GurcharanNoorpur7ਇਸ ਦੌਰ ਵਿੱਚ ਹਰ ਵਸਤ ਬੇਸ਼ੱਕ ਮਹਿੰਗੀ ਹੋ ਰਹੀ ਹੈ ਪਰ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ ਸਮਝੀ ਜਾ ਰਹੀ ...
(17 ਅਕਤੂਬਰ 2017)

 

IndiaAccidentsA2

 

ਅਸੀਂ ਹੁਣ ਉਸ ਦੌਰ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਸਰਕਾਰਾਂ ਹਰ ਤਰ੍ਹਾਂ ਦੀਆਂ ਲੋਕ ਸੇਵਾਵਾਂ ਅਤੇ ਜਨਤਕ ਅਦਾਰਿਆਂ ਨੂੰ ਮੁਨਾਫ਼ਿਆਂ ਦੀ ਐਨਕ ਵਿੱਚੋਂ ਵੇਖਣ ਲੱਗ ਪਈਆਂ ਹਨ। ਪ੍ਰਾਈਵੇਟ ਕੰਪਨੀਆਂ ਵਾਂਗ ਸਰਕਾਰਾਂ ਨੇ ਸਭ ਕੰਮ ਮੁਨਾਫ਼ਿਆਂ ਲਈ ਨਹੀਂ ਕਰਨੇ ਹੁੰਦੇ ਪਰ ਅਫਸੋਸ ਕਿ ਅਜਿਹਾ ਹੋ ਰਿਹਾ ਹੈ। ਸਰਕਾਰੀ ਮੁਨਾਫਾਖ਼ੋਰ ਨੀਤੀਆਂ ਤੋਂ ਪੈਦਾ ਹੋਏ ਸੰਕਟ ਹੁਣ ਆਪਣੇ ਰੰਗ ਵਿਖਾਉਣ ਲੱਗ ਪਏ ਹਨ।

ਵਿਕਾਸ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਲਈ ਬੁਲੇਟ ਟਰੇਨ ਚਲਾਉਣ ਦੀ ਗੱਲ ਹੋ ਰਹੀ ਹੈ ਪਰ ਕਈ ਦਹਾਕੇ ਪੁਰਾਣੇ ਰੇਲਵੇ ਪੁਲ ਤੇ ਚੜ੍ਹੀ ਭੀੜ ਵਿੱਚ ਦਮ ਘੁੱਟ ਕੇ 22 ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੇਸ਼ ਤਰੱਕੀ ਕਰ ਰਿਹਾ ਹੈ, ਵਿਕਾਸ ਕਰ ਰਿਹਾ ਹੈ, ਨਕਦੀ ਰਹਿਤ ਅਰਥਚਾਰੇ ਵੱਲ ਵਧ ਰਿਹਾ ਹੈ ਪਰ ਕਿਸੇ ਹਸਪਤਾਲ ਵਿੱਚ ਆਕਸੀਜਨ ਨਾ ਪਹੁੰਚਣ ਕਾਰਨ ਦੋ ਦਿਨਾਂ ਵਿੱਚ 70 ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਸਾਡੇ ਮੁਲਕ ਵਿੱਚ ਮਨੁੱਖੀ ਜਾਨ ਦਾ ਕੀ ਮੁੱਲ ਹੈ, ਇਸ ਦਾ ਅੰਦਾਜ਼ਾ ਇਸ ਘਟਨਾ ਸਬੰਧੀ ਸੱਤਾਧਾਰੀ ਧਿਰ ਦੇ ਇਕ ਆਗੂ ਦੇ ਇਸ ਬਿਆਨ ਤੋਂ ਲਾਇਆ ਜਾ ਸਕਦਾ ਕਿ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਪਹਿਲਾਂ ਵੀ ਬੱਚੇ ਮਰਦੇ ਸਨ। ਇੱਥੇ ਹਰ ਰੋਜ਼ ਅਵਾਰਾ ਕੁੱਤੇ, ਨਿੱਕੇ ਨਿੱਕੇ ਬੱਚਿਆਂ ਨੂੰ ਪਾੜ ਖਾਂਦੇ ਹਨ ਪਰ ਅਸੀਂ ਇਹ ਸਭ ਕੁਝ ਭਗਵਾਨ ਭਰੋਸੇ ਛੱਡਿਆ ਹੋਇਆ ਹੈ। ਗਾਵਾਂ ਤੇ ਸਾਨ੍ਹ ਭੀੜੇ ਬਾਜ਼ਾਰਾਂ ਵਿੱਚ ਇੰਜ ਫਿਰਦੇ ਹਨ ਜਿਵੇਂ ਮੇਲਾ ਵੇਖਣ ਆਏ ਹੋਣ। ਹਰ ਰੋਜ਼ ਇਨ੍ਹਾਂ ਨਾਲ ਵਾਹਨ ਟਕਰਾਉਂਦੇ ਹਨ, ਲੋਕ ਫੱਟੜ ਹੁੰਦੇ ਤੇ ਮਰਦੇ ਹਨ ਅਤੇ ਜ਼ਿੰਦਗੀ ਭਰ ਲਈ ਅਪਾਹਿਜ ਹੋ ਰਹੇ ਹਨ। ਲੋਕ ਆਵਾਜ਼ ਉਠਾਉਂਦੇ ਹਨ ਪਰ ਫਿਰ ਪਹਿਲਾਂ ਵਾਂਗ ਚਲਦਾ ਰਹਿੰਦਾ ਹੈ, ਕਿਸੇ ਅਗਲੀ ਭਿਆਨਕ ਘਟਨਾ ਦੀ ਉਡੀਕ ਤੱਕ। ਧਰਮ ਅਸਥਾਨਾਂ ਤੇ ਹਰ ਸਾਲ ਦੁਰਘਟਨਾਵਾਂ ਹੁੰਦੀਆਂ ਹਨ ਤੇ ਵੱਡੀ ਗਿਣਤੀ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਪਰ ਦੇਸ਼ ਮਸਤ ਹਾਥੀ ਦੀ ਚਾਲ ਚਲਦਾ ਰਹਿੰਦਾ ਹੈ, ਕੋਈ ਫ਼ਰਕ ਨਹੀਂ ਪੈਂਦਾ। ਜਿੱਥੇ ਲੋਕ ਕੁਝ ਜ਼ਿਆਦਾ ਰੌਲਾ ਪਾਉਂਦੇ ਹਨ, ਉੱਥੇ ਕੁਝ ਮੁਆਵਜ਼ਾ ਦੇ ਕੇ ਪੀੜਤਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਵਿਕਸਿਤ ਮੁਲਕਾਂ ਵਿੱਚ ਜੇ ਕਿਤੇ ਮਾੜੇ ਪ੍ਰਬੰਧਾਂ ਕਾਰਨ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਵੱਡੇ ਫੈਸਲੇ ਲਏ ਜਾਂਦੇ ਹਨ ਤਾਂ ਕਿ ਦੁਬਾਰਾ ਅਜਿਹੀ ਦੁਰਘਟਨਾ ਨਾ ਵਾਪਰੇ।

ਪੂਰੇ ਦੇਸ਼ ਵਿੱਚ ਕਰਜ਼ੇ ਦੇ ਸਤਾਏ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚ ਹੀ ਦੋ ਤੋਂ ਤਿੰਨ ਕਿਸਾਨ ਹਰ ਰੋਜ਼ ਆਤਮ ਹੱਤਿਆ ਕਰ ਰਹੇ ਹਨ। ਇਨ੍ਹਾਂ ਆਤਮ ਹੱਤਿਆਵਾਂ ਨੂੰ ਰੋਕਣ ਲਈ ਜੋ ਕੁਝ ਹੋਣਾ ਚਾਹੀਦਾ ਹੈ, ਨਹੀਂ ਹੋ ਰਿਹਾ। ਅੱਜ ਹਾਲਾਤ ਇਹ ਬਣ ਗਏ ਹਨ ਕਿ ਇਨ੍ਹਾਂ ਸਭ ਤਰ੍ਹਾਂ ਦੇ ਵਰਤਾਰਿਆਂ ਨੂੰ ਅਸੀਂ ਰੱਬੀ ਭਾਣਾ ਮੰਨ ਲਿਆ ਹੈ। ਬਹੁਤ ਸਾਰੇ ਦੇਸ਼ ਹਨ ਜਿੱਥੇ ਲੋਕਾਂ ਨੂੰ ਅਜਿਹੀਆਂ ਅਣਹੋਣੀਆਂ ਦਾ ਸ਼ਿਕਾਰ ਨਹੀਂ ਹੋਣਾ ਪੈਂਦਾ। ਉਹ ਲੋਕ ਜਦੋਂ ਸਾਡੇ ਦੇਸ਼ ਵਿੱਚ ਆਉਂਦੇ ਤਾਂ ਹੈਰਾਨ ਹੁੰਦੇ ਹਨ ਕਿ ਇੱਥੇ ਬਾਜ਼ਾਰਾਂ ਵਿੱਚ ਲੋਕਾਂ ਦੇ ਨਾਲ ਨਾਲ ਪਸ਼ੂ ਵੀ ਟਹਿਲ ਰਹੇ ਹਨ ਜਿਵੇਂ ਖ਼ਰੀਦੋ- ਫ਼ਰੋਖਤ ਕਰਨ ਆਏ ਹੋਣ।

ਜਦੋਂ 2014 ਵਿੱਚ ਐਨਡੀਏ ਸਰਕਾਰ ਬਣੀ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਕਈ ਮੁਲਕਾਂ ਦੇ ਦੌਰੇ ਕੀਤੇ। ਇਨ੍ਹਾਂ ਸਰਕਾਰੀ ਦੌਰਿਆਂ ਦਾ ਮੁੱਖ ਮਕਸਦ ਬਾਹਰਲੇ ਲੋਕਾਂ ਨੂੰ ਭਾਰਤ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨਾ ਸੀ। ਅਸੀਂ ਬਾਹਰਲੇ ਦੇਸ਼ਾਂ ਦੇ ਹਾੜੇ ਕੱਢ-ਕੱਢ ਥੱਕ ਗਏ ਅਤੇ ਕਈ ਛੋਟਾਂ ਦੇਣ ਦੇ ਵਾਅਦੇ ਵੀ ਕੀਤੇ ਪਰ ਉਹ ਨਿਵੇਸ਼ ਲਈ ਤਿਆਰ ਹੀ ਨਹੀਂ। ਸਾਰੀ ਦੁਨੀਆਂ ਦੇਖ ਰਹੀ ਹੈ ਕਿ ਸ਼ਾਸਨ ਕਰਨ ਵਾਲਿਆਂ ਨੇ ਦੇਸ਼ ਦਾ ਕੀ ਬਣਾ ਦਿੱਤਾ ਹੈ। ਗਾਵਾਂ ਮੱਝਾਂ ਲਿਜਾ ਰਹੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਜਾਂਦਾ ਹੈ। ਇਹ ਧਰਮ ਦੇ ਨਾਂ ਤੇ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਕਿ ਬੇਕਸੂਰਾਂ ਨੂੰ ਕਤਲ ਕਰਨ ਵਾਲਿਆਂ ਦੀ ਪਿੱਠ ਤੇ ਸਿਆਸੀ ਲੋਕ ਆ ਖੜ੍ਹੇ ਹੁੰਦੇ ਹਨ। ਟੀਵੀ ਚੈਨਲਾਂ ਤੇ ਧਰਮ ਦੇ ਮਸਲਿਆਂ ਉੱਪਰ ਲੰਬੀਆਂ ਬਹਿਸਾਂ ਕਰਵਾਈਆਂ ਜਾ ਰਹੀਆਂ ਹਨ। ਫਿਰਕਾਪ੍ਰਸਤੀ ਦਾ ਜ਼ਹਿਰ ਲੋਕ ਮਨਾਂ ਵਿੱਚ ਕੁੱਟ ਕੁੱਟ ਕੇ ਭਰਿਆ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਲੋਕਾਂ ਦਾ ਮਰਨਾ ਆਮ ਹੋ ਗਿਆ ਹੈ ਪਰ ਸਰਕਾਰਾਂ ਇਸ ਪ੍ਰਤੀ ਸੰਜੀਦਗੀ ਨਹੀਂ ਦਿਖਾਉਂਦੀਆਂ। ਫਿਰ ਕੌਣ ਕਰੇਗਾ ਭਾਰਤ ਵਿੱਚ ਨਿਵੇਸ਼?

ਦੇਸ਼ ਵਿੱਚ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ। ਹਰ ਦਿਨ ਔਸਤਨ 1317 ਸੜਕ ਹਾਦਸੇ ਹੁੰਦੇ ਹਨ ਤੇ ਰੋਜ਼ਾਨਾ ਕਰੀਬ 413 ਲੋਕ ਮਾਰੇ ਜਾਂਦੇ ਹਨ। ਹਰ ਰੋਜ਼ ਹਰੇਕ ਘੰਟੇ ਦੌਰਾਨ ਇੱਥੇ ਔਸਤਨ 17 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ। 2015 ਵਿੱਚ ਵੱਖ ਵੱਖ ਸੜਕ ਹਾਦਸਿਆਂ ਦੌਰਾਨ 146133 ਲੋਕ ਮਾਰੇ ਗਏ ਸਨ ਅਤੇ 2016 ਵਿੱਚ ਇਹ ਗਿਣਤੀ ਵਧ ਕੇ 150785 ਹੋ ਗਈ। ਇਨ੍ਹਾਂ ਸੜਕ ਹਾਦਸਿਆਂ ਵਿੱਚ ਜੋ ਅਪਾਹਿਜ ਹੋ ਗਏ ਜਾਂ ਮਹੀਨਿਆਂ ਬੱਧੀ ਹਸਪਤਾਲਾਂ ਵਿੱਚ ਰੁਲਣ ਅਤੇ ਮੌਤ ਨਾਲੋਂ ਭੈੜੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਅਲੱਗ ਹੈ। ਇਨ੍ਹਾਂ ਵਿੱਚ ਕੁਝ ਹੈਰਾਨੀਜਨਕ ਸੜਕ ਹਾਦਸੇ ਵੀ ਹੁੰਦੇ ਹਨ ਜਿਨ੍ਹਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਟ੍ਰੈਫਿਕ ਨਿਯਮ ਲਾਗੂ ਕਰਨ ਵਾਲੇ ਤੰਤਰ ਨੇ ਤਜ਼ਰਬਾ ਕਰਨ ਖ਼ਾਤਰ ਹੀ ਇਹ ਹੋਣ ਦਿੱਤੇ ਹੋਣ। ਜਿਵੇਂ ਪਿਛਲੇ ਅਰਸੇ ਦੌਰਾਨ ਰਾਜਸਥਾਨ ਤੋਂ ਉੱਚੀ ਟੀਸੀ ਤੱਕ, ਭਾਰ ਨਾਲ ਲੱਦਿਆ ਟਰੱਕ ਕਈ ਸੌ ਕਿਲੋਮੀਟਰ ਸਫ਼ਰ ਕਰਕੇ ਜਦੋਂ ਜੀਰਾ ਤੋਂ ਤਰਨ ਤਾਰਨ ਜਾ ਰਿਹਾ ਸੀ ਤਾਂ ਸੜਕ ਤੇ ਪਾਸ ਕਰ ਰਹੀ ਇੱਕ ਵੈਨ ਦੇ ਉੱਪਰ ਧੜੱਮ ਕਰਕੇ ਡਿੱਗ ਪਿਆ ਤੇ ਵੈਨ ਵਿੱਚ ਸਫ਼ਰ ਕਰ ਰਹੇ 13 ਬੰਦਿਆਂ ਦੀ ਉੱਪਰੋਂ ਡਿੱਗੀ ਆਫਤ ਨਾਲ ਮੌਤ ਹੋ ਗਈ। ਸੜਕਾਂ ਤੇ ਕਿਸੇ ਨਾਲ ਟਕਰਾ ਕੇ ਤਾਂ ਮੌਤਾਂ ਹੁੰਦੀਆਂ ਹਨ ਪਰ ਸਾਡੇ ਦੇਸ਼ ਦਾ ਆਲਮ ਬੜਾ ਨਿਰਾਲਾ ਹੈ। ਇੱਥੇ ਸੜਕ ਤੇ ਸਫ਼ਰ ਕਰਦਿਆਂ ਆਫਤ ਅਸਮਾਨੋ ਡਿੱਗ ਸਕਦੀ ਹੈ। ਸੜਕਾਂਤੇ ਸਫ਼ਰ ਕਰਦਿਆਂ ਅਸੀਂ ਹਰ ਰੋਜ਼ ਕਿਸੇ ਇੱਕ ਪਾਸੇ ਨੂੰ ਉਲਰੇ ਹੋਏ ਮੌਤ ਦੇ ਰੂਪ ਵਿੱਚ ਆ ਜਾ ਰਹੇ ਟਰੱਕ ਆਮ ਵੇਖਦੇ ਹਾਂ ਜੋ ਕਿਸੇ ਵੀ ਸਮੇਂ ਕਿਸੇ ਨੇੜਿਉਂ ਲੰਘਦੇ ਵਾਹਨ ਉੱਪਰ ਡਿੱਗ ਕੇ ਮਨੁੱਖੀ ਜਾਨਾਂ ਲੈ ਸਕਦੇ ਹਨ। ਪਰ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਵਾਲਿਆਂ ਨੇ ਕਦੇ ਪ੍ਰਵਾਹ ਨਹੀਂ ਕੀਤੀ। ਜੇਕਰ ਕੀਤੀ ਹੁੰਦੀ ਤਾਂ ਅਜਿਹੇ ਮੌਤ ਦਾ ਸਮਾਨ ਨਾਲ ਬੰਨ੍ਹ ਕੇ ਚੱਲ ਰਹੇ ਟਰੱਕ ਨਜ਼ਰ ਆਉਣੋ ਹਟ ਜਾਣੇ ਸਨ। ਇਹ ਸਭ ਕੁਝ, ਇਹ ਦੱਸਦਾ ਹੈ ਕਿ ਸੜਕ ਪ੍ਰਬੰਧਾਂ ਨੂੰ ਇੱਕ ਤਰ੍ਹਾਂ ਨਾਲ ਰੱਬ ਆਸਰੇ ਛੱਡ ਦਿੱਤਾ ਗਿਆ ਹੈ।

ਇਹ ਠੀਕ ਹੈ ਕਿ ਅਸੀਂ ਵਿਕਸਿਤ ਭਾਰਤ ਦੇ ਸੁਪਨੇ ਦੇਖਦੇ ਹਾਂ, ਸ਼ਵੱਛ ਭਾਰਤ ਦੀ ਸਿਰਜਣਾ ਕਰਨ ਦੀਆਂ ਗੱਲਾਂ ਕਰਦੇ ਹਾਂ ਪਰ ਦੇਸ਼ ਦੇ ਹਾਲਾਤ ਇਹ ਹਨ ਕਿ ਇੱਥੇ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਵੱਲੋਂ ਪੈਸਾ ਲਾਉਣਾ ਅਤੇ ਸਾਡੇ ਅਰਥਚਾਰੇ ਨੂੰ ਹੁਲਾਰਾ ਦੇਣਾ ਤਾਂ ਦੂਰ, ਇੱਥੇ ਘੁੰਮਣ ਫਿਰਨ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਹਰ ਸਾਲ ਘਟ ਰਹੀ ਹੈ। ਇੰਟਰਨੈੱਟ ਦੀਆਂ ਵੱਖ ਵੱਖ ਸਾਈਟਾਂ ਤੇ ਜਦੋਂ ਭਾਰਤ ਦੇ ਸੜਕ ਨਿਯਮਾਂ ਨੂੰ ਚੈੱਕ ਕਰਨ ਲਈ ਕੋਈ ਸਾਈਟ ਖੋਲ੍ਹਦੇ ਹਾਂ ਤਾਂ ਸੜਕਾਂ ਉੱਪਰ ਫਿਰਦੇ ਆਵਾਰਾ ਪਸ਼ੂ ਹੀ ਨਜ਼ਰੀਂ ਪੈਂਦੇ ਹਨ। ਇਹ ਆਵਾਰਾ ਪਸ਼ੂ ਜਿੱਥੇ ਸੜਕਾਂ ਬਜ਼ਾਰਾਂ ਵਿੱਚ ਮਲ ਮੂਤਰ ਕਰਦੇ, ਉੱਥੇ ਸ਼ਹਿਰਾਂ ਵਿੱਚ ਪਏ ਕੂੜੇ ਵਿੱਚ ਮੂੰਹ ਮਾਰਦੇ, ਉਸ ਨੂੰ ਖਿਲਾਰਦੇ ਅਤੇ ਹੋਰ ਗੰਦਗੀ ਫੈਲਾਉਂਦੇ ਨਜ਼ਰ ਆਉਂਦੇ ਹਨ। ਇਨ੍ਹਾਂ ਸਮੱਸਿਆਵਾਂ ਦਾ ਠੋਸ ਹੱਲ ਲੱਭਣ ਦੀ ਇੱਛਾ ਸ਼ਕਤੀ ਕਿਸੇ ਪਾਸੇ ਨਜ਼ਰ ਨਹੀਂ ਆਉਂਦੀ ਪਰ ਸਵੱਛਤਾ ਦੇ ਨਾਹਰੇ ਨੂੰ ਅਸੀਂ ਨੋਟਾਂ ਤੇ ਛਾਪ ਦਿੱਤਾ ਹੈ। ਲੱਖਾਂ ਦੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਗੰਦੀਆਂ ਤੋਂ ਗੰਦੀਆਂ ਬਸਤੀਆਂ ਵਿੱਚ ਰਹਿਣ ਲਈ ਮਜਬੂਰ ਹਨ। ਦੂਸ਼ਿਤ ਪਾਣੀ ਅਤੇ ਗੰਦੇ ਵਾਤਾਵਰਣ ਕਰਕੇ ਵੱਡੀ ਗਿਣਤੀ ਲੋਕ ਰੋਜ਼ ਬਿਮਾਰ ਹੁੰਦੇ ਤੇ ਮਰਦੇ ਹਨ।

ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਡੋਕਲਾਮ ਵਿਵਾਦ ਸੁਲਝ ਗਿਆ ਪਰ ਟੀ ਵੀ ਚੈਂਨਲਾਂ ਉੱਪਰ ਇਹ ਦਿਖਾਇਆ ਗਿਆ ਕਿ ਚੀਨ ਸਾਡੇ ਤੋਂ ਡਰ ਗਿਆ ਹੈ। ਇਸ ਦੌਰਾਨ ਹੀ ਦੂਜੇ ਪਾਸੇ ਹਰ ਰੋਜ਼ ਪਾਕਿਸਤਾਨ ਨਾਲ ਲਗਦੀ ਸਰਹੱਦ ਉੱਪਰ ਗੋਲੀਬਾਰੀ ਹੁੰਦੀ ਰਹਿੰਦੀ ਹੈ ਜਿਸ ਨਾਲ ਸਾਡੇ ਜਵਾਨ ਵੀ ਸ਼ਹੀਦ ਹੁੰਦੇ ਹਨ। ਆਮ ਲੋਕ ਵੀ ਮਰਦੇ ਹਨ। ਗੋਲੀਬੰਦੀ ਦੀ ਉਲੰਘਣਾ ਕਾਰਨ ਬਾਰਡਰ ਨੇੜੇ ਰਹਿੰਦੇ ਲੱਖਾਂ ਲੋਕ ਸਹਿਮ ਦੇ ਸਾਏ ਹੇਠ ਜੀਵਨ ਬਸਰ ਕਰਦੇ ਹਨ। ਹਰ ਰੋਜ਼ ਬੰਬਾਂ ਦੇ ਖੋਲ ਟੀ ਵੀ ਚੈਂਨਲਾਂ ਵਾਲੇ ਦਿਖਾਉਂਦੇ ਹਨ। ਪਰ ਰੋਜ਼ ਮਰਦੇ ਇਨ੍ਹਾਂ ਲੋਕਾਂ ਪ੍ਰਤੀ ਸਾਡੀਆਂ ਉਹ ਸ਼ਕਤੀਆਂ ਕੁਝ ਨਹੀਂ ਕਰ ਪਾ ਰਹੀਆਂ ਜੋ ਚੀਨ ਵਰਗੀ ਮਹਾਂਸ਼ਕਤੀ ਨੂੰ ਡਰਾਉਣ ਦਾ ਦਮ ਰੱਖਦੀਆਂ ਹਨ। ਅਸੀਂ ਚੀਨ ਤੂੰ ਡਰਾ ਕੇ ਭਜਾ ਸਕਦੇ ਹਾਂ ਜੋ ਸਾਡੇ ਤੋਂ ਵੱਡੀ ਤਾਕਤ ਹੈ ਪਰ ਪਾਕਿਸਤਾਨ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਕੇ ਮਰਦੇ ਅਤੇ ਸ਼ਹੀਦ ਹੁੰਦੇ ਫੌਜੀ ਜਵਾਨਾਂ ਦੇ ਘਰਦਿਆਂ ਨੂੰ ਕੁਝ ਕੁ ਵਿੱਤੀ ਸਹਾਇਤਾ ਦੇ ਕੇ ਹੀ ਸਾਰ ਦਿੱਤਾ ਜਾਂਦਾ ਹੈ। ਲੰਮੇ ਅਰਸੇ ਤੋਂ ਸਰਹੱਦ ਤੇ ਬਣੀ ਹੋਈ ਇਸ ਭਿਆਨਕ ਸਥਿਤੀ ਦਾ ਕੋਈ ਠੋਸ ਹੱਲ ਲੱਭਣ ਦੇ ਸਾਰਥਿਕ ਯਤਨ ਕਿਉਂ ਨਹੀਂ ਕੀਤੇ ਜਾਂਦੇ? ਮੁਨਾਫ਼ਿਆਂ, ਖ਼ੁਦਗਰਜ਼ੀਆਂ ਤੇ ਲਾਲਚਾਂ ਦੇ ਇਸ ਦੌਰ ਵਿੱਚ ਹਰ ਵਸਤ ਬੇਸ਼ੱਕ ਮਹਿੰਗੀ ਹੋ ਰਹੀ ਹੈ ਪਰ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ ਸਮਝੀ ਜਾ ਰਹੀ। ਇਹ ਨੂੰ ਸਾਡੇ ਸਮਿਆਂ ਦਾ ਸੰਤਾਪ ਹੀ ਕਹਾਂਗੇ।

*****

(866)

ਆਪਣੇ ਵਿਚਾਰ ਪੇਸ਼ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author