GurcharanNoorpur7ਕਿਸੇ ਵੀ ਦੇਸ਼ ਦੇ ਅਮਨ ਪਸੰਦ ਲੋਕਾਂ ਨੂੰ ਇਹ ਕਦਾਚਿੱਤ ਮਨਜ਼ੂਰ ਨਹੀਂ ਕਿ ਬੇਦੋਸ਼ ਲੋਕਾਂ ਦਾ ਖੂਨ ...
(ਨਵੰਬਰ 2023)
ਇਸ ਸਮੇਂ ਪਾਠਕ: 308.


ਜੰਗ ਕਿਸੇ ਧਿਰ ਲਈ ਵੀ ਕੋਈ ਮਾਣ ਕਰਨਯੋਗ ਸਥਿਤੀ ਨਹੀਂ ਹੁੰਦੀ ਬਲਕਿ ਇਹ ਮਨੁੱਖਤਾ ਦਾ ਸਭ ਤੋਂ ਸ਼ਰਮਨਾਕ ਵਰਤਾਰਾ ਹੈ
ਜੰਗ ਦੀ ਸ਼ੁਰੂਆਤ ਉਹ ਲੋਕ ਕਰਦੇ ਹਨ ਜਿਹਨਾਂ ਦੀ ਲੜਨ ਦੀ ਉਮਰ ਲੰਘ ਗਈ ਹੁੰਦੀ ਹੈਇਸ ਵਿੱਚ ਮਰਦੇ ਉਹ ਹਨ ਜਿਹਨਾਂ ਦੇ ਮਰਨ ਦਾ ਅਜੇ ਸਮਾਂ ਨਹੀਂ ਹੁੰਦਾਕਈ ਵਾਰ ਆਮ ਮਨੁੱਖ ਨੂੰ ਲਗਦਾ ਹੈ ਜੰਗ ਕਿਸੇ ਵੱਡੇ ਮਿਸ਼ਨ ਨੂੰ ਮੁੱਖ ਰੱਖ ਕੇ ਲੜੀ ਜਾ ਰਹੀ ਹੈ ਪਰ ਇਹ ਕੁਰਸੀ ਦੇ ਕੇਵਲ ਚਾਰ ਪਾਵਿਆਂ ਦੀ ਸਲਾਮਤੀ ਲਈ ਵੀ ਹੋ ਸਕਦੀ ਹੈ

ਪਿਛਲੇ ਦਿਨਾਂ ਤੋਂ ਇਜ਼ਰਾਈਲ ਫਲਸਤੀਨ ਯੁੱਧ ਦੀਆਂ ਖਬਰਾਂ ਪੂਰੀ ਦੁਨੀਆਂ ਦੇ ਅਮਨ ਪਸੰਦ ਲੋਕਾਂ ਨੂੰ ਬੇਚੈਨ ਕਰ ਰਹੀਆਂ ਹਨਉੱਤਰੀ ਗਾਜ਼ਾ ਪੱਟੀ ਇਲਾਕੇ ਦੇ 11 ਲੱਖ ਤੋਂ ਵੱਧ ਗਿਣਤੀ ਦੇ ਲੋਕ ਹਨ, ਜਿਹਨਾਂ ਨੂੰ ਕਿਹਾ ਗਿਆ ਕਿ ਇਹ ਇਲਾਕਾ ਖਾਲੀ ਕਰ ਦਿਓਇਲਾਕਾ ਖਾਲੀ ਕਰਨ ਲਈ ਹੀ ਨਹੀਂ ਕਿਹਾ ਗਿਆ ਬਲਕਿ ਇਸ ਇਲਾਕੇ ’ਤੇ ਇਜ਼ਰਾਈਲ ਨੇ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ ਹੈਘਰਾਂ ਅਤੇ ਹੋਰ ਇਮਾਰਤਾਂ ਦੀ ਤਬਾਹੀ ਦਾ ਮੰਜ਼ਿਰ ਅਜਿਹਾ ਹੈ ਕਿ ਇੱਥੇ ਰਾਹ ਰਸਤੇ ਵੀ ਨਹੀਂ ਬਚੇਇਜ਼ਰਾਈਲ ਨਾਲ ਦਹਾਕਿਆਂ ਤੋਂ ਲੜਨ ਵਾਲੇ ਹਮਾਸ ਗਰੁੱਪ ਦੀਆਂ ਗਤੀਵਿਧੀਆਂ ਵੀ ਕੋਈ ਮਾਨਵੀ ਨਹੀਂ ਸਨ ਪਰ ਉਹਨਾਂ ਦਾ ਬਦਲਾ ਫਿਲਸਤੀਨ ਦੇ ਆਮ ਲੋਕਾਂ, ਬੁੱਢਿਆਂ, ਔਰਤਾਂ ਅਤੇ ਮਾਸੂਮ ਬੱਚਿਆਂ ਨੂੰ ਮਾਰ ਕੇ ਲਿਆ ਜਾਵੇ, ਇਸ ਤੋਂ ਅਮਾਨਵੀ ਗੱਲ ਕੋਈ ਹੋਰ ਨਹੀਂ ਹੋ ਸਕਦੀਬੰਬਾਰੀ ਦੇ ਸਹਿਮ ਹੇਠ ਮਾਸੂਮ ਬੱਚਿਆਂ, ਔਰਤਾਂ ਦੀਆਂ ਲਾਸ਼ਾਂ ਸੜਕਾਂ ’ਤੇ ਰੁਲ ਰਹੀਆਂ ਹਨ। ਇਹਨਾਂ ਖੰਡਰਾਂ ਵਿੱਚ ਡਰਕੇ ਬੈਠੇ ਬਚੇ ਲੋਕ ਭੁੱਖ ਪਿਆਸ ਨਾਲ ਤੜਪ ਤੜਪ ਕੇ ਮਰ ਰਹੇ ਹਨਕਰੀਬ 22 ਲੱਖ ਲੋਕ ਹਨ ਜਿਹਨਾਂ ਨੂੰ ਤਬਾਹ ਕਰਨ ਦੀ ਧਮਕੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਚੁੱਕੇ ਹਨਜੇਕਰ ਹਮਾਸ ਦੀਆਂ ਗਤੀਵਿਧੀਆਂ ਨੂੰ ਦੁਨੀਆਂ ਅੱਤਵਾਦੀ ਗਤੀਵਿਧੀਆਂ ਆਖਦੀ ਹੈ ਤਾਂ ਜੋ ਅੱਜ ਇਜ਼ਰਾਈਲ ਵੱਲੋਂ ਫਲਸਤੀਨ ਦੇ ਬੇਦੋਸ਼ੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਇਸ ਨੂੰ ਕੀ ਕਹਾਂਗੇ? ਕੀ ਇਹ ਉਸ ਤੋਂ ਵੱਡਾ ਅੱਤਵਾਦ ਨਹੀਂ? ਹਮਾਸ ਸੰਗਠਨ ਦੀਆਂ ਗਤੀਵਿਧੀਆਂ ਨੂੰ ਕਿਵੇਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਇਜ਼ਰਾਇਲ ਦੀ ਸੈਨਾ ਜੋ ਇਸ ਇਲਾਕੇ ਵਿੱਚ ਬਾਰੂਦ ਦੀ ਹੋਲੀ ਖੇਡ ਰਹੀ ਹੈ, ਇਹ ਵੀ ਜ਼ੁਲਮੋ ਤਸ਼ੱਦਦ ਦੀ ਸਿਖਰ ਹੈਸੰਯੁਕਤ ਰਾਸ਼ਟਰ ਅਤੇ ਪੱਛਮੀ ਦੇਸ਼ਾਂ ਦੇ ਆਗੂ ਇਸ ਕਤਲੇਆਮ ’ਤੇ ਖਾਮੋਸ਼ ਹਨਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਦੀ ਇਹ ਖਾਮੋਸ਼ੀ ਬੇਹੱਦ ਨਿਰਾਸ਼ ਕਰਨ ਵਾਲੀ ਹੈਅੱਜ ਦੇ ਇਸ ਆਧੁਨਿਕ ਦੌਰ ਵਿੱਚ ਵੀ ਜੇਕਰ ਦੁਨੀਆ ਦੇ ਕਿਸੇ ਖਿੱਤੇ ਵਿੱਚ ਵੱਡੀਆਂ ਤਾਕਤਾਂ ਦੀ ਸ਼ਹਿ ’ਤੇ ਹਜ਼ਾਰਾਂ ਲੋਕਾਂ ਦਾ ਕਤਲੇਆਮ ਹੁੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਸੁਰੱਖਿਅਤ ਹੱਥਾਂ ਵਿੱਚ ਨਹੀਂ ਹੈ

1948 ਵਿੱਚ ਇਜ਼ਰਾਈਲ ਹੋਂਦ ਵਿੱਚ ਆਇਆ। ਇਸ ਤੋਂ ਪਹਿਲਾਂ ਇਜ਼ਰਾਈਲ ਦੀ ਕਿਤੇ ਕੋਈ ਹੋਂਦ ਨਹੀਂ ਸੀ। ਇਹ ਪੂਰਾ ਇਲਾਕਾ ਜੋ ਫਿਲਸਤੀਨ ਕੋਲ ਸੀ, ਨਾਲ ਇਜ਼ਰਾਈਲ ਦੀਆਂ ਕਈ ਜੰਗਾਂ ਹੋਈਆਂ ਹਰ ਵਾਰ ਜੰਗ ਦੌਰਾਨ ਇਜ਼ਰਾਈਲ ਆਪਣੀਆਂ ਸੀਮਾਵਾਂ ਵਧਾਉਂਦਾ ਗਿਆ ਅਤੇ ਦੁਨੀਆਂ ਦੇ ਨਕਸ਼ੇ ਤੇ ਫਲਸਤੀਨ ਦਾ ਨਕਸ਼ਾ ਛੋਟਾ ਹੁੰਦਾ ਗਿਆਫਲਸਤੀਨ ਕੋਲ ਕੋਈ ਬਾਹਲਾ ਆਧੁਨਿਕ ਜੰਗੀ ਸਾਜ਼ੋ ਸਾਮਾਨ ਨਹੀਂ ਜਿਸ ਨਾਲ ਉਹ ਇਜ਼ਰਾਈਲ ਦੀ ਅਤਿ ਆਧੁਨਿਕ ਫੌਜ ਦਾ ਮੁਕਾਬਲਾ ਕਰ ਸਕੇਇਜ਼ਰਾਈਲ ਦੀ ਫੌਜ ਆਧੁਨਿਕ ਮਿਜ਼ਾਇਲਾਂ ਨਾਲ ਲੈਸ ਹੈਹਵਾ ਵਿੱਚ ਹੀ ਦੁਸ਼ਮਣ ਦੀਆਂ ਮਿਜ਼ਾਇਲਾਂ ਨੂੰ ਖਤਮ ਕਰਨ ਦੀ ਆਧੁਨਿਕ ਤਕਨੀਕ ਵੀ ਇਜ਼ਰਾਈਲ ਕੋਲ ਮੌਜੂਦ ਹੈਇਸ ਤੋਂ ਇਲਾਵਾ ਆਧੁਨਿਕ ਦੌਰ ਵਿੱਚ ਕਿਸੇ ਦੀ ਵੀ ਜਸੂਸੀ ਕਰਨ ਦੀ ਅਤਿ ਆਧੁਨਿਕ ਤਕਨੀਕ, ਜਿਸਦਾ ਸਾਡੇ ਦੇਸ਼ ਭਾਰਤ ਵਿੱਚ ਵੀ ਬੜਾ ਰੌਲਾ ਪੈਂਦਾ ਰਿਹਾ ਹੈ, ਇਜ਼ਰਾਈਲ ਦੇ ਪਾਸ ਹੈ। ਇਸ ਰਾਹੀਂ ਉਹ ਆਪਣੇ ਆਸ ਪਾਸ ਦੇ ਦੇਸ਼ਾਂ ਦੇ ਹਰ ਬੰਦੇ ਦੀ ਬੜੀ ਆਸਾਨੀ ਨਾਲ ਜਸੂਸੀ ਕਰ ਸਕਦੇ ਹਨ। ਪਤਾ ਲਗਾ ਸਕਦੇ ਹਨ ਕਿ ਕੌਣ ਉਹਨਾਂ ਦਾ ਦੋਸ਼ੀ ਹੈ ਅਤੇ ਕੌਣ ਨਹੀਂ? ਇੰਨੀ ਉੱਚ ਤਕਨੀਕ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਬੰਬਾਂ ਨਾਲ ਕਿਉਂ ਉਡਾਇਆ ਜਾ ਰਿਹਾ ਹੈ?

ਦੁਨੀਆਂ ਦਾ ਹਰ ਅਮਨ ਪਸੰਦ ਮਨੁੱਖ, ਜਿਸ ਅੰਦਰ ਇਨਸਾਨੀਅਤ ਹੈ, ਮਾਨਵਤਾ ਹੈ ਇਜ਼ਰਾਈਲੀ ਸਰਕਾਰ ਦੀ ਜ਼ਿਆਦਤੀ ਦੀ ਨਖੇਧੀ ਕਰ ਰਿਹਾ ਹੈਇੱਥੇ ਵਿਚਾਰਨਯੋਗ ਗੱਲ ਇਹ ਵੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹਮਾਸ ਦੇ ਲੜਾਕੇ ਤੇ ਇਜ਼ਰਾਈਲੀ ਸੈਨਾ ਦੋਵੇਂ ਖਲਨਾਇਕ ਦੀ ਭੂਮਿਕਾ ਨਿਭਾ ਰਹੇ ਹਨਇਸ ਸਥਿਤੀ ਵਿੱਚ ਜਿੱਥੇ ਗਾਜ਼ਾ ਦੇ ਲੋਕ ਬੰਬਾਂ, ਮਿਜ਼ਾਇਲਾਂ, ਗੋਲੀਆਂ ਦੇ ਸ਼ਿਕਾਰ ਬਣਕੇ ਕੇ ਜਾਂ ਮਲਬਿਆਂ ਹੇਠ ਆ ਕੇ ਭੁੱਖੇ ਪਿਆਸੇ ਦਮ ਤੋੜ ਰਹੇ ਹਨ, ਉੱਥੇ ਇਜ਼ਰਾਈਲ ਦੇ ਬੇਕਸੂਰ ਲੋਕ ਵੀ ਜੰਗ ਦਾ ਸ਼ਿਕਾਰ ਬਣ ਰਹੇ ਹਨ

ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਹਰ ਤਰ੍ਹਾਂ ਦੇ ਸਰੋਕਾਰਾਂ ਦੇ ਇੱਕ ਦਿਨ ਨਤੀਜੇ ਵੀ ਆਉਣੇ ਹੁੰਦੇ ਹਨਪਿਛਲੇ 16 ਸਾਲਾਂ ਤੋਂ ਇਜ਼ਰਾਇਲ ਦੀ ਸੱਤਾ ’ਤੇ ਕਾਬਜ਼ ਨੇਤਨਯਾਹੂ ਦੇ ਖਿਲਾਫ ਵੀ ਆਵਾਜਾਂ ਉੱਚੀਆਂ ਹੋ ਰਹੀਆਂ ਹਨਇਜ਼ਰਾਈਲੀ ਮੀਡੀਆ ਸਮੇਤ ਦੁਨੀਆਂ ਭਰ ਦੇ ਮੀਡੀਆ ਹਾਊਸਾਂ ਵਿੱਚ ਇਹ ਵੀ ਚਰਚਾ ਹੈ ਕਿ ਨੇਤਨਯਾਹੂ ਸੱਤਾ ’ਤੇ ਬਣੇ ਰਹਿਣ ਲਈ ਲੋਕਾਂ ਨੂੰ ਜੰਗ ਦੀ ਭੱਠੀ ਵਿੱਚ ਝੋਕ ਰਹੇ ਹਨਜਿਵੇਂ ਕਿਸੇ ਵੀ ਦੇਸ਼ ਦੀ ਬਹੁਗਿਣਤੀ ਨਹੀਂ ਚਾਹੁੰਦੀ ਹੁੰਦੀ ਕਿ ਦੂਜੇ ਮੁਲਕ ਦੇ ਬੇਦੋਸ਼ੇ ਲੋਕਾਂ ਤੇ ਜ਼ੁਲਮੋ ਤਸ਼ੱਦਦ ਕੀਤਾ ਜਾਵੇ, ਅਮਨ ਪਸੰਦ ਇਜ਼ਰਾਈਲੀ ਲੋਕਾਂ ਦੇ ਇਕੱਠਾਂ ਵਿੱਚ ਇਹ ਨਾਅਰੇ ਗੂੰਜਣ ਲੱਗੇ ਹਨ ਕਿ ‘ਇਜ਼ਰਾਈਲ ਨੂੰ ਕੋਈ ਹੱਕ ਨਹੀਂ ਕਿ ਉਹ ਸਾਡੇ ਨਾਮ ’ਤੇ ਬੇਦੋਸ਼ੇ ਲੋਕਾਂ ਨੂੰ ਮਾਰੇ’ ਇਸੇ ਤਰ੍ਹਾਂ ਇਜ਼ਰਾਇਲ ਦੇ ਅਮਨ ਪਸੰਦ ਲੋਕ ਨੇਤਨਯਾਹੂ ਦੇ ਸ਼ਾਸਨ ਤੋਂ ਖੁਸ਼ ਨਹੀਂ ਹਨ ਬਲਕਿ ਉਹਨਾਂ ਵਿੱਚ ਬਹੁਤ ਰੋਸ ਹੈਹਮਾਸ ਵੱਲੋਂ ਬੰਦੀ ਬਣਾਏ ਗਏ ਇੱਕ ਸੌ ਦੇ ਕਰੀਬ ਇਜ਼ਰਾਈਲੀਆਂ ਦੇ ਵਾਰਸ ਵੀ ਸੜਕਾਂ ’ਤੇ ਉੱਤਰ ਕੇ ਆਪਣੀ ਸਰਕਾਰ ਵਿਰੁੱਧ ਗੁੱਸੇ ਦਾ ਇਜ਼ਹਾਰ ਕਰ ਰਹੇ ਹਨਇਹਨਾਂ ਦੇ ਕਾਫਲੇ ਵੱਡੇ ਹੋ ਰਹੇ ਹਨਨੇਤਨਯਾਹੂ, ਜਿਸ ਲਈ ਇਹ ਜੰਗ ਇੱਕ ਜਸ਼ਨ ਵਾਂਗ ਹੈ, ਦੀ ਹੈਂਕੜਬਾਜ਼ੀ ਉਸ ਦੇ ਆਪਣੇ ਦੇਸ਼ ਦੇ ਲੋਕਾਂ ਨੂੰ ਵੀ ਪਸੰਦ ਨਹੀਂ

ਜੰਗ ਅਮਨ ਦੀ ਗਰੰਟੀ ਨਹੀਂ ਹੁੰਦੀ ਬਲਕਿ ਜੰਗ ਭਵਿੱਖ ਦੀਆਂ ਹੋਰ ਜੰਗਾਂ ਅਤੇ ਪਹਿਲਾਂ ਨਾਲੋਂ ਵੱਡੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈਜੰਗ ਦੀ ਸ਼ੁਰੂਆਤ ਬੇਸ਼ਕ ਇੱਕ ਧਿਰ ਕਰਦੀ ਹੈ ਪਰ ਇਸ ਨੂੰ ਸਮਾਪਤ ਕਰਨਾ ਉਸ ਦੇ ਹੱਥ ਨਹੀਂ ਰਹਿੰਦਾਬਿਲਕੁਲ ਇੱਥੇ ਵੀ ਅਜਿਹਾ ਹੀ ਹੋ ਰਿਹਾ ਹੈਫਲਸਤੀਨ ਨਾਲ ਹੋਈਆਂ ਕਈ ਜੰਗਾਂ ਵਿੱਚ ਹਰ ਵਾਰ ਇਜ਼ਰਾਈਲ ਆਪਣੀਆਂ ਸੀਮਾਵਾਂ ਅੱਗੇ ਵਧਾਉਂਦਾ ਰਿਹਾ ਹੈਇਸ ਵਾਰ ਵੀ ਇਸੇ ਮਨਸ਼ਾ ਨੂੰ ਲੈ ਕੇ ਜੰਗੀ ਮੁਹਿੰਮਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈਇਜ਼ਰਾਈਲ ਇਸ ਸਮੇਂ ਗਾਜ਼ਾ ਪੱਟੀ ਨੂੰ ਦੁਨੀਆਂ ਦੇ ਨਕਸ਼ੇ ਤੋਂ ਖਤਮ ਕਰਨ ਦੇ ਰੌਂ ਵਿੱਚ ਹੈ। ਇੱਥੇ ਫਲਸਤੀਨ ਦੇ ਕੋਈ 22 ਲੱਖ ਦੇ ਕਰੀਬ ਲੋਕ ਵਸਦੇ ਹਨਦੂਜੇ ਪਾਸੇ ਇੱਥੇ ਹੀ ਆਪਣੀਆਂ ਗਤੀਵਿਧੀਆਂ ਚਲਾਉਣ ਵਾਲਾ ਸੰਗਠਨ ਹਮਾਸ, ਜਿਸ ਨੂੰ ਕਈ ਦੇਸ਼ਾਂ ਦੀ ਹਿਮਾਇਤ ਹਾਸਲ ਹੈ, ਇਜ਼ਰਾਈਲ ਦੇ ਕੁਝ ਇਲਾਕਿਆਂ ਵਿੱਚ ਮਿਜ਼ਾਇਲਾ ਦਾਗ ਰਿਹਾ ਹੈਅਮਰੀਕਾ ਸਮੇਤ ਕੁਝ ਪੱਛਮੀ ਦੇਸ਼ ਜੋ ਹਮਾਸ ਨੂੰ ਇੱਕ ਅੱਤਵਾਦੀ ਸੰਗਠਨ ਮੰਨਦੇ ਹਨ, ਦੀ ਹਿਮਾਇਤ ਭਾਵੇਂ ਇਸ ਸਮੇਂ ਇਜ਼ਰਾਈਲ ਨਾਲ ਹੈ ਪਰ ਜਦੋਂ ਪੂਰੀ ਦੁਨੀਆਂ ਵਿੱਚ ਗਾਜ਼ਾ ਦੇ ਲੋਕਾਂ ਉੱਤੇ ਇਜ਼ਰਾਈਲ ਵੱਲੋਂ ਕੀਤੀ ਬੰਬਾਰੀ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ ਤਾਂ ਅਮਰੀਕਾ ਨੂੰ ਵੀ ਇਹ ਬਿਆਨ ਦੇਣਾ ਪਿਆ ਕਿ ਇਜ਼ਰਾਈਲ ਆਪਣੀਆਂ ਹੱਦਾਂ ਤੋਂ ਅਗਾਂਹ ਜਾ ਰਿਹਾ ਹੈ ਅਤੇ ਇਹ ਚੰਗਾ ਨਹੀਂ ਹੋਵੇਗਾਅਮਰੀਕਾ ਸਮੇਤ ਕੁਝ ਪੱਛਮੀ ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਦਾ ਰੋਲ ਇਸ ਜੰਗ ਵਿੱਚ ਬੜਾ ਨਿਰਾਸ਼ਾਜਨਕ ਰਿਹਾ ਹੈਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇੱਕ ਤਾਕਤਵਰ ਧਿਰ ਵੱਲੋਂ ਦੂਜੀ ਧਿਰ ਦੇ ਹਜ਼ਾਰਾਂ ਲੋਕਾਂ ਨੂੰ ਮਾਰਿਆ ਜਾਂਦਾ ਹੈ, ਲੋਕਾਂ ਦਾ ਖਾਣ ਪੀਣ, ਬਿਜਲੀ, ਪਾਣੀ ਬੰਦ ਕਰਕੇ ਜੇਕਰ ਉਹਨਾਂ ਦੇ ਇਲਾਕੇ ਨੂੰ ਇੱਕ ਵੱਡੀ ਜੇਲ੍ਹ ਵਿੱਚ ਤਬਦੀਲ ਕਰਕੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ, ਤਾਂ ਇਸ ਸਮੇਂ ਇਹ ਸੰਸਥਾਵਾਂ ਕੀ ਕਰ ਰਹੀਆਂ ਹਨ?

17 ਅਕਤੂਬਰ ਮੰਗਲਵਾਰ ਨੂੰ ਗਾਜ਼ਾ ਦੇ ਇੱਕ ਹਸਪਤਾਲ ਤੇ ਬੰਬਾਰੀ ਨਾਲ ਪੰਜ ਸੌ ਤੋਂ ਵੱਧ ਲੋਕ ਮਾਰੇ ਗਏਇਸ ਵਿੱਚ ਬਹੁਤ ਸਾਰੇ ਮਾਸੂਮ ਬੱਚੇ ਤੇ ਔਰਤਾਂ ਸਨ ਜੋ ਜ਼ੇਰੇ ਇਲਾਜ ਸਨ ਬੇਸ਼ਕ ਇਸਦੀ ਜ਼ਿੰਮੇਵਾਰੀ ਤੋਂ ਇਜ਼ਰਾਇਲ ਭੱਜ ਰਿਹਾ ਹੈ, ਉਸ ਨੇ ਕਿਹਾ ਹੈ ਕਿ ਇਹ ਹਾਮਾਸ ਨੇ ਬੰਬਾਰੀ ਕੀਤੀ ਹੈ, ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਇਜ਼ਰਾਈਲ ਦੇ ਵੱਖ ਵੱਖ ਆਗੂ ਇਹ ਬਿਆਨ ਬਾਜ਼ੀ ਕਰਦੇ ਰਹੇ ਹਨ ਕਿ ‘ਗਾਜ਼ਾ ਦੇ ਸਾਰੇ ਲੋਕ ਕਸੂਰਵਾਰ ਹਨ, ਸਾਡੀਆਂ ਸੀਮਾਵਾਂ ਸੀਮਤ ਨਹੀਂ ਹਨ, ਗਾਜ਼ਾ ਵਿੱਚ ਕੋਈ ਵੀ ਨਿਰਦੋਸ਼ ਨਹੀਂ, ਗਾਜ਼ਾ ਦੇ ਹਸਪਤਾਲਾਂ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਣਾ ਚਾਹੀਦਾ ਹੈ’ ਹੁਣ ਤਕ ਕੋਈ 45 ਦੇ ਕਰੀਬ ਸਕੂਲਾਂ ਨੂੰ ਇਜ਼ਰਾਈਲ ਦੀ ਫੌਜ ਨੇ ਨੇਸਤੋਨਾਬੂਦ ਕਰ ਦਿੱਤਾ ਹੈਇਹ ਸਭ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਬੇਦੋਸ਼ੇ ਲੋਕਾਂ ਦਾ ਕਤਲੇਆਮ ਇੱਕ ਖਾਸ ਨੀਤੀ ਨੂੰ ਅੱਗੇ ਵਧਾਉਣ ਲਈ ਕੀਤਾ ਜਾ ਰਿਹਾ ਹੈਇੱਕ ਰਾਸ਼ਟਰ ਦਾ ਦੂਜੇ ਰਾਸ਼ਟਰ ਉੱਤੇ ਕੀਤਾ ਗਿਆ ਇਹ ਇੱਕ ਬੇਹੱਦ ਸ਼ਰਮਨਾਕ ਕਾਰਾ ਹੈਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੇ ਲੋਕਾਂ ਉੱਤੇ ਕੀਤੀ ਜਾ ਰਹੀ ਬੰਬਾਰੀ ਨਾਲ ਘਰ ਤਬਾਹ ਹੋ ਰਹੇ ਹਨ, ਬੱਚੇ ਬੁੱਢੇ ਬੇਹਾਲ ਹਨ, ਹਜ਼ਾਰਾਂ ਲੋਕਾਂ ਨੇ ਆਪਣੇ ਲਾਡਲਿਆਂ ਨੂੰ ਗਵਾ ਲਿਆ ਹੈ, ਜੰਗ ਵਿੱਚ ਫੱਟੜ ਹੋਏ ਹਜ਼ਾਰਾਂ ਲੋਕ ਇਲਾਜ ਲਈ ਤਰਾਹ ਤਰਾਹ ਕਰ ਰਹੇ ਹਨਭੁੱਖੇ ਭਾਣੇ ਬੰਬਾਂ ਦੀ ਸ਼ੂਕ ਵਿੱਚ ਜਾਨ ਬਚਾਉਂਦੇ ਲੋਕ ਮਾਰੇ ਮਾਰੇ ਫਿਰ ਰਹੇ ਹਨਕੁਝ ਸੱਤਾ ਦੇ ਨਸ਼ੇ, ਕੁਝ ਮਜ਼ਹਬ ਦੀ ਰੰਗਤ ਨੇ ਰੰਗੀਂ ਵਸਦੇ ਲੋਕਾਂ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਹੈ

ਇਸ ਜੰਗ ਵਿੱਚ ਕਿਸੇ ਨੇ ਆਪਣੇ ਹਥਿਆਰਾਂ ਦੀਆਂ ਖੇਪਾਂ ਵੇਚਣੀਆਂ ਹਨ ਅਤੇ ਕਿਸੇ ਨੇ ਆਪਣੇ ਇਲਾਕਿਆਂ ਨੂੰ ਵਿਸ਼ਾਲ ਰੂਪ ਦੇਣਾ ਹੈਇਸ ਲਈ ਖੂਨ ਦੀ ਹੋਲੀ ਅਜੇ ਹੋਰ ਖੇਡੀ ਜਾਵੇਗੀਜੰਗ ਵਿੱਚ ਹੁਣ ਤਕ 700 ਦੇ ਕਰੀਬ ਬੱਚੇ ਮਰ ਗਏ ਹਨ। ਇਹਨਾਂ ਮਾਸੂਮਾਂ ਦਾ ਇਸ ਦੁਨੀਆਂ ਵਿੱਚ ਰੱਤੀ ਭਰ ਵੀ ਕਸੂਰ ਨਹੀਂ ਸੀ। ਇਹਨਾਂ ਮਾਸੂਮ ਬੱਚਿਆਂ ਦੀ ਆਤਮਾਵਾਂ ਪੁੱਛਦੀਆਂ ਹੋਣਗੀਆਂ ਕਿ ਆਪਣੇ ਆਪ ਨੂੰ ਆਧੁਨਿਕ ਅਖਵਾਉਣ ਵਾਲਿਓ, ਕਿੰਨੀ ਜ਼ਾਲਿਮ ਹੈ ਤੁਹਾਡੀ ਇਹ ਦੁਨੀਆਂ? ਟਾਈਆਂ ਕੋਟ ਪਹਿਨਣ ਵਾਲੇ ਸੱਤਾਧਾਰੀਓ, ਬੰਬਾਂ, ਬੰਦੂਕਾਂ ਅਤੇ ਮਿਜ਼ਾਇਲਾਂ ਦੇ ਤਾਜਰੋ, ਅੰਦਰੋਂ ਬੜੀ ਘਣਾਉਣੀ, ਡਿਰਾਉਣੀ ਤੇ ਖੌਫਨਾਕ ਹੈ ਤੁਹਾਡੀ ਇਹ ਦੁਨੀਆਕਿਸੇ ਵੀ ਦੇਸ਼ ਦੇ ਅਮਨ ਪਸੰਦ ਲੋਕਾਂ ਨੂੰ ਇਹ ਕਦਾਚਿੱਤ ਮਨਜ਼ੂਰ ਨਹੀਂ ਕਿ ਬੇਦੋਸ਼ ਲੋਕਾਂ ਦਾ ਖੂਨ ਧਰਮ, ਜਾਤ ਜਾਂ ਦੇਸ਼ ਦੇ ਨਾਮ ’ਤੇ ਵਹਾਇਆ ਜਾਵੇਚੰਗੇਜ਼ ਖਾਨਾਂ, ਤੈਮੂਰਾਂ, ਮੁਸੋਲਿਨੀਆਂ ਤੇ ਹਿਟਲਰਾਂ ਨੂੰ ਇਤਿਹਾਸ ਨੇ ਕਦੇ ਮੁਆਫ ਨਹੀਂ ਕੀਤਾਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਅਤੇ ਜੰਗ ਵਿੱਚ ਜੇਤੂ ਨਿਸ਼ਾਨ ਬਣਾਉਣ ਵਾਲੇ ਸੱਤਾਧਾਰੀਆਂ ਵੱਲੋਂ ਜ਼ਾਲਿਮ ਲੋਕਾਂ ਦੀ ਸੂਚੀ (ਫਹਿਰਿਸਤ) ਨੂੰ ਹੋਰ ਲੰਬਾ ਨਹੀਂ ਕੀਤਾ ਜਾਣਾ ਚਾਹੀਦਾ। ਜਿੰਨੀ ਵੀ ਜਲਦੀ ਹੋ ਸਕੇ, ਜੰਗਬੰਦੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਰਗਰਮੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4492)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author