“ਇਸ ਕਰਕੇ ਸਦੀਆਂ ਤੋਂ ਉੱਤਰੀ ਭਾਰਤ ਦੇ ਲੋਕ ਲੜਾਈਆਂ ਹੀ ਦੇਖਦੇ ਆ ਰਹੇ ਨੇ ਤੇ ਕਰਦੇ ਆ ਰਹੇ ਨੇ। ਇਨ੍ਹਾਂ ਦੇ ਖੂਨ ਵਿੱਚ ...”
(8 ਜੂਨ 2023)
ਦੱਖਣ ਭਾਰਤ ਦੇ ਪੰਜੇ ਸੂਬਿਆਂ, ਤਿਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲ ਨਾਇਡੂ, ਕਰਨਾਟਕਾ ਤੇ ਕੇਰਲਾ ਦੇ ਲੋਕ ਸਦੀਆਂ ਤੋਂ ਪੜ੍ਹਾਈ ਵਿੱਚ ਹੁਸ਼ਿਆਰ, ਵਿਗਿਆਨਕ ਖੋਜਾਂ ਵਿੱਚ ਮੂਹਰੇ, ਬੱਚਿਆਂ ਨੂੰ ਵਿੱਦਿਆ ਦੇਣ ਵਿੱਚ ਸਭ ਤੋਂ ਅੱਗੇ ਹਨ ਅਤੇ ਉਨ੍ਹਾਂ ਦੇ ਵਰਤਾਰੇ ਵਿੱਚ ਸਭ ਨਾਲ ਨਰਮਾਈ ਨਾਲ ਪੇਸ਼ ਆਉਣ ਵਰਗੇ ਗੁਣਾਂ ਕੁੱਟ ਕੁੱਟ ਕੇ ਭਰੇ ਹੋਏ ਹਨ। ਕੇਰਲਾ ਦਾ ਪੜ੍ਹੇ ਲਿਖੇ ਲੋਕਾਂ ਦਾ ਪ੍ਰਤੀਸ਼ਤ 98% ਹੈ। ਉਹ ਉੱਤਰੀ, ਪੂਰਬੀ ਅਤੇ ਪੱਛਮੀ ਭਾਰਤ ਦੇ ਲੋਕਾਂ ਨਾਲੋਂ ਵੀਹ ਪੱਚੀ ਸਾਲ ਅੱਗੇ ਹਨ। ਭਾਰਤ ਦੇ ਸਰਵੋਤਮ ਤੇ ਪ੍ਰਾਚੀਨ ਸੰਸਥਾਨ ਜਿਵੇਂ ਇੰਜਨੀਅਰਿੰਗ, ਮੈਡੀਕਲ ਕਾਲਜ, ਖੋਜ ਸੰਸਥਾਨ, ਸੋਧ ਸੰਸਥਾਨ ਖ਼ਗੋਲ ਨਾਲ ਸੰਬੰਧਤ ਸੰਸਥਾਨ ਆਧੁਨਿਕ ਕੰਪਿਊਟਰ ਯੁਗ ਦੇ ਪ੍ਰਸਾਰ ਲਈ ਸਭ ਤੋਂ ਮੋਹਰੀ ਸੰਸਥਾਨ, ਸਾਰੇ ਦੱਖਣ ਭਾਰਤ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਹੋਏ।
ਮੁੱਖ ਪ੍ਰਬੰਧਕ ਬਣਨ ’ਤੇ ਮੇਰੀ ਪੋਸਟਿੰਗ ਹੈਦਰਾਬਾਦ ਵਿੱਚ ਬੈਂਕ ਦੇ ਕੰਪਿਊਟਰ ਹੱਬ ਵਿੱਚ ਹੋਈ। ਕਿਉਂਕਿ ਮੈਨੂੰ ਕੰਪਿਊਟਰ ਦਾ ਗਿਆਨ ਬਹੁਤਾ ਨਹੀਂ ਸੀ, ਇਸ ਕਰਕੇ ਸਾਡੇ ਇੰਨਚਾਰਜ ਸ਼੍ਰੀ ਕੇ ਕ੍ਰਿਸ਼ਨਾ ਨੇ ਮੈਨੂੰ ਅਲੱਗ ਕੈਬਿਨ ਦੇ ਦਿੱਤਾ ਤੇ ਕੇਵਲ ਡਾਕ ਦੇ ਜਵਾਬ ਦੇਣੇ ਤੇ ਕੁਝ ਚਿੱਠੀਆਂ ਦਸਤਖ਼ਤ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ। ਸ਼ੁਰੂ ਸ਼ੁਰੂ ਵਿੱਚ ਘਰੋਂ ਬਣਾਇਆ ਖਾਣਾ ਮੈਂ ਇਕੱਲਾ ਬੈਠ ਕੇ ਖਾ ਲੈਂਦਾ। ਹੌਲ਼ੀ ਹੌਲ਼ੀ ਸਟਾਫ ਨਾਲ ਜਾਣ-ਪਹਿਚਾਣ ਹੋ ਗਈ। ਇੱਕ ਦੂਜੇ ਦੀ ਗੱਲਬਾਤ ਸਮਝ ਆਉਣ ਲੱਗ ਪਈ। ਇੱਕ ਦਿਨ ਸ਼੍ਰੀ ਕੇ ਕ੍ਰਿਸ਼ਨਾ ਨੇ ਮੈਨੂੰ ਖਾਣਾ ਇਕੱਠੇ ਖਾਣ ਲਈ ਕਿਹਾ। ਦੁਪਹਿਰ ਦੇ ਖਾਣੇ ਸਮੇਂ ਮੈਂ ਆਪਣਾ ਖਾਣਾ ਉਨ੍ਹਾਂ ਦੇ ਕੈਬਿਨ ਵਿੱਚ ਲੈ ਗਿਆ। ਜਦੋਂ ਉਹ ਖਾਣੇ ਦਾ ਟਿਫਨ ਖੋਲ੍ਹ ਕੇ ਪਲੇਟਾਂ ਵਿੱਚ ਪਾਉਣ ਲੱਗੇ, ਮੈਂ ਪੁੱਛਿਆ, “ਸਰ! ਆਹ ਕੀ ਹੈ?”
“ਇਹ ਮਟਨ (ਭੇਡ ਦਾ ਮੀਟ) ਹੈ।” ਉਨ੍ਹਾਂ ਜਵਾਬ ਦਿੱਤਾ। ਮੈਂ ਰੋਕ ਦਿੱਤਾ ਕਿਉਂਕਿ ਮੈਂ ਖਾਲਸ ਵੈਸ਼ਨੋ ਸੀ। ਉਸ ਦਿਨ ਔਖੇ ਸੌਖੇ ਮੈਂ ਅਲੱਗ ਆਪਣਾ ਖਾਣਾ ਖਾ ਲਿਆ। ਮੈਂ ਕੇ ਕ੍ਰਿਸ਼ਨਾ ਨੂੰ ਸਵਾਲ ਕੀਤਾ, “ਤੁਸੀਂ ਤਾਮਿਲ ਨਾਇਡੂ ਦੇ ਤਿਲਕਧਾਰੀ ਬ੍ਰਾਹਮਣ ਹੋ, ਫਿਰ ਵੀ ਮਾਸ ਖਾ ਲੈਂਦੇ ਹੋ?”
ਖਾਣਾ ਖਾਣ ਤੋਂ ਬਾਅਦ ਉਨ੍ਹਾਂ ਬੜੀ ਦਲੀਲ ਭਰੀ ਗੱਲ ਸੁਣਾਈ। ਉਨ੍ਹਾਂ ਦੱਸਿਆ ਕਿ ਦੱਖਣ ਭਾਰਤ ਦਾ ਸਾਰਾ ਇਲਾਕਾ ਪਥਰੀਲਾ ਤੇ ਪਠਾਰ ਦਾ ਇਲਾਕਾ ਹੈ। ਸਦੀਆਂ ਤੋਂ ਇੱਥੇ ਨਾ ਕੋਈ ਬਨਸਪਤੀ, ਨਾ ਕੋਈ ਅਨਾਜ ਤੇ ਸਬਜ਼ੀਆਂ ਦੀ ਪੈਦਾਵਾਰ ਹੁੰਦੀ ਸੀ। ਜਿਹੜੇ ਇਲਾਕੇ ਵਿੱਚ ਸਿੱਲ੍ਹਾ ਮੌਸਮ ਹੁੰਦਾ ਸੀ, ਕੇਵਲ ਉੱਥੇ ਗਰਮ ਮਸਾਲੇ ਜਿਵੇਂ, ਲੌਂਗ, ਇਲਾਇਚੀ, ਦਾਲਚੀਨੀ, ਕਾਲੀ ਮਿਰਚ, ਮਘਾਂ, ਹਰੜ-ਬਹੇੜਾ ਤੇ ਕਾਫ਼ੀ ਬਗੈਰਾ ਦੀ ਪੈਦਾਵਾਰ ਹੁੰਦੀ ਸੀ। ਕਿਉਂਕਿ ਇਹ ਸੂਬੇ ਸਮੁੰਦਰ ਦੇ ਕਿਨਾਰਿਆਂ ’ਤੇ ਵਸੇ ਹੋਏ ਹਨ, ਇਸ ਕਰਕੇ ਲੋਕ ਜ਼ਿਆਦਾਤਰ ਸੀ-ਫੂਡ (ਸਮੁੰਦਰੀ ਜੀਵਾਂ ਦਾ ਮਾਸ) ਜਾਂ ਫਿਰ ਪਠਾਰ ਦੇ ਮੈਦਾਨੀ ਇਲਾਕੇ ਵਿੱਚ ਹਰ ਤਰ੍ਹਾਂ ਦਾ ਮਾਸ ਖਾ ਕੇ ਪੇਟ ਭਰਦੇ ਸਨ। ਇਸ ਕਾਰਨ ਪੀੜ੍ਹੀ ਦਰ ਪੀੜ੍ਹੀ ਇਹ ਸਿਲਸਿਲਾ ਚਲਿਆ ਆ ਰਿਹਾ ਹੈ। ਹਾਲਾਂਕਿ ਹੁਣ ਖਾਣ-ਪੀਣ ਲਈ ਬਹੁਤ ਤਰ੍ਹਾਂ ਦਾ ਭੋਜਨ ਪਰਾਪਤ ਹੈ, ਪਰ ਨਾਨ-ਵੈਜ ਦਾ ਅਜਿਹਾ ਸਵਾਦ ਬਣਿਆ ਹੈ ਕਿ ਜੇਕਰ ਇੱਕ ਦਿਨ ਮਾਸ ਨਾ ਮਿਲੇ ਜਾਨ ਨਿਕਲਣ ਤਾਈਂ ਜਾਂਦੀ ਹੈ।
ਉੱਥੇ ਦੋ ਕੌਮਾਂ ਜ਼ਿਆਦਾਤਰ ਹਾਵੀ ਹਨ, ਇੱਕ ਨਾਇਡੂ ਜਿਹੜੇ ਜ਼ਮੀਨ ਨਾਲ ਜੁੜੇ ਖੇਤੀਬਾੜੀ ਸੰਭਾਲਦੇ ਹਨ ਤੇ ਦੂਸਰੇ ਰੈਡੀ, ਜਿਹੜੇ ਵਪਾਰ ਨਾਲ ਜੁੜੇ ਅਤੇ ਬਿਆਜ ਬੱਟੂ ਦਾ ਕੰਮ ਕਰਦੇ ਹਨ। ਆਂਧਰਾ ਪ੍ਰਦੇਸ਼ ਦੇ ਸੁਪ੍ਰਸਿੱਧ ਮੁੱਖ ਮੰਤਰੀਆਂ ਟੀ ਰਾਮਾ ਰਾਓ ਦੇ ਵਾਰਿਸ ਵਜੋਂ ਜਦੋਂ ਚੰਦਰ ਬਾਬੂ ਨਾਇਡੂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਹੈਦਰਾਬਾਦ ਨੂੰ ਕੰਪਿਊਟਰ ਸਿਟੀ ਦੇ ਤੌਰ ’ਤੇ ਵਿਕਸਿਤ ਕਰਨ ਦਾ ਬੀੜਾ ਚੁੱਕਿਆ ਤੇ ਬੜੀਆਂ ਬੜੀਆਂ ਕਾਰਪੋਰੇਟ ਕੰਪਨੀਆਂ ਨੂੰ ਆਪਣੇ ਕੰਪਿਊਟਰ ਹੱਬ ਖੋਲ੍ਹਣ ਲਈ ਜ਼ਮੀਨ, ਬਿਜਲੀ, ਆਵਾਜਾਈ ਸਾਧਨ, ਸੜਕਾਂ ’ਤੇ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ। ਇਸ ਨਾਲ ਹੀ ਤਕਰੀਬਨ ਸਾਰੇ ਬੈਂਕਾਂ ਨੇ ਵੀ ਆਪਣੇ ਕੰਪਿਊਟਰ ਹੱਬ ਬਣਾ ਲਏ। ਇਸ ਕੰਪਿਊਟਰ ਯੁਗ ਦੀ ਸ਼ੁਰੂਆਤ ਨਾਲ ਹੈਦਰਾਬਾਦ ਕੰਪਿਊਟਰ ਸੰਸਾਰ ਦੇ ਨਕਸ਼ੇ ਤੇ ਉੱਭਰ ਆਇਆ।
ਤਿੰਨ-ਚਾਰ ਮਹੀਨਿਆਂ ਵਿੱਚ ਬਾਕੀ ਕਰਮਚਾਰੀਆਂ ਨਾਲ ਵੀ ਗੱਲਬਾਤ ਖੁੱਲ੍ਹ ਕੇ ਹੋਣ ਲੱਗੀ। ਉੱਥੋਂ ਦੇ ਲੋਕ ਬੜੇ ਆਦਰ ਨਾਲ ਪੇਸ਼ ਆਉਂਦੇ ਹਨ ਅਤੇ ਕਿਸੇ ਵੀ ਗੱਲ ’ਤੇ ਤੈਸ਼ ਵਿੱਚ ਨਹੀਂ ਆਉਂਦੇ। ਸਰ ਤੋਂ ਬਿਨਾਂ ਸੰਬੋਧਨ ਨਹੀਂ ਕਰਦੇ। ਮੈਂ ਆਪਣੀ ਦੋ ਸਾਲਾਂ ਦੀ ਤਾਇਨਾਤੀ ਸਮੇਂ ਉੱਚਾ ਬੋਲਦੇ, ਬਹਿਸ ਕਰਦੇ ਜਾਂ ਲੜਦੇ ਝਗੜਦੇ ਨਹੀਂ ਵੇਖੇ। ਬੈਠੇ ਬੈਠੇ ਮੈਂ ਇੱਕ ਦਿਨ ਪੁੱਛਿਆ ਕਿ ਤੁਸੀਂ ਐਨੇ ਇੰਟੈਲੀਜੈਂਟ ਹੋ ਤੇ ਤੁਹਾਨੂੰ ਗੁੱਸਾ ਵੀ ਨਹੀਂ ਆਉਂਦਾ। ਉਨ੍ਹਾਂ ਵਿੱਚ ਐੱਨ ਸ਼੍ਰੀ ਨਿਵਾਸਨ ਸੀਨੀਅਰ ਵੀ ਸੀ ਤੇ ਇੰਟੈਲੀਜੈਂਟ ਵੀ। ਉਸ ਨੇ ਬੜੀ ਵਜ਼ਨਦਾਰ ਦਲੀਲ ਨਾਲ ਜਵਾਬ ਦਿੱਤਾ। ਉਸ ਨੇ ਦੱਸਿਆ ਕਿ ਅਸੀਂ ਜਨਮ ਜਨਮਾਂਤਰਾਂ ਤੋਂ ਗਰਮ ਮਸਾਲੇ, ਕਾਲੀ ਮਿਰਚ, ਕੌਫ਼ੀ ਅਤੇ ਨਾਰੀਅਲ ਦੇ ਬਣੇ ਵਿਅੰਜਨ ਆਦਿ ਖਾਂਦੇ ਹਾਂ ਤੇ ਮਿੱਠਾ ਬਹੁਤ ਘੱਟ ਇਸਤੇਮਾਲ ਕਰਦੇ ਹਾਂ। ਲੱਸੀ, ਦੇਸੀ ਘਿਓ, ਮੱਖਣ ਅਤੇ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਦੀ ਨਾਮਾਤਰ ਵਰਤੋਂ ਕਰਦੇ ਹਾਂ। ਇਨ੍ਹਾਂ ਦੀ ਵਰਤੋਂ ਅਸੀਂ ਪੰਜਾਬੀਆਂ ਤੋਂ ਸਿੱਖੀ ਹੈ। ਉੱਤਰੀ ਭਾਰਤ ਵਾਲੇ, ਖਾਸ ਕਰਕੇ ਪੰਜਾਬੀ ਮੱਖਣ ਵਾਲੇ ਸਾਗ ਨਾਲ ਮੱਕੀ ਦੀ ਰੋਟੀ ਨਾਲ ਰੱਜ ਕੇ ਤੇ ਉੱਤੋਂ ਲੱਸੀ ਦਾ ਜੱਗ ਪੀ ਕੇ ਸੌਂ ਜਾਂਦੇ ਹਨ, ਫਿਰ ਦਿਮਾਗ਼ ਨੇ ਸੁਆਹ ਕੰਮ ਕਰਨੈ।
ਉਹ ਲੋਕ ਤੇਜ਼ ਮਸਾਲੇ ਅਤੇ ਕੌਫੀ ਆਦਿ ਪੀ ਕੇ ਚੁਸਤ ਦਰੁਸਤ ਰਹਿੰਦੇ ਹਨ ਤੇ ਦਿਮਾਗ਼ ਚੌਵੀ ਘੰਟੇ ਕੰਮ ਕਰਦਾ ਹੈ। ਕਿੰਨੇ ਹੀ ਵਿਦਵਾਨ, ਰਾਜਨੀਤਕ, ਵਿਗਿਆਨੀ, ਖ਼ਗੋਲ ਵਿਦਵਾਨ ਸਾਹਿਤ ਰਚਨਾ ਦੇ ਮਾਹਿਰ, ਸਪੈਸ਼ਲਿਸਟ ਡਾਕਟਰ, ਇੰਜਨੀਅਰ, ਜ਼ਿਆਦਾਤਰ ਦੱਖਣ ਭਾਰਤ ਦੀ ਦੇਣ ਹਨ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ, ਡਾ. ਵੀ ਵੀ ਗਿਰੀ, ਆਰ ਵੈਂਕਟਾਰਮਨ, ਅਬੁਲ ਕਲਾਮ ਆਜ਼ਾਦ (ਮਿਜ਼ਾਈਲ ਮੈਨ), ਸਾਇੰਸਦਾਨ ਚੰਦਰ ਸ਼ੇਖਰ ਵੈਂਕਟਾਰਮਨ, ਰਾਮਾਨੁਜ, ਸਾਹਿਤ ਖੇਤਰ ਤੋਂ ਆਰ ਕੇ ਨਰਾਇਣਨ ਆਦਿ। ਆਈ ਏ ਐੱਸ ਤੇ ਆਈ ਪੀ ਐੱਸ ਲਾਬੀ ਵਿੱਚ ਵੀ ਦੱਖਣ ਭਾਰਤੀਆਂ ਦਾ ਪ੍ਰਤੀਸ਼ਤ ਸਭ ਤੋਂ ਜ਼ਿਆਦਾ ਹੈ। ਹੋਰ ਵੀ ਅਣਗਿਣਤ ਨਾਂ ਹਨ, ਲਿਸਟ ਬੜੀ ਲੰਬੀ ਹੈ।
ਗੁੱਸੇ ਬਾਰੇ ਉਨ੍ਹਾਂ ਬੜੇ ਵਧੀਆ ਵਿਚਾਰ ਦਿੱਤੇ। ਉਸ ਨੇ ਕਿਹਾ ਕਿ ਸਾਰੇ ਦੱਖਣੀ ਪ੍ਰਦੇਸ਼ ਸਮੁੰਦਰ ਦੇ ਕਿਨਾਰੇ ਹੋਣ ਕਰਕੇ ਉਨ੍ਹਾਂ ਉੱਤੇ ਬਾਹਰ ਤੋਂ ਕਿਸੇ ਧਾੜਵੀ ਨੇ ਹਮਲਾ ਨਹੀਂ ਕੀਤਾ। ਦੱਖਣੀ ਲੋਕਾਂ ਨੇ ਕੋਈ ਲੜਾਈ ਨਹੀਂ ਝੱਲੀ। ਜਦੋਂ ਕਿ ਸਾਰੇ ਹਮਲਾਵਰ ਮਿਡਲ ਈਸਟ ਤੋਂ ਅਫ਼ਗਾਨਿਸਤਾਨ ਹੁੰਦੇ ਹੋਏ ਭਾਰਤ ਆਏ ਤੇ ਪਹਿਲਾ ਨਿਸ਼ਾਨਾ ਪੰਜਾਬ ਬਣਿਆ ਤੇ ਬਾਅਦ ਵਿੱਚ ਉੱਤਰੀ ਭਾਰਤ ਬਣਿਆ। ਇਸ ਕਰਕੇ ਸਦੀਆਂ ਤੋਂ ਉੱਤਰੀ ਭਾਰਤ ਦੇ ਲੋਕ ਲੜਾਈਆਂ ਹੀ ਦੇਖਦੇ ਆ ਰਹੇ ਨੇ ਤੇ ਕਰਦੇ ਆ ਰਹੇ ਨੇ। ਇਨ੍ਹਾਂ ਦੇ ਖੂਨ ਵਿੱਚ ਗੁੱਸਾ, ਬਦਲੇ ਦੀ ਅੱਗ ਤੇ ਲੜਨ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਅੱਜ ਵੀ ਜੇਕਰ ਕੋਈ ਕੋਲ ਦੀ ਕਾਰ ਲੰਘਾ ਕੇ ਲੈ ਜਾਵੇ ਤਾਂ ਘੇਰ ਕੇ ਗੋਲ਼ੀ ਮਾਰਨ ਤਾਈਂ ਜਾਂਦੇ ਨੇ। ਪਰ ਮੈਂ ਹੈਦਰਾਬਾਦ ਸੜਕ ਉੱਤੇ ਕੋਈ ਲੜਦਾ ਝਗੜਦਾ ਨਹੀਂ ਵੇਖਿਆ। ਬਲਕਿ ਜੇਕਰ ਕੋਈ ਪੈਦਲ ਸੜਕ ਪਾਰ ਕਰ ਰਿਹਾ ਹੈ ਤਾਂ ਸਾਰੇ ਆਪਣੇ ਵਹੀਕਲ ਰੋਕ ਕੇ ਪਹਿਲਾਂ ਪੈਦਲ ਚੱਲਣ ਵਾਲੇ ਨੂੰ ਰਸਤਾ ਦੇਣਗੇ।
ਉੱਥੇ ਦੀ ਇੱਕ ਹੋਰ ਪਰੰਪਰਾ ਦੇਖੀ। ਇਸਤਰੀ ਹੋਵੇ ਜਾਂ ਪੁਰਸ਼, ਆਪਸ ਵਿੱਚ ਹੱਥ ਮਿਲਾ ਕੇ ਬੜਕਮ ਕਹਿੰਦੇ ਹਨ। ਬੜਕਮ ਦਾ ਅਰਥ ਹੈ ਨਮਸਕਾਰ। ਹੱਥ ਮਿਲਾਉਣ ਦਾ ਕੋਈ ਵਹਿਮ ਨਹੀਂ ਕਰਦਾ। ਜਿਵੇਂ ਆਪਣੇ ਇੱਥੇ ਪਿੰਡਾਂ ਵਿੱਚ ਖੁੰਢਾਂ ’ਤੇ ਬੈਠੇ ਜਾਂ ਚੌਂਕਾਂ ਵਿੱਚ ਖੜ੍ਹੇ ਜੜਾਂਗੇ ਮਾਰਦੇ ਨੇ, ਉੱਥੇ ਕੋਈ ਬੰਦਾ ਵਿਹਲਾ ਨਹੀਂ ਵੇਖਿਆ। ਸਭ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਨੇ। ਇਸ ਕਰਕੇ ਦੱਖਣ ਭਾਰਤ ਦੇ ਲੋਕ ਤੇਜ਼ ਦਿਮਾਗ਼ ਹੁੰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4075)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)