“ਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆ ...”
(2 ਅਪਰੈਲ 2022)
ਮਹਿਮਾਨ: 115.
ਸੇਵਾ ਮੁਕਤ ਹੋਣ ਤੋਂ ਬਾਅਦ ਮੈਂਨੂੰ ਲਿਖਣ ਦੀ ਚੇਟਕ ਲੱਗ ਗਈ। ਮੈਂ ਆਪਣੇ ਪਿੰਡ ਦੇ ਇਤਿਹਾਸ ਵਾਰੇ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ। ਪਿੰਡ ਦੇ ਇਤਿਹਾਸ ਵਾਰੇ ਮੁਢਲੀ ਜਾਣਕਾਰੀ ਲੈਣ ਲਈ ਮੈਂ ਪਿੰਡ ਦਾ ਰੁਖ਼ ਕੀਤਾ। ਪਿੰਡ ਮੇਰੇ ਸ਼ਹਿਰੋਂ ਤਕਰੀਬਨ ਚਾਲੀ ਕੁ ਕਿਲੋਮੀਟਰ ਦੂਰ ਸੀ। ਪਿੰਡ ਗਏ ਨੂੰ ਮੈਨੂੰ ਕਈ ਕਈ ਸਾਲ ਹੋ ਜਾਂਦੇ ਸਨ ਇਸ ਕਰਕੇ ਬਹੁਤੀ ਪਹਿਚਾਣ ਵਾਲੇ ਮੇਰੇ ਹਾਣਦੇ ਵੀ ਬੁੱਢੇ ਹੋਏ ਪਹਿਚਾਣੇ ਨਹੀਂ ਜਾਂਦੇ ਸਨ। ਮੇਰਾ ਇੱਕੋ ਮਿੱਤਰ ਉੱਥੋਂ ਦਾ ਆਰ ਐੱਮ ਪੀ ਡਾਕਟਰ ਸੀ। ਹਾਲਾਂਕਿ ਉਹ ਉਮਰ ਵਿੱਚ ਮੈਥੋਂ ਕਾਫ਼ੀ ਛੋਟਾ ਸੀ ਪਰ ਉਸ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ।
ਮੈਂ ਇੱਕ ਦਿਨ ਮਨ ਬਣਾ ਕੇ ਪਿੰਡ ਚਲਾ ਗਿਆ ਤੇ ਡਾਕਟਰ ਨੂੰ ਮਿਲਿਆ। ਪਿੰਡ ਦੀ ਕਾਫ਼ੀ ਜਾਣਕਾਰੀ ਮੈਂਨੂੰ ਡਾਕਟਰ ਨੇ ਦੇ ਦਿੱਤੀ। ਪਰ ਮੈਂ ਪਿੰਡ ਦੇ ਮੁਢਲੇ ਇਤਿਹਾਸ ਵਾਰੇ ਜਾਣਨਾ ਚਾਹੁੰਦਾ ਸੀ। ਪਿੰਡ ਕਿਵੇਂ ਬੰਨ੍ਹਿਆ, ਉਸ ਸਮੇਂ ਕਿਹੋ ਜਿਹੇ ਹਾਲਾਤ ਸਨ, ਮੋੜ੍ਹੀ ਗੱਡਣ ਵਾਲੇ ਪਿੱਛੋਂ ਕਿੱਥੋਂ ਆਏ ਸਨ, ਬਗੈਰਾ। ਡਾਕਟਰ ਨੇ ਦੱਸਿਆ ਕਿ ਕੈਲਾ ਨੰਬਰਦਾਰ ਸਭ ਤੋਂ ਉਮਰ ਵਿੱਚ ਵੱਡਾ ਅਜੇ ਜਿਊਂਦਾ ਹੈ। ਉਹ ਪਿੰਡ ਦੇ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ, ਉਸ ਕੋਲ਼ ਜਾ ਕੇ ਪਤਾ ਕਰਦੇ ਹਾਂ।
ਅਸੀਂ ਬਾਹਰਵਾਰ ਫਿਰਨੀ ਉੱਤੇ ਉਸ ਦੇ ਘਰ ਚਲੇ ਗਏ। ਉਹ ਦੋਵੇਂ ਪਤੀ ਪਤਨੀ ਆਪਣੇ ਬੜੇ ਮੁੰਡੇ ਦੇ ਨਾਲ ਰਹਿ ਰਹੇ ਸੀ। ਛੋਟਾ ਮੁੰਡਾ ਖੇਤ ਵਿੱਚ ਮਕਾਨ ਪਾ ਕੇ ਉੱਥੇ ਹੀ ਰਹਿ ਰਿਹਾ ਸੀ। ਜਦੋਂ ਸਕੂਲ ਵਿੱਚ ਪੜ੍ਹਦੇ ਨੇ ਮੈਂ ਕੈਲਾ ਨੰਬਰਦਾਰ ਵੇਖਿਆ ਸੀ ਤਾਂ ਪੂਰੀ ਜਵ੍ਹੇ ਵਾਲੀ ਸ਼ਖ਼ਸੀਅਤ ਸੀ। ਛੇ ਫੁੱਟ ਤੋਂ ਵੀ ਵੱਧ ਕੱਦ, ਮੁੱਛਾਂ ਖੜ੍ਹੀਆਂ ਤੇ ਲੰਬੀ ਦਾਹੜੀ, ਪਿੰਡ ਵਿੱਚ ਦੈਂ ਦੈਂ ਕਰਦਾ ਫਿਰਦਾ ਰਹਿੰਦਾ ਸੀ। ਜ਼ਮੀਨ ਵੀ ਸੁੱਖ ਨਾਲ ਵੀਹ ਕਿੱਲੇ ਤੇ ਉਹ ਵੀ ਸਾਰੀ ਨਹਿਰੀ ਰਮਾਊ। ਮਜ਼ਲੂਮਾਂ ਦਾ ਹਮਦਰਦ ਤੇ ਖਰੂਦੀਆਂ ਵਾਸਤੇ ਰੌਬਿਨਹੁੱਡ ਸੀ। ਜਿਹੜੇ ਜ਼ਿਆਦਾ ਤਿੰਘੜਦੇ, ਉਨ੍ਹਾਂ ਉੱਤੇ ਕਦੇ ਡਾਂਗ ਵੀ ਫੇਰ ਦਿੰਦਾ। ਨੰਬਰਦਾਰੀ ਕਰਨ ਵਿੱਚ ਵੀ ਉਸਦੀ ਝੰਡੀ ਸੀ। ਪਿੰਡ ਆਉਣ ਵਾਲੇ ਸਾਰੇ ਅਫਸਰ ਸਭ ਤੋਂ ਪਹਿਲਾਂ ਉਸ ਦਾ ਨਾਂ ਪੁੱਛਦੇ।
ਡਾਕਟਰ ਨੇ ਦੱਸਿਆ ਕਿ ਕੈਲੇ ਨੰਬਰਦਾਰ ਦੇ ਤਿੰਨ ਮੁੰਡੇ ਸੀ। ਸਭ ਤੋਂ ਵੱਡਾ ਵੱਜੋਬੱਤਾ ਸੀ। ਗਰਦਨ ਝੂੰਗੀ ਤੇ ਖੱਬੀ ਬਾਂਹ ਜਮਾਂਦਰੂ ਹੀ ਸੁੱਕੀ ਹੋਈ ਤੇ ਮੁੜ ਕੇ ਪਿੱਛੇ ਢੂਈ ਨਾਲ ਲੱਗੀ ਪਈ ਸੀ। ਦੋ ਛੋਟੇ ਠੀਕਠਾਕ ਸਨ ਪਰ ਉਹ ਦੂਜੀ ਤੀਜੀ ਵਿੱਚੋਂ ਹਟ ਗਏ ਤੇ ਨੰਬਰਦਾਰ ਨੇ ਖ਼ੇਤੀ ਕਰਨ ਲਾ ਲਏ। ਇਕੱਲਾ ਵੱਡਾ ਕਿਸ਼ਨ ਹੀ ਪੜ੍ਹਨ ਵਿੱਚ ਹੁਸ਼ਿਆਰ ਸੀ ਪਰ ਵੱਜੋਬੱਤਾ ਹੋਣ ਕਰਕੇ ਉਸਦਾ ਵਿਆਹ ਵੀ ਨਾ ਹੋਇਆ, ਨਾ ਹੀ ਕੋਈ ਨੌਕਰੀ ਮਿਲੀ। ਥੋੜ੍ਹਾ ਬਹੁਤਾ ਡੰਗਰ-ਵੱਛੇ ਸੰਭਾਲਣ ਵਿੱਚ ਭਾਈਆਂ ਦੀ ਮਦਦ ਕਰਦਾ ਰਿਹਾ। ਆਖ਼ਿਰ ਕਿਸੇ ਭਿਆਨਕ ਬਿਮਾਰੀ ਨਾਲ ਮੌਤ ਹੋ ਗਈ। ਉਸ ਦੇ ਹਿੱਸੇ ਦੀ ਜ਼ਮੀਨ ਦੋਵਾਂ ਭਾਈਆਂ ਨੇ ਵੰਡ ਲਈ। ਕਈ ਸਾਲ ਇਕੱਠੇ ਖੇਤੀ ਕਰਦੇ ਰਹੇ। ਪਰ ਜਨਾਨੀਆਂ ਦੇ ਰੋਜ਼ ਰੋਜ਼ ਦੇ ਲੜਾਈ ਝਗੜੇ ਕਰਕੇ ਅੱਡ ਹੋ ਗਏ। ਜ਼ਮੀਨ ਵੀ ਵੰਡ ਲਈ ਤੇ ਘਰ ਵੀ। ਛੋਟਾ ਖੇਤ ਮਕਾਨ ਬਣਾ ਕੇ ਰਹਿਣ ਲੱਗ ਪਿਆ ਤੇ ਵੱਡਾ ਪਿੰਡ ਦੇ ਮਕਾਨ ਵਿੱਚ। ਮਾਂ ਬਾਪ ਵੱਡੇ ਦੇ ਹਿੱਸੇ ਆ ਗਏ।
ਐਨੇ ਨੂੰ ਗੱਲਾਂ ਕਰਦਿਆਂ ਨੂੰ ਵੱਡਾ ਮੁੰਡਾ ਆ ਗਿਆ। ਸਾਨੂੰ ਹਾਲ ਚਾਲ ਪੁੱਛਣ ਤੋਂ ਬਾਅਦ ਕਹਿੰਦਾ ਕਿ ਕਿਵੇਂ ਆਏ ਸੀ। ਅਸੀਂ ਕਿਹਾ, ਭਾਈ ਕੈਲੇ ਨੰਬਰਦਾਰ ਨੂੰ ਮਿਲਣਾ ਹੈ। ਉਹ ਕਹਿੰਦਾ ਕਿ ਉਹ ਪਿਛਲੇ ਪਾਸੇ ਕਮਰੇ ਵਿੱਚ ਨੇ। ਅਸੀਂ ਉੱਠ ਕੇ ਪਿੱਛੇ ਵੱਲ ਚਲੇ ਗਏ। ਅੱਗੇ ਵੱਡਾ ਸਾਰਾ ਸਵਾਤ ਨੁਮਾ ਕਮਰਾ, ਸ਼ਾਇਦ ਕਿਸੇ ਸਮੇਂ ਡੰਗਰ ਬੰਨ੍ਹੇ ਜਾਂਦੇ ਹੋਣ ’ਤੇ ਅੰਦਰ ਪੱਕੀ ਇੱਟ ਦੀ ਖੁਰਲੀ ਵੀ ਬਣੀ ਹੋਈ ਸੀ। ਦੋਵੇਂ ਤੀਵੀਂ ਮਾਲਕ ਮੰਜਿਆਂ ’ਤੇ ਬੈਠੇ ਸਨ। ਲਾਗੇ ਤਖ਼ਤਪੋਸ਼ ਉੱਤੇ ਕੁਝ ਕੱਪੜੇ ਤੇ ਹੋਰ ਨਿਕਸੁਕ ਪਿਆ ਸੀ। ਨੰਬਰਦਾਰ ਦੇ ਹੱਥ ਵਿੱਚ ਇੱਕ ਬਿਨਾਂ ਡੰਡੀ ਦਾ ਪਲਾਸਟਿਕ ਦਾ ਕੱਪ ਸੀ ਤੇ ਪੈਰਾਂ ਵਿੱਚ ਬਾਲਟੀ ਪਈ ਸੀ। ਡਾਕਟਰ ਨੇ ਕੈਲਾ ਸਿਉਂ ਕਹਿ ਕੇ ਆਵਾਜ਼ ਦਿੱਤੀ ਤਾਂ ਕੈਲੈ ਨੇ ਅੱਖਾਂ ’ਤੇ ਹੱਥ ਦੀ ਛਾਂ ਜਿਹੀ ਕਰਕੇ ਸਾਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਡਾਕਟਰ ਨੂੰ ਪਛਾਣ ਲਿਆ ਤੇ ਮਲ਼ਮੀ ਜਿਹੀ ਆਵਾਜ਼ ਵਿੱਚ ਬੋਲਿਆ, “ਡਾਕਟਰ ਹੈਂ ਭਾਈ ਤੂੰ?”
ਕੈਲੇ ਦੀ ਨਿਗ੍ਹਾ ਵੀ ਕਮਜ਼ੋਰ ਸੀ ਤੇ ਆਵਾਜ਼ ਵੀ ਉਸ ਦੇ ਗਲ਼ੇ ਵਿੱਚੋਂ ਮੁਸ਼ਕਿਲ ਨਾਲ ਹੀ ਨਿਕਲ ਰਹੀ ਸੀ। ਸਾਨੂੰ ਉਨ੍ਹਾਂ ਦੀ ਹਾਲਤ ਵੇਖ ਕੇ ਬੜਾ ਤਰਸ ਆਇਆ। ਉਨ੍ਹਾਂ ਦੇ ਕੱਪੜਿਆਂ ਅਤੇ ਭਾਂਡੇ ਟੀਂਡਿਆਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਟਹਿਲ ਸੇਵਾ ਨਹੀਂ ਹੋ ਰਹੀ ਸੀ। ਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆ। ਬਾਲਟੀ ਵਿੱਚ ਥੋੜ੍ਹਾ ਜਿਹਾ ਪਾਣੀ ਸੀ, ਉਹ ਕੱਪ ਵਿੱਚ ਪਾ ਕੇ ਪੀਣ ਲੱਗ ਪਿਆ। ਸ਼ਾਇਦ ਉਹ ਨ੍ਹਾਉਣ ਵਾਲ਼ਾ ਬਚਿਆ ਪਾਣੀ ਸੀ। ਕੱਪ ਖੜਕਾਉਣ ਦਾ ਭਾਵ ਉਹ ਪੀਣ ਲਈ ਪਾਣੀ ਮੰਗ ਰਿਹਾ ਸੀ। ਮੂੰਹ ਵਿੱਚ ਕੁਝ ਬੁੜਬੜਾ ਵੀ ਰਿਹਾ ਸੀ ਪਰ ਸਮਝ ਨਹੀਂ ਆ ਰਹੀ ਸੀ। ਅੱਧੋ ਸੁੱਧੀ ਖਾਧੀ ਰੋਟੀ ਦੇ ਟੁੱਕਰ ਮੰਜੇ ’ਤੇ ਖਿੰਡੇ ਪਏ ਸਨ।
ਅਸੀਂ ਆਪਣੇ ਜਿਹੜੇ ਕੰਮ ਆਏ ਸੀ ਉਹ ਤਾਂ ਭੁੱਲ ਹੀ ਗਏ ਤੇ ਉਸ ਚੋਟੀ ਦੇ ਰਹੇ ਨੰਬਰਦਾਰ ਦੀ ਇਹ ਹਾਲਤ ਵੇਖ ਕੇ ਚਿੰਤਾਤੁਰ ਹੋ ਗਏ। ਕਿਸੇ ਸ਼ਾਇਰ ਦੀ ਇਹ ਤੁਕ ਜ਼ਿਹਨ ਵਿੱਚ ਵਾਰ ਵਾਰ ਆ ਰਹੀ ਸੀ- “ਦੁੱਧਾਂ ਨਾਲ ਪੁੱਤ ਪਾਲ਼ ਕੇ, ਪਾਣੀ ਨੂੰ ਤਰਸਦੀਆਂ ਮਾਵਾਂ।” ਕਿੱਥੇ ਉਹ ਤੜ੍ਹੀ ਵਾਲ਼ਾ ਨੰਬਰਦਾਰ, ਵੀਹ ਕਿੱਲੇ ਜ਼ਮੀਨ ਜਾਇਦਾਦ ਦਾ ਮਾਲਕ, ਤਿੰਨ ਮੁੰਡਿਆਂ ਦਾ ਪਿਉ ਤੇ ਕਿੱਥੇ ਇਹ ਸੌ ਸਾਲ ਨੂੰ ਢੁੱਕਿਆ ਬਜ਼ੁਰਗ ਜੋੜਾ ਐਨੀ ਭੈੜੀ ਹਾਲਤ ਵਿੱਚ।
ਕੱਪ ਤੇ ਬਾਲਟੀ ਦਾ ਖੜਕਾ ਸੁਣ ਕੇ ਕੈਲੇ ਦਾ ਮੁੰਡਾ ਵੀ ਆ ਗਿਆ। ਸੱਚਾ ਸੁੱਚਾ ਹੋਣ ਲਈ ਕਹਿਣ ਲੱਗਾ ਕਿ ਅਸੀਂ ਤਾਂ ਬਥੇਰੀ ਸੇਵਾ ਕਰਦੇ ਹਾਂ ਇਹੀ ਜ਼ਿੱਦ ਨਾਲ ਸਵਾਤ ਵਿੱਚ ਆਏ ਨੇ।
ਅਸੀਂ ਚੁੱਪ ਵੱਟੀ ਤੇ ਮਲਕੜੇ ਜਿਹੇ ਉਨ੍ਹਾਂ ਦੇ ਘਰੋਂ ਨਿਕਲ ਕੇ ਵਾਪਸ ਆ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3474)
(ਸਰੋਕਾਰ ਨਾਲ ਸੰਪਰਕ ਲਈ: