“ਸਾਡੇ ਅੱਗੇ ਸੜਕ ’ਤੇ ਰੇਤਾ ਪਿਆ ਸੀ, ਦੂਸਰੀ ਸਾਈਡ ਤੋਂ ਸੜਕ ਟੁੱਟਣ ਕਰਕੇ ਟੋਆ ...”
(25 ਜੁਲਾਈ 2025)
ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਬਹੁਤ ਹੀ ਅਮੀਰ, ਜਗੀਰਦਾਰ, ਉਦਯੋਗਪਤੀ ਜਾਂ ਅੰਗਰੇਜ਼ ਅਧਿਕਾਰੀਆਂ ਕੋਲ ਹੀ ਕਾਰਾਂ ਹੁੰਦੀਆਂ ਸਨ। ਇਹ ਕਾਰਾਂ ਵਿਦੇਸ਼ਾਂ ਤੋਂ ਮੰਗਵਾਈਆਂ ਜਾਂਦੀਆਂ ਸਨ। ਰਜਵਾੜਿਆਂ ਅਤੇ ਅੰਗਰੇਜ਼ਾਂ ਦੇ ਰਾਜ ਵਿੱਚ ਆਮ ਜਨਤਾ ਦੀ ਹਾਲਤ ਬਹੁਤੀ ਵਧੀਆ ਨਹੀਂ ਸੀ। ਖੇਤੀ ਪੈਦਾਵਾਰ ਬਹੁਤ ਘੱਟ ਸੀ, ਲੋਕਾਂ ਨੂੰ ਪੇਟ ਭਰ ਅੰਨ ਵੀ ਬੜੀ ਮੁਸ਼ਕਿਲ ਪ੍ਰਾਪਤ ਹੁੰਦਾ ਸੀ, ਇਸ ਲਈ ਇਹ ਆਮ ਆਦਮੀ ਦੀ ਪਹੁੰਚ ਤੋਂ ਕਾਰਾਂ ਬਹੁਤ ਪਰੇ ਸਨ। ਦੇਸ਼ ਆਜ਼ਾਦ ਹੋਣ ਤੋਂ ਬਾਅਦ 1952 ਵਿੱਚ ਟੈਰਿਫ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜਿਸਦਾ ਮੁੱਖ ਕਾਰਜ ਦੇਸ਼ ਵਿੱਚ ਸਵਦੇਸ਼ੀਕਰਨ ਲਈ ਇੱਕ ਵਿਆਪਕ ਯੋਜਨਾ ਤਿਆਰ ਕਰਨਾ ਸੀ। ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਵਿੱਚ ਹਿੰਦੁਸਤਾਨ ਮੋਟਰਜ਼ ਵੱਲੋਂ ਅੰਬੈਸਡਰ ਅਤੇ ਪ੍ਰੀਮੀਅਰ ਆਟੋਮੋਬਾਇਲ ਲਿਮਿਟਡ ਵੱਲੋਂ ਫੀਅਟ ਕਾਰ ਦਾ ਨਿਰਮਾਣ ਸ਼ੁਰੂ ਹੋਇਆ। ਹਿੰਦੁਸਤਾਨ ਮੋਟਰਜ਼ ਕਿਉਂਕਿ ਅਰਧ ਸਰਕਾਰੀ ਕੰਪਨੀ ਸੀ, ਸਰਕਾਰ ਵੱਲੋਂ ਸਰਕਾਰ ਦੇ ਪਾਰਲੀਮੈਂਟ ਮੈਬਰਾਂ, ਮਨਿਸਟਰ, ਸੂਬਿਆਂ ਦੇ ਐੱਮ ਐੱਲ ਏ ਤੇ ਸਰਕਾਰ ਚਲਾਉਣ ਵਾਲੇ ਮੁੱਖ ਅਫਸਰਾਂ ਨੂੰ ਅੰਬੈਸਡਰ ਕਾਰ ਮੁਹਈਆ ਕਰਵਾਈ ਗਈ ਤਾਂ ਕਿ ਇਸ ਉਦਯੋਗ ਨੂੰ ਵਿਕਸਿਤ ਕੀਤਾ ਜਾਵੇ। ਇਸ ਤੋਂ ਇਲਾਵਾ ਹੋਰ ਕਿਸੇ ਵੀ ਵਿਦੇਸ਼ੀ ਕੰਪਨੀ ਨੂੰ ਕਾਰਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। ਕਾਰਾਂ ਦੇ ਦਰਾਮਦ ਉੱਪਰ ਬੰਦਿਸ਼ਾਂ ਲਾ ਦਿੱਤੀਆਂ। ਵਿਦੇਸ਼ ਤੋਂ ਆਉਣ ਵਾਲੀਆਂ ਕਾਰਾਂ ’ਤੇ ਡਿਊਟੀ ਬਹੁਤ ਵਧਾ ਦਿੱਤੀ ਤਾਂ ਕਿ ਉਹ ਕਾਰਾਂ ਘੱਟ ਤੋਂ ਘੱਟ ਭਾਰਤ ਵਿੱਚ ਆਉਣ।
ਰਿਆਸਤਾਂ ਦੇ ਰਾਜੇ-ਮਹਾਰਾਜੇ ਜਾਂ ਬਹੁਤ ਹੀ ਅਮੀਰ ਅਤੇ ਜਗੀਰਦਾਰ ਮਹਿੰਗੀਆਂ ਵਿਦੇਸ਼ੀ ਕਾਰਾਂ ਆਪਣੀ ਅਮੀਰੀ ਦਾ ਮੁਜ਼ਾਹਰਾ ਕਰਨ ਲਈ ਹਰ ਕੀਮਤ ’ਤੇ ਵਿਦੇਸ਼ਾਂ ਤੋਂ ਮੰਗਵਾਉਂਦੇ ਸਨ। ਹੌਲੀ ਹੌਲੀ ਵਿਕਾਸ ਹੋਣ ਲੱਗਿਆ ਤਾਂ ਲੋਕਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਜਪਾਨ ਦੀ ਸੁਜ਼ੂਕੀ ਕੰਪਨੀ ਨਾਲ ਸਾਂਝ ਦੇ ਤੌਰ ’ਤੇ ਦੇਸ਼ ਵਿੱਚ ਮਾਰੂਤੀ ਕਾਰ ਦਾ ਨਿਰਮਾਣ ਹੋਣ ਲੱਗਿਆ। ਕਾਰਾਂ ਦੀ ਪੈਦਾਵਾਰ ਐਨੀ ਸਪੀਡ ਨਾਲ ਵਧੀ ਕਿ ਘਰ ਘਰ ਮਾਰੂਤੀ ਕਾਰ ਹੋ ਗਈ। ਦੁਨੀਆਂ ਵਿੱਚ ਕਾਰਾਂ ਦੇ ਨਿਰਮਾਣ ਨੂੰ ਦੇਖਦੇ ਹੋਏ ਸਮੇਂ ਸਮੇਂ ਸਰਕਾਰਾਂ ਨੇ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਕਾਰਾਂ ਬਣਾਉਣ ਦਾ ਲਾਇਸੈਂਸ ਦੇ ਦਿੱਤਾ। ਇਸ ਨਾਲ ਜਪਾਨ ਦੀਆਂ ਬਹੁਤ ਕੰਪਨੀਆਂ ਨੇ ਭਾਰਤ ਵਿੱਚ ਆਪਣੀਆਂ ਕਾਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀ ਟਾਟਾ ਨੇ ਕਾਰਾਂ ਦੇ ਨਿਰਮਾਣ ਵਿੱਚ ਪੈਰ ਧਰਿਆ। ਪਹਿਲਾਂ ਇਹ ਕੰਪਨੀ ਟਰੱਕ ਜਾਂ ਹੈਵੀ ਵਹੀਕਲ ਬਣਾਉਂਦੀ ਸੀ। ਹੁੰਡਾਈ, ਟੋਓਟਾ ਕਿਰਲੋਸਕਰ, ਫੋਰਡ ਅਤੇ ਹੋਰ ਅਨੇਕਾਂ ਕੰਪਨੀਆਂ ਨੇ ਭਾਰਤ ਵਿੱਚ ਹੀ ਕਾਰਾਂ ਦਾ ਨਿਰਮਾਣ ਕਰਨ ਦੇ ਕਾਰਖਾਨੇ ਸਥਾਪਿਤ ਕਰ ਲਏ। ਇਸ ਤੋਂ ਬਾਅਦ ਆਟੋਮੋਬਾਇਲ ਉਦਯੋਗ ਦੇ ਮਾਲਕ ਮਹਿੰਦਰਾ ਐਂਡ ਮਹਿੰਦਰਾ ਨੇ ਕਾਰ ਨਿਰਮਾਣ ਵਿੱਚ ਪੈਰ ਰੱਖਿਆ। ਦੇਖਦੇ ਦੇਖਦੇ ਦੇਸ਼ ਵਿੱਚ ਕਾਰਾਂ ਦਾ ਹੜ੍ਹ ਆ ਗਿਆ। ਲੋਕਾਂ ਨੇ ਬਿਨਾਂ ਲੋੜ ਤੋਂ ਐਸ਼ੋ-ਆਰਾਮ ਵਾਸਤੇ ਕਾਰਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਕਾਰ ਰੱਖਣਾ ਇੱਕ ਹੈਸੀਅਤ ਦਾ ਪੈਰਾਮੀਟਰ ਬਣ ਗਿਆ। ਪੰਜਾਬ ਵਿੱਚ ਖਾਂਦੇ ਪੀਂਦੇ ਕਿਸਾਨ ਆਪਣੀਆਂ ਲੜਕੀਆਂ ਦੇ ਵਿਆਹਾਂ ਵਿੱਚ ਦਾਜ ਵਿੱਚ ਕਾਰਾਂ ਦੇਣ ਲੱਗ ਪਏ। ਲੋਕਾਂ ਕੋਲ ਲੋੜ ਤੋਂ ਵੱਧ ਕਾਰਾਂ ਹੋ ਗਈਆਂ ਤੇ ਸੜਕਾਂ ’ਤੇ ਦੌੜਣ ਲੱਗੀਆਂ। ਦੇਸ਼ ਦੀ ਸਰਕਾਰ ਨੂੰ ਅਤੇ ਸੂਬਾ ਸਰਕਾਰਾਂ ਨੂੰ ਆਵਾਜਾਈ ਠੀਕ ਰੱਖਣ ਖਾਤਰ ਸੜਕਾਂ ਚੌੜੀਆਂ ਕਰਨੀਆਂ ਪਈਆਂ। ਲੰਬੀ ਦੂਰੀ ਤੈਅ ਕਰਨ ਲਈ ਚਾਰ ਮਾਰਗੀ ਤੇ ਛੇ ਮਾਰਗੀ ਹਾਈਵੇਅ ਦਾ ਨਿਰਮਾਣ ਕਰਨਾ ਪਿਆ।
ਸੜਕਾਂ ਚੌੜੀਆਂ ਹੋਣ ਦੇ ਬਾਵਜੂਦ, ਹਾਈਵੇਅ ਬਣਨ ਤੋਂ ਬਾਅਦ ਵੀ ਆਵਾਜਾਈ ਦੀ ਸਮੱਸਿਆ ਬਹੁਤ ਗੰਭੀਰ ਰਹੀ। ਇਸਦਾ ਨਤੀਜਾ ਇਹ ਹੋਇਆ ਕਿ ਹਾਦਸੇ ਹੋਣ ਲੱਗੇ। ਹਰ ਰੋਜ਼ ਅਖਬਾਰਾਂ ਵਿੱਚ ਦੇਖਦੇ ਹਾਂ, ਸੋਸ਼ਲ ਮੀਡੀਆ ’ਤੇ ਤੱਕਦੇ ਹਾਂ ਕਿ ਖ਼ਤਰਨਾਕ ਤੋਂ ਖ਼ਤਰਨਾਕ ਹਾਦਸੇ ਹੋ ਰਹੇ ਹਨ, ਜਿਨ੍ਹਾਂ ਵਿੱਚ ਕੀਮਤੀ ਜਾਨਾਂ ਐਵੇਂ ਭੰਗ ਦੇ ਭਾੜੇ ਜਾਂਦੀਆਂ ਹਨ। ਸਰਕਾਰਾਂ ਨੇ ਟ੍ਰੈਫਿਕ ਕੰਟਰੋਲ ਕਰਨ ਲਈ ਬਹੁਤ ਕਦਮ ਚੁੱਕੇ ਪਰ ਹਾਦਸੇ ਹੋਣੋ ਨਹੀਂ ਹਟੇ। ਆਧੁਨਿਕ ਤਕਨੀਕ ਨਾਲ ਬਣੀਆਂ ਕਾਰਾਂ ਬਹੁਤ ਤੇਜ਼ ਦੌੜਦੀਆਂ ਹਨ। ਡਰਾਈਵਰ ਜਾਂ ਅੱਜ ਕੱਲ੍ਹ ਦੇ ਮਛੋਹਰ ਮੁੰਡੇ ਬਹੁਤ ਤੇਜ਼ ਕਾਰਾਂ ਭਜਾਉਂਦੇ ਹਨ। ਇੱਕ ਦੂਸਰੇ ਤੋਂ ਅੱਗੇ ਨਿਕਲਣ ਦੇ ਸ਼ੌਕ ਵਜੋਂ ਬਹੁਤ ਹਾਦਸੇ ਕਰਦੇ ਹਨ।
ਹਾਦਸਿਆਂ ਤੋਂ ਇਲਾਵਾ ਸਭ ਤੋਂ ਜ਼ਿਆਦਾ ਲੜਾਈ-ਝਗੜੇ (ਰੋਡ ਰੇਜ - ਸੜਕ ਤੇ ਗੁੱਸਾ) ਕਰਕੇ ਹੁੰਦੇ ਹਨ। ਕਈ ਵਾਰ ਮਰਨ ਮਾਰਨ ਤਕ ਨੌਬਤ ਪਹੁੰਚ ਜਾਂਦੀ ਹੈ। ਇਹ ਸੜਕ ਵਾਲਾ ਗੁੱਸਾ ਜਾਂ ਤਾਂ ਗੱਡੀ ਵਿੱਚ ਗੱਡੀ ਵੱਜਣ ਕਰਕੇ ਜਾਂ ਓਵਰਟੇਕ ਕਰਕੇ ਜ਼ਿਆਦਾ ਭੜਕਦਾ ਹੈ। ਕਈ ਵਾਰ ਪਾਰਕਿੰਗ ਵਿੱਚ ਗੱਡੀ ਲਾਉਣ ਪਿੱਛੇ ਕਤਲ ਹੋ ਜਾਂਦੇ ਹਨ। ਪਿੱਛੇ ਜਿਹੇ ਚੰਡੀਗੜ੍ਹ ਵਿੱਚ ਗੱਡੀ ਪਾਰਕ ਕਰਨ ਵੇਲੇ ਦੋ ਬੰਦਿਆਂ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ। ਇੱਕ ਕੋਲ ਰਿਵਾਲਵਰ ਸੀ, ਕੱਢ ਕੇ ਦੂਜੇ ਦੇ ਗੋਲੀ ਮਾਰ ਦਿੱਤੀ। ਨਤੀਜਾ ਕੀ ਨਿਕਲਿਆ, ਇੱਕ ਬੰਦੇ ਦੀ ਜਾਨ ਗਈ, ਦੂਸਰੇ ਨੂੰ ਜੇਲ੍ਹ ਹੋ ਗਈ। ਲੋਕਾਂ ਵਿੱਚ ਬਿਲਕੁਲ ਵੀ ਸਹਿਣਸ਼ੀਲਤਾ ਨਹੀਂ ਹੁੰਦੀ। ਨਤੀਜਾ ਇਹ ਹੁੰਦਾ ਹੈ ਕਿ ਇੱਕ ਦੂਜੇ ਨੂੰ ਮਾਰਨ ਦੀ ਨੌਬਤ ਆ ਜਾਂਦੀ ਹੈ। ਅਕਸਰ ਅਖ਼ਬਾਰਾਂ ਵਿੱਚ ਸੋਸ਼ਲ ਮੀਡੀਆ ’ਤੇ ਹਰ ਰੋਜ਼ ਦੇਖਦੇ ਹਾਂ ਕਿ ਲੋਕ ਗੱਡੀ ਪਾਰਕ ਕਰਨ ਵਕਤ ਹੋਏ ਝਗੜੇ ਦੌਰਾਨ ਦੂਸਰੇ ਨੂੰ ਗੋਲੀ ਮਾਰ ਦਿੰਦੇ ਹਨ। ਸੜਕ ਅਤੇ ਲੜਾਈ ਝਗੜੇ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਹਨ, ਪੱਗਾਂ ਰੁਲ ਜਾਂਦੀਆਂ ਹਨ। ਲੋਕ ਇੱਕ ਦੂਜੇ ਦੀਆਂ ਗੱਡੀਆਂ ਭੰਨ ਦਿੰਦੇ ਹਨ। ਆਪਣਾ ਵੀ ਨੁਕਸਾਨ ਹੁੰਦਾ ਹੈ ਤੇ ਗੱਡੀਆਂ ਦਾ ਵੀ ਕਬਾੜਾ ਹੋ ਜਾਂਦਾ ਹੈ। ਲੋਕ ਇੱਕ ਮਿੰਟ ਲਈ ਨਹੀਂ ਸੋਚਦੇ ਕਿ ਇਸਦਾ ਨਤੀਜਾ ਕੀ ਹੋਵੇਗਾ। ਜੇਕਰ ਥੋੜ੍ਹੀ ਬਹੁਤ ਸ਼ਹਿਣਸ਼ੀਲਤਾ ਅਤੇ ਪਿਆਰ ਦੀ ਭਾਸ਼ਾ ਵਰਤ ਲਈ ਜਾਵੇ ਤਾਂ ਬੜੇ ਤੋਂ ਬੜੇ ਹਾਦਸੇ ਹੋਣੋ ਬਚ ਸਕਦੇ ਹਨ।
ਇੱਕ ਵਾਰ ਮੈਂ ਤੇ ਮੇਰਾ ਬੇਟਾ ਸੰਗਰੂਰ ਸ਼ਹਿਰ ਵਿੱਚ ਕਿਸੇ ਕੰਮ ਥਲੇਸ ਬਾਗ਼ ਰੋਡ ਤੋਂ ਨਾਭਾ ਗੇਟ ਵਲ ਜਾ ਰਹੇ ਸੀ। ਸਾਡੇ ਅੱਗੇ ਸੜਕ ’ਤੇ ਰੇਤਾ ਪਿਆ ਸੀ, ਦੂਸਰੀ ਸਾਈਡ ਤੋਂ ਸੜਕ ਟੁੱਟਣ ਕਰਕੇ ਟੋਆ ਪਿਆ ਹੋਇਆ ਸੀ, ਇਸ ਕਰਕੇ ਗੱਡੀ ਥੋੜ੍ਹੀ ਰੇਤੇ ਉੱਪਰੋਂ ਹੀ ਲੰਘਾਉਣੀ ਪੈਣੀ ਸੀ। ਕੁਦਰਤੀ ਗਲੀ ਵਾਲੇ ਪਾਸਿਓਂ ਇੱਕ ਕਤੂਰਾ ਆ ਗਿਆ ਤਾਂ ਬੇਟੇ ਨੇ ਜ਼ੋਰ ਦੀ ਬਰੇਕ ਮਾਰ ਦਿੱਤੀ। ਕਤੂਰਾ ਤਾਂ ਬਚ ਗਿਆ ਪਰ ਪਿੱਛੇ ਆਉਂਦੀ ਨੋਵਾ ਕਾਰ ਸਾਡੀ ਸਵਿਫਟ ਵਿੱਚ ਜ਼ੋਰ ਦੀ ਵੱਜੀ। ਸਾਨੂੰ ਪਿਓ ਪੁੱਤ ਨੂੰ ਇੱਕ ਦਮ ਗੁੱਸਾ ਚੜ੍ਹ ਗਿਆ। ਬੇਟਾ ਗੱਡੀ ਚਲਾ ਰਿਹਾ ਸੀ। ਮੈਂ ਉਸ ਨੂੰ ਕਿਹਾ, ਤੂੰ ਬੈਠ, ਮੈਂ ਦੇਖਦਾ ਹਾਂ।
ਮੈਂ ਯਕਲਖਤ ਗੱਡੀ ਵਿੱਚੋਂ ਉੱਤਰਿਆ ਤੇ ਪਿੱਛੇ ਜਾ ਕੇ ਦੇਖਿਆ, ਬੰਪਰ ਬਿਲਕੁਲ ਟੁੱਟ ਗਿਆ ਸੀ। ਮੈਂ ਗੁੱਸੇ ਵਿੱਚ ਗੱਡੀ ਦੇ ਡਰਾਈਵਰ ਨੂੰ ਕਿਹਾ, “ਥੱਲੇ ਉੱਤਰ! ਸਾਰੀ ਗੱਡੀ ਭੰਨ ਦਿੱਤੀ, ਚਲੋ ਥਾਣੇ! ਉੱਥੇ ਪਰਚਾ ਕਰਾਉਨੇ ਆਂ।”
ਡਰਾਈਵਰ ਕੁਝ ਨਹੀਂ ਬੋਲਿਆ, ਗੱਡੀ ਵਿੱਚ ਬੈਠਾ ਰਿਹਾ। ਪਿਛਲੀ ਸੀਟ ’ਤੇ ਇੱਕ ਅਧਖੜ ਉਮਰ ਦੀ ਔਰਤ ਬੈਠੀ ਸੀ। ਦੇਖਣ ਤੋਂ ਕਿਸੇ ਚੰਗੇ ਪਰਿਵਾਰ ਦੀ ਲਗਦੀ ਸੀ। ਥੋੜ੍ਹੀ ਦੇਰ ਉਹ ਦੇਖਦੀ ਰਹੀ ਪਰ ਬੋਲੀ ਕੁਝ ਨਹੀਂ। ਜਦੋਂ ਮੈਂ ਡਰਾਈਵਰ ਦੀ ਤਾਕੀ ਖੋਲ੍ਹ ਕੇ ਡਰਾਈਵਰ ਨੂੰ ਹੇਠਾਂ ਉੱਤਰਨ ਲਈ ਮਜਬੂਰ ਕਰਨ ਲੱਗਿਆ ਤਾਂ ਉਹ ਔਰਤ ਸ਼ੀਸ਼ਾ ਹੇਠਾਂ ਕਰਕੇ ਹੱਥ ਜੋੜ ਕੇ ਕਹਿਣ ਲੱਗੀ, “ਵੀਰ ਜੀ! ਕਿੰਨਾ ਕੁ ਨੁਕਸਾਨ ਹੋ ਗਿਆ?”
ਮੈਂ ਉਸ ਔਰਤ ਦੇ ਹੱਥ ਜੁੜੇ ਦੇਖ ਕੇ ਢੈਲਾ ਜਿਹਾ ਹੋ ਗਿਆ। ਮੈਂ ਕਿਹਾ, “ਕੋਈ ਚਾਰ-ਪੰਜ ਹਜ਼ਾਰ ਦਾ ਨੁਕਸਾਨ ਹੋ ਗਿਆ।”
ਉਹ ਬੋਲੀ, “ਵੀਰ ਜੀ! ਕੋਈ ਗੱਲ ਨਹੀਂ, ਡਰਾਈਵਰ ਤੋਂ ਗਲਤੀ ਹੋ ਗਈ, ਤੁਸੀਂ ਗੱਡੀ ਠੀਕ ਕਰਵਾ ਲਵੋ, ਅਸੀਂ ਪੈਸੇ ਦੇ ਦਿੰਦੇ ਹਾਂ, ਜਿੰਨਾ ਕੁ ਨੁਕਸਾਨ ਹੋਇਆ ਹੋਇਆ ਹੈ, ਉੰਨੇ ਕੁ ਜਾਇਜ਼ ਜ਼ਾਇਜ ਪੈਸੇ ਲੈ ਲਓ।”
ਉਸ ਦੀ ਸ਼ਹਿਣਸ਼ੀਲਤਾ ਅਤੇ ਪਿਆਰ ਦੀ ਭਾਸ਼ਾ ਦੇਖ ਕੇ ਸਾਡਾ ਗੁੱਸਾ ਜਾਂਦਾ ਰਿਹਾ। ਜੇਕਰ ਉਸ ਨੋਵਾ ਦਾ ਡਰਾਈਵਰ ਅੱਗੋਂ ਅੜਬ ਹੁੰਦਾ ਤੇ ਥੱਲੇ ਆ ਜਾਂਦਾ ਤਾਂ ਲੜਾਈ ਹੋਣੀ ਲਾਜ਼ਮੀ ਸੀ। ਫਿਰ ਪਤਾ ਨਹੀਂ ਕੀ ਵਾਪਰਦਾ। ਪਰ ਪਿਆਰ ਦੇ ਦੋ ਬੋਲ ਵੱਡਾ ਕੰਮ ਕਰ ਗਏ। ਐਨੇ ਵਿੱਚ ਬੇਟਾ ਵੀ ਬਾਹਰ ਨਿਕਲ ਆਇਆ। ਨੁਕਸਾਨ ਦੇਖ ਕੇ ਉਸਨੇ ਕਿਹਾ, “ਕੋਈ ਗੱਲ ਨਹੀਂ, ਪਾਪਾ! ਚਲੋ ਛੱਡੋ, ਇੰਸ਼ੋਰੈਂਸ ਵਾਲਿਆਂ ਨੂੰ ਕਹਿ ਕੇ ਨਵਾਂ ਬੰਪਰ ਪਵਾ ਲਵਾਂਗੇ।”
ਮੈਂ ਵੀ ਡਰਾਈਵਰ ਨੂੰ ਨਸੀਹਤਾਂ ਦਿੰਦਾ ਹੋਇਆ ਕਿ ਅੱਗੇ ਨੂੰ ਧਿਆਨ ਨਾਲ ਗੱਡੀ ਚਲਾਇਆ ਕਰ, ਬਰੇਕ ਹੌਲੀ ਮਾਰਿਆ ਕਰ, ਕਹਿ ਕੇ ਆਪਣੀ ਕਾਰ ਵਿੱਚ ਆ ਬੈਠਾ ਤੇ ਉੱਥੋਂ ਚੱਲ ਪਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (