GurcharanNoorpur7ਵਪਾਰੀ ਜ਼ਿਹਨੀਅਤ ਦੇ ਲੋਕ ਆਮ ਮਨੁੱਖ ਦੀਆਂ ਲੋੜਾਂ ਉੱਤੇ ਕਾਬਜ਼ ਹੋਣ ਦੀਆਂ ਚਾਲਾਂ ਚੱਲਣ ...
(ਜਨਵਰੀ 4, 2015)

 

ਸਦੀਆਂ ਤੋਂ ਵੱਖ ਵੱਖ ਇਲਾਕਿਆਂ ਨੂੰ ਜਿੱਤਣ, ਕਾਬਜ਼ ਹੋਣ ਅਤੇ ਆਪਣੀ ਸ਼ਕਤੀ ਦਾ ਵਿਸਥਾਰ ਕਰਨ ਲਈ ਇੱਕ ਦੇਸ਼ ਦੇ ਸ਼ਾਸਕ ਦੂਜੇ ਦੇਸ਼ਾਂ ਉੱਤੇ ਹਮਲੇ ਕਰਦੇ ਰਹੇ ਹਨ। ਮੱਧ ਯੁੱਗ ਵਿੱਚ ਇਸ ਵਰਤਾਰੇ ਰਾਹੀਂ ਲੋਕਾਂ ਨੂੰ ਬੰਨ੍ਹ ਕੇ ਗੁਲਾਮ ਬਣਾ ਲਿਆ ਜਾਂਦਾ ਸੀ। ਸ਼ਕਤੀਸ਼ਾਲੀ ਕਬੀਲੇ ਦੂਜੇ ਕਬੀਲੇ ਦੇ ਲੋਕਾਂ ਦਾ ਅਨਾਜ, ਪਸ਼ੂਆਂ ਦੇ ਇੱਜੜ ਅਤੇ ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਇਲਾਕਿਆਂ ਵਿੱਚ ਲੈ ਜਾਂਦੇ ਸਨ। ਇਹ ਹਮਲੇ ਲੁੱਟਮਾਰ ਕਰਨ ਦੀ ਪ੍ਰਵਿਰਤੀ ਨਾਲ ਕੀਤੇ ਜਾਂਦੇ ਸਨ। ਫਿਰ ਜਦੋਂ ਦੁਨੀਆਂ ਵਿੱਚ ਹੱਦਬੰਦੀਆਂ ਕਾਇਮ ਹੋਈਆਂ ਤਾਂ ਦੁਨੀਆਂ ਦੇ ਹੋਰਨਾਂ ਇਲਾਕਿਆਂ ਨੂੰ ਜਿੱਤਣ ਅਤੇ ਆਪਣੇ ਰਾਜਾਂ ਦੀਆਂ ਸੀਮਾਵਾਂ ਦਾ ਵਿਸਥਾਰ ਕਰਨ ਲਈ ਲੜਾਈਆਂ ਲੜੀਆਂ ਜਾਣ ਲੱਗੀਆਂ। ਤਾਕਤ ਦੇ ਜ਼ੋਰ ਨਾਲ ਜਦੋਂ ਕਿਸੇ ਦੂਜੇ ਖਿੱਤੇ ਦੇ ਲੋਕਾਂ ਨੂੰ ਗੁਲਾਮ ਬਣਾਇਆ ਜਾਂਦਾ ਸੀ ਤਾਂ ਇਸ ਗੁਲਾਮੀ ਦਾ ਗੁਲਾਮ ਹੋ ਗਈਆਂ ਕੌਮਾਂ ਨੂੰ ਅਹਿਸਾਸ ਹੁੰਦਾ ਸੀ। ਪਰ ਅੱਜ ਗੁਲਾਮੀ ਦੇ ਅਰਥ ਬਦਲ ਗਏ ਹਨ। ਦੁਨੀਆਂ ਨੂੰ ਆਪਣੇ ਢੰਗ ਨਾਲ ਚਲਾਉਣ ਵਾਲੀਆਂ ਤਾਕਤਾਂ ਨੇ ਹੁਣ ਸਮਝ ਲਿਆ ਹੈ ਕਿ ਮਨੁੱਖ ਨੂੰ ਗੁਲਾਮ ਬਣਾਉਣ ਲਈ ਜੰਗਾਂ-ਯੁੱਧਾਂ ਦੀ ਲੋੜ ਨਹੀਂ। ਅੱਜ ਇਲਾਕਿਆਂ/ਧਰਤੀਆਂ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਗੁਲਾਮ ਬਣਾਉਣ ਦੀ ਲੋੜ ਨਹੀਂ ਬਲਕਿ ਮਨੁੱਖ ਨੂੰ ਜ਼ਿਹਨੀ ਤੌਰ ’ਤੇ ਗੁਲਾਮ ਬਣਾਉਣ ਲਈ ਪਹਿਲਾਂ ਉਸ ਨੂੰ ਕੁਝ ਵਸਤਾਂ ਦਾ ਆਦੀ ਬਣਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਹਨਾਂ ਵਸਤਾਂ ਦੀ ਮਾਲਕੀ ਉੱਤੇ ਗਲਬਾ ਪਾ ਕੇ ਮਨੁੱਖ ਦੀ ਗੁਲਾਮੀ ਦਾ ਮੁੱਢ ਬੰਨ੍ਹਿਆ ਜਾਂਦਾ ਹੈ। ਇਹ ਇੱਕ ਨਵੀਂ ਕਿਸਮ ਦੀ ਅਦਿੱਖ ਗੁਲਾਮੀ ਹੈ ਜਿਸ ਦਾ ਬਹੁਗਿਣਤੀ ਨੂੰ ਅਹਿਸਾਸ ਤੱਕ ਨਹੀਂ ਹੈ।

ਆਮ ਮਨੁੱਖ ਨੂੰ ਇਹ ਪਤਾ ਵੀ ਨਹੀਂ ਚਲਦਾ ਕਿ ਉਹਨੂੰ ਕਿਹੜੇ ਕਿਹੜੇ ਢੰਗ ਤਰੀਕਿਆਂ ਨਾਲ ਠੱਗਿਆ ਲੁੱਟਿਆ ਜਾ ਰਿਹਾ ਹੈ। ਵਪਾਰੀ ਜ਼ਿਹਨੀਅਤ ਦੇ ਲੋਕ ਆਮ ਮਨੁੱਖ ਦੀਆਂ ਲੋੜਾਂ ਉੱਤੇ ਕਾਬਜ਼ ਹੋਣ ਦੀਆਂ ਚਾਲਾਂ ਚੱਲਣ ਲੱਗ ਪਏ ਹਨ। ਪਾਣੀ ਮਨੁੱਖ ਦੀ ਲੋੜ ਹੈ ਤਾਂ ਪਾਣੀ ਨੂੰ ਵਪਾਰੀ ਦਿਮਾਗ ਆਪਣੇ ਹੱਥਾਂ ਵਿੱਚ ਕਰਨ ਤੁਰ ਪਏ ਹਨ। ਬਿਜਲੀ ਬਗੈਰ ਮਨੁੱਖ ਦਾ ਗੁਜ਼ਾਰਾ ਨਹੀਂ ਤਾਂ ਬਿਜਲੀ ਪ੍ਰਾਈਵੇਟ ਹੱਥਾਂ ਵਿੱਚ ਦਿੱਤੀ ਜਾ ਰਹੀ ਹੈ। ਪੈਟਰੌਲ, ਡੀਜ਼ਲ ਲੋਕਾਂ ਦੀ ਲੋੜ ਹੈ ਤਾਂ ਉਹ ਵਪਾਰਕ ਹੱਥਾਂ ਵਿੱਚ ਹਨ। ਦਵਾਈਆਂ ਲੋਕਾਂ ਦੀ ਲੋੜ ਹਨ ਤਾਂ ਇਹਨਾਂ ਨੂੰ ਬਿਮਾਰਾਂ ਦੀ ਸਿਹਤਯਾਬੀ ਲਈ ਨਹੀਂ, ਬਲਕਿ ਬਿਮਾਰੀਆਂ’ ਨੂੰ ਵੱਡੇ ਰੋਜ਼ਗਾਰ ਦੇ ਖੇਤਰ ਵਜੋਂ ਵੇਖਿਆ ਜਾਂਦਾ ਹੈ। ਬੱਚਿਆਂ ਨੂੰ ਪੜ੍ਹਾਉਣਾ ਜੇਕਰ ਲੋਕਾਂ ਦੀ ਲੋੜ ਹੈ ਤਾਂ ਵਿੱਦਿਆ ਨੂੰ ਇੱਕ ਵੱਡਾ ਕਾਰੋਬਾਰ ਬਣਾ ਦਿੱਤਾ ਗਿਆ ਹੈ। ਹੋਰ ਤਾਂ ਹੋਰ, ਅਨੇਕਾਂ ਲੋੜਾਂ ਵਿੱਚੋਂ ਬਹੁਗਿਣਤੀ ਲੋਕਾਂ ਦੀ ਇੱਕ ਲੋੜ ਰੱਬ ਦਾ ਆਸਰਾਵੀ ਹੈ। ਜਦੋਂ ਚਲਾਕ ਅਤੇ ਵਪਾਰੀ ਦਿਮਾਗ ਵਾਲੇ ਲੋਕਾਂ ਨੇ ਸੋਚਿਆ ਕਿ ਕਮਾਈ ਇਹਦੇ ਤੋਂ ਵੀ ਮੋਟੀ ਕੀਤੀ ਜਾ ਸਕਦੀ ਹੈ ਤਾਂ ਵਪਾਰੀ ਇਸ ਖੇਤਰ ਵਿੱਚ ਵੀ ਕਾਬਜ਼ ਹੋ ਗਏ।

ਮਲਟੀਨੈਸ਼ਨਲ ਕੰਪਨੀਆਂ ਫਸਲਾਂ ਦੇ ਵੰਸ਼ ਰਹਿਤ ਬੀਜ ਤਿਆਰ ਕਰਨ ਅਤੇ ਇਸ ਧੰਦੇ ਨੂੰ ਵਿਆਪਕ ਬਣਾਉਣ ਲਈ ਸਰਗਰਮ ਹਨ। ਜ਼ਮੀਨ ਮਨੁੱਖ ਦੀ ਲੋੜ ਹੀ ਨਹੀਂ ਬਲਕਿ ਦੂਜੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕਰਨ ਦਾ ਜ਼ਰੀਆ ਵੀ ਹੈ। ਅੱਜ ਜ਼ਮੀਨ ’ਤੇ ਵੀ ਵੱਡੀਆਂ ਵੱਡੀਆਂ ਕੰਪਨੀਆਂ ਕਾਬਜ਼ ਹੋ ਰਹੀਆਂ ਹਨ। ਵਿਰੋਧ ਕਰਨ ਵਾਲੇ ਜ਼ਮੀਨਾਂ ਦੇ ਮਾਲਕਾਂ ਨੂੰ ਡਾਗਾਂ ਸੋਟਿਆਂ ਨਾਲ ਨਿਵਾਜਿਆ ਜਾਂਦਾ ਹੈ। ਜਿਹੜੀਆਂ ਸਰਕਾਰਾਂ ਰੋਟੀ, ਕੱਪੜਾ, ਮਕਾਨ ਅਤੇ ਮੁਫਤ ਸਿੱਖਿਆ ਦੇਣ ਦੇ ਫੋਕੇ ਲਾਰੇ ਲੋਕਾਈ ਨੂੰ ਲਾਉਂਦੀਆਂ ਰਹੀਆਂ ਹਨ, ਉਹਨਾਂ ਦੇ ਲੱਠਮਾਰ ਰੇਤਾ ਦੀਆਂ ਵਸੂਲੀਆਂ ਕਰਨ ਲਈ ਸੜਕਾਂ ਤੇ ਆ ਬੈਠੇ ਹਨਗੱਲ ਤਾਂ ਆਖਿਰ ਕਾਰੋਬਾਰ ਕਰਨ ਦੀ ਹੈ, ਜਿਸ ਚੀਜ਼ ਵਿੱਚੋਂ ਕਾਰੋਬਾਰ ਨਿਕਲਦਾ ਹੈ, ਡੰਡੇ ਵਾਲੇ ਕੱਢ ਲੈਂਦੇ ਹਨ।

ਘਰ ਬਣਾਉਣ ਲਈ ਲੋੜੀਂਦਾ ਸਮਾਨ ਇੰਨਾ ਮਹਿੰਗਾ ਹੋ ਗਿਆ ਹੈ ਕਿ ਗਰੀਬ ਬੰਦਾ ਘਰ ਬਣਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ ਹੈਇਸ ਵਪਾਰਕ, ਬੇਕਿਰਕ ਅਤੇ ਬੇਰਹਿਮੀ ਦੇ ਦੌਰ ਵਿੱਚ ਆਮ ਬੰਦਾ ਕਰੇ ਤਾਂ ਕੀ ਕਰੇ? ਆਮ ਗਰੀਬ ਲੋਕ ਜ਼ਿੰਦਗੀ ਜਿਊਣ ਲਈ ਜੱਦੋਜਹਿਦ ਕਰਦੇ ਹਨ ਪਰ ਸਰਕਾਰਾਂ ਦੇ ਕਲ-ਪੁਰਜਿਆਂ ਨੂੰ ਸੰਚਾਲਤ ਕਰਨ ਵਾਲੇ ਦਿਮਾਗ ਵੇਖਦੇ ਹਨ ਕਿ ਜੋ ਵਸਤ ਲੋਕਾਂ ਦੀ ਜ਼ਰੂਰੀ ਲੋੜ ਬਣ ਗਈ ਹੈ, ਉਹਨੂੰ ਆਪਣੇ ਹੱਥਾਂ ਵਿੱਚ ਕਿਵੇਂ ਕਰਨਾ ਹੈ।

ਜਦੋਂ ਲੋਕਾਂ ਦੀ ਜ਼ਰੂਰਤ ਬਣੀ ਹੋਈ ਕਿਸੇ ਚੀਜ਼ ਦੇ ਰੇਟ ਵਧਦੇ ਹਨ ਤਾਂ ਲੋਕ ਚੀਕ ਚਿਹਾੜਾ ਪਾਉਂਦੇ ਹਨ। ਸਰਕਾਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਰੇਟ ਅਸੀਂ ਨਹੀਂ, ਬਲਕਿ ਇਹ ਤਾਂ ਸਬੰਧਤ ਕੰਪਨੀ ਨੇ ਵਧਾਏ ਹਨ। ਨਾਲ ਹੀ ਤਰਕ ਇਹ ਵੀ ਹੁੰਦਾ ਹੈ ਕਿ ਸਬੰਧਤ ਕੰਪਨੀ ਘਾਟੇ ਵਿੱਚ ਚੱਲ ਰਹੀ ਸੀ। ਲੋਕ ਅਜਿਹੀਆਂ ਬਿਆਨਬਾਜ਼ੀਆਂ ਦਾ ਕੀ ਅਰਥ ਲੈਣ? ਜੇਕਰ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਜ਼ਰੂਰੀ ਵਸਤਾਂ ਦੇ ਭਾਅ ਵੱਖ ਵੱਖ ਕੰਪਨੀਆਂ ਨੇ ਹੀ ਨਿਰਧਾਰਤ ਕਰਨੇ ਹਨ ਤਾਂ ਸਰਕਾਰਾਂ ਦਾ ਇਸ ਸਬੰਧੀ ਕੀ ਰੋਲ ਹੈ? ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਲਈ ਚੋਣਾਂ ਦੌਰਾਨ ਕੀਤੇ ਵੱਡੇ ਵੱਡੇ ਵਾਅਦਿਆਂ/ ਦਾਅਵਿਆਂ ਦੇ ਭਲਾ ਕੀ ਅਰਥ? ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਹੁਣ ਬਿਮਾਰ ਦੀ ਸੇਵਾ ਨਹੀਂ ਬਲਕਿ ਬਿਮਾਰੀਆਂ ਤੋਂ ਪੈਦਾ ਹੋਣ ਜਾ ਰਹੇ ਕਾਰੋਬਾਰ ਨੂੰ ਵੇਖੇ ਜਾਣ ਦਾ ਸਮਾਂ ਹੈ। ਸਰਕਾਰੀ ਮਸ਼ੀਨਰੀ ਨੂੰ ਸੰਚਾਲਤ ਕਰਨ ਵਾਲੇ ਨੇਤਾਵਾਂ ਦੀਆਂ ਬਿਆਨਬਾਜ਼ੀਆਂ ਆਉਂਦੀਆਂ ਹਨ, ‘ਅਦਾਰਾ ਲਗਾਤਾਰ ਘਾਟੇ ਦਾ ਸ਼ਿਕਾਰ ਹੋ ਰਿਹਾ ਹੈ। ਨਵੀਂ ਭਰਤੀ ਨਹੀਂ ਕੀਤੀ ਜਾ ਸਕਦੀ, ਇਸ ਲਈ ਫੰਡ ਜਾਰੀ ਨਹੀਂ ਕੀਤੇ ਜਾ ਸਕਦੇਵਗੈਰਾ ਵਗੈਰਾ। ਪਰ ਉਹਨਾਂ ਹੀ ਅਦਾਰਿਆਂ ਨੂੰ ਅਗਲੇ ਪੰਜਾਂ ਸਾਲਾਂ ਲਈ ਸੰਭਾਲਣ ਦੀ ਝਾਕ ਲਈ ਚੋਣਾਂ ਜਿੱਤਣ ਲਈ ਲੱਖਾਂ ਰੁਪਏ ਫਿਰ ਝੋਕ ਦਿੱਤੇ ਜਾਂਦੇ ਹਨ। ਆਖਿਰ ਕਿਉਂ? ਪਿਛਲੇ 15-20 ਸਾਲਾਂ ਤੋਂ ਬਹੁਤ ਸਾਰੇ ਅਜਿਹੇ ਸਰਕਾਰੀ ਅਦਾਰਿਆਂ ਦਾ ਜਾਣ ਬੁੱਝ ਕੇ ਬੇੜਾ ਗਰਕ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਲੋਕਾਂ ਦੀ ਲੰਬੀ ਗੁਲਾਮੀ ਦਾ ਮੁੱਢ ਬੰਨ੍ਹਣ ਲਈ ਗੈਰ ਸਰਕਾਰੀ ਜਾਂ ਅਰਧ ਸਰਕਾਰੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ।

ਅੱਜ ਦੀ ਰਾਜਨੀਤੀ, ਧਰਮ ਅਤੇ ਸਿੱਖਿਆ ਦਾ ਪ੍ਰਬੰਧ ਲੋਕਾਂ ਦੇ ਹੱਥਾਂ ਵਿੱਚ ਹੋਣ ਦੀ ਬਜਾਏ ਬਜ਼ਾਰ ਦੇ ਹੱਥਾਂ ਵਿੱਚ ਵਧੇਰੇ ਹੈ। ਬਜ਼ਾਰ ਨੇ ਮਨੁੱਖੀ ਮਨ ਤੇ ਕਬਜ਼ਾ ਜਮਾਉਣ ਲਈ ਹਜ਼ਾਰਾਂ ਕਿਸਮਾਂ ਦੇ ਢੰਗ ਤਰੀਕੇ ਖੋਜ ਲਏ ਹਨ। ਜਿਸ ਚੀਜ਼ ਦੀ ਮਨੁੱਖ ਨੂੰ ਲੋੜ ਨਹੀਂ ਵੀ ਹੁੰਦੀ, ਉਹਦੀ ਲੋੜ ਪੈਦਾ ਕਰ ਦਿੱਤੀ ਜਾਂਦੀ ਹੈ। ਬਜ਼ਾਰ ਦੇ ਕਰੂਰ ਵਰਤਾਰਿਆਂ ਨਾਲ ਸਾਡੇ ਅੰਦਰਲੀ ਸੰਵੇਦਨਸ਼ੀਲਤਾ ਪੇਤਲੀ ਪੈਣ ਲੱਗ ਪਈ ਹੈ। ਮਨੁੱਖ ਨੂੰ ਉਹਨਾਂ ਸਭ ਤਰ੍ਹਾਂ ਦੇ ਵਰਤਾਰਿਆਂ ਜਿਹਨਾਂ ਉੱਤੇ ਉਹ ਕਿੰਤੂ ਕਰ ਸਕਦਾ ਹੈ, ਪ੍ਰਤੀ ਸੀਲ ਕਰਨ ਲਈ ਢੰਗ ਤਰੀਕੇ ਖੋਜੇ ਜਾ ਰਹੇ ਹਨ। ਹੱਡ ਮਾਸ ਦੇ ਢਾਂਚਿਆਂ ਉੱਤੇ ਤੇਜ਼ੀ ਨਾਲ ਬਜ਼ਾਰ ਦਾ ਕਬਜ਼ਾ ਹੋ ਰਿਹਾ ਹੈ। ਬਜ਼ਾਰ ਅਤੇ ਵਪਾਰ ਦੇ ਇਸ ਯੁੱਗ ਵਿੱਚ ਮਨੁੱਖ ਨੂੰ ਵੀ ਮੰਡੀ ਦੀ ਵਸਤ ਵਾਂਗ ਵੇਖਿਆ ਅਤੇ ਸਮਝਿਆ ਜਾ ਰਿਹਾ ਹੈ। ਬਜ਼ਾਰ ਦਾ ਫੈਲਾਅ ਹੋ ਰਿਹਾ ਹੈ, ਇਨਸਾਨ ਸੁੰਗੜ ਰਿਹਾ ਹੈ। ਆਜ਼ਾਦੀ ਤਾਂ ਆਜ਼ਾਦੀ ਹੁੰਦੀ ਹੈ, ਆਜ਼ਾਦੀ ਦਾ ਸੰਕਲਪ ਕਦੇ ਬਦਲਦਾ ਨਹੀਂ, ਨਾ ਹੀ ਬਦਲੇਗਾ। ਪਰ ਗੁਲਾਮੀ ਦਾ ਸੰਕਲਪ ਬਦਲ ਗਿਆ ਹੈ। ਹੁਣ ਮਨੁੱਖ ਨੂੰ ਲੁੱਟਣ ਲਈ ਉਸ ਨੂੰ ਗੁਲਾਮ ਬਣਾਉਣ ਦੀ ਲੋੜ ਨਹੀਂ ਰਹੀ। ਉਸ ਦੇ ਜ਼ਿਹਨ ’ਤੇ ਕਬਜ਼ਾ ਕਰ ਲਿਆ ਜਾਂਦਾ ਹੈ। ਮਨੁੱਖ ਨੂੰ ਉਸ ਦੀਆਂ ਲੋੜਾਂ ਦਾ ਗੁਲਾਮ ਬਣਾ ਦਿੱਤਾ ਜਾਂਦਾ ਹੈ ਅਤੇ ਲੋੜਾਂ ਦੀ ਪੂਰਤੀ ਦਾ ਕਾਰੋਬਾਰ ਬਜ਼ਾਰ ਦੇ ਹੱਥ ਹੈ। ਜਿਵੇਂ ਜਿਵੇਂ ਬਜ਼ਾਰ ਦਾ ਗਲਬਾ ਮਨੁੱਖ ’ਤੇ ਵੱਧ ਰਿਹਾ ਹੈ, ਉਵੇਂ ਉਵੇਂ ਉਹ ਆਜ਼ਾਦੀ ਦੇ ਅਰਥ ਗਵਾ ਰਿਹਾ ਹੈ। ਮਨੁੱਖ ਦਾ ਸ਼ੋਸ਼ਣ ਕਰਨ ਵਾਲੀਆਂ ਧਿਰਾਂ ਕੋਲ ਬੜੇ ਵੱਡੇ ਸਾਧਨ ਹਨ। ਬੜੇ ਵੱਡੇ ਦਿਮਾਗ ਹਨ। ਉਹ ਕੁਝ ਵੀ ਕਰਨ ਦੇ ਸਮਰੱਥ ਹਨ। ਸਾਰਾ ਤੰਤਰ ਉਹਨਾਂ ਦੇ ਹੱਕ ਵਿੱਚ ਭੁਗਤਦਾ ਹੈ।

ਵਸਤਾਂ, ਜਿਣਸਾਂ ਦੇ ਜੰਗਲ ਵਿੱਚ ਗਵਾਚਿਆ ਮਨੁੱਖ ਵੀ ਇੱਕ ਜਿਣਸ ਬਣ ਕੇ ਰਹਿ ਗਿਆ ਹੈ। ਇਹਦੇ ਆਪਣੇ ਭਾਅ ਹਨ। ਅੱਜ ਦਾ ਯੁਗ, ਅਹੁਦੇਦਾਰੀਆਂ, ਸੱਤਾ ਦੀਆਂ ਕੁਰਸੀਆਂ ਆਦਿ ’ਤੇ ਮੋਟਾ ਪੈਸਾ ਖਰਚ ਕੇ ਮੋਟੀਆਂ ਕਮਾਈਆਂ ਕਰਨ ਦਾ ਯੁੱਗ ਹੈ। ਇੱਥੇ ਹੀ ਬੱਸ ਨਹੀਂ, ਅੱਜ ਲੋਕਾਂ ਦੀ ਸ਼ਰਧਾ ਨੂੰ ਵੀ ਵੋਟਾਂ ਵਿੱਚ ਤਬਦੀਲ ਕਰਕੇ ਵੱਡੇ ਮੁਨਾਫੇ ਲਏ ਜਾ ਰਹੇ ਹਨ। ਅਧਿਆਤਮਵਾਦ ਦੇ ਪੱਖੋਂ ਮਨੁੱਖ ਦੀ ਅਗਵਾਈ ਕਰਨ ਵਾਲੇ ਵੀ ਇਸ ਵਰਤਾਰੇ ਤੋਂ ਅਭਿੱਜ ਨਹੀਂ ਰਹੇ ਉਹਨਾਂ ਨੇ ਆਪਣੇ ਝੰਡੇ ਹੇਠ ਇਕੱਠੇ ਹੋਏ ਸ਼ਰਧਾਲੂਆਂ ਨੂੰ ਵੋਟ ਦੇ ਰੂਪ ਵਿੱਚ ਵੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਰਾਜਨੀਤਕ ਖੇਤਰ ਵਿੱਚ ਆਪਣਾ ਮੁੱਲ ਵਧੇਰੇ ਪਵਾਉਣ ਲਈ ਇਸ ਨੂੰ ਬਜ਼ਾਰ ਵਿੱਚ ਲੈ ਆਂਦਾ ਹੈ। ਧਾਰਮਿਕ ਝੰਡਿਆਂ ਹੇਠ ਇਕੱਠੇ ਹੋਏ ਸਿਰਾਂ ਦਾ ਮੁੱਲ ਵੱਟਿਆ ਜਾਣ ਲੱਗਿਆ ਹੈ। ਧਰਮ ਦੇ ਕਿਹੜੇ ਰਹਿਨੁਮਾ ਕੋਲ ਕਿੰਨੇ ਸਿਰ ਹਨ, ਇਹਦੇ ਅਨੁਸਾਰ ਉਹ ਸੱਤਾ ਦਾ ਭਾਗੀਦਰ ਬਣ ਸਕਦਾ ਹੈ। ਬਜ਼ਾਰ ਦੇ ਕਰੂਰ ਵਰਤਾਰੇ ਅਤੇ ਖਰੀਦੋ-ਫਰੋਖ਼ਤ ਦੇ ਇਸ ਦੌਰ ਵਿੱਚ ਵਿੱਚ ਜੇਕਰ ਕੋਈ ਕਿਸੇ ਤੋਂ ਲੋਕ ਭਲਾਈ ਦੀ ਆਸ ਰੱਖੇ ਤਾਂ ਇਹ ਆਸ ਊਠ ਦੇ ਬੁੱਲ੍ਹ ਦੇ ਡਿੱਗਣ ਦੀ ਝਾਕ ਵਾਂਗ ਹੈ। ਜਿਸ ਨੂੰ ਪੁਰਾਣੇ ਲੋਕ ਇਮਾਨ, ਸਵੈਮਾਨ ਕਿਹਾ ਕਰਦੇ ਸਨ, ਉਹ ਹੁਣ ਬੀਤੇ ਸਮੇਂ ਦੀਆਂ ਬਾਤਾਂ ਬਣ ਗਏ ਹਨ। ਜਾਗਦੀ ਜ਼ਮੀਰ ਵਾਲੇ ਬੰਦੇ ਨੂੰ ਮੂਰਖ ਸਮਝਿਆ ਜਾਣ ਲੱਗਿਆ ਹੈ।

ਤਕਨੀਕੀ ਵਿਕਾਸ ਅਤੇ ਸਿੱਖਿਆ ਦੇ ਵਿਸਥਾਰ ਨਾਲ ਭਾਵੇਂ ਇਹ ਸਮਝਿਆ ਜਾਣ ਲੱਗਿਆ ਹੈ ਕਿ ਮਨੁੱਖ ਪਹਿਲਾਂ ਨਾਲੋਂ ਸਿਆਣਾ ਹੋ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਸਾਡੇ ਅੰਦਰਲੇ ਮਾਨਵੀਗੁਣ ਪਹਿਲਾਂ ਦੇ ਮੁਕਾਬਲੇ ਸੁੰਗੜ ਰਹੇ ਹਨ। ਅੱਜ ਹਾਲਾਤ ਇਹ ਹਨ ਕਿ ਮਨੁੱਖ ਦੇ ਅੰਦਰਲੀ ਭਾਵੁਕਤਾ, ਸੰਵੇਦਨਾ, ਬੌਧਿਕਤਾ ਪੇਤਲੀ ਪੈਣ ਲੱਗ ਪਈ ਹੈ। ਸਾਡੀ ਪੜ੍ਹਾਈ ਚੰਗੇ ਮਨੁੱਖ ਬਣਾਉਣ ਵੱਲ ਨਹੀਂ, ਬਲਕਿ ਵਪਾਰੀ ਦਿਮਾਗ ਵਾਲੀ ਜਮਾਤ ਪੈਦਾ ਕਰਨ ਵੱਲ ਸੇਧਤ ਹੈ।

ਹੁਣ ਤਕ ਇਹ ਹੀ ਸਮਝਿਆ ਜਾਂਦਾ ਰਿਹਾ ਹੈ ਲੋਕਾਂ ਵਿੱਚ ਜਿਵੇਂ ਜਿਵੇਂ ਜਾਗ੍ਰਤੀ ਆਏਗੀ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਣਗੇ। ਪਰ ਸਮਾਜ ਦੀ ਬਹੁਗਿਣਤੀ ਅਜੇ ਵੀ ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਹੈ। ਛੇ ਦਹਾਕਿਆਂ ਤੋਂ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਰੱਖਣ ਵਾਲਿਆਂ ਦੀ ਕਾਰਗੁਜ਼ਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਬੰਦੇ ਦੀ ਹੋਣੀ ਦੇ ਉਹ ਵਾਲੀਵਾਰਸ ਨਹੀਂ ਹਨ। ਮੰਡੀ ਅਤੇ ਵਪਾਰ ਦੇ ਇਸ ਯੁੱਗ ਵਿੱਚ ਆਮ ਬੰਦੇ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਹਦੇ ਨਾਲ ਹੋ ਕੀ ਰਿਹਾ ਹੈ। ਵਿਪਾਰੀ ਦਿਮਾਗਾਂ ਅਤੇ ਮੰਡੀ ਦੀਆਂ ਤਾਕਤਾਂ ਨੇ ਸਾਨੂੰ ਦਰਸਾਇਆ ਹੈ ਕਿ ਗੁਲਾਮੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਇਹਦੇ ਕਈ ਰੂਪ ਹਨ।

ਅੱਜ ਮਨੁੱਖ ਦੀਆਂ ਬੁਨਿਆਦੀ ਲੋੜਾਂ ’ਤੇ ਕਾਬਜ਼ ਹੋਣ ਲਈ ਕਾਰਪੋਰੇਟ ਤਾਕਤਾਂ ਹਰ ਹਰਬਾ ਵਰਤ ਰਹੀਆਂ ਹਨ। ਸੰਚਾਰ ਦੇ ਸਾਧਨਾਂ ਦੀ ਵਰਤੋਂ ਰਾਹੀਂ ਵਸਤਾਂ ਦਾ ਇੱਕ ਵਿਸ਼ਾਲ ਜੰਗਲ ਸਾਡੇ ਦੁਆਲੇ ਖੜ੍ਹਾ ਕੀਤਾ ਗਿਆ ਹੈ। ਸਾਡੀ ਵਿੱਦਿਆ ਪ੍ਰਣਾਲੀ ਮਨੁੱਖ ਨੂੰ ਇਸ ਪ੍ਰਤੀ ਸੁਚੇਤ ਕਰਨ ਦੇ ਕਾਬਿਲ ਨਹੀਂ ਹੈ। ਸਾਡੇ ਲੋਕ ਨੁਮਾਇੰਦੇ ਹੁਣ ਆਮ ਲੋਕਾਂ ਨੂੰ ਦੱਸਣ ਲੱਗ ਪਏ ਹਨ ਕਿ ਹੁਣ ਦੇਸ਼ ਦਾ ਵਿਕਾਸ ਕਾਰਪੋਰੇਟ ਕੰਪਨੀਆਂ ਕਰਨਗੀਆਂ। ਇਹ ਆਮ ਲੋਕਾਂ ਨੂੰ ਇੱਕ ਅਜਿਹੀ ਗੁਲਾਮੀ ਵੱਲ ਧਕੇਲ ਦੇਣ ਦਾ ਵਰਤਾਰਾ ਹੈ, ਜੋ ਆਮ ਜਨ ਸਧਾਰਨ ਦੀ ਸਮਝ ਤੋਂ ਪਰੇ ਹੈ। ਅਦਿੱਖ ਗੁਲਾਮੀ ਦਾ ਇਹ ਵਰਤਾਰਾ ਇੰਨਾ ਖਤਰਨਾਕ ਸਾਬਤ ਹੋਵੇਗਾ ਕਿ ਮਨੁੱਖ ਬਜ਼ਾਰ ਦਾ ਗੁਲਾਮ ਵੀ ਹੋਵੇਗਾ ਅਤੇ ਉਸ ਨੂੰ ਆਪਣੀ ਇਸ ਗੁਲਾਮੀ ਦਾ ਅਹਿਸਾਸ ਵੀ ਨਹੀਂ ਹੋਵੇਗਾ।

ਸੋ ਮਨੁੱਖਤਾ ਲਈ ਦਰਦ ਰੱਖਣ ਵਾਲੇ, ਮਾਨਵਤਾ ਦੇ ਹਿਤੈਸ਼ ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਚੇਤੰਨ ਕਰਨ ਲਈ ਆਪਣਾ ਫਰਜ਼ ਨਿਭਾਉਣ ਅਤੇ ਵਰਤਮਾਨ ਸਮੇਂ ਦੀ ਜ਼ਿਹਨੀ ਅਤੇ ਅਦਿੱਖ ਗੁਲਾਮੀ ਤੋਂ ਸੁਚੇਤ ਕਰਨ।

*****

(144)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author