SurinderSharmaNagra7ਉਹ ਹਾਲ ਵਿੱਚ ਇੱਕ ਪਾਸੇ ਖੜ੍ਹਾ ਹੋ ਕੇ ਕੁਝ ਸੋਚਣ ਲੱਗ ਪਿਆ। ਮੇਰਾ ਧਿਆਨ ਉਸ ਵੱਲ ਸੀ। ਮੈਂ ਸੋਚਿਆ ...
(8 ਦਸੰਬਰ 2024)

 

ਲਖਨਊ ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ। ਇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ। ਇੱਥੋਂ ਦੀ ਤਹਿਜ਼ੀਬ ਸੰਸਾਰ ਭਰ ਵਿੱਚ ਮਸ਼ਹੂਰ ਹੈ। ਇੱਥੋਂ ਦਾ ਸੱਭਿਆਚਾਰ ਅਤੇ ਸ਼ਿਸ਼ਟਾਚਾਰ ਹਰ ਵਾਸੀ ਦੀ ਸ਼ਖਸੀਅਤ ਵਿੱਚੋਂ ਝਲਕਦਾ ਹੈ। ਇਸ ਨੂੰ ਨਵਾਬਾਂ ਦਾ ਸ਼ਹਿਰ ਕਰਕੇ ਜਾਣਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਬਾਕੀ ਸ਼ਹਿਰਾਂ ਨਾਲੋਂ ਇਹ ਸ਼ਹਿਰ ਕਾਫ਼ੀ ਸ਼ਾਂਤਮਈ ਹੈ। ਇਸਦਾ ਦੂਸਰਾ ਕਾਰਨ ਇਸਦਾ ਰਾਜਧਾਨੀ ਹੋਣਾ ਵੀ ਹੈ। ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਜਨਸੰਖਿਆ ਵਾਲਾ ਸੂਬਾ ਹੋਣ ਕਰਕੇ ਮਾਰ-ਧਾੜ, ਹੱਤਿਆ, ਲੁੱਟ, ਡਕੈਤੀ ਤੇ ਦੰਗੇ ਫ਼ਸਾਦ ਹੋਣਾ ਆਮ ਜਿਹੀ ਗੱਲ ਹੈ। ਰਾਜਨੇਤਾਵਾਂ ਦੀ ਸਰਪ੍ਰਸਤੀ ਹੇਠ ਮਾਫੀਆ ਰਾਜ ਪਲ਼ਦਾ ਰਿਹਾ ਹੈ। ਇਸ ਕਰਕੇ ਇੱਥੇ ਛੋਟੇ ਤੋਂ ਲੈ ਕੇ ਵੱਡੇ ਵੱਡੇ ਡੌਨ ਕਿਸਮ ਦੇ ਲੋਕ ਪੈਦਾ ਹੁੰਦੇ ਰਹੇ ਹਨ ਜਿਹੜੇ ਮਾਫੀਆ ਰਾਜ ਚਲਾਉਂਦੇ ਰਹੇ ਹਨ। ਆਮ ਨਾਗਰਿਕ ਨੂੰ ਆਪਣਾ ਜੀਵਨ ਸ਼ਾਂਤਮਈ ਚਲਾਉਣ ਵਾਸਤੇ ਕਿਸੇ ਨਾ ਕਿਸੇ ਡੌਨ ਦੇ ਸੰਪਰਕ ਵਿੱਚ ਰਹਿਣਾ ਪੈਂਦਾ ਹੈ। ਹਾਲਂਕਿ ਮੌਜੂਦਾ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਉੱਤਰ ਪ੍ਰਦੇਸ਼ ਵਿੱਚ ਕੁਝ ਫ਼ਰਕ ਪਿਆ ਹੈ ਪਰ ਅਜੇ ਵੀ ਕੁਝ ਨਾ ਕੁਝ ਅਸਰ ਬਾਕੀ ਹੈ। ਜਿਸ ਸਮੇਂ ਦਾ ਜ਼ਿਕਰ ਮੈਂ ਕਰਨ ਜਾ ਰਿਹਾ ਹਾਂ, ਉਸ ਸਮੇਂ ਉੱਥੋਂ ਦੇ ਹਾਲਾਤ ਬਾਹਲੇ ਸੁਖਾਂਵੇ ਨਹੀਂ ਸਨ।

ਇਹ ਅਠਾਰਾਂ ਉੰਨੀ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਬੈਂਕ ਵਿੱਚ ਜਦੋਂ ਸਾਡੀ ਸੀਨੀਅਰ ਮੈਨੇਜਰ ਦੇ ਤੌਰ ਤੇ ਫਾਸਟ ਟਰੈਕ ਵਿੱਚ ਪ੍ਰਮੋਸ਼ਨ ਹੋਈ ਤਾਂ ਸਾਡਾ ਸਾਰਾ ਅਠਾਰਾਂ ਅਫਸਰਾਂ ਦਾ ਬੈਚ ਲਖਨਊ ਰਿਜਨ ਵਿੱਚ ਭੇਜ ਦਿੱਤਾ ਗਿਆ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿੱਚ ਜਾਂ ਹਰਿਆਣੇ ਵਿੱਚ, ਕਿਤੇ ਨੇੜੇ ਤੇੜੇ ਪੋਸਟਿੰਗ ਹੋ ਜਾਵੇ ਪਰ ਹੈ ਹੈੱਡ ਆਫਿਸ ਦਾ ਫੈਸਲਾ ਸੀ, ਇਸ ਲਈ ਸਾਨੂੰ ਸਾਰਿਆਂ ਨੂੰ ਲਖਨਊ ਜਾਣਾ ਪਿਆ। ਬੜੀ ਘਬਰਾਹਟ ਹੋਈ, ਘਰ ਤੋਂ ਦੂਰ ਨੌਕਰੀ ਕਰਨੀ ਕਿਹੜਾ ਸੌਖੀ ਸੀ। ਪਰ ਲਖਨਊ ਰਿਜਨ ਦਾ ਰਿਜਨਲ ਮੈਨੇਜਰ (ਹੈੱਡ) ਕਿਉਂਕਿ ਚੰਡੀਗੜ੍ਹ ਨਾਲ ਸੰਬੰਧ ਰੱਖਦਾ ਸੀ, ਉਸ ਨੇ ਸਾਰੇ ਸੀਨੀਅਰ ਮੈਨੇਜਰ ਲੋਕਲ ਲਖਨਊ ਵਿੱਚ ਅਡਜਸਟ ਕਰ ਦਿੱਤੇ। ਉਸ ਨੂੰ ਪਤਾ ਸੀ ਕਿ ਉੱਤਰ ਪ੍ਰਦੇਸ਼ ਦੇ ਅੰਦਰੂਨੀ ਸ਼ਹਿਰਾਂ ਵਿੱਚ ਜੀਵਨ ਸੁਖਾਲਾ ਨਹੀਂ ਸੀ। ਬੈਂਕ ਮੈਨੇਜਰ ਦੀ ਪੋਸਟ ਵੈਸੇ ਵੀ ਨਾਜ਼ੁਕ ਹੋਣ ਕਰਕੇ ਸਾਨੂੰ ਬਾਹਰਲਿਆਂ ਨੂੰ ਮੁਸ਼ਕਿਲ ਆਉਣੀ ਸੀ। ਰਿਜਨਲ ਹੈੱਡ ਨੇ ਸਾਡੀ ਐਨੀ ਕੁ ਲਿਹਾਜ਼ ਕਰ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਲਖਨਊ ਦੀਆਂ ਲੋਕਲ ਬਰਾਂਚਾਂ ਵਿੱਚ ਤਾਇਨਾਤ ਕਰ ਦਿੱਤਾ।

ਮੇਰੀ ਤਾਇਨਾਤੀ ਲਖਨਊ ਦੀ ਸਭ ਤੋਂ ਵੱਡੀ ਬਰਾਂਚ ਹਜ਼ਰਤਗੰਜ ਵਿੱਚ ਹੋ ਗਈ। ਸਹਾਇਕ ਜਨਰਲ ਮੈਨੇਜਰ ਉਸਦਾ ਇੰਚਾਰਜ ਸੀ ਤੇ ਮੈਂਨੂੰ ਸੈਕੰਡ ਮੈਨ ਦੀ ਡਿਊਟੀ ’ਤੇ ਲਗਾ ਦਿੱਤਾ ਗਿਆ। ਬਾਈ ਬੰਦਿਆਂ ਦਾ ਸਟਾਫ ਸੀ, ਜਿਸ ਵਿੱਚ ਮੇਰੇ ਸਣੇ ਅੱਠ ਅਫਸਰ ਸਨ। ਪਹਿਲਾਂ ਪਹਿਲਾਂ ਤਾਂ ਬੜੀ ਮੁਸ਼ਕਿਲ ਆਈ। ਉੱਥੋਂ ਦੇ ਲੋਕਲ ਸਟਾਫ ਮੈਂਬਰ ਸਾਨੂੰ ਬਾਹਰਲੇ ਕਰਕੇ ਵਧੀਆ ਵਰਤਾਓ ਨਹੀਂ ਕਰਦੇ ਸਨ, ਜਿਵੇਂ ਅਸੀਂ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਨਾਲ ਵਰਤਾਓ ਕਰਦੇ ਹਾਂ। ਪਰ ਹੌਲ਼ੀ ਹੌਲ਼ੀ ਜਦੋਂ ਉਹ ਸਾਡੇ ਸੁਭਾ ਤੋਂ ਜਾਣੂ ਹੋ ਗਏ ਤਾਂ ਰੁਟੀਨ ਵਿੱਚ ਵਧੀਆ ਕੰਮ ਚਲਦਾ ਰਿਹਾ। ਹੌਲ਼ੀ ਹੌਲ਼ੀ ਜਾਣ-ਪਛਾਣ ਹੋ ਗਈ ਤੇ ਦਿਲ ਲੱਗ ਗਿਆ। ਗਾਹਕਾਂ ਨਾਲ ਵੀ ਵਧੀਆ ਜਾਣ ਪਛਾਣ ਹੋ ਗਈ।

ਇੱਕ ਵਧੀਆ ਸ਼ਖਸੀਅਤ ਵਾਲਾ ਬੰਦਾ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਬੈਂਕ ਆਉਂਦਾ, ਸਿੱਧਾ ਕੈਸ਼ੀਅਰ ਕੋਲ ਜਾਂਦਾ ਤੇ ਆਪਣਾ ਕੰਮ ਕਰਵਾਕੇ ਚਲਾ ਜਾਂਦਾ। ਹਾਲ ਇੰਚਾਰਜ ਦੇ ਤੌਰ ’ਤੇ ਮੈਂ ਹਰ ਆਉਣ ਜਾਣ ਵਾਲੇ ਨੂੰ ਦੇਖਦਾ ਸੀ। ਇੱਕ ਦਿਨ ਉਹ ਸ਼ਖਸ ਕੈਸ਼ੀਅਰ ਕੋਲ ਗਿਆ ਪਰ ਉਸ ਦਾ ਸ਼ਾਇਦ ਕੰਮ ਨਾ ਹੋਇਆ। ਉਹ ਉਦਾਸ ਮਨ ਨਾਲ ਇੱਧਰ-ਉੱਧਰ ਸਾਰੇ ਅਫਸਰਾਂ ਕੋਲ ਗਿਆ ਪਰ ਉਸ ਨੂੰ ਨਿਰਾਸ਼ਾ ਹੀ ਹੋਈ ਤੇ ਉਹ ਹਾਲ ਵਿੱਚ ਇੱਕ ਪਾਸੇ ਖੜ੍ਹਾ ਹੋ ਕੇ ਕੁਝ ਸੋਚਣ ਲੱਗ ਪਿਆ। ਮੇਰਾ ਧਿਆਨ ਉਸ ਵੱਲ ਸੀ। ਮੈਂ ਸੋਚਿਆ, ਅੱਜ ਇਸਦੀ ਸਮੱਸਿਆ ਵੱਡੀ ਲਗਦੀ ਹੈ। ਮੈਂ ਚਪੜਾਸੀ ਰਾਹੀਂ ਉਸ ਨੂੰ ਬੁਲਾਇਆ ਤੇ ਪੁੱਛਿਆ ਕਿ ਕੀ ਕੰਮ ਹੈ? ਉਸ ਨੇ ਬੜੀ ਬੇਵਸੀ ਵਿੱਚ ਕਿਹਾ ਕਿ ਅੱਜ ਉਸ ਦਾ ਦਸ ਲੱਖ ਦਾ ਚੈੱਕ ਕਲੀਅਰਿੰਗ ਵਿੱਚ ਨਹੀਂ ਲੱਗਿਆ ਕਿਉਂਕਿ ਉਹ ਟ੍ਰੈਫਿਕ ਕਾਰਨ ਲੇਟ ਹੋ ਗਿਆ ਸੀ। ਜੇਕਰ ਕੱਲ੍ਹ ਮੈਨੂੰ ਦਸ ਲੱਖ ਦੀ ਪੇਮੈਂਟ ਨਾ ਮਿਲੀ ਤਾਂ ਮੇਰੀ ਡੇਢ ਕਰੋੜ ਰੁਪਏ ਦੀ ਡੀਲ ਕੈਂਸਲ ਹੋ ਜਾਏਗੀ ਤੇ ਮੇਰਾ ਡੇਢ ਕਰੋੜ ਦਾ ਨੁਕਸਾਨ ਹੋ ਜਾਏਗਾ। ਮੈਂ ਉਸ ਦਾ ਚੈੱਕ ਦੇਖਿਆ, ਬਹੁਤ ਵੱਡੀ ਇੱਜ਼ਤਦਾਰ ਫਰਮ ਦਾ ਚੈੱਕ ਕੱਟਿਆ ਹੋਇਆ ਸੀ। ਮੈਂ ਥੋੜ੍ਹੀ ਦੇਰ ਲਈ ਦਿਮਾਗ ’ਤੇ ਬੋਝ ਪਾਇਆ। ਫਿਰ ਸੋਚ ਕੇ ਕਲੀਅਰਿੰਗ ਹਾਊਸ ਵਿੱਚ ਜਿਹੜਾ ਇੰਚਾਰਜ ਸੀ, ਉਸ ਨਾਲ ਫੋਨ ’ਤੇ ਗੱਲਬਾਤ ਕੀਤੀ ਕਿਉਂਕਿ ਕਲੀਅਰਿੰਗ ਹਾਊਸ ਸਾਡਾ ਬੈਂਕ ਹੀ ਚਲਾਉਂਦਾ ਸੀ। ਉਸੇ ਬਿਲਡਿੰਗ ਦੀ ਤੀਸਰੀ ਮੰਜ਼ਿਲ ਉੱਪਰ ਹੀ ਸਾਡਾ ਕਲੀਅਰਿੰਗ ਹਾਊਸ ਸੀ। ਸੀ। ਮੈਂ ਇੰਚਾਰਜ ਨੂੰ ਪੁੱਛਿਆ ਕਿ ਕਲੀਅਰਿੰਗ ਫਾਈਨਲ ਤਾਂ ਨਹੀਂ ਹੋਈ। ਉਸ ਨੇ ਕਿਹਾ, ਨਹੀਂ। ਮੈਂ ਉਸ ਨੂੰ ਬੇਨਤੀ ਕੀਤੀ ਕਿ ਸਾਡਾ ਇੱਕ ਬਹੁਤ ਖਾਸ ਗਾਹਕ ਹੈ ਤੇ ਉਸ ਦੇ ਦਸ ਲੱਖ ਦੇ ਚੈੱਕ ਨੂੰ ਕਲੀਅਰਿੰਗ ਵਿੱਚ ਲਗਵਾਉਣਾ ਹੈ, ਇਹ ਬਹੁਤ ਹੀ ਜ਼ਰੂਰੀ ਹੈ। ਉਸ ਨੇ ਮੇਰੀ ਬੇਨਤੀ ਮੰਨ ਲਈ ਤੇ ਚੈੱਕ ਉੱਪਰ ਤੁਰੰਤ ਭੇਜਣ ਲਈ ਕਿਹਾ। ਮੈਂ ਖੁਦ ਹੀ ਚੈੱਕ ਫਟਾਫਟ ਤਿਆਰ ਕਰਕੇ ਚਪੜਾਸੀ ਦੇ ਹੱਥ ਉੱਪਰ ਕਲੀਅਰਿੰਗ ਹਾਊਸ ਵਿੱਚ ਭੇਜ ਦਿੱਤਾ।

ਉਸ ਸ਼ਖਸ ਦਾ ਚੈੱਕ ਉਸ ਦਿਨ ਕਲੀਅਰਿੰਗ ਵਿੱਚ ਲੱਗ ਗਿਆ। ਗਾਹਕ ਦੇ ਮੂੰਹ ’ਤੇ ਇੱਕ ਖੁਸ਼ੀ ਦੀ ਲਹਿਰ ਦੌੜ ਗਈ। ਮੈਂ ਉਸ ਨੂੰ ਕੱਲ੍ਹ ਪੇਮੈਂਟ ਲੈ ਕੇ ਜਾਣ ਲਈ ਕਹਿ ਦਿੱਤਾ। ਅਗਲੇ ਦਿਨ ਉਹ ਬੈਂਕ ਆਇਆ ਤੇ ਪੇਮੈਂਟ ਲੈ ਕੇ ਸਿੱਧਾ ਮੇਰੇ ਕੋਲ ਆ ਗਿਆ। ਝੁਕ ਕੇ ਮੇਰੇ ਪੈਰੀਂ ਹੱਥ ਲਾ ਕੇ ਬੋਲਿਆ, “ਸਰਦਾਰ ਸ਼ਰਮਾ ਜੀ! ਅੱਜ ਤੁਸੀਂ ਮੇਰੀ ਇੱਜ਼ਤ ਬਚਾ ਲਈ, ਨੁਕਸਾਨ ਤਾਂ ਮੇਰਾ ਕਰੋੜਾ ਦਾ ਹੋਣਾ ਹੀ ਸੀ ਪਰ ਮੇਰੇ ਕਾਰੋਬਾਰ ਵਿੱਚ ਮੈਂ ਡਿਫਾਲਟਰ ਹੋ ਜਾਣਾ ਸੀ ਤੇ ਸਾਰੀ ਉਮਰ ਦੀ ਕਮਾਈ ਇੱਜ਼ਤ ਨਿਲਾਮ ਹੋ ਜਾਣੀ ਸੀ।”

ਹਾਲਾਂਕਿ ਮੈਂ ਕੋਈ ਅਲੋਕਾਰੀ ਗੱਲ ਨਹੀਂ ਕੀਤੀ ਸੀ, ਇਹ ਆਮ ਇੱਕ ਰੁਟੀਨ ਦਾ ਕੰਮ ਸੀ, ਜੋ ਅਸੀਂ ਬੈਂਕ ਵਾਲੇ ਆਪਣੇ ਕੀਮਤੀ ਗਾਹਕਾਂ ਲਈ ਕਰਦੇ ਰਹਿੰਦੇ ਹਾਂ। ਪਰ ਉਸ ਨੇ ਬਹੁਤ ਵੱਡਾ ਅਹਿਸਾਨ ਮੰਨਿਆ। ਉਸ ਤੋਂ ਬਾਅਦ ਉਹ ਜਦੋਂ ਵੀ ਬੈਂਕ ਆਉਂਦਾ, ਪਹਿਲਾਂ ਮੇਰੇ ਪੈਰੀਂ ਹੱਥ ਲਾਉਂਦਾ, ਫਿਰ ਬਾਕੀ ਕੰਮ ਕਰਦਾ। ਸਾਰੇ ਸਟਾਫ ਮੈਂਬਰ ਕਨੱਖੀ ਅੱਖ ਨਾਲ ਸਾਡੇ ਵੱਲ ਦੇਖਦੇ ਤੇ ਬੜੇ ਹੈਰਾਨ ਹੁੰਦੇ ਤੇ ਸੋਚਦੇ ਕਿ ਸਰਦਾਰ ਜੀ ਨੇ ਬੜੇ ਥੋੜ੍ਹੇ ਸਮੇਂ ਵਿੱਚ ਆਪਣੀ ਵਧੀਆ ਇੱਜ਼ਤ ਬਣਾ ਲਈ ਹੈ ਤੇ ਨਾਲ ਹੀ ਉਹ ਹਿਰਖ ਵੀ ਕਰਦੇ। ਇੱਕ ਦਿਨ ਸਾਡੇ ਸਟਾਫ ਸੈਕਟਰੀ ਨੇ ਮੈਨੂੰ ਪੁੱਛ ਹੀ ਲਿਆ, “ਕੀ ਤੁਸੀਂ ਇਸ ਨੂੰ ਜਾਣਦੇ ਹੋ, ਜਿਹੜਾ ਇਹ ਤੁਹਾਡੇ ਪੈਰੀਂ ਹੱਥ ਲਾ ਕੇ ਜਾਂਦਾ ਹੈ?”

ਮੈਂ ਕਿਹਾ, “ਨਹੀਂ, ਮੇਰੇ ਲਈ ਤਾਂ ਇਹ ਬੈਂਕ ਦਾ ਕੀਮਤੀ ਗਾਹਕ ਹੈ।”

ਸੈਕਟਰੀ ਕਹਿਣ ਲੱਗਿਆ, “ਇਹ ਸ਼ਖਸ ਰੇਲਵੇ ਸਕਰੈਪ ਦਾ ਡੌਨ ਹੈ। ਲਖਨਊ ਉੱਤਰੀ ਭਾਰਤ ਦਾ ਬਹੁਤ ਬੜਾ ਜੰਕਸ਼ਨ ਹੈ, ਇੱਥੇ ਕਰੋੜਾਂ ਦੀ ਸਕਰੈਪ ਬਣਦੀ ਰਹਿੰਦੀ ਹੈ। ਫਿਰ ਸਕਰੈਪ ਦੇ ਠੇਕੇਦਾਰ ਉਸ ਦੀ ਬੋਲੀ ਲਗਾਉਂਦੇ ਹਨ। ਇਹ ਸ਼ਖਸ ਉਸ ਸਕਰੈਪ ਦਾ ਬਹੁਤ ਵੱਡਾ ਠੇਕੇਦਾਰ ਹੈ। ਕਹਿਣ ਦਾ ਭਾਵ ਹੈ, ਸਕਰੈਪ ਡੌਨ ਹੈ।”

ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਕਿੱਥੋਂ ਪੰਗਾ ਲੈ ਲਿਆ ਕਿਹੋ ਜਿਹੇ ਬੰਦੇ ਨਾਲ ਵਾਹ ਪਾ ਕੇ। ਸਾਨੂੰ ਜਾਂਦਿਆਂ ਨੂੰ ਉੱਥੋਂ ਦੇ ਬੈਂਕ ਲੀਡਰਾਂ ਨੇ ਇੱਕ ਨਸੀਹਤ ਦਿੱਤੀ ਸੀ ਕਿ ਇੱਥੇ ਛੋਟੇ ਬੜੇ ਮਾਫੀਆ ਡੌਨ ਆਉਂਦੇ ਰਹਿਂਦੇ ਹਨ, ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਣਾ, ਨਾ ਨੇੜਤਾ ਵਧਾਉਣੀ ਤੇ ਨਾ ਹੀ ਕੋਈ ਪੰਗਾ ਲੈਣਾ। ਪਰ ਆਹ ਮੇਰੇ ਨਾਲ ਅਲੋਕਾਰੀ ਗੱਲ ਹੋ ਗਈ ਸੀ।

ਇੱਕ ਦਿਨ ਉਹ ਸ਼ਖਸ਼ ਆਇਆ ਤੇ ਕਹਿਣ ਲੱਗਿਆ, “ਸਰਦਾਰ ਸ਼ਰਮਾ ਜੀ! ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ, ਤੁਸੀਂ ਮੇਰੇ ’ਤੇ ਬਹੁਤ ਬੜਾ ਅਹਿਸਾਨ ਕੀਤਾ ਹੈ, ਆਹ ਲਓ ਮੇਰਾ ਮੋਬਾਇਲ ਨੰਬਰ ਤੇ ਲਖਨਊ ਵਿੱਚ ਰਹਿੰਦਿਆਂ ਤੁਹਾਨੂੰ ਕਿਸੇ ਕਿਸਮ ਦੀ ਸੜਕ ’ਤੇ ਚਲਦਿਆਂ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਆਵੇ, ਮੈਂਨੂੰ ਯਾਦ ਕਰ ਲੈਣਾ।”

ਉਹ ਸ਼ਖਸ ਆਪਣਾ ਮੋਬਾਇਲ ਨੰਬਰ ਮੈਨੂੰ ਨੋਟ ਕਰਵਾ ਗਿਆ ਤੇ ਪੈਰੀਂ ਹੱਥ ਲਾ ਕੇ ਚਲਾ ਗਿਆ। ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਇਹ ਚੰਗੇ ਵਾਸਤੇ ਹੋਇਆ ਕਿ ਮਾੜੇ ਵਾਸਤੇ। ਉੱਥੇ ਬਿਤਾਏ ਤਿੰਨ ਸਾਲਾਂ ਵਿੱਚ ਉਸ ਨੂੰ ਫ਼ੋਨ ਕਰਨ ਦੀ ਜ਼ਰੂਰਤ ਤਾਂ ਨਹੀਂ ਪਈ ਪਰ ਉਹ ਤਿੰਨ ਸਾਲ ਇੱਕ ਵਰਦਾਨ ਵਾਂਗ ਪੂਰੇ ਸ਼ਾਂਤਮਈ ਬੀਤ ਗਏ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5512)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author