SurinderSharmaNagra7“... ਦਲਾਲੀ ਦੁੱਗਣੀ ਦੇਣੀ ਪਵੇਗੀ ਤੇ ਕਿਸੇ ਕੋਲ ਭਾਫ਼ ਵੀ ਨਹੀਂ ਕੱਢਣੀ ਕਿ ਇਸ ਰੇਟ ’ਤੇ ਸੌਦਾ ਹੋਇਆ ਹੈ ...
(28 ਮਈ 2023)
ਇਸ ਸਮੇਂ ਪਾਠਕ: 285.


1978
ਨੂੰ ਹੋਏ ਅੰਮ੍ਰਿਤਸਰ ਦੇ ਦੋ ਧੜਿਆਂ ਵਿੱਚ ਟਕਰਾਅ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਗਏਉਸ ਸਮੇਂ ਤੋਂ ਲੈ ਕੇ 1992 ਤਕ ਪੰਜਾਬ ਨੇ ਬਹੁਤ ਹੀ ਭਿਆਨਕ ਘਟਨਾਵਾਂ ਨੂੰ ਆਪਣੇ ਸੀਨੇ ’ਤੇ ਝੱਲਿਆਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ। ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਹੋਈ। ਸ਼੍ਰੀ ਮਤੀ ਇੰਦਰਾ ਗਾਂਧੀ ਦੀ ਹੱਤਿਆ ਹੋਈ ਤੇ ਦਿੱਲੀ ਦੰਗੇ ਹੋਏਪੰਜਾਬ ਦਾ ਬਹੁਤ ਨੁਕਸਾਨ ਹੋਇਆਅੱਤਵਾਦ ਦੇ ਸਰਾਪ ਵਿੱਚੋਂ ਜਦੋਂ ਪੰਜਾਬ ਬਾਹਰ ਆਇਆ ਤਾਂ ਲੋਕਾਂ ਨੂੰ ਬਹੁਤ ਸਕੂਨ ਮਿਲਿਆ। ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੇ ਪਹਿਲਾਂ ਲੋਕਾਂ ਨੇ ਆਪਣਾ ਪੈਸਾ ਰੋਕਿਆ ਹੋਇਆ ਸੀ, ਇਸ ਕਰਕੇ ਕਿ ਪਤਾ ਨਹੀਂ ਹਾਲਾਤ ਕਿਹੋ ਜਿਹੇ ਹੋ ਜਾਣ ਉਹਨਾਂ ਨੇ ਆਪਣਾ ਰੋਕਿਆ ਹੋਇਆ ਪੈਸਾ ਮਾਰਕੀਟ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾਪੰਜਾਬ ਦੀ ਆਰਥਿਕ ਹਾਲਤ ਦੀ ਗੱਡੀ ਲੀਹ ’ਤੇ ਆਉਣੀ ਸ਼ੁਰੂ ਹੋ ਗਈ ਐੱਫ ਡੀ ਆਈ ਜਾਣੀ ਕਿ ਵਿਦੇਸ਼ੀ ਸਿੱਧਾ ਨਿਵੇਸ਼ ਵੀ ਬਾਹਰਲੇ ਦੇਸ਼ਾਂ ਤੋਂ ਆਉਣ ਲੱਗ ਪਿਆ

ਵੱਡੇ ਸ਼ਹਿਰਾਂ ਜਿਵੇਂ ਚੰਡੀਗੜ੍ਹ ਦੇ ਆਲ਼ੇ ਦੁਆਲ਼ੇ ਲੋਕਾਂ ਨੇ ਪਿੰਡਾਂ ਦੀਆਂ ਜ਼ਮੀਨਾਂ ਉੱਚੇ ਰੇਟਾਂ ’ਤੇ ਖਰੀਦਣੀਆਂ ਸ਼ੁਰੂ ਕਰ ਦਿੱਤੀਆਂਵੇਚਣ ਵਾਲੇ ਜਿਮੀਂਦਾਰਾਂ ਨੇ ਛੋਟੇ ਸ਼ਹਿਰਾਂ ਜਾਂ ਨਾਲ ਲੱਗਦੇ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ ਵਧਾ ਦਿੱਤੇਕਲੋਨਾਈਜ਼ਰਾਂ ਨੇ ਵੱਡੇ ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਆਲ਼ੇ ਦੁਆਲ਼ੇ ਵਾਹੀਯੋਗ ਜ਼ਮੀਨਾਂ ਮਹਿੰਗੇ ਭਾਅ ਖਰੀਦ ਕੇ ਕਾਲੋਨੀਆਂ ਕੱਟਣੀਆਂ ਸ਼ੁਰੂ ਕੀਤੀਆਂ1994 ਤੋਂ ਲੈ ਕੇ 2008 ਤਕ ਪ੍ਰਾਪਰਟੀ ਵਿੱਚ ਇੱਕ ਅਜਿਹਾ ਉਛਾਲ ਆਇਆ ਕਿ ਲੋਕ ਰਾਤੋ ਰਾਤ ਲੱਖਾਂ ਅਤੇ ਕਰੋੜਾਂਪਤੀ ਬਣਾ ਦਿੱਤੇਪ੍ਰਾਪਰਟੀ ਡੀਲਰ (ਦਲਾਲ) ਐਨੇ ਪੈਦਾ ਹੋ ਗਏ ਕਿ ਇੱਟ ਪੱਟੋ ਤਾਂ ਦਲਾਲ ਨਿਕਲਣ ਲੱਗ ਪਿਆਸਵੇਰੇ ਜੇ ਇੱਕ ਜਾਇਦਾਦ ਦਾ ਰੇਟ ਦੋ ਲੱਖ ਲਾਉਂਦੇ ਤੇ ਸ਼ਾਮ ਤਕ ਉਸੇ ਜਾਇਦਾਦ ਨੂੰ ਚਾਰ ਜਗ੍ਹਾ ਵੇਚਕੇ ਰੇਟ ਅੱਠ ਲੱਖ ਕਰ ਦਿੰਦੇਇਸ ਤਰ੍ਹਾਂ ਲੋਕਾਂ ਨੇ ਉਸ ਚਲਦੀ ਗੰਗਾ ਰੂਪੀ ਤੇਜ਼ੀ ਵਿੱਚ ਬੜੇ ਹੱਥ ਰੰਗੇ ਅਤੇ ਦਲਾਲਾਂ ਨੇ ਟੋਪੀਆਂ ਪਾ ਪਾ ਕੇ ਬਹੁਤ ਰਪੌੜ ਇਕੱਠੀ ਕੀਤੀ

ਮੈਨੂੰ ਉਸ ਸਮੇਂ ਇਨ੍ਹਾਂ ਟੋਪੀਆਂ ਦੀ ਸਮਝ ਨਹੀਂ ਆਈਆਮ ਲੋਕਾਂ ਨੂੰ ਵੀ ਸਮਝ ਨਹੀਂ ਆ ਰਹੀ ਸੀਇਸ ਕਰਕੇ ਪ੍ਰਾਪਰਟੀ ਵਿੱਚ ਬੂਮ ਆਉਣ ਕਰਕੇ ਪੈਸੇ ਦੇ ਲਾਲਚ ਵਿੱਚ ਆਮ ਨਵੇਂ ਨਵੇਂ ਗਾਹਕ ਵੀ ਸੌਦੇਬਾਜ਼ੀ ਵਿੱਚ ਪੈ ਗਏ। ਪਰ ਜਦੋਂ ਪੇਮੈਂਟਾਂ ਦਾ ਸਰਕਲ ਟੁੱਟਿਆ ਜਿਵੇਂ ਕਿ ਲੈਣੇ ਨੂੰ ਦੇਣਾ ਨਾ ਭਿੜਿਆ ਤਾਂ ਮਾਰਕੀਟ ਧੜੰਮ ਕਰਕੇ ਡਿਗ ਗਈ ਤੇ ਜਿਹੜੇ ਨਵੇਂ ਬੰਦੇ ਅਖੀਰਲੇ ਖਰੀਦਦਾਰ ਸਨ, ਉਹ ਫਸ ਗਏਕਈਆਂ ਦੇ ਬਿਆਨੇ ਫਸ ਗਏ ਤੇ ਉਹ ਬਿਆਨੇ ਛੱਡ ਕੇ ਭੱਜ ਗਏ। ਕੁਝ ਕੁ ਗੁੰਜਾਇਸ਼ ਵਾਲੇ ਰਜਿਸਟਰੀਆਂ ਕਰਾ ਗਏ ਪਰ ਉਨ੍ਹਾਂ ਦੇ ਖਰੀਦੇ ਪਲਾਟ ਮਿੱਟੀ ਦੇ ਭਾਅ ਹੋ ਗਏ

ਕਈ ਸਾਲਾਂ ਦਾ ਮੇਰਾ ਇੱਕ ਪਲਾਟ ਸ਼ੁਭਮ ਕਲੋਨੀ ਵਿੱਚ ਲਿਆ ਪਿਆ ਸੀਕਾਲੋਨੀ ਕੱਟਣ ਵਾਲੇ ਕਲੋਨਾਈਜ਼ਰ ਨੇ ਉਸ ਸਮੇਂ ਬਹੁਤ ਵਧੀਆ ਸੜਕਾਂ, ਪਾਰਕ, ਧਾਰਮਿਕ ਸਥਾਨ ਲਈ ਜਗ੍ਹਾ, ਕਮਿਉਨਿਟੀ ਹਾਲ ਅਤੇ ਮਾਰਕੀਟ ਲਈ ਦੁਕਾਨਾਂ ਬਗੈਰਾ ਕੱਟ ਕੇ ਚੰਗੇ ਢੰਗ ਨਾਲ ਪਲਾਟ ਬਣਾ ਕੇ ਵੇਚ ਦਿੱਤੇ ਤੇ ਉਹ ਵਿਕੇ ਵੀ ਬੜੇ ਛੇਤੀਪਰ ਦੁਬਾਰਾ ਰੀਸੇਲ ਵਾਸਤੇ ਪਲਾਟ ਇੱਕ ਤਰ੍ਹਾਂ ਨਾਲ ਰੁਕ ਗਏ ਮੈਂ ਇਹ ਆਸ ਲਾਈ ਬੈਠਾ ਸੀ ਕਿ ਸਾਲ ਦੋ ਸਾਲ ਬਾਅਦ ਪਲਾਟ ਚਾਰ ਪੈਸੇ ਵਟਾ ਜਾਏਗਾ ਪਰ ਦੋ ਸਾਲਾਂ ਬਾਅਦ ਵੀ ਉਹ ਕਿਸੇ ਨੇ ਪੁੱਛੇ ਨਾਜਦੋਂ ਇਸ ਦੇ ਕਾਰਨ ਬਾਰੇ ਘੋਖ ਕੀਤੀ ਤਾਂ ਪਤਾ ਚੱਲਿਆ ਕਿ ਇਸ ਕਾਲੋਨੀ ਨੂੰ ਮੁੱਖ ਸੜਕ ਤੋਂ ਕੋਈ ਸਿੱਧਾ ਰਸਤਾ ਨਹੀਂ ਲੱਗਿਆ ਸੀਹਾਲਾਂਕਿ ਕਲੋਨਾਈਜ਼ਰ ਨੇ ਸਿੱਧਾ ਰਸਤਾ ਲੈਣ ਦਾ ਵਾਅਦਾ ਕੀਤਾ ਸੀਪਰ ਜਦੋਂ ਉਸ ਦੀ ਸਾਰੀ ਕਾਲੋਨੀ ਪਹਿਲੀ ਸੱਟੇ ਵਿਕ ਗਈ ਤਾਂ ਬਾਅਦ ਵਿੱਚ ਉਸ ਨੇ ਰਸਤੇ ਲਈ ਕੋਈ ਕੋਸ਼ਿਸ਼ ਨਾ ਕੀਤੀਰਸਤਾ ਕੇਵਲ ਦੂਰ ਤੋਂ ਪਿੰਡ ਨੂੰ ਜਾਂਦੀ ਲਿੰਕ ਸੜਕ ਤੋਂ ਹੋ ਕੇ ਕਈ ਘੋੜ-ਮੋੜ ਕੱਟ ਕੇ ਕਾਲੋਨੀ ਨੂੰ ਲੱਗਦਾ ਸੀ

ਜਦੋਂ ਤਿੰਨ ਚਾਰ ਸਾਲ ਤਕ ਪਲਾਟ ਨਹੀਂ ਵਿਕੇ ਤਾਂ ਕੁਝ ਲੋੜਵੰਦ ਬੰਦਿਆਂ ਨੇ ਆਪਣੇ ਮਕਾਨ ਬਣਾ ਲਏਬਾਕੀ 80% ਪਲਾਟ ਖ਼ਾਲੀ ਪਏ ਰਹੇਮੈਂ ਵੀ ਸਬਰ ਕਰਕੇ ਬੈਠ ਗਿਆਮੇਰਾ ਤਾਂ ਮਕਾਨ ਪਹਿਲਾਂ ਹੀ ਸ਼ਹਿਰ ਵਿੱਚ ਸੀ, ਮੈਂ ਤਾਂ ਲਾਭ ਵਾਸਤੇ ਪਲਾਟ ਲਿਆ ਸੀਉਸ ਤੋਂ ਬਾਅਦ ਆਪਣੇ ਕੰਮਾਂਕਾਰਾਂ ਵਿੱਚ ਵਿਅਸਤ ਹੋ ਗਏਪਲਾਟ ਬਾਰੇ ਭੁੱਲ ਭੁਲਾ ਗਏ

ਤਕਰੀਬਨ ਅੱਠ ਨੌ ਸਾਲਾਂ ਬਾਅਦ ਪਤਾ ਲੱਗਾ ਕਿ ਸ਼ੁਭਮ ਕਾਲੋਨੀ ਫਿਰ ਤੁਰ ਪਈ ਹੈਮੈਂ ਇੱਕ ਵਾਕਿਫ਼ ਪ੍ਰਾਪਰਟੀ ਡੀਲਰ ਨੂੰ ਬੁਲਾ ਕੇ ਕਿਹਾ ਕਿ ਸ਼ੁਭਮ ਕਾਲੋਨੀ ਵਿੱਚ ਮੇਰਾ ਸਾਢੇ ਚਾਰ ਵਿਸਵੇ ਦਾ ਪਲਾਟ ਪਿਆ ਹੈ, ਕੋਈ ਗ੍ਰਾਹਕ ਲਾਉਹ ਰਜਿਸਟਰੀ ਦੀ ਫ਼ੋਟੋ ਕਾਪੀ ਲੈ ਕੇ, ਵਾਅਦਾ ਕਰਕੇ ਚਲਾ ਗਿਆਕਈ ਦਿਨਾਂ ਬਾਅਦ ਪ੍ਰਾਪਰਟੀ ਡੀਲਰ ਆਇਆ ਤੇ ਕਹਿਣ ਲੱਗਿਆ ਕਿ ਬਾਬੂ ਜੀ, ਗਾਹਕ ਤਾਂ ਹੈਗਾ ਮੈਨੂੰ ਉਹਨੇ ਭਾਅ ਦੱਸਣ ਲਈ ਕਿਹਾਮੈਂ ਉਸ ਨੂੰ ਪੁੱਛਿਆ, “ਉੱਥੇ ਭਾਅ-ਭੂ ਕੀ ਹੈ?

“ਭਾਅ ਤਾਂ ਉੱਥੇ ਤਿੰਨ ਕੁ ਲੱਖ ਰੁਪਏ ਵਿਸਵਾ ਹੈ ਪਰ ਆਪਾਂ ਵੱਧ ਲਾ ਕੇ ਦੇਖ ਲੈਨੇਂ ਆਂ।” ਪ੍ਰਾਪਰਟੀ ਡੀਲਰ ਨੇ ਮਲ਼ਮੀ ਜਿਹੀ ਜੀਭ ਨਾਲ ਕਿਹਾਮੇਰੇ ਮਨ ਵਿੱਚ ਲੱਡੂ ਭੁਰਨ ਲੱਗੇ ਬਈ ਚਲੋ, ਆਪਾਂ ਢਾਈ ਲੱਖ ਵਿਸਵੇ ਨੂੰ ਲਿਆ ਸੀ, ਕੁਝ ਤਾਂ ਮੂੰਹ ਮਿੱਠਾ ਹੋਵੇਗਾਮੈਂ ਕਿਹਾ, “ਤੁਸੀਂ ਚਾਰ ਲੱਖ ਵਿਸਵੇ ਦੀ ਗੱਲ ਸ਼ੁਰੂ ਕਰਕੇ ਦੇਖੋ, ਫਿਰ ਦੇਖੋ ਗਾਹਕ ਕਿੱਥੇ ਕੁ ਅੜ੍ਹਕਦਾ ਹੈ

ਗੱਲਬਾਤ ਕਰਨ ਤੋਂ ਬਾਅਦ ਦਲਾਲ ਦਾ ਫ਼ੋਨ ਆਇਆ ਕਿ ਗਾਹਕ ਤਿੰਨ ਤੋਂ ਨਹੀਂ ਵਧਦਾ, ਪਰ ਉਹ ਕੋਸ਼ਿਸ਼ ਕਰਕੇ ਦੇਖਦਾ ਹੈ
ਥੋੜ੍ਹੀ ਦੇਰ ਬਾਅਦ ਦਲਾਲ ਦਾ ਫਿਰ ਫੋਨ ਆਇਆਉਸ ਨੇ ਕਿਹਾ, “ਮੈਂ ਖਿੱਚ-ਖੁੱਚ ਕੇ ਤਿੰਨ ਲੱਖ ਪੱਚੀ ’ਤੇ ਲੈ ਆਇਆਂ, ਪਰ ਇੱਕ ਵਾਅਦਾ ਕਰੋ ਕਿ ਦਲਾਲੀ ਦੁੱਗਣੀ ਦੇਣੀ ਪਵੇਗੀ ਤੇ ਕਿਸੇ ਕੋਲ ਭਾਫ਼ ਵੀ ਨਹੀਂ ਕੱਢਣੀ ਕਿ ਇਸ ਰੇਟ ’ਤੇ ਸੌਦਾ ਹੋਇਆ ਹੈ

ਮੈਂ ਆਪਣਾ ਹਿਸਾਬ ਲਾਇਆ ਕਿ ਵਧੀਆ ਰੇਟ ਮਿਲ ਰਿਹਾ ਹੈ, ਚੌਦਾਂ ਪੰਦਰਾਂ ਹਜ਼ਾਰ ਵਾਧੂ ਦਲਾਲੀ ਦੇਣ ਦਾ ਕੀ ਨੁਕਸਾਨ ਹੈਮੈ ਉਸ ਨੂੰ ਫੋਨ ’ਤੇ ਓਕੇ ਕਹਿ ਕੇ ਤਿੰਨ ਲੱਖ ਪੱਚੀ ਹਜ਼ਾਰ ਰੁਪਏ ਵਿਸਵਾ ਉੱਤੇ ਫਾਈਨਲ ਸੌਦਾ ਤੈਅ ਕਰਨ ਲਈ ਕਹਿ ਦਿੱਤਾਦਲਾਲ ਤਾਂ ਦਸਾਂ ਮਿੰਟਾਂ ਬਾਅਦ ਹੀ ਆ ਗਿਆਉਸ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਅੰਦਰੋਂ ਬਹੁਤ ਖੁਸ਼ ਸੀਆ ਕੇ ਉਹ ਕਹਿਣ ਲੱਗਿਆ ਕਿ ਕੱਲ੍ਹ ਹੀ ਬਿਆਨਾ ਕਰ ਲਉਲਓ ਜੀ ਬਿਆਨਾ ਹੋ ਗਿਆਚਾਰ ਮਹੀਨੇ ਬਾਅਦ ਰਜਿਸਟਰੀ ਸੀ

ਮਸਾਂ ਚਾਰ ਲੰਘੇਪੂਰੀ ਰਕਮ ਬੋਝੇ ਵਿੱਚ ਪਾ ਕੇ ਮੈਂ ਸੇਲ-ਡੀਡ ਉੱਤੇ ਦਸਤਖ਼ਤ ਕਰ ਦਿੱਤੇਘਰ ਆ ਕੇ ਦਲਾਲ ਨੂੰ ਡਬਲ ਦਲਾਲੀ ਵੀ ਦੇ ਦਿੱਤੀਦਲਾਲ ਵੀ ਖੁਸ਼ ਮੈਂ ਵੀ ਖੁਸ਼, ਕਿਉਂਕਿ ਮੇਰਾ ਬਹੁਤ ਦੇਰ ਤੋਂ ਰੁਕਿਆ ਪਲਾਟ ਵਧੀਆ ਪੈਸੇ ਵਟਾ ਗਿਆ ਸੀ

ਹੌਲੀ ਹੌਲੀ ਪੰਜ ਛੇ ਮਹੀਨਿਆਂ ਮਗਰੋਂ ਪਤਾ ਲੱਗਿਆ ਕਿ ਦਲਾਲ ਨੇ ਤਿੰਨ ਲੱਖ ਪੱਚੀ ਹਜ਼ਾਰ ਦੀ ਬਜਾਏ ਤਿੰਨ ਲੱਖ ਪੰਜਾਹ ਹਜ਼ਾਰ ਵਿਸਵੇ ਦਾ ਗਾਹਕ ਨਾਲ ਸੌਦਾ ਕੀਤਾ ਸੀਦਲਾਲ ਪੱਚੀ ਹਜ਼ਾਰ ਵੱਧ ਦੇ ਹਿਸਾਬ ਨਾਲ ਇੱਕ ਲੱਖ ਸਾਢੇ ਬਾਰਾਂ ਹਜ਼ਾਰ ਗੁਪਤੋ-ਗੁਪਤੀ ਬਾਹਰੋਂ ਬਾਹਰ ਗਾਹਕ ਤੋਂ ਲੈ ਗਿਆ, ਨਾਲੇ ਮੈਥੋਂ ਦੁਗਣੀ ਦਲਾਲੀ ਮੈਥੋਂ ਲੈ ਗਿਆਹੰਢੇ ਹੋਏ ਦਲਾਲ ਅਕਸਰ ਟੋਪੀਆਂ ਘੁਮਾਉਣ ਦੇ ਮਾਹਿਰ ਹੋ ਜਾਂਦੇ ਹਨ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਅਰਥਾਤ ਦਲਾਲ ਮੈਨੂੰ ਸਵਾ ਲੱਖ ਦੀ ਟੋਪੀ ਪਾ ਗਿਆ ਮੈਨੂੰ ਐਨਾ ਵਿਸ਼ਵਾਸ ਵਿੱਚ ਲੈ ਲਿਆ ਕਿ ਮੈਂ ਉਸਦੇ ਝੂਠ ਨੂੰ ਵੀ ਸੱਚ ਮੰਨ ਲਿਆਪਰ ਹੁਣ ਕੀ ਬਣਨਾ ਸੀ, ਇੱਕ ਸਬਰ ਹੀ ਸੀ ਜਿਹੜਾ ਮੈਂ ਕਰ ਸਕਦਾ ਸੀਸੋ ਮੈਂ ਸਬਰ ਕਰਕੇ ਬਹਿ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3993)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author