ ਹਵਸ ਕਾਰਨ ਮਨੁੱਖ ਆਪਣੇ ਕੁਦਰਤੀ ਵਸੀਲਿਆਂ ਨੂੰ ਲਗਾਤਾਰ ਨਸ਼ਟ ਕਰਦਾ ਜਾ ਰਿਹਾ ਹੈ। ਮੋਟਰ-ਗੱਡੀਆਂ, ਹਵਾਈ ਜਹਾਜ਼ਾਂ, ਰਾਕਟਾਂ, ਮਿਜ਼ਾਈਲਾਂ, ਕਾਰਖਾਨਿਆਂ, ਫੈਕਟਰੀਆਂ ਤੋਂ ਇਲਾਵਾ ਖੇਤੀ ਤੋਂ ਬਚੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਪੈਦਾ ਹੋਏ ਜ਼ਹਿਰੀਲੇ  ਧੂੰਏਂ ਨੇ ਵਾਤਾਵਰਣ ਨੂੰ ਪਲੀਤ ਕਰ ਦਿੱਤਾ ਹੈ। ਖਪਤ ਦੇ ਵਧਣ ਨਾਲ ਫੈਕਟਰੀਆਂ-ਕਾਰਖਾਨੇ ਵਧ ਰਹੇ ਹਨ। ਦਰਿਆਵਾਂ-ਨਦੀਆਂ ਦੇ ਪਾਣੀਆਂ ਦੀ ਸਵੱਛਤਾ ਖਤਮ ਹੋ ਗਈ ਹੈ। ਦਰਿਆ ਗੰਦੇ ਨਾਲਿਆਂ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ।  ਇਹਨਾਂ ਦੇ ਪਾਣੀਆਂਤੇ ਨਿਰਭਰ ਰਹਿਣ ਵਾਲੇ ਜੀਵਾਂ ਦੀਆਂ ਨਸਲਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਪਰਵਾਸੀ ਪੰਛੀਆਂ, ਜੋ ਸਰਦ ਰੁੱਤ ਵਿੱਚ ਸਾਡੇ ਮਹਿਮਾਨ ਬਣ ਕੇ ਦਰਿਆਵਾਂ-ਝੀਲਾਂਤੇ ਆਉਂਦੇ ਸਨ, ਦੀ ਗਿਣਤੀ ਘੱਟ ਹੋਣੀ ਆਰੰਭ ਹੋ ਗਈ ਹੈ।

ਫ਼ਸਲਾਂ ਤੋਂ ਵੱਧ ਤੋਂ ਵੱਧ ਝਾੜ ਲੈਣ ਅਤੇ ਮੁਨਾਫੇ ਵਾਲੀਆਂ ਫ਼ਸਲਾਂ ਬੀਜਣ ਦੇ ਰੁਝਾਨ ਕਾਰਨ ਜਿੱਥੇ ਜੀਵਾਂ ਅਤੇ ਪੌਦਿਆਂ ਦੀ ਵੰਨ-ਸੁਵੰਨਤਾ ਘਟੀ ਹੈ, ਉੱਥੇ ਵੱਡੀ ਪੱਧਰਤੇ ਕੀਤੇ ਜਾ ਰਹੇ ਜ਼ਹਿਰਾਂ ਦੇ ਛਿੜਕਾ ਨੇ ਕੁਦਰਤੀ ਸੰਤੁਲਨ ਨੂੰ ਵਿਗਾੜਨਾ ਆਰੰਭ ਕਰ ਦਿੱਤਾ ਹੈ। ਇਸ ਨਾਲ ਸਾਡਾ ਆਲਾ-ਦੁਆਲਾ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਪੰਛੀ ਮਰ ਰਹੇ ਹਨ, ਕੀੜੇ-ਮਕੌੜੇ, ਮੱਛਰ-ਮੱਖੀਆਂ ਵਧ ਰਹੇ ਹਨ, ਜਿਸ ਕਰ ਕੇ ਬਿਮਾਰੀਆਂ ਵਧ ਰਹੀਆਂ ਹਨ। ਮਨੁੱਖ ਦਾ ਅਰੋਗ ਰਹਿਣਾ ਇੱਕ ਕਿਸਮ ਦੀ ਚੁਣੌਤੀ ਬਣਦਾ ਜਾ ਰਿਹਾ ਹੈ। ਹਰ ਸਾਲ ਜ਼ਹਿਰਾਂ ਦੇ ਭਰੇ ਟਰੱਕ ਕਿਸਾਨ ਆਪਣੀਆਂ ਜ਼ਮੀਨਾਂ ਵਿੱਚ ਖਪਾ ਰਹੇ ਹਨ। ਅਜਿਹੀ ਭਿਆਨਕ ਬਣ ਰਹੀ ਸਥਿਤੀ ਵਿੱਚ ਇਹ ਪੰਛੀ, ਇਹ ਮਲੂਕ ਜਿੰਦਾਂ ਕਦੋਂ ਕੁ ਤੱਕ ਸਾਡੀਆਂ ਮਿੱਤਰ ਬਣੀਆਂ ਰਹਿਣਗੀਆਂ?

ਕੁਦਰਤੀ ਵਾਤਾਵਰਣ ਵਿੱਚ ਆਏ ਇਸ ਵਿਗਾੜ ਕਾਰਨ ਪੰਛੀਆਂ ਦੀਆਂ ਕਈ ਨਸਲਾਂ ਨਸ਼ਟ ਹੋ ਗਈਆਂ ਅਤੇ ਕਈਆਂਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।  ਮੱਛਰ, ਮੱਖੀਆਂ, ਸੁੰਡੀਆਂ, ਜੋ ਪੰਛੀਆਂ ਦੀ ਖ਼ੁਰਾਕ ਬਣਦੇ ਸਨ, ਵਧਣ ਲੱਗ ਪਏ ਹਨ। ਇਸ ਕਰ ਕੇ ਮਨੁੱਖ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਵੀ ਦੂਸ਼ਿਤ ਹੋਣ ਲੱਗ ਪਈਆਂ ਹਨ। ਸਾਡੀਆਂ ਹਵਾਵਾਂ, ਪਾਣੀਆਂ ਦੀ ਸ਼ੁੱਧਤਾ ਖਤਮ ਹੋਣ ਲੱਗੀ ਹੈ। ਕੁਦਰਤੀ ਵਾਤਾਵਰਣ ਵਿੱਚ ਕੀਤੀ ਹੱਦੋਂ ਵੱਧ ਦਖਲ-ਅੰਦਾਜ਼ੀ ਦੀ ਕੀਮਤ ਸਾਨੂੰ ਬਹੁਤ ਮਹਿੰਗੇ ਮੁੱਲ ਤਾਰਨੀ ਪਵੇਗੀ।

ਮਨੁੱਖ ਦੀ ਕੁਦਰਤ ਨਾਲ ਆਦਿ ਕਾਲ ਤੋਂ ਚਲੀ ਆ ਰਹੀ ਸਾਂਝ ਨੂੰ ਕਾਇਮ ਰੱਖਣ ਲਈ ਅੱਜ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾਵਾਂ ਅਤੇ ਖੂਬਸੂਰਤ ਫਿਜ਼ਾਵਾਂ ਵਿੱਚ ਸਾਹ ਲੈਣ ਤਾਂ ਸਾਨੂੰ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ। ਪਾਣੀ ਦੀ ਬੇਲੋੜੀ ਵਰਤੋਂ ਰੋਕਣੀ ਪਵੇਗੀ। ਰੁੱਖਾਂ ਦੀ ਸੰਭਾਲ ਕਰਨੀ ਅਤੇ ਹੋਰ ਰੁੱਖ ਲਗਾਉਣੇ ਪੈਣਗੇ। ਦਰਿਆਵਾਂ-ਨਦੀਆਂ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ। ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਰ ਹੀਲਾ ਵਰਤਣਾ ਪਵੇਗਾ। ਨਹਿਰਾਂ -ਸੜਕਾਂ ਦੇ ਕੰਢਿਆਂਤੇ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਮੁਹਿੰਮ ਚਲਾਉਣੀ ਪਵੇਗੀ।

ਆਉ, ਇਸ ਧਰਤੀਤੇ ਰਹਿਣ ਵਾਲੇ ਆਪਣੇ ਸਾਥੀ ਪੰਛੀਆਂ ਦੇ ਬਚਾਅ ਲਈ ਉਹਨਾਂ ਨੂੰ ਧਰਤੀਤੇ ਥਾਂ ਦੇਣ ਦੇ ਨਾਲ-ਨਾਲ ਆਪਣੇ ਦਿਲਾਂ ਵਿੱਚ ਵੀ ਥਾਂ ਦੇਈਏ ਤਾਂ ਕਿ ਕੁਦਰਤ ਦੇ ਅਨਮੋਲ ਸੁਹੱਪਣ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸੇ ਵਿੱਚ ਹੀ ਮਨੁੱਖਤਾ ਦੀ ਭਲਾਈ ਹੈ। ਇੱਕ ਸ਼ੇਅਰ ਨਾਲ ਆਪਣੀ ਗੱਲ ਸਮਾਪਤ ਕਰਦਾ ਹਾਂ:        

ਮੁਨਾਫਿਆਂ, ਖ਼ੁਦਗਰਜ਼ੀਆਂ ਤੇ ਲਾਲਚਾਂ ਦੇ ਦੌਰ ’ਚੋਂ,
ਪਰਿੰਦਿਆਂ ਦੀ ਚਹਿਕ ਲਈ
, ਕੁਝ ਕੁ ਛਾਂਵਾਂ ਰੱਖਿਓ।

*****

(638)ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author