GurcharanNoorpur7“ਅੱਜ ਸਮੇਂ ਦੀ ਇਹ ਮੰਗ ਹੈ ਕਿ ਵੋਟਾਂ ਵੇਲੇ ਜੋ ਹੱਥ ਲੋਕਾਂ ਅੱਗੇ ਜੁੜਦੇ ਹਨ ...”
(28 ਫਰਵਰੀ 2017)

 

15 ਅਗਸਤ 1947 ਨੂੰ ਅਸੀਂ ਆਜਾਦ ਹੋਏ। ਇਸੇ ਦਿਨ ਹੀ ਹਿੰਦੁਸਤਾਨ ਦੀ ਧਰਤੀ ਦੋ ਹਿੱਸਿਆਂ ਵਿੱਚ ਵੰਡੀ ਗਈ। ਉੱਤਰੀ ਭਾਰਤ ਦੇ ਖੁਸ਼ਹਾਲ ਖਿੱਤੇ ਪੰਜਾਬ ਨੂੰ ਆਜਾਦੀ ਦੀ ਬਹੁਤ ਵੱਡੀ ਕੀਮਤ ਤਾਰਨੀ ਪਈ। ਸਦੀਆਂ ਤੋਂ ਇਕੱਠੇ ਰਹਿ ਰਹੇ ਲੋਕ ਲੱਖਾਂ ਲੋਕਾਂ ਨੂੰ ਘਰਬਾਰ ਛੱਡ ਕੇ ਇੱਧਰੋਂ ਧਰਮ ਦੇ ਨਾਮ ‘ਤੇ ਨਵੇਂ ਬਣੇ ਦੇਸ਼ ਪਾਕਿਸਤਾਨ ਜਾਣਾ ਪਿਆ ਤੇ ਉੱਧਰੋਂ ਇੱਧਰ ਆਉਣਾ ਪਿਆ। ਇਹ ਧਰਮ ਅਧਾਰਤ ਵੰਡ ਸੀ। ਦਸ ਲੱਖ ਦੇ ਕਰੀਬ ਲੋਕ ਫਸਾਦਾਂ ਵਿੱਚ ਕਤਲ ਹੋਏ। ਹਜਾਰਾਂ ਮੁਟਿਆਰਾਂ ਨੇ ਇਸ ਦਿਨ ਆਪਣੀ ਇੱਜਤ ਆਬਰੂ ਬਚਾਉਣ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ। ਲੋਕ ਆਪਣੀਆਂ ਜੜ੍ਹਾਂ ਤੋਂ ਹਿੱਲ ਗਏ। ਆਪਣੇ ਆਪ ਨੂੰ ਗਵਾ ਆਏ ਲੋਕ ਸਾਲਾਂ ਤੱਕ ਆਪਣੇ ਆਪੇ ਨੂੰ ਲੱਭਦੇ ਬਰਬਾਦੀ ਦੀ ਦਾਸਤਾਨ ਸੁਣਾਉਂਦੇ ਅਤੇ ਅਤੀਤ ਨੂੰ ਯਾਦ ਕਰਕੇ ਹਉਕੇ ਭਰਦੇ ਅੱਜ ਵੀ ਵੇਖੇ ਜਾ ਸਕਦੇ ਹਨ। ਆਪਣੀ ਧਰਤੀ ਤੋਂ ਉੱਖੜ ਕੇ ਹਵਾ ਵਿੱਚ ਲਟਕਦੇ ਲੋਕ ਪੁੱਛਦੇ ਰਹੇ ਕਿ ਕੀ ਕਰਨੀ ਅਸੀਂ ਇਹ ਅਜਾਦੀ?

ਦੇਸ਼ ਨੂੰ ਆਜਾਦ ਕਰਾਉਣ ਲਈ ਹਰ ਧਰਮ ਜਾਤ ਦੇ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਪਰ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੇ ਹਿੱਸੇ ਆਈਆਂ। ਆਜਾਦੀ ਮਿਲਣ ਤੇ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਭੋਗਣਾ ਪਿਆ। ਜਿਸ ਆਜਾਦੀ ਦੇ ਅਸੀਂ ਜਸ਼ਨ ਮਨਾਉਂਦੇ ਹਾਂ ਇਹ ਉਹ ਆਜਾਦੀ ਨਹੀਂ ਹੈ ਜਿਸ ਨੂੰ ਸਾਡੇ ਮਹਾਨ ਸ਼ਹੀਦਾਂ ਨੇ ਚਿਤਵਿਆ ਸੀ। ਇੱਥੇ ਸਾਨੂੰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਸ਼ਬਦ ਯਾਦ ਆਉਂਦੇ ਹਨ ਜੋ ਫਾਂਸੀ ਦਿੱਤੇ ਜਾਣ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਆਪਣੇ ਕ੍ਰਾਂਤੀਕਾਰੀ ਸਾਥੀਆਂ ਦੇ ਨਾਂ ਇੱਕ ਖਤ ਵਿੱਚ ਲਿਖੇ ਸਨ। ਭਗਤ ਸਿੰਘ ਨੇ ਲਿਖਿਆ ਸੀ, ‘ਬਸਤੀਵਾਦੀ ਅੰਗਰੇਜ਼ ਹਕੂਮਤ ਖਿਲਾਫ ਲੜਾਈ ਸਾਡੀ ਅੰਤਿਮ ਲੜਾਈ ਨਹੀਂ, ਇਹ ਲੜਾਈ ਤਾਂ ਸਾਡਾ ਪਹਿਲਾ ਮੋਰਚਾ ਹੈ। ਅਸਲੀ ਲੜਾਈ ਤਾਂ ਇਸ ਤੋਂ ਬਾਅਦ ਨਾਬਰਾਬਰੀ ਅਤੇ ਬੇਇਨਸਾਫ ਦਾ ਖਾਤਮਾ ਕਰਨ ਲਈ ਲੜੀ ਜਾਵੇਗੀ।’

ਜੰਗ-ਏ-ਅਜਾਦੀ ਦੇ ਮਹਾਨ ਸ਼ਹੀਦਾਂ ਦੀਆਂ ਵੱਡੀਆਂ ਲਾਸਾਨੀ ਕੁਰਬਾਨੀਆਂ ਨਾਲ ਇਹ ਦੇਸ਼ ਆਜਾਦ ਹੋਇਆ। ਪਰ ਮਹਾਨ ਸ਼ਹੀਦਾਂ ਦੇ ਅਸਲ ਮਨੋਰਥ ਨੂੰ ਵਿਸਾਰ ਦਿੱਤਾ ਗਿਆ। ਜਿਸ ਨਿਜ਼ਾਮ ਨੂੰ ਬਦਲਣ ਲਈ ਆਜਾਦੀ ਦੀ ਵੇਦੀ ਤੇ ਹਜਾਰਾਂ ਸੂਰਬਾਰੀ ਕੁਰਬਾਨ ਹੋਏ ਦੇਸ਼ ਦੋ ਹਿੱਸਿਆ ਵਿੱਚ ਵੰਡਿਆ ਗਿਆ, ਉਹ ਨਿਜ਼ਾਮ ਨੂੰ ਬਦਲਿਆ ਨਹੀਂ ਜਾ ਸਕਿਆ। ਇਸ ਦਾ ਕਾਰਨ ਸ਼ਾਇਦ ਇਹ ਸੀ ਦੇਸ਼ ਦੇ ਲੋਕਾਂ ਨੂੰ ਵੱਡੇ ਲਾਰੇ ਲਾ ਕੇ ਪ੍ਰਚਾਇਆ ਗਿਆ। ਦੂਜਾ ਕਾਰਨ ਇਹ ਸੀ ਕਿ ਦੇਸ਼ ਵੰਡ ਨਾਲ ਬਰਬਾਦੀ ਦਾ ਸ਼ਿਕਾਰ ਹੋਏ ਲੱਖਾਂ ਲੋਕਾਂ ਨੂੰ ਰੋਜੀ ਰੋਟੀ ਦੇ ਫਿਕਰ ਨੇ ਉਹਨਾਂ ਸ਼ਹੀਦਾਂ ਦੇ ਅਸਲ ਮਨੋਰਥ ਤੋਂ ਭਟਕਾਅ ਦਿੱਤਾ।

ਆਜਾਦ ਭਾਰਤ ਦੇ ਲੋਕ ਪਿਛਲੇ 69 ਸਾਲਾਂ ਤੋਂ ਹਰ ਪੰਜ ਸਾਲ ਬਾਅਦ ਆਪਣੇ ਚੰਗੇ ਭਵਿੱਖ ਦੀ ਆਸ ਨਾਲ ਸਰਕਾਰਾਂ ਚੁਣਦੇ ਹਨ। ਹਰ ਵਾਰ ਚਿਹਰੇ ਬੇਸ਼ੱਕ ਬਦਲਦੇ ਹਨ ਪਰ ਬਾਹਲਾ ਕੁਝ ਬਦਲਦਾ ਨਹੀਂ ਅਤੇ ਨਾ ਹੀ ਬਦਲਣ ਦੀ ਆਸ ਨਜ਼ਰ ਆ ਰਹੀ ਹੈ। ਆਜਾਦੀ ਲਈ ਕੁਰਬਾਨੀਆਂ ਤਾਂ ਹਰ ਵਰਗ, ਜਾਤ, ਧਰਮ ਦੇ ਲੋਕਾਂ ਨੇ ਕੀਤੀਆਂ ਪਰ ਆਜਾਦੀ ਦਾ ਨਿੱਘ ਇੱਕ ਖਾਸ ਵਰਗ ਨੂੰ ਨਸੀਬ ਹੋਇਆ। ਇਹਨਾਂ ਵਿੱਚੋਂ ਕਈ ਘਰਾਣੇ ਉਹ ਹਨ ਜੋ ਆਜਾਦੀ ਤੋਂ ਪਹਿਲਾਂ ਅੰਗਰੇਜਾਂ ਹਕੂਮਤ ਦੇ ਵਫਾਦਾਰ ਬਣੇ ਰਹੇ।

ਬੇਸ਼ੱਕ ਦੇਸ਼ ਨੇ ਵੱਖ ਵੱਖ ਖੇਤਰਾਂ ਵਿੱਚ ਕੁਝ ਹੱਦ ਤੱਕ ਤਰੱਕੀ ਹਾਸਲ ਵੀ ਕੀਤੀ ਪਰ ਆਮ ਲੋਕਾਂ ਦੀਆਂ ਜਿਊਣ ਹਾਲਤਾਂ ਸੁਧਾਰਨ, ਨਿਆਂ, ਇਨਸਾਫ, ਗਰੀਬੀ, ਮੰਦਹਾਲੀ ਅਤੇ ਬੇਰੋਜ਼ਗਾਰੀ ਦੂਰ ਕਰਨ ਲਈ ਜੋ ਕੁਝ ਕੀਤਾ ਜਾਣਾ ਚਾਹੀਦਾ ਸੀ ਉਹ ਨਹੀਂ ਕੀਤਾ ਜਾ ਸਕਿਆ। ਆਜਾਦੀ ਤੋਂ ਬਾਅਦ ਇੱਥੇ ਅਮੀਰੀ ਗਰੀਬੀ ਦਾ ਪਾੜਾ ਬੜੀ ਤੇਜੀ ਨਾਲ ਵਧਿਆ ਹੈ। ਬਹੁ ਗਿਣਤੀ ਲੋਕ ਸੱਤ ਦਹਾਕੇ ਬੀਤਣ ਦੇ ਬਾਅਦ ਵੀ ਮੁੱਢਲੀਆਂ ਲੋੜਾਂ ਦੇ ਮੁਥਾਜ ਹਨ। ਲੱਖਾਂ ਬੇਘਰੇ ਲੋਕ ਗਲ ਪਾਟੀਆਂ ਲੀਰਾਂ ਪਾਈ ਪੁਲਾਂ, ਰੇਲਵੇ ਸਟੇਸ਼ਨਾਂ ਦੇ ਸਹਾਰੇ ਦਿਨ ਕਟੀਆਂ ਕਰ ਰਹੇ ਹਨ। ਕਿਸਾਨਾਂ ਮਜਦੂਰਾਂ ਦੀ ਬਾਂਹ ਫੜਨ ਵਾਲਾ ਕੋਈ ਨਜਰ ਨਹੀਂ ਆ ਰਿਹਾ। ਮੰਦਹਾਲੀ ਦਾ ਸ਼ਿਕਾਰ ਹੋਏ ਉਹ ਵੱਡੀ ਤਾਦਾਦ ਵਿੱਚ ਆਤਮ ਹੱਤਿਆਵਾਂ ਕਰ ਰਹੇ ਹਨ। ਆਜਾਦ ਭਾਰਤ ਦੀਆਂ ਰਾਜਗੱਦੀਆਂ ਦਾ ਨਿੱਘ ਮਾਣ ਰਹੇ ਅਤੇ ਮਾਣਦੇ ਆਏ ਲੋਕਾਂ ਲਈ ਇਹ ਸ਼ਰਮਨਾਕ ਗੱਲਾਂ ਹਨ। ਦੇਸ਼ ਦੇ ਲੱਖਾਂ ਪੜ੍ਹੇ ਲਿਖੇ ਨੌਜੁਆਨ ਲੜਕੇ ਲੜਕੀਆਂ ਸੜਕਾਂ ਚੌਕਾਂ ਵਿੱਚ ਰੋਜ਼ਗਾਰ ਲਈ ਧਰਨੇ ਮੁਜ਼ਾਰਹੇ ਕਰ ਕਰਦੇ ਹਨ। ਇਹਨਾਂ ਨੂੰ ਅੰਗਰੇਜ਼ ਹਕੂਮਤ ਦੀ ਤਰਜ਼ ’ਤੇ ਅਕਸਰ ਛੱਲੀਆਂ ਵਾਂਗ ਕੁੱਟਿਆ ਮਾਰਿਆ ਜਾਂਦਾ ਹੈ। ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਇਸ ਦੇਸ਼ ਮਾਲਕ ਤੁਸੀਂ ਨਹੀਂ ਹੋ ਬਲਕਿ ਰਾਜਗੱਦੀਆਂ ਤੇ ਬੈਠੇ ਲੋਕ ਹਨ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਨੀਤੀਆਂ ਘੜਨਗੇ। ਥਾਣਿਆਂ ਕਚਿਹਰੀਆਂ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ। ਨਿਆਂ ਇਨਸਾਫ ਲੈਣ ਲਈ ਲੋਕਾਂ ਨੂੰ ਇਸ ਦੀ ਵੱਡੀ ਕੀਮਤ ਤਾਰਨੀ ਪੈ ਰਹੀ ਹੈ।

ਸਾਡੇ ਦੇਸ਼ ਨੂੰ ਤਿੰਨ ਨਾਵਾਂ ਇੰਡੀਆ, ਭਾਰਤ ਅਤੇ ਹਿੰਦੁਸਤਾਨ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਆਜਾਦੀ ਤੋਂ ਬਾਅਦ ਦਾ ਦੇਸ਼ ਇਹਨਾਂ ਤਿੰਨ ਅਵਸਥਾਵਾਂ ਵਿੱਚ ਵੰਡਿਆ ਵੀ ਨਜ਼ਰ ਆਉਂਦਾ ਹੈ। ‘ਇੰਡੀਆ’ ਲਫਜ਼ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਸਰਕਾਰਾਂ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਤਾਕਤ ਰੱਖਦੇ ਹਨ। ਅਬਾਨੀਆਂ, ਅਡਾਨੀਆਂ, ਟਾਟਿਆਂ, ਬਿਰਲਿਆਂ ਦੀ ਇਸ ਜਮਾਤ ਕੋਲ ਬੇਤਹਾਸ਼ਾ ਸਰਮਾਇਆ ਇਕੱਠਾ ਹੋਇਆ। ਦੇਸ਼ ਦੇ ਕੇਵਲ 1% ਧਨਾਢ ਲੋਕ ਮੁਲਕ ਦੇ 50% ਸਰਮਾਏ ਤੇ ਕਾਬਜ਼ ਹਨ। ਦੇਸ਼ਾਂ ਦੇਸ਼ਾਤਰਾਂ ਦੇ ਹੱਦਾਂ ਬੰਨੇ ਇਹਨਾਂ ਲਈ ਕੋਈ ਅਰਥ ਨਹੀਂ ਰੱਖਦੇ। ਇਹ ਲੋਕ ਆਜਾਦੀ ਤੋਂ ਬਾਅਦ ਤੇਜ਼ੀ ਨਾਲ ਅਮੀਰ ਹੋਏ ਬੇਤਹਾਸ਼ਾ ਸਰਮਾਇਆ ਇਹਨਾਂ ਨੇ ਇਕੱਠਾ ਕੀਤਾ। ਸਰਕਾਰ ਕੋਈ ਵੀ ਹੋਵੇ, ਇਹਨਾਂ ਦੇ ਕਾਰੋਬਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਆਏ ਹਨ ਅਤੇ ਕਰ ਰਹੇ ਹਨ। ਸਰਕਾਰਾਂ ਇਹਨਾਂ ਦੇ ਜਾਨਮਾਲ ਦੀ ਰਾਖੀ ਕਰਕੇ ਆਪਣੇ ਧੰਨਭਾਗ ਸਮਝਦੀਆਂ ਹਨ। ਇਹਨਾਂ ਨੂੰ ਸਰਕਾਰੀ ਬੈਂਕਾਂ ਤੋਂ ਵੱਡੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਪ੍ਰਸ਼ਾਸਨਿਕ ਵਿਵਸਥਾ ਅਤੇ ਪੁਲੀਸ ਤੰਤਰ ‘ਇੰਡੀਆ’ ਦੀ ਸੇਵਾ ਲਈ ਤੱਤਪਰ ਰਹਿੰਦਾ ਹੈ।

ਦੂਜੀ ਜਮਾਤ ਜੋ ‘ਭਾਰਤ’ ਦੀ ਨੁਮਾਇੰਦਗੀ ਕਰਦੀ ਹੈ ਮੱਧ ਵਰਗੀ ਲੋਕ ਹਨ। ਇਹਨਾਂ ਦੇ ਹਾਲਾਤ ਭਾਵੇਂ ਠੀਕ ਹਨ, ਦੇਸ਼ ਦੇ ਵੱਖ ਵੱਖ ਖਿੱਤਿਆਂ ਵਿੱਚ ਅਕਸਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਦੋ ਇਹ ਜਮਾਤ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦੀ ਹੈ।

ਤੀਜੀ ‘ਹਿੰਦੁਸਤਾਨ’ ਸ਼ਬਦ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਦੀ ਅੱਜ ਵੀ ਹਾਲਤ ਉਹੀ ਹੈ ਜੋ ਆਜਾਦੀ ਤੋਂ ਪਹਿਲਾਂ ਸੀ। ਅਜਾਦੀ ਤੇ 69 ਸਾਲ ਬੀਤ ਜਾਣ ਤੇ ਵੀ ਦੇਸ਼ ਦੀ ਲਗਭਗ ਅੱਧੀ ਆਬਾਦੀ ਅਤਿ ਮੰਦੇ ਹਾਲ ਵਿੱਚ ਹੈ। ਇਹ ਲੋਕ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਢਾਂਚੇ ਵਾਲੇ ਇਸ ਦੇਸ਼ ਦੀ ਮੌਜੂਦਾ ਵਿਵਸਥਾ ਵਿੱਚ ਮਹਿਜ਼ ਵੋਟ ਬਣਕੇ ਰਹਿ ਗਏ ਹਨ।

ਦੇਸ਼ ਦੇ ਕਰੋੜਾਂ ਲੋਕ, ਜਿਹਨਾਂ ਦੇ ਵੱਡੇ ਵਡੇਰਿਆਂ ਨੇ ਦੇਸ਼ ਦੀ ਆਜਾਦੀ, ਵਿਕਾਸ ਅਤੇ ਤਰੱਕੀ ਲਈ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਖੂਨ ਪਸੀਨਾ ਵਹਾਇਆ, ਨੂੰ ਹਾਸ਼ੀਏ ’ਤੇ ਕਰ ਦੇਣ ਦੀ ਕਵਾਇਦ ਚੱਲ ਰਹੀ ਹੈ। ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਮਹਾਨ ਸੂਰਵੀਰਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕੇਵਲ ਲੋੜ ਵੇਲੇ ਹੀ ਯਾਦ ਕੀਤਾ ਜਾਂਦਾ ਹੈ। ਹਕੀਕਤ ਸ਼ਾਇਦ ਇਹ ਹੈ ਕਿ ਹਰ ਯੁੱਗ ਵਿੱਚ ਕੁਰਬਾਨੀਆਂ ਕਰਨ ਵਾਲੇ ਲੋਕ ਹੋਰ ਹੁੰਦੇ ਹਨ ਅਤੇ ਰਾਜਭਾਗ ਸੰਭਾਲਣ ਵਾਲੇ ਲੋਕ ਹੋਰ। ਦੇਸ਼ ਦੇ ਲੱਖਾਂ ਕਿਰਤੀ ਕਿਸਾਨ, ਮਜ਼ਦੂਰ, ਜੋ ਪੂਰੀ ਜਿੰਦਗੀ ਹੱਡ ਭੰਨਵੀਂ ਮਿਹਨਤ ਕਰਦੇ ਹਨ ਅਤੇ ਅੰਤ ਨੂੰ ਇਹਨਾਂ ਦੇ ਹੱਥ ਖਾਲੀ ਹੁੰਦੇ ਹਨ। ਇਹਨਾਂ ਕੋਲ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦਿਵਾਉਣ ਲਈ ਚੰਗੇ ਸਾਧਨ ਨਹੀਂ ਹਨ। ਮਾਮੂਲੀ ਬਿਮਾਰੀਆਂ ਦੇ ਇਲਾਜ ਲਈ ਪੈਸੇ ਨਹੀਂ ਹਨ। ਇਹਨਾਂ ਬਦਕਿਸਮਤ ਲੋਕਾਂ ਨੂੰ ਸਰਕਾਰਾਂ ਰੋਜ਼ਗਾਰ ਦੇ ਕੇ ਸਾਧਨ ਸੰਪੰਨ ਕਰਕੇ ਸਵੈਮਾਣ ਦੀ ਜਿੰਦਗੀ ਜਿਊਣ ਲਈ ਯਤਨ ਨਹੀਂ ਕਰਦੀਆਂ, ਬਲਕਿ ਖੈਰਾਤਾਂ ਲੈਣ ਲਈ ਇਹਨਾਂ ਨੂੰ ਦਹਾਕਿਆਂ ਤੋਂ ਨੀਲੇ ਪੀਲੇ ਕਾਰਡਾਂ ਵਿੱਚ ਉਲਝਾਇਆ ਜਾ ਰਿਹਾ ਹੈ। ਆਟਾ ਦਾਲ ਅਤੇ ਕਣਕ ਚੌਲ ਵੰਡ ਕੇ ਇਹਨਾਂ ਨੂੰ ਸਰਕਾਰਾਂ ਦੇ ਰਹਿਮੋਕਰਮ ਦੇ ਪਾਤਰ ਬਣਾ ਕੇ ਰੱਖਿਆ ਹੋਇਆ ਹੈ। ਤਕਨੀਕੀ ਵਿਕਾਸ ਅਤੇ ਮਸ਼ੀਨੀਕਰਨ ਨੇ ਹੱਥੀਂ ਕੰਮ ਕਰਨ ਵਾਲੇ ਕਿਰਤੀਆਂ ਦੇ ਰੋਜ਼ੀ ਰੋਟੀ ਦੇ ਵਸੀਲਿਆਂ ਨੂੰ ਕੁਝ ਕੁ ਹੱਥਾਂ ਵਿੱਚ ਦੇ ਦਿੱਤਾ ਹੈ ਇਹਨਾਂ ਲਈ ਸਰਕਾਰਾਂ ਵੱਲੋਂ ਰੋਜਗਾਰ ਦੇ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਕੰਮ ਦੇ ਘੰਟਿਆਂ ਨੂੰ ਘੱਟ ਕਰਨ ਅਤੇ ਸ਼ਿਫਟਾਂ ਵਿੱਚ ਕੰਮ ਦੇਣ ਦੀ ਕਵਾਇਦ ਸ਼ੁਰੂ ਹੋਣੀ ਚਾਹੀਦੀ ਸੀ ਪਰ ਇਸ ਪਾਸੇ ਵੱਲ ਰਾਜ ਕਰਦੀਆਂ ਸ਼ਕਤੀਆਂ ਦਾ ਕੋਈ ਧਿਆਨ ਨਹੀਂ। ਦਹਾਕਿਆਂ ਤੋਂ ਮੰਦਹਾਲੀ ਦਾ ਜੀਵਨ ਜਿਉਂ ਰਹੇ ਇਹਨਾਂ ਲੱਖਾਂ ਲੋਕਾਂ ਨੂੰ ਗਰੀਬੀ-ਮੰਦਹਾਲੀ ਵਿੱਚੋਂ ਕੱਢਣ ਲਈ ਦੇਸ਼ ਦੀ ਕਿਸੇ ਪਾਰਟੀ ਕੋਲ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਹਰ ਵਾਰ ਇਹਨਾਂ ਕਿਸਮਤ ਦੇ ਮਾਰੇ ਲੋਕਾਂ ਨੂੰ ਥੋਕ ਵਿੱਚ ਨਾਹਰੇ ਵਾਅਦੇ ਵੇਚੇ ਜਾਂਦੇ ਹਨ। ਇਹਨਾਂ ਨੂੰ ਆਟੇ ਦਾਲ ਵਰਗੇ ਪ੍ਰੋਗਰਾਮ ਪੇਸ਼ ਕਰਕੇ ਮਾਣ ਮਹਿਸੂਸ ਕਰਵਾਇਆ ਜਾ ਰਿਹਾ ਹੈ।

ਹਰ ਪੰਜ ਸਾਲ ਬਾਅਦ ਦੇਸ਼ ਦੇ ਆਜਾਦੀ ਦਿਹਾੜੇ ’ਤੇ ਹੁੰਦੇ ਸਰਕਾਰੀ ਪ੍ਰੋਗਰਾਮਾਂ ਵਿੱਚ ਤਰਕੀਰਾਂ ਵਿੱਚ ਇਹ ਕਿਹਾ ਜਾਂਦਾ ਹੈ ਦੇਸ਼ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣਾ ਅਜੇ ਬਾਕੀ ਹੈ। ਜੇਕਰ ਸੱਤ ਦਹਾਕੇ ਬੀਤਣ ਦੇ ਬਾਅਦ ਵੀ ਦੇਸ਼ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ ਤਾਂ ਕੌਣ ਲੋਕ ਹਨ ਜੋ ਇਸ ਵਿੱਚ ਰੁਕਾਵਟਾਂ ਬਣਦੇ ਆਏ ਹਨ? ਦੇਸ਼ ਦਾ ਪੜ੍ਹਿਆ ਲਿਖਿਆ ਤਬਕਾ ਬੜੀ ਤੇਜ਼ੀ ਨਾਲ ਬਾਹਰਲੇ ਮੁਲਕਾਂ ਦਾ ਰੁਖ ਕਰ ਰਿਹਾ ਹੈ। ਬੇਰੋਜ਼ਗਾਰੀ ਸਭ ਤਰ੍ਹਾਂ ਦੇ ਹੱਦਬੰਨੇ ਪਾਰ ਗਈ ਹੈ। ਇੱਕ ਪੀਅਨ ਦੀ ਨੌਕਰੀ ਲਈ ਇੱਕ ਲੱਖ ਲੋਕ ਇਕੱਠੇ ਹੋ ਜਾਂਦੇ ਹਨ। ਪ੍ਰਸ਼ਾਸਨਿਕ ਵਿਵਸਥਾ ਸੁਧਰਨ ਦੀ ਬਜਾਏ ਦਿਨੋਂ ਦਿਨ ਵਿਗੜ ਰਹੀ ਹੈ। ਦੇਸ਼ ਦਾ ਕੁਦਰਤੀ ਵਾਤਾਵਰਣ ਤੇਜ਼ੀ ਨਾਲ ਬਰਬਾਦ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬੇਵਿਸ਼ਵਾਸੀ ਦਾ ਮਾਹੌਲ ਬਣ ਰਿਹਾ ਹੈ। ਵੱਡੇ ਪੱਧਰ ਤੇ ਫਿਰਕਾਪ੍ਰਸਤੀ ਨੂੰ ਜਾਣ ਬੁੱਝ ਹਵਾ ਦਿੱਤੀ ਜਾ ਰਹੀ ਹੈ। ਅੰਧਵਿਸ਼ਵਾਸ ਅਤੇ ਰੂੜੀਵਾਦੀ ਗਤੀਵਿਧੀਆਂ ਦਾ ਪਾਸਾਰ ਤੇਜ਼ੀ ਨਾਲ ਹੋ ਰਿਹਾ ਹੈ। ਹੱਕ ਸੱਚ ਅਤੇ ਨਿਆਂ ਇਨਸਾਫ ਦੀ ਗੱਲ ਕਰਦੀ ਹਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਾਇਦ ਇਸੇ ਲਈ ਆਜਾਦੀ ਦੇ ਤਰਾਨੇ ਪਹਿਲਾਂ ਵੀ ਗਾਏ ਜਾਂਦੇ ਸਨ ਅੱਜ ਵੀ ਗਾਏ ਜਾਂਦੇ ਹਨ ਪਰ ਇਹਨਾਂ ਵਿਚਲਾ ਜੋਸ਼ ਹੁਣ ਕੁੱਝ ਮੱਠਾ ਪੈ ਗਿਆ ਹੈ। ਆਮ ਲੋਕਾਂ ਵਿੱਚ ਆਜਾਦੀ ਪ੍ਰਤੀ ਉਤਸ਼ਾਹ ਵਧਣ ਦੀ ਬਜਾਏ ਘਟਣ ਲੱਗਿਆ ਹੈ।

ਦੇਸ਼ ਦੇ ਆਮ ਲੋਕਾਂ ਨੂੰ ਹੁਣ ਫੋਕੇ ਲਾਰਿਆਂ, ਵਾਅਦਿਆਂ, ਭਰੋਸਿਆਂ ਅਤੇ ਦਿਲਾਸਿਆਂ ਦੀ ਲੋੜ ਨਹੀਂ। ਅੱਜ ਸਮੇਂ ਦੀ ਇਹ ਮੰਗ ਹੈ ਕਿ ਵੋਟਾਂ ਵੇਲੇ ਜੋ ਹੱਥ ਲੋਕਾਂ ਅੱਗੇ ਜੁੜਦੇ ਹਨ ਰਾਜਗੱਦੀ ’ਤੇ ਬਹਿ ਕੇ ਉਹ ਲੋਕਾਂ ਲਈ ਮੁੱਕੇ ਨਾ ਬਣਨ। ਆਮ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਲਈ ਵੱਡੇ ਉਪਰਾਲੇ ਕੀਤੇ ਜਾਣ। ਫਿਰਕਾਪ੍ਰਸਤ ਤਾਕਤਾਂ ਨੂੰ ਪਛਾੜ ਕੇ ਦੇਸ਼ ਹਿਤਾਂ ਲਈ ਕੰਮ ਕੀਤੇ ਜਾਣ। ਪੂਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਦੀ ਬਾਂਹ ਫੜੀ ਜਾਵੇ। ਹਰ ਵਰਗ ਦੇ ਬੱਚਿਆਂ ਦੀ ਪੜ੍ਹਾਈ ਇੱਕਸਾਰ ਹੋਵੇ। ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ। ਆਮ ਲੋਕਾਂ ਦੀ ਜਾਨਮਾਲ ਦੀ ਰਾਖੀ ਲਈ ਸਰਕਾਰਾਂ ਆਪਣੇ ਫਰਜ ਸਮਝਣ। ਦੇਸ਼ ਦੇ ਕਰੋੜਾਂ ਨਾਗਰਿਕ ਜੋ ਆਜਾਦੀ ਦੇ ਹੱਕਾਂ ਤੋਂ ਵਿਰਵੇ ਹਨ, ਦੀ ਹਾਲਤ ਬਿਹਤਰ ਬਣਾਉਣ ਲਈ ਵੱਡੇ ਪ੍ਰੋਗਰਾਮ ਉਲੀਕੇ ਜਾਣ। ਆਮ ਲੋਕਾਂ ਲਈ ਵੋਟਾਂ ਦੌਰਾਨ ਵਕਤੀ ਜਿਹੇ ਫੈਸਲੇ ਨਾ ਲਏ ਜਾਣ ਬਲਕਿ ਲੋਕਾਂ ਦੀ ਬਿਹਤਰੀ ਲਈ ਵੱਡੇ ਪ੍ਰੋਗਰਾਮ ਬਣਾ ਕੇ ਉਹਨਾਂ ਤੇ ਕੰਮ ਹੋਵੇ।

*****

(617)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author