“ਪਰ ਭਗਤ ਸਿੰਘ ਅਤੇ ਊਧਮ ਸਿੰਘ ਜਿਹੇ ਲੋਕਨਾਇਕ ਵੀ ਇਸੇ ਧਰਤੀ ’ਤੇ ਪੈਦਾ ਹੋਏ ਹਨ, ਜਿਨ੍ਹਾਂ ਨੇ ...”
(23 ਨਵੰਬਰ 2025)
ਰਸੂਲ ਹਮਜਾਤੋਵ ਆਪਣੀ ਜਗਤ ਪ੍ਰਸਿੱਧ ਕਿਤਾਬ ‘ਮੇਰਾ ਦਾਗਿਸਤਾਨ’ ਵਿੱਚ ਝੂਠ ਅਤੇ ਸੱਚ ਦੀ ਵਾਰਤਾਲਾਪ ਨੂੰ ਬਿਆਨ ਕਰਦਿਆਂ ਲਿਖਦਾ ਹੈ ਕਿ ਇੱਕ ਦਿਨ ‘ਝੂਠ’ ‘ਸੱਚ’ ਨੂੰ ਆਖਣ ਲੱਗਾ, “ਦੇਖ, ਮੇਰਾ ਥਾਂ ਥਾਂ ’ਤੇ ਸਤਿਕਾਰ ਹੈ, ਲੱਖਾਂ ਲੋਕ ਮੇਰੇ ਨਾਲ ਹਨ। ਮੇਰੀ ਹੋਂਦ ਨਾਲ ਲੋਕ ਆਪਣੇ ਆਪ ਨੂੰ ਸਰੱਖਿਅਤ ਮਹਿਸੂਸ ਕਰਦੇ ਹਨ। ਸਿਰਫ ਕੁਝ ਕੁ ਦਲੇਰ ਆਦਮੀ ਹੀ ਮੇਰਾ ਵਿਰੋਧ ਕਰਨ ਦੀ ਹਿੰਮਤ ਰੱਖਦੇ ਹਨ ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ।”
ਜਵਾਬ ਵਿੱਚ ਸੱਚ ਨੇ ਝੂਠ ਨੂੰ ਕਿਹਾ, “ਹਾਂ, ਸੱਚ ਬੋਲਣ ਵਾਲੇ ਬਹੁਤ ਥੋੜ੍ਹੇ ਹਨ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕਵੀ ਆਪਣੇ ਸਭ ਤੋਂ ਚੰਗੇ ਗੀਤ ਸਮਰਪਿਤ ਕਰਦੇ ਹਨ।”
ਸਮੇਂ ਦੇ ਹਰ ਦੌਰ ਵਿੱਚ ਮੋਟੇ ਤੌਰ ’ਤੇ ਤਿੰਨ ਕਿਸਮ ਦੇ ਲੋਕ ਪੈਦਾ ਹੁੰਦੇ ਰਹੇ ਹਨ। ਇੱਕ ਆਪਣੀ ਵਿਚਾਰਧਾਰਾ ਨੂੰ ਦੂਜਿਆਂ ’ਤੇ ਜ਼ਬਰਦਸਤੀ ਠੋਸਣ ਵਾਲੇ। ਦੂਜੇ ਚੁੱਪ ਰਹਿਣ ਵਾਲੇ। ਤੀਜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ। ਇਨ੍ਹਾਂ ਵਿੱਚੋਂ ਤੀਜੀ ਕਿਸਮ ਦੇ ਲੋਕਾਂ ਦੀ ਗਿਣਤੀ ਹਰ ਯੁਗ ਵਿੱਚ ਬੜੀ ਸੀਮਿਤ ਰਹੀ ਹੈ, ਜਿਨ੍ਹਾਂ ਨੇ ਡੰਕੇ ਦੀ ਚੋਟ ’ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਰਅਤ ਕੀਤੀ। ਸੱਚ ਕਹਿਣ, ਸੁਣਨ ਅਤੇ ਲਿਖਣ ਵਾਲੇ ਜਾਗੀ ਹੋਈ ਜ਼ਮੀਰ ਵਾਲੇ ਲੋਕ ਹੁੰਦੇ ਹਨ। ਇਹ ਉਹ ਲੋਕ ਹੁੰਦੇ ਹਨ, ਜੋ ਲਕੀਰ ਦੇ ਫਕੀਰ ਨਹੀਂ ਬਣਦੇ।
ਭਗਤ ਸਿੰਘ ਨੇ ਕਿਹਾ ਸੀ, “ਗੁਲਾਮੀ ਦੀ ਲੰਮੀ ਉਮਰ ਭੋਗਣ ਨਾਲੋਂ ਆਜ਼ਾਦੀ ਲਈ ਅਣਖ ਦੀ ਮੌਤ ਮਰ ਜਾਣਾ ਕਿਤੇ ਬਿਹਤਰ ਹੈ।” ਸਦੀਆਂ ਤੋਂ ਹੱਕ ਸੱਚ ’ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਰਹੀ ਹੈ। ਪਰ ਸੱਚ ਬੋਲਿਆ ਜਾਂਦਾ ਰਿਹਾ ਹੈ, ਬੋਲਿਆ ਜਾਂਦਾ ਰਹੇਗਾ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਕਿਉਂਕਿ ਜਿੱਥੇ ਹਨੇਰਾ ਹੋਵੇ, ਉੱਥੇ ਚਾਨਣ ਦੇ ਛਿੱਟੇ ਦੇਣ ਵਾਲੇ ਵੀ ਜੰਮ ਪੈਂਦੇ ਹਨ। ਜਿੱਥੇ ਜ਼ੁਲਮ ਹੈ, ਉੱਥੇ ਜ਼ੁਲਮ ਨਾਲ ਲੋਹਾ ਲੈਣ ਵਾਲੇ ਵੀ ਪੈਦਾ ਹੁੰਦੇ ਹਨ। ਦੁਨਿਆਂ ਭਰ ਦਾ ਇਤਿਹਾਸ ਕਰਾਮਾਤਾਂ ਜਾਂ ਚਮਤਕਾਰਾਂ ਦਾ ਇਤਿਹਾਸ ਨਹੀਂ, ਸਗੋਂ ਮਨੁੱਖੀ ਜੱਦੋਜਹਿਦ ਦਾ ਇਤਿਹਾਸ ਹੈ।
ਜਿੱਥੇ ਸਚਾਈ ’ਤੇ ਪਹਿਰਾ ਦੇਣ ਵਾਲੇ ਲੇਖਕ, ਵਿਦਵਾਨ, ਫਿਲਾਸਫਰ ਦੁਨੀਆਂ ਨੂੰ ਜਾਗਰੂਕ ਕਰਦੇ ਆਏ ਹਨ, ਉੱਥੇ ਹੱਕ ਸੱਚ ਲਈ ਲੜਨ ਵਾਂਲਿਆਂ ਦਾ ਵੀ ਲੰਮਾ ਇਤਿਹਾਸ ਹੈ। ਇੱਕ ਸੌੜੀ ਅਤੇ ਅਮਾਨਵੀ ਸੋਚ ਲਈ ਹਿਟਲਰ ਵਰਗਾ ਤਾਨਾਸ਼ਾਹ ਹਜ਼ਾਰਾਂ ਬੇਕੂਸ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਚੰਗੇਜ਼ ਖਾਂ, ਮੁਸੋਲਿਨੀ ਵਰਗੇ ਲੋਕ ਤਾਕਤ ਦੇ ਹੰਕਾਰ ਨਾਲ ਲੱਖਾਂ ਲੋਕਾਂ ਦੇ ਕਤਲ ਕਰਕੇ ਨਾਇਕ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰ ਇਤਿਹਾਸ ਅਜਿਹੇ ਤਾਨਾਸ਼ਾਹਾਂ ਨੂੰ ਕਦੇ ਮੁਆਫ ਨਹੀਂ ਕਰਦਾ। ਹਰ ਦੌਰ ਵਿੱਚ ਪਰਖ ਪੜਚੋਲ ਕਰਨ ਵਾਲੇ ਦਾਨਿਸ਼ਵਰ ਵੀ ਪੈਦਾ ਹੁੰਦੇ ਹਨ ਜੋ ਗੰਧਲੇ ਪਾਣੀਆਂ ਨੂੰ ਨਿਤਾਰ ਕੇ ਲੋਕਾਂ ਨੂੰ ਸੱਚ ਦੇ ਰੂਬਰੂ ਕਰਦੇ ਹਨ।
ਜਿੱਥੇ ਇਸ ਦੁਨੀਆਂ ਵਿੱਚ ਵੱਡੇ-ਵੱਡੇ ਹਕੂਮਤਾਂ ਦੇ ਨਸ਼ੇ ਵਿੱਚ ਟੁੰਨ ਜਾਬਰ ਲੋਕ ਪੈਦਾ ਹੋਏ, ਉੱਥੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਲੋਕ ਨਾਇਕ ਵੀ ਮਾਵਾਂ ਨੇ ਪੈਦਾ ਕੀਤੇ। ਜਿੱਥੇ ਬਾਬਰ ਆਪਣੀ ਤਾਕਤ ਦੇ ਜ਼ੋਰ ਲੋਕਾਂ ’ਤੇ ਕਹਿਰ ਢਾਹੁੰਦਾ ਹੈ, ਉੱਥੇ ਬਾਬਾ ਗੁਰੂ ਨਾਨਕ ਦੇਵ ਜੀ ਉਸ ਨੂੰ ਸ਼ਰੇਆਮ ਸੱਚੀਆਂ ਅਤੇ ਖਰੀਆਂ-ਖਰੀਆਂ ਕਹਿੰਦੇ ਹਨ। ਜਿੱਥੇ ਵਜੀਦ ਖਾਨ ਜਬਰ ਜ਼ੁਲਮ ਦੀ ਅੱਤ ਕਰਦਾ ਹੈ, ਉੱਥੇ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਵੀ ਉਸ ਨਾਲ ਲੋਹਾ ਲੈਣ ਲਈ ਮੈਦਾਨ-ਏ-ਜੰਗ ਵਿੱਚ ਨਿੱਤਰਦਾ ਹੈ। ਜਕਰੀਆ ਖਾਨ, ਮੀਰ ਮੰਨੂ, ਅਬਦਾਲੀ, ਤੈਮੂਰ ਅਤੇ ਜਨਰਲ ਡਾਇਰ ਜਿਹੇ ਲੋਕਾਂ ਨੇ ਹਕੂਮਤਾਂ ਦੇ ਨਸ਼ੇ ਵਿੱਚ ਟੁੰਨ ਹੋ ਕੇ ਆਮ ਲੋਕਾਂ ’ਤੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕੀਤੀ ਪਰ ਭਗਤ ਸਿੰਘ ਅਤੇ ਊਧਮ ਸਿੰਘ ਜਿਹੇ ਲੋਕਨਾਇਕ ਵੀ ਇਸੇ ਧਰਤੀ ’ਤੇ ਪੈਦਾ ਹੋਏ ਹਨ, ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਡਟਣ ਦਾ ਸੰਕਲਪ ਲਿਆ। ਹਨੇਰਗਰਦੀ ਦਾ ਗੁਬਾਰ ਅੰਬਰ ’ਤੇ ਹਮੇਸ਼ਾ ਨਹੀਂ ਬਣਿਆ ਰਹਿਣਾ ਹੁੰਦਾ। ਦੇਰ ਸਵੇਰ ਸੱਚ ਦਾ ਸੂਰਜ ਜ਼ਰੂਰ ਚੜ੍ਹਦਾ ਹੈ।
ਆਦਿ ਕਾਲ ਤੋਂ ਹੀ ਦੁਨੀਆਂ ਦੀ ਬਹੁਗਿਣਤੀ ਆਪਣੇ ਆਪ ਨੂੰ ਝੂਠ ਅਤੇ ਅੰਧਵਿਸ਼ਵਾਸ ਦੇ ਹਨੇਰੇ ਵਿੱਚ ਸਰੱਖਿਅਤ ਮਹਿਸੂਸ ਕਰਦੀ ਆਈ ਹੈ। ਸੱਚ ਬੋਲਣ, ਲਿਖਣ ਅਤੇ ਸੁਣਨ ਵਿੱਚ ਬੜੇ ਖਤਰੇ ਹਨ, ਬੜੀਆਂ ਕਠਨਾਈਆਂ ਹਨ। ਸੱਚ ਬੋਲਣ, ਲਿਖਣ ਵਾਲਿਆਂ ਨੂੰ ਇਸਦੀ ਕੀਮਤ ਚੁਕਾਉਣੀ ਪੈਂਦੀ ਹੈ। ਸੱਚ ਬੋਲਣ ਵਾਲਿਆਂ ਨੂੰ ਸਦਾ ਨਵੇਂ ਰਾਹ ਤਲਾਸ਼ਣੇ ਪੈਂਦੇ ਰਹੇ ਹਨ। ਸਮਾਜ ਵਿੱਚ ਜਦੋਂ ਚਾਰ ਚੁਫੇਰੇ ਹਨੇਰੇ ਦਾ ਗੁਬਾਰ ਚੜ੍ਹਿਆ ਹੋਵੇ ਤਾਂ ਸੱਚ ਬੋਲਣਾ ਹੋਰ ਵੀ ਔਖਾ ਅਤੇ ਦਲੇਰੀ ਭਰਿਆ ਕਾਰਜ ਹੋ ਨਿੱਬੜਦਾ ਹੈ। ਕਿਹਾ ਜਾਂਦਾ ਹੈ ਕਿ ਸੱਚ ਬੋਲਣ ਵਾਲੇ ਦੇ ਕੋਲ ਕੋਈ ਨਹੀਂ ਖੜ੍ਹਦਾ। ਦੁਨੀਆਂ ਦੀ ਬਹੁਗਿਣਤੀ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੀ ਆਈ ਹੈ। ਅੱਜ ਵੀ ਵਿਗਿਆਨਕ ਸੋਚ ਰੱਖਣ ਵਾਲੇ ਲੇਖਕਾਂ, ਪੱਤਰਕਾਰਾਂ ਆਦਿ ਨੂੰ ਰੂੜ੍ਹੀਵਾਦੀ ਸੋਚ ਰੱਖਣ ਵਾਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।
‘ਜੀਵ ਵਿਕਾਸ’ ਦੀ ਖੋਜ ਕਰਕੇ ਦੁਨੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਲੋਕ ਪਾਗਲ ਸਮਝਦੇ ਰਹੇ। ਲਗਾਤਾਰ ਵੀਹ ਸਾਲ ਖੋਜ ਕਰਕੇ ਡਾਰਵਿਨ ਨੇ ਪਹਿਲੀ ਵਾਰ ਦੁਨੀਆਂ ਨੂੰ ਦੱਸਿਆ ਕਿ ਇਸ ਧਰਤੀ ’ਤੇ ਪੇੜ ਪੌਦੇ, ਬਨਸਪਤੀ, ਜੀਵ ਜੰਤੂ ਅਤੇ ਮਨੁੱਖ ਹੋਂਦ ਵਿੱਚ ਕਿਵੇਂ ਆਏ। ਡਾਰਵਿਨ ਨੂੰ ਉਸ ਸਮੇਂ ਦੇ ਕੱਟੜਵਾਦੀ ਧਾਰਮਿਕ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਸਦੀਆਂ ਲਿਖਤਾਂ ਨੂੰ ਗਲੀਆਂ ਬਜ਼ਾਰਾਂ ਵਿੱਚ ਸਾੜਿਆ ਗਿਆ। ਅੱਜ ਉਸੇ ਡਾਰਵਿਨ ਦਾ ਸਿਧਾਂਤ ਦੁਨੀਆਂ ਭਰ ਦੇ ਬੱਚੇ ਸਲੇਬਸਾਂ ਵਿੱਚ ਪੜ੍ਹਦੇ ਹਨ। ਜੀਵਨ ਦੀ ਉਤਪਤੀ ਸਬੰਧੀ ਅੱਜ ਉਸਦੀ ਖੋਜ ਨੂੰ ਸਰਬ ਸ੍ਰੇਸ਼ਠ ਮੰਨਿਆ ਜਾਂਦਾ ਹੈ। ਸੁਪਨਿਆਂ ਦੇ ਵਿਸ਼ਲੇਸ਼ਕ ਮਹਾਨ ਮਨੋਵਿਗਿਆਨੀ ਡਾ. ਸਿਗਮੰਡ ਫਰੌਇਡ ਨੇ ਆਪਣੀ ਖੋਜ ਰਾਹੀਂ ਮਨ ਦੀਆਂ ਪਰਤਾਂ ਦੇ ਗੁੱਝੇ ਭੇਤ ਨਸ਼ਰ ਕਰਕੇ ਡਾਕਟਰੀ ਮਨੋਵਿਗਿਆਨ ਦਾ ਮੁੱਢ ਬੰਨ੍ਹਿਆ, ਜਿਸ ਨਾਲ ਮਨੁੱਖ ਦੇ ਬਹੁਤ ਸਾਰੇ ਮਨੋਰੋਗਾਂ ਨੂੰ ਸਮਝ ਕੇ ਉਨ੍ਹਾਂ ਦਾ ਇਲਾਜ ਕਰਨ ਵਿੱਚ ਮਦਦ ਮਿਲ ਸਕੀ ਪਰ ਸਮੇਂ ਦੇ ਅਖੌਤੀ ਰੂੜ੍ਹੀਵਾਦੀ ਸੋਚ ਰੱਖਣ ਵਾਲਿਆਂ ਨੇ ਕਿਹਾ ਕਿ ਇਸਨੇ ਰੱਬ, ਧਰਮ ਅਤੇ ਧਾਰਮਿਕ ਗ੍ਰੰਥਾਂ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਉਸਦਾ ਦੁਨੀਆਂ ਭਰ ਵਿੱਚ ਡਟ ਕੇ ਵਿਰੋਧ ਹੋਇਆ। ਉਸਦੀਆਂ ਲਿਖਤਾਂ ਨੂੰ ਵੀ ਗਲੀਆਂ, ਚੌਰਾਹਿਆਂ ਵਿੱਚ ਸਾੜਿਆ ਗਿਆ। ਪਰ ਅੱਜ ਦੁਨੀਆਂ ਭਰ ਦੇ ਡਾਕਟਰ ਅਤੇ ਮਨੋਵਿਸ਼ਲੇਸ਼ਕ ਡਾ. ਫਰੌਇਡ ਨੂੰ ਅਜੋਕੇ ਮਨੁੱਖੀ ਮਨੋਵਿਗਿਆਨ ਦਾ ਪਿਤਾਮਾ ਮੰਨਦੇ ਹਨ। ਇਸੇ ਤਰ੍ਹਾਂ ਜਿਊਨਾਰਦੋ ਬਰੂਨੋ ਅਤੇ ਗੈਲਿਲੀਓ ਜਿਹੇ ਮਹਾਨ ਵਿਗਿਆਨੀਆਂ ਨੂੰ ਘੋਰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸੱਚ ਬੋਲਣ ਵਾਲਿਆਂ ਦਾ ਪਹਿਲਾਂ ਕੁਝ ਸਾਲ ਵਿਰੋਧ ਹੁੰਦਾ ਹੈ, ਫਿਰ ਕੁਝ ਸੋਚ ਵਿਚਾਰ ਕੀਤੀ ਜਾਂਦੀ ਹੈ। ਕੁਝ ਲੋਕ ਉਸ ਰਾਹ ’ਤੇ ਚਲਦੇ ਹਨ ਤੇ ਫਿਰ ਹੌਲੀ ਹੌਲੀ ਉਸ ਸਿਧਾਂਤ ਨੂੰ ਪ੍ਰਵਾਨਿਤ ਕਰ ਲਿਆ ਜਾਂਦਾ ਹੈ।
ਸਮੇਂ ਦੇ ਬਦਲਣ ਨਾਲ ਝੂਠ ਬੋਲਣ ਦੇ ਢੰਗ ਤਰੀਕੇ ਵੀ ਬਦਲ ਰਹੇ ਹਨ। ਅਜੋਕੇ ਵਿਗਿਆਨਕ ਯੁਗ ਵਿੱਚ ਝੂਠ ਬੋਲਣ ਲਈ ਵਿਗਿਆਨਕ ਤਕਨੀਕਾਂ ਦੀ ਮਦਦ ਲਈ ਜਾਂਦੀ ਹੈ। ਮਨੁੱਖ ਦੇ ਵਿਕਾਸ ਕਰਨ ਦੇ ਨਾਲ ਨਾਲ ਠੱਗੀਆਂ ਮਾਰਨ ਦੇ ਢੰਗ ਤਰੀਕੇ ਵੀ ਬੜੀ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ। ਝੂਠ ਫਰੇਬ ਨਾਲ ਇਕੱਠੇ ਕੀਤੇ ਧਨ ਸਬੰਧੀ ਨਮੋਸ਼ੀ ਦੀ ਥਾਂ ਮਾਣ ਕੀਤਾ ਜਾਣ ਲੱਗਿਆ ਹੈ। ਕੁਝ ਝੂਠ, ਜੋ ਸਦੀਆਂ ਪਹਿਲਾਂ ਸੱਚ ਪ੍ਰਤੀਤ ਹੁੰਦੇ ਸਨ, ਅੱਜ ਉਹਨਾਂ ਦਾ ਪਤਾ ਲੱਗ ਜਾਣ ’ਤੇ ਕਿ ਉਹ ਝੂਠ ਸਨ, ਬਹੁਗਿਣਤੀ ਉਹਨਾਂ ਨੂੰ ਅੱਜ ਵੀ ਸੱਚ ਮੰਨ ਰਹੀ ਹੈ। ਦੁਨੀਆਂ ਭਰ ਵਿੱਚ ਜਿੱਥੇ ਜਿੱਥੇ ਰੱਬ, ਮਜ਼ਹਬ, ਪਾਠ ਪੂਜਾ ਆਦਿ ਦਾ ਬੋਲਬਾਲਾ ਵਧੇਰੇ ਹੈ, ਉੱਥੇ ਝੂਠ, ਅਨਿਆਂ, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਵੀ ਸਿਖਰ ’ਤੇ ਹੈ। ਸਦੀਆਂ ਤੋਂ ਛਾਤਰ ਦਿਮਾਗ ਲੋਕ ਧਰਮਾਂ, ਮਜ੍ਹਬਾਂ ਅਤੇ ਰਾਜਨੀਤੀ ਦੇ ਨਾਂ ’ਤੇ ਝੂਠ ਬੋਲ ਕੇ ਲੋਕਾਈ ਨੂੰ ਗੁਮਰਾਹ ਕਰਦੇ ਆਏ ਹਨ। ਇਹ ਸਭ ਕੁਝ ਅੱਜ ਵੀ ਜਾਰੀ ਹੈ। ਸਾਡੇ ਭਾਰਤੀ ਸਮਾਜ ਵਿੱਚ ਦੁਨੀਆਂ ਦੇ ਮੁਕਾਬਲੇ ਝੂਠ ਅਤੇ ਬੇਈਮਾਨੀ ਦਾ ਬੋਲਬਾਲਾ ਵਧੇਰੇ ਹੈ। ਇਸਦਾ ਇੱਕ ਕਾਰਨ ਸ਼ਾਇਦ ਸਾਡੇ ਲੋਕਾਂ ਦਾ ਆਲਸੀ ਹੋਣਾ ਵੀ ਹੈ। ਮਨੋਕਲਪਿਤ ਦੇਵੀ ਦੇਵਤੇ, ਅਖੌਤੀ ਆਤਮਾਵਾਂ, ਭੂਤਾਂ ਪ੍ਰੇਤਾਂ ਅਤੇ ਨਰਕ ਸਵਰਗ ਦੇ ਡਰ ਆਲਸੀ ਲੋਕਾਂ ਵੱਲੋਂ ਇਜਾਦ ਕੀਤੇ ਗਏ। ਇਨ੍ਹਾਂ ਧਾਰਨਾਵਾਂ ਨੇ ਦੂਜਿਆਂ ਦੀ ਕਮਾਈ ’ਤੇ ਪਲਣ ਵਾਲਿਆਂ ਨੂੰ ਬਹੁਤ ਵੱਡਾ ਰੋਜ਼ਗਾਰ ਮੁਹਈਆ ਕਰਾਇਆ ਹੋਇਆ ਹੈ।
ਉਹ ਤਾਕਤਾਂ ਜੋ ਲੋਕਾਂ ਨੂੰ ਧਰਮ ਜਾਤ ਦੇ ਨਾਮ ’ਤੇ ਵੰਡਦੀਆਂ ਆਈਆਂ ਹਨ, ਜਿਨ੍ਹਾਂ ਦੀ ਰੋਟੀ ਫਿਰਕਾਪ੍ਰਸਤੀ ਦੇ ਤਵੇ ’ਤੇ ਪੱਕਦੀ ਹੈ, ਉਹ ਨਹੀਂ ਚਾਹੁੰਦੀਆਂ ਕਿ ਲੋਕ ਵਿਵੇਕਸ਼ੀਲ ਹੋਣ। ਦੁਨੀਆ ਭਰ ਦਾ ਇਤਿਹਾਸ ਦੱਸਦਾ ਹੈ ਕਿ ਧਰਤੀ ਦੇ ਜਿਹੜੇ-ਜਿਹੜੇ ਖਿੱਤਿਆਂ ਵਿੱਚ ਲੋਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਤਿਆਗ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਦੇ ਹਨ ਉਹਨਾਂ ਖਿੱਤਿਆਂ ਵਿੱਚ ਲੋਕ ਵਿਕਾਸ ਕਰਦੇ ਹਨ। ਇਹ ਸਮਾਜਿਕ, ਸਰੀਰਕ ਅਤੇ ਮਾਨਸਿਕ ਤੌਰ ’ਤੇ ਵਧੇਰੇ ਤੰਦਰੁਸਤ ਅਤੇ ਸਿਹਤਮੰਦ ਬਣਦੇ ਹਨ। ਇਸਦੇ ਉਲਟ ਦੁਨੀਆ ਦੇ ਜਿਹੜੇ ਖਿੱਤਿਆਂ ਵਿੱਚ ਲੋਕਾਂ ਨੂੰ ਫਿਰਕਾਪ੍ਰਸਤੀ, ਧਰਮਾਂ-ਮਜ਼ਹਬਾਂ ਦੇ ਨਾਮ ’ਤੇ ਲੜਾਇਆ ਮਰਵਾਇਆ ਜਾਂਦਾ ਹੈ, ਉੱਥੇ ਲੋਕਾਂ ਦਾ ਜੀਵਨ ਪੱਧਰ ਹੋਰ ਨਿੱਘਰ ਜਾਂਦਾ ਹੈ। ਸਹੀ ਅਰਥਾਂ ਵਿੱਚ ਆਪਣਾ ਵਿਕਾਸ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਵਿਵੇਕਸ਼ੀਲ ਬਣੀਏ, ਵਿਗਿਆਨਕ ਸੋਚ ਦੇ ਧਾਰਨੀ ਬਣੀਏ, ਤਾਂ ਹੀ ਅਸੀਂ ਆਪਣਾ ਅਤੇ ਆਪਣੇ ਸਮਾਜ ਦਾ ਵਿਕਾਸ ਕਰਨ ਦੇ ਸਮਰੱਥ ਬਣ ਸਕਦੇ ਹਾਂ। ਰੂੜ੍ਹੀਵਾਦੀ ਧਾਰਨਾਵਾਂ ਅਤੇ ਪਖੰਡ ਕਰਨ ਵਾਲੇ ਲੋਕ ਵਿਗਿਆਨਕ ਸੋਚ ਦੇ ਧਾਰਨੀ ਲੋਕਾਂ ਨਾਲੋਂ ਵਧੇਰੇ ਝੂਠ-ਫਰੇਬ ਕਰਦੇ ਹਨ। ਅੱਜ ਦਾ ਦੌਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦਾ ਦੌਰ ਹੈ। ਪੜ੍ਹੇ ਲਿਖੇ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਠੱਗੇ ਜਾਣਾ ਹੁਣ ਆਮ ਵਰਤਾਰਾ ਬਣ ਗਿਆ ਹੈ। ਧਰਮ-ਕਰਮ, ਸਿਆਸਤ, ਸਿੱਖਿਆ, ਸਿਹਤ ਸਹੂਲਤਾਂ ਵਰਗੇ ਲੋਕ ਭਲਾਈ ਦੇ ਖੇਤਰਾਂ ਵਿੱਚ ਫਰੇਬ ਕਰਕੇ ਅੱਗੇ ਵਧਣ ਵਿੱਚ ਫਖਰ ਮਹਿਸੂਸ ਕੀਤਾ ਜਾਂਦਾ ਹੈ। ਹੁਣ ਮਾਨਵਜਾਤ ਕੋਲ ਬਹੁਤ ਸਾਰਾ ਗਿਆਨ ਇਕੱਠਾ ਹੋ ਗਿਆ ਹੈ ਅਤੇ ਹਰ ਦਿਨ ਇਸ ਵਿੱਚ ਹੋਰ ਵਾਧਾ ਹੋ ਰਿਹਾ ਹੈ। ਇਸ ਗਿਆਨ ਦੇ ਬਲਬੂਤੇ ’ਤੇ ਝੂਠ ਦੀਆਂ ਹੱਟੀਆਂ ਵੀ ਵਧੇਰੇ ਸਰਗਰਮੀ ਨਾਲ ਚੱਲ ਰਹੀਆਂ ਹਨ। ਟੀ ਵੀ ਅਤੇ ਇੰਟਰਨੈੱਟ ’ਤੇ ਝੂਠ ਦਾ ਸੌਦਾ ਧੜੱਲੇ ਨਾਲ ਵਿਕ ਰਿਹਾ ਹੈ। ਅਸੀਂ ਸਰਕਾਰਾਂ ਤੋਂ ਇਹ ਆਸ ਕਰਦੇ ਹਾਂ ਕਿ ਉਹ ਝੂਠ ਫਰੇਬ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੀਆਂ ਪਰ ਜਿੱਥੇ ਰਾਜਸੀ ਜਮਾਤਾਂ, ਹਕੂਮਤਾਂ ਹੀ ਲੋਕਾਂ ਵਿੱਚ ਕਈ ਤਰ੍ਹਾਂ ਦੇ ਝੂਠ ਦੇ ਸਹਾਰੇ ਲੈ ਕੇ ਬਣਾਉਣ, ਉੱਥੇ ਇਸ ਪਾਸਿਓਂ ਸੱਚ ’ਤੇ ਪਹਿਰਾ ਦੇਣ ਦੀ ਉਨ੍ਹਾਂ ਤੋਂ ਕਿੰਨੀ ਕੁ ਆਸ ਰੱਖੀ ਜਾ ਸਕਦੀ ਹੈ?
ਤਕਨੀਕ ਦੇ ਇਸ ਦੌਰ ਵਿੱਚ ਬੇਸ਼ਕ ਅਸੀਂ ਸੱਚ ’ਤੇ ਪਹਿਰਾ ਦੇਣ ਦੀ ਸਮਰੱਥਾ ਨੂੰ ਹਰ ਦਿਨ ਗਵਾ ਰਹੇ ਹਾਂ ਪਰ ਇਸਦੇ ਬਾਵਜੂਦ ਵੀ ਸਾਨੂੰ ਸਚਾਈ ਦੇ ਰਾਹ ’ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੱਚ ਬੋਲਣ ਦੀ ਆਪਣੀ ਆਪਣੀ ਸਮਰੱਥਾ ਹੁੰਦੀ ਹੈ, ਸਾਡੇ ਸਮਾਜ ਵਿੱਚ ਪੇਤਲੀ ਪੈਂਦੀ ਜਾ ਰਹੀ ਇਸ ਸਮਰੱਥਾ ਨੂੰ ਹੋਰ ਵਧਾਉਣ ਲਈ ਯਤਨਸ਼ੀਲ ਹੋਈਏ ਤਾਂ ਕਿ ਸੱਚ ਬੋਲਣ ਵਾਲਿਆਂ ਦੀ ਪਾਈ ਪਿਰਤ ਨੂੰ ਹੋਰ ਅੱਗੇ ਤੋਰਿਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (