GurcharanNoorpur7ਦੂਜਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨ ਵਾਲੇ ਪੰਜਾਬੀ ਅੱਜ ...
(13 ਨਵੰਬਰ 2017)

 

ਪੰਜਾਬ ਦੀ ਧਰਤੀ ਉਨ੍ਹਾਂ ਮਹਾਨ ਮਹਾਂਪੁਰਸ਼ਾਂ ਦੀ ਧਰਤੀ ਹੈ ਜਿਨ੍ਹਾਂ ਨੇ ਆਪਣੀ ਬੌਧਿਕਤਾ ਨਾਲ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਸਾਡੇ ਦਸ ਗੁਰੂ ਸਹਿਬਾਨ ਇਸ ਧਰਤੀ ’ਤੇ ਵਿਚਰੇ ਅਤੇ ਆਪਣੀ ਵਿਚਾਰਧਾਰਾ ਰਾਹੀਂ ਸਮਾਜ ਨੂੰ ਵੱਡੀ ਦੇਣ ਦਿੱਤੀ। ਭਾਈ ਘਨਈਆ ਅਤੇ ਭਗਤ ਪੂਰਨ ਸਿੰਘ ਵਰਗੇ ਮਨੁੱਖਤਾ ਦੀ ਸੇਵਾ ਦੇ ਦੂਤ ਤੇ ਗਊ ਗ਼ਰੀਬ ਦੀ ਰੱਖਿਆ ਕਰਨ ਵਾਲੇ ਅਤੇ ਹਕੂਮਤਾਂ ਦੇ ਜਬਰ ਨਾਲ ਆਢਾ ਲਾਉਣ ਵਾਲੇ ਦੁੱਲੇ ਭੱਟੀ ਜਿਹੇ ਕਿਰਦਾਰ ਵੀ ਇਸ ਧਰਤੀ ’ਤੇ ਪੈਦਾ ਹੋਏ। ਮਾਨਵਤਾਵਾਦੀ ਵਿਚਾਰਧਾਰਾ ਰੱਖਣ ਵਾਲੇ ਅਤੇ ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਨ ਵਾਲੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਜਿਹੇ ਸੂਰਮੇ ਵੀ ਇਸੇ ਧਰਤੀ ਨੇ ਜੰਮੇ।

ਪੰਜਾਬੀਆਂ ਦੀ ਇਹ ਤਰਾਸਦੀ ਹੈ ਕਿ ਅਸੀਂ ਆਪਣੇ ਚੇਤਿਆਂ ਵਿੱਚੋਂ ਚੰਗੇ ਕਿਰਦਾਰਾਂ ਨੂੰ ਲਗਾਤਾਰ ਵਿਸਾਰ ਰਹੇ ਹਾਂ। ਜੇਕਰ ਅਸੀਂ ਕਦੇ ਮਹਾਨ ਲੋਕਾਂ ਨੂੰ ਯਾਦ ਕਰਦੇ ਵੀ ਹਾਂ ਤਾਂ ਇਹ ਸਮਾਗਮ ਸਿਰਫ਼ ਆਪਣੀ ਹਉਮੈ ਨੂੰ ਪੱਠੇ ਪਾਉਣ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਪੰਜਾਬੀ ਬੌਧਿਕ ਪੱਖੋਂ ਕੰਗਾਲ ਹੋ ਰਹੇ ਹਨ। ਇਸਦੇ ਕਈ ਕਾਰਨ ਹਨ, ਜਿਵੇਂ ਪੰਜਾਬੀਆਂ ਵਿੱਚ ਪੜ੍ਹਨ ਦੀ ਰੁਚੀ ਦਾ ਘੱਟ ਹੋਣਾ,,ਟੀ.ਵੀ ਚੈਨਲਾਂ ’ਤੇ ਲੱਚਰਤਾ ਦਾ ਭਾਰੂ ਹੋਣਾ ਅਤੇ ਮਸ਼ੀਨੀ ਕਲਚਰ ਦਾ ਵਿਕਾਸ ਆਦਿ। ਬਹੁਤ ਸਾਰੇ ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਅਖ਼ਬਾਰ ਤਕ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹਨੀਆਂ ਤਾਂ ਦੂਰ ਦੀ ਗੱਲ ਹੈ। ਦਿਖਾਵਾ ਕਰਨ, ਫੋਕੀਆਂ ਰਸਮਾਂ, ਵਿਆਹਾਂ ਸ਼ਾਦੀਆਂ ’ਤੇ ਬੇਤਹਾਸ਼ਾ ਕਰਜ਼ਾ ਚੁੱਕ ਕੇ ਪੈਸਾ ਲਾਉਣ, ਉੱਚੇ ਘਰ ਉਸਾਰਨ ਅਤੇ ਮਹਿੰਗੀਆਂ ਗੱਡੀਆਂ ਖਰੀਦਣ ਵਿੱਚ ਪੰਜਾਬੀ ਇੱਕ ਦੂਜੇ ਤੋਂ ਵਧ ਕੇ, ਔਖੇ ਹੋ ਕੇ ਵੀ ਪੈਸਾ ਲਾਉਣ ਲਈ ਤਿਆਰ ਰਹਿੰਦੇ ਹਨ ਪਰ ਬਹੁਗਿਣਤੀ ਲੋਕਾਂ ਦਾ ਕਿਤਾਬਾਂ ਦਾ ਬਜਟ ਜ਼ੀਰੋ ਹੁੰਦਾ ਹੈ। ਅਖੌਤੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਵਸਤੂ ਸ਼ਾਸਤਰੀਆਂ ਦਾ ਕਾਰੋਬਾਰ ਵੀ ਪੰਜਾਬ ਵਿੱਚ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਚਮਕ ਰਿਹਾ ਹੈ। ਪੰਜਾਬੀ ਲੋਕ ਆਪਣੀ ਲੁੱਟ ਕਰਵਾ ਕੇ ਇਨ੍ਹਾਂ ਸਾਰਿਆਂ ਨੂੰ ਮਾਲਾਮਾਲ ਕਰ ਰਹੇ ਹਨ।

ਹਰੀ ਕ੍ਰਾਂਤੀ ਆਉਣ ਨਾਲ ਖੇਤੀ ਵਿੱਚ ਮਸ਼ੀਨੀ ਸੱਭਿਆਚਾਰ ਵਿਕਸਤ ਹੋਇਆ ਹੈ ਜਿਸ ਕਾਰਨ ਮਨੁੱਖ ਦੀ ਮਨੁੱਖ ’ਤੇ ਨਿਰਭਰਤਾ ਘਟ ਗਈ। ਮਸ਼ੀਨੀ ਸੱਭਿਆਚਾਰ ਨਾਲ ਕੰਮ ਦੀ ਰਫ਼ਤਾਰ ਤਾਂ ਤੇਜ਼ ਹੋਈ ਪਰ ਸਾਡੇ ਅੰਦਰੋਂ ਸਹਿਜਤਾ ਖ਼ਤਮ ਹੁੰਦੀ ਗਈ। ਇੱਕ ਪੀੜ੍ਹੀ ਵੱਲੋਂ ਦੂਜੀ ਪੀੜ੍ਹੀ ਤਕ ਜਾਂਦੇ ਗਿਆਨ ਜਾਂ ਉਸਾਰੂ ਕਦਰਾਂ ਕੀਮਤਾਂ ਦੀ ਲੈਅ ਲਗਪਗ ਟੁੱਟ ਹੀ ਗਈ।

ਇਸੇ ਸਮੇਂ ਦੌਰਾਨ ਟੈਲੀਵੀਜ਼ਨ ’ਤੇ ਚਲਦੇ ਦੋ ਤਿੰਨ ਚੈਨਲਾਂ ਦੀ ਥਾਂ ਸੈਂਕੜੇ ਚੈਨਲ ਸਾਡੇ ਘਰਾਂ ਵਿੱਚ ਆ ਹਾਜ਼ਰ ਹੋਏ ਅਤੇ ਗੀਤ ਸੰਗੀਤ ਸੁਣਨ ਦੀ ਬਜਾਇ ਵੇਖਣ ਦੀ ਕਲਾ ਬਣ ਗਏ। ਪੰਜਾਬੀ ਗਾਇਕਾਂ ਦਾ ਵਿਰਸਾ, ਸੱਥਾਂ ਵਿੱਚ ਪੰਜਾਬੀ ਲੋਕ ਗੀਤ, ਲੋਕ ਗਥਾਵਾਂ, ਕਲੀਆਂ ਗਾਉਣ ਦਾ ਰਿਹਾ ਹੈ। ਟੀ.ਵੀ. ਚੈਨਲਾਂ ਦੀ ਭਰਮਾਰ ਨਾਲ ਇਹ ਸਭ ਕੁਝ ਬਦਲ ਗਿਆ। ਕਦੇ ਸਾਡੇ ਨੌਜਵਾਨ, ਗਾਇਕਾਂ ਤੋਂ ਦੁੱਲਾ ਭੱਟੀ, ਪੂਰਨ ਭਗਤ, ਜੈਮਲ ਫੱਤਾ, ਸ਼ਹੀਦ ਭਗਤ ਸਿੰਘ ਦੀਆਂ ਗਾਥਾਵਾਂ ਸੁਣਦੇ ਸਨ। ਇਨ੍ਹਾਂ ਲੋਕ ਗਾਥਾਵਾਂ ਦੇ ਪਾਤਰ ਸਾਡੇ ਲੋਕ ਨਾਇਕ ਹੁੰਦੇ ਸਨ ਪਰ ਟੀ.ਵੀ. ਚੈਨਲਾਂ ’ਤੇ ਸ਼ੁਰੂ ਹੋਈ ਲੱਚਰ ਅਤੇ ਅਸ਼ਲੀਲ ਗਾਇਕੀ ਨੇ ਨਸ਼ੇੜੀਆਂ, ਵੈਲੀਆਂ, ਕਾਤਲਾਂ, ਵਿਹਲੜਾਂ, ਲੜਾਈਆਂ ਕਰਨ ਵਾਲਿਆਂ, ਥਾਣਿਆਂ ਵਿੱਚ ਜਾ ਕੇ ਭੜਥੂ ਪਾਉਣ ਵਾਲਿਆਂ, ਸੋਚ ਵਿਚਾਰ ਅਤੇ ਕਦਰਾਂ ਕੀਮਤਾਂ ਤੋਂ ਰਹਿਤ ਨੌਜਵਾਨ ਮਾਡਲ ਮੁੰਡਿਆਂ ਨੂੰ ਰੋਲ ਮਾਡਲ ਬਣਾ ਕੇ ਸਾਡੀ ਨੌਜਵਾਨ ਪੀੜ੍ਹੀ ਅੱਗੇ ਪਰੋਸਿਆ। ਅੱਜ ਸਾਡੀ ਨੌਜਵਾਨ ਪੀੜ੍ਹੀ ਸਾਹਮਣੇ ਰੋਲ ਮਾਡਲ ਦਾ ਬੜਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਦੂਜਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨ ਵਾਲੇ ਪੰਜਾਬੀ ਅੱਜ ਕਿਸ ਦਿਸ਼ਾ ਵੱਲ ਜਾ ਰਹੇ ਹਨ, ਇਹ ਗੱਲ ਵਿਚਾਰਨਯੋਗ ਹੈ।

ਸੰਤਾਂ, ਭਗਤਾਂ, ਬਾਬਾ ਫ਼ਰੀਦ ਅਤੇ ਕਰਤਾਰ ਸਿੰਘ ਸਰਾਭਾ ਵਰਗਿਆਂ ਦੇ ਜਨਮ ਦਿਨ ਮਨਾਉਣ ਲਈ ਵੀ ਗੰਦੇ ਗੀਤਾਂ ਦੇ ਅਖਾੜੇ ਲੱਗਣੇ ਸ਼ੁਰੂ ਹੋ ਗਏ ਹਨ। ਇਹ ਇੱਕ ਤਰ੍ਹਾਂ ਨਾਲ ਉਨ੍ਹਾਂ ਮਹਾਨ ਲੋਕਾਂ ਦਾ ਸਨਮਾਨ ਨਹੀਂ, ਸਗੋਂ ਉਨ੍ਹਾਂ ਦੀ ਸੋਚ ਦੇ ਉਲਟ ਜਾ ਕੇ ਉਨ੍ਹਾਂ ਦਾ ਅਪਮਾਨ ਕਰਨ ਦੇ ਤੁਲ ਹੈ। ਉਹ ਗਾਇਕ, ਜਿਨ੍ਹਾਂ ਦੇ ਗੀਤ ਅਸੀਂ ਪਰਿਵਾਰ ਵਿੱਚ ਬਹਿ ਕੇ ਸੁਣ ਨਹੀਂ ਸਕਦੇ, ਉਹ ਹੁਣ ਕਾਲਜਾਂ ਵਿੱਚ ਜਾ ਕੇ ਆਪਣੀਆਂ ਫ਼ਿਲਮਾਂ, ਕੈਸਟਾਂ ਦਾ ਪ੍ਰਚਾਰ ਕਰਨ ਲੱਗ ਪਏ ਹਨ। ਕਾਲਜਾਂ, ਸਕੂਲਾਂ ਦੇ ਨੌਜਵਾਨ ਲੜਕੇ/ਲੜਕੀਆਂ, ਜਿਨ੍ਹਾਂ ਨੂੰ ਜ਼ਿੰਦਗੀ ਦੀਆਂ ਉਸਾਰੂ ਕਦਰਾਂ ਕੀਮਤਾਂ ਸਿੱਖਣ ਦੀ ਲੋੜ ਹੁੰਦੀ ਹੈ, ਅਜਿਹੇ ਅਖੌਤੀ ਗਾਇਕਾਂ ਤੋਂ ਕੀ ਸਿੱਖਿਆ ਲੈਣਗੇ?

ਅੱਜ ਲੋੜ ਨੌਜਵਾਨਾਂ ਨੂੰ ਸਾਡੇ ਉਨ੍ਹਾਂ ਲੋਕਨਾਇਕਾਂ ਬਾਰੇ ਦੱਸਣ ਦੀ ਹੈ ਜਿਨ੍ਹਾਂ ਨੇ ਆਪਣੀ ਸਰਜ਼ਮੀਂ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਸਿਲੇਬਸ ਦੀਆਂ ਕਿਤਾਬਾਂ ਦੇ ਪਾਠਕ੍ਰਮ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਅਜੋਕੀ ਵਿੱਦਿਆ ਮਨੁੱਖ ਨੂੰ ਪੂਰਨ ਮਨੁੱਖ ਨਹੀਂ ਬਣਾਉਂਦੀ। ਸਾਡੇ ਸਮਾਜ ਨੂੰ ਅੱਜ ਸਭ ਤੋਂ ਵੱਧ ਚੰਗੇ ਇਨਸਾਨਾਂ ਦੀ ਲੋੜ ਹੈ। ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆਪਣੇ ਰੁਜ਼ਗਾਰ, ਰਾਜਨੀਤਕ ਅਤੇ ਉਸਾਰੂ ਸੱਭਿਆਚਾਰ ਦੇ ਪ੍ਰਬੰਧ ਨੂੰ ਬਿਹਤਰ ਬਣਾਉਣ ਦੇ ਵਧੇਰੇ ਸਮਰੱਥ ਹੁੰਦੇ ਹਨ।

ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਵਿੱਚ ਵਿਵੇਕ ਦਾਨ ਮੰਗਦੇ ਹਾਂ ਜਿਸ ਦਾ ਭਾਵ ਹੈ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਵਧੇ। ਇਸ ਲਈ ਅਸੀਂ ਆਪ ਬਹੁਤ ਘੱਟ ਜ਼ਹਿਮਤ ਕਰਦੇ ਹਾਂ। ਚੰਗੀਆਂ ਅਖ਼ਬਾਰਾਂ, ਕਿਤਾਬਾਂ ਇਸ ਵਿੱਚ ਸਾਡੀਆਂ ਸਭ ਤੋਂ ਵੱਧ ਸਹਾਈ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਚੰਗੀ ਸੋਚ ਰੱਖਣ ਵਾਲੇ ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਦੇ ਸਕੂਲਾਂ-ਕਾਲਜਾਂ ਵਿੱਚ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ਗ੍ਰਹਿਣ ਕਰਕੇ ਅਸੀਂ ਬੌਧਿਕ ਪੱਖ ਤੋਂ ਅੱਗੇ ਵਧ ਸਕਦੇ ਹਾਂ।

*****

(895)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author