“ਜਦੋਂ ਅਸੀਂ ਮੁੱਖ ਸੜਕ ’ਤੇ ਪਹੁੰਚੇ, ਸ਼ਿਮਲੇ ਨੂੰ ਜਾਣ ਵਾਲੀ ਆਖਰੀ ਬੱਸ ਨਿਕਲ ਚੁੱਕੀ ਸੀ ...”
(7 ਫਰਵਰੀ 2025)
ਟੂਰਿਸਟ ਹਰ ਮੌਸਮ ਵਿੱਚ ਕਿਧਰੇ ਨਾ ਕਿਧਰੇ ਤੁਰੇ ਰਹਿੰਦੇ ਹਨ। ਉੱਤਰੀ ਭਾਰਤ ਦਾ ਮੌਸਮ ਸਰਦੀਆਂ ਵਿੱਚ ਬਹੁਤ ਠੰਢਾ ਅਤੇ ਗਰਮੀਆਂ ਵਿੱਚ ਬਹੁਤ ਗਰਮ ਹੋ ਜਾਂਦਾ ਹੈ। ਅੰਗਰੇਜ਼ ਠੰਢੇ ਮੁਲਕਾਂ ਤੋਂ ਆ ਕੇ ਸਾਡੇ ਉੱਪਰ ਰਾਜ ਕਰਦੇ ਸਨ। ਇੱਥੋਂ ਦਾ ਮੌਸਮ ਅਨਕੂਲ ਨਾ ਹੋਣ ਕਾਰਨ ਬਹੁਤੀ ਵਾਰ ਉਹ ਤਿੰਨ-ਚਾਰ ਮਹੀਨਿਆਂ ਲਈ ਪਹਾੜਾਂ ’ਤੇ ਰਹਿਣ ਚਲੇ ਜਾਂਦੇ ਸਨ। ਆਪਣੇ ਰਾਜ ਦੌਰਾਨ ਉਨ੍ਹਾਂ ਨੇ ਪਹਾੜੀ ਸਥਾਨਾਂ ਦਾ ਵਿਕਾਸ ਕਰਕੇ ਆਪਣੇ ਰਹਿਣ ਯੋਗ ਬਣਾਇਆ। ਕਸੌਲੀ, ਸ਼ਿਮਲਾ, ਡਲਹੌਜ਼ੀ, ਨੈਨੀਤਾਲ ਤੇ ਉੱਤਰ-ਪੂਰਵ ਵਿੱਚ ਦਾਰਜੀਲਿੰਗ ਅਤੇ ਕਲਿੰਪੌਂਗ ਆਦਿ ਸ਼ਹਿਰਾਂ ਦਾ ਵਿਕਾਸ ਕੀਤਾ। ਉੱਥੇ ਆਸਾਨੀ ਨਾਲ ਪਹੁੰਚਣ ਲਈ ਸੜਕਾਂ ਅਤੇ ਰੇਲਵੇ ਲਾਈਨ ਵਿਛਾਈ। ਜਦੋਂ ਸਰਦੀਆਂ ਵਿੱਚ ਪਹਾੜਾਂ ’ਤੇ ਬਰਫ ਗਿਰਨ ਲਗਦੀ ਤਾਂ ਉੱਥੋਂ ਦਾ ਸਨੋਫਾਲ ਦਾ ਨਜ਼ਾਰਾ ਲੈਣ ਲਈ ਉਹ ਪਹਾੜਾਂ ’ਤੇ ਚਲੇ ਜਾਂਦੇ। ਜਦੋਂ ਤਕ ਉਨ੍ਹਾਂ ਦਾ ਰਾਜ ਰਿਹਾ, ਬਹੁਤੇ ਹਿੱਲ ਸਟੇਸ਼ਨਾਂ ’ਤੇ ਕਾਫੀ ਇਲਾਕੇ ਆਮ ਭਾਰਤੀ ਨਾਗਰਿਕਾਂ ਲਈ ਵਰਜਿਤ ਰੱਖਦੇ ਸਨ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਰੇ ਹਿੱਲ ਸਟੇਸ਼ਨ ਆਮ ਲੋਕਾਂ ਦੀ ਪਹੁੰਚ ਵਿੱਚ ਹੋ ਗਏ। ਸ਼ੁਰੂ ਸ਼ੁਰੂ ਵਿੱਚ ਬਹੁਤ ਅਮੀਰ ਲੋਕ ਜਿਵੇਂ ਦਿੱਲੀ, ਕਲਕੱਤਾ, ਮਦਰਾਸ, ਬੰਬਈ ਤੋਂ ਪਹਾੜਾਂ ਵੱਲ ਆਉਂਦੇ ਸਨ ਜਾਂ ਫਿਰ ਫਿਲਮਾਂ ਬਣਾਉਣ ਵਾਲੇ ਫਿਲਮਾਂ ਦੀ ਸ਼ੂਟਿੰਗ ਕਰਨ ਲਈ ਪਹੁੰਚਦੇ ਸਨ। ਹੌਲ਼ੀ ਹੌਲ਼ੀ ਇਹ ਹਿੱਲ ਸਟੇਸ਼ਨ ਆਮ ਲੋਕਾਂ ਦੀ ਪਹੁੰਚ ਵਿੱਚ ਵੀ ਆ ਗਏ।
ਮੈਨੂੰ ਵੀ ਪਹਿਲੀ ਵਾਰ ਸ਼ਿਮਲਾ ਦੀ ਸਨੋਫਾਲ ਵੇਖਣ ਦਾ ਸੁਨਹਿਰੀ ਮੌਕਾ ਮਿਲਿਆ। ਤਕਰੀਬਨ 53 ਕੁ ਸਾਲ ਪਹਿਲਾਂ ਜਦੋਂ ਮੈਂ ਚੰਡੀਗੜ੍ਹ ਗੌਰਮਿੰਟ ਕਾਲਜ ਵਿੱਚ ਬੀ ਕਾਮ ਕਰਦਾ ਸੀ, ਉਦੋਂ ਮੈਂ ਅਤੇ ਮੇਰੇ ਦੋ ਦੋਸਤ ਤੇ ਹਮਜਮਾਤੀ ਬਲਵਿੰਦਰ ਬੱਲੀ ਜਿਹੜਾ ਕੀਨੀਆਂ ਦੇਸ਼ ਦਾ ਨਾਗਰਿਕ ਸੀ ਪਰ ਰਹਿਣ ਵਾਲਾ ਜਲੰਧਰ ਦਾ ਸੀ, ਦੂਸਰਾ ਰਜਨੀਸ਼ ਸੋਂਧੀ, ਉਹ ਵੀ ਜਲੰਧਰ ਦਾ ਸੀ, ਨੇ ਸ਼ਿਮਲੇ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ। ਘਰੋਂ ਖਰਚੇ ਲਈ ਪੈਸੇ ਪੂਰੇ-ਪੂਰੇ ਮਿਲਦੇ ਸਨ ਪਰ ਕਰਾਏ ਭਾੜੇ ਜੋਗੇ ਥੋੜ੍ਹੇ ਬਹੁਤ ਬੱਚਤ ਕਰਕੇ ਇਕੱਠੇ ਕਰ ਲਏ। ਰਾਤ ਰਹਿਣ ਲਈ ਬੱਲੀ ਦੇ ਦੂਰੋਂ ਰਿਸ਼ਤੇਦਾਰਾਂ ਦੇ ਘਰ ਛੋਟਾ ਸ਼ਿਮਲਾ ਵਿੱਚ ਰਹਿਣ ਦਾ ਪ੍ਰੋਗਰਾਮ ਬਣਾ ਲਿਆ। ਅੱਜ ਕੱਲ੍ਹ ਤਾਂ ਮਾਰਕੀਟ ਵਿੱਚ ਸਰਦੀਆਂ ਲਈ ਤਰ੍ਹਾਂ ਤਰ੍ਹਾਂ ਦੇ ਗਰਮ ਕੱਪੜੇ ਆ ਗਏ ਹਨ, ਉਸ ਸਮੇਂ ਤਾਂ ਘਰ ਦੀ ਬੁਣੀ ਹੋਈ ਕੋਟੀ, ਆਮ ਪੈਂਟ ਤੇ ਰੈਕਸੀਅਨ ਦੀ ਜਾਕਟ, ਉਹ ਵੀ ਸਾਡੇ ਕਲਾਸ ਫੈਲੋ ਤੋਂ ਮੰਗਵੀਂ ਫੜ ਕੇ ਲੈ ਗਏ। ਉਨ੍ਹਾਂ ਦਿਨਾਂ ਵਿੱਚ ਟਾਵੇਂ ਟਾਵੇਂ ਲੋਕ ਹੀ ਦਸੰਬਰ ਜਨਵਰੀ ਵਿੱਚ ਸ਼ਿਮਲੇ ਜਾਂਦੇ ਸਨ। ਕੋਈ ਭੀੜ-ਭੜੱਕਾ ਨਹੀਂ ਸੀ। ਚੰਡੀਗੜ੍ਹ ਤੋਂ ਸਵੇਰੇ ਪੰਜ ਵਜੇ ਬੱਸ ਵਿੱਚ ਬੈਠੇ ਤੇ ਦਸ ਕੁ ਵੱਜਦੇ ਨੂੰ ਸ਼ਿਮਲਾ ਰਿੱਜ ’ਤੇ ਪਹੁੰਚ ਗਏ। ਸ਼ਿਮਲੇ ਟੂਰਿਸਟ ਸਥਾਨਾਂ ਦੀ ਵੀ ਬਹੁਤੀ ਜਾਣਕਾਰੀ ਨਹੀਂ ਸੀ। ਰਿੱਜ ’ਤੇ ਘੁੰਮਦਿਆਂ ਕਿਸੇ ਨੂੰ ਟੂਰਿਸਟ ਸਪਾਟ ਬਾਰੇ ਪੁੱਛਿਆ ਤਾਂ ਉਸ ਨੇ ਜਾਖੂ ਮੰਦਿਰ ਅਤੇ ਸ਼ਿਮਲੇ ਦੇ ਨਜ਼ਦੀਕ ਕੁਫਰੀ ਘੁੰਮਣ ਦੀ ਸਲਾਹ ਦਿੱਤੀ। ਪਹਿਲਾਂ ਅਸੀਂ ਜਾਖੂ ਮੰਦਿਰ ਵਾਲੇ ਰਸਤੇ ਪੈ ਗਏ। ਇਹ ਰਾਹ ਰਿੱਜ ਉੱਪਰ ਬਣੇ ਇਤਿਹਾਸਕ ਚਰਚ ਦੇ ਪਿੱਛੋਂ ਦੀ ਹੋ ਕੇ ਜਾਂਦਾ ਸੀ। ਜਾਂਦੇ ਹੋਏ ਤਾਂ ਥੋੜ੍ਹਾ ਸਾਹ ਫੁੱਲਿਆ ਪਰ ਆਉਂਦੇ ਹੋਏ ਬਰਫ ਵਿੱਚ ਘਿਸਰਦੇ ਹੀ ਆਏ ਕਿਉਂਕਿ ਦੋ ਤਿੰਨ ਘੰਟੇ ਪਹਿਲਾਂ ਬਹੁਤ ਬਰਫ ਪੈ ਚੁੱਕੀ ਸੀ। ਸਤਾਰਾਂ-ਸਤਾਰਾਂ ਸਾਲ ਦੇ ਨੌਜਵਾਨ ਸੀ, ਇਸ ਕਰਕੇ ਬਿਲਕੁਲ ਨਹੀਂ ਥੱਕੇ।
ਇੱਕ ਵੱਜਿਆ ਸੀ, ਕਹਿੰਦੇ ਚਲੋ ਕੁਫਰੀ ਚਲਦੇ ਹਾਂ। ਸ਼ਿਮਲੇ ਬੱਸ ਸਟੈਂਡ ਤੋਂ ਬੱਸ ਫੜੀ ਤੇ ਅੱਧੇ ਪੌਣੇ ਘੰਟੇ ਵਿੱਚ ਕੁਫਰੀ ਪਹੁੰਚ ਗਏ। ਉਸ ਸਮੇਂ ਕੁਫਰੀ ਵਿੱਚ ਕੋਈ ਭੀੜਭਾੜ ਨਹੀਂ ਸੀ। ਕੋਈ ਹੋਟਲ, ਕੋਈ ਢਾਬਾ ਵਗੈਰਾ ਨਹੀਂ ਸੀ, ਕੇਵਲ ਇੱਕ ਸਰਕਾਰੀ ਬੰਗਲਾ ਸੀ। ਉਸਦੇ ਲਾਗੇ ਇੱਕ ਛੋਟੀ ਜਿਹੀ ਜਾਨਵਰ ਰੱਖ (Zoo) ਸੀ, ਜਿਸ ਵਿੱਚ ਮੁੱਖ ਤੌਰ ’ਤੇ ਕਸਤੂਰੀ ਵਾਲੇ ਮ੍ਰਿਗ ਰੱਖੇ ਹੋਏ ਸਨ। ਮੁੱਖ ਸੜਕ ਤੋਂ ਬੰਗਲੇ ਤਕ ਥੋੜ੍ਹੀ ਚੜ੍ਹਾਈ ਸੀ। ਬੱਸ ਉੱਤਰਦਿਆਂ ਦੇਖਿਆ, ਇੱਕ ਸੰਗਤਰੇ ਵੇਚਣ ਵਾਲੀ ਬੈਠੀ ਸੀ। ਅਸੀਂ ਦਸ ਕੁ ਸੰਗਤਰੇ ਲਏ ਤੇ ਚੜ੍ਹਾਈ ਚੜ੍ਹਦਿਆਂ ਬਰਫ ਵਿੱਚ ਦੱਬ ਦਿੱਤੇ ਕਿ ਵਾਪਸੀ ’ਤੇ ਬਰਫ ਵਿੱਚੋਂ ਠੰਢੇ ਹੋਏ ਕੱਢ ਕੇ ਖਾਵਾਂਗੇ। ਉੱਪਰ ਪਹੁੰਚੇ, ਆਲ਼ੇ ਦੁਆਲ਼ੇ ਦੇਖਿਆ। ਚਾਰੇ ਤਰਫ਼ ਬਰਫ ਹੀ ਬਰਫ ਬਿਖਰੀ ਪਈ ਸੀ ਜਿਵੇਂ ਸਫੈਦ ਚਾਦਰ ਵਿਛੀ ਹੋਈ ਹੋਵੇ। ਜਦੋਂ ਵੀ ਪੈਰ ਧਰੀਏ, ਪੈਰ ਬਰਫ ਵਿੱਚ ਧਸ ਜਾਵੇ। ਇਸ ਤਰ੍ਹਾਂ ਬਰਫ ਦੇ ਗੋਲੇ ਬਣਾ ਬਣਾ ਕੇ ਇੱਕ ਦੂਜੇ ਨੂੰ ਮਾਰ ਕੇ ਖੇਲ੍ਹਣ ਲੱਗ ਪਏ। ਖੇਡਦੇ ਖੇਡਦੇ ਜਾਨਵਰਾਂ ਦੀ ਰੱਖ ਵੱਲ ਚਲੇ ਗਏ ਤੇ ਕਸਤੂਰੀ ਮ੍ਰਿਗ ਦੇਖੇ। ਠੰਢ ਕਾਰਨ ਉਹ ਵੀ ਸੁੰਗੜ ਕੇ ਇੱਕ ਦੂਜੇ ਵਿੱਚ ਵੜੇ ਪਏ ਸਨ।
ਵਾਪਸੀ ’ਤੇ ਸਰਕਾਰੀ ਬੰਗਲੇ ਫਿਰ ਆ ਗਏ। ਐਨੇ ਵਿੱਚ ਸਨੋਫਾਲ ਹੋਣ ਲੱਗੀ। ਸਰਕਾਰੀ ਬੰਗਲੇ ਵਿੱਚ ਇਕੱਲਾ ਚੌਕੀਦਾਰ ਸੀ। ਗਿਰ ਰਹੀ ਬਰਫ ਵਿੱਚ ਬੜਾ ਅਨੰਦ ਆਇਆ। ਬਰਫ ਪੈਂਦੀ ਵਿੱਚ ਅੰਦਾਜ਼ਾ ਨਹੀਂ ਲਗਦਾ ਕਿੰਨੀ ਕੁ ਡੁੰਘਾਈ ਤਕ ਜ਼ਮੀਨ ਹੈ। ਗੋਲੇ ਬਣਾਉਂਦੇ, ਇੱਕ ਦੂਜੇ ਦੇ ਮਾਰਦੇ। ਅਚਾਨਕ ਮੈਂ ਬੰਗਲੇ ਦੇ ਪਿਛਲੇ ਪਾਸੇ ਜਿੱਧਰ ਪਾਣੀ ਦੀ ਪਾਈਪ ਜਾਂਦੀ ਸੀ, ਉੱਧਰ ਬਰਫ ਵਿੱਚ ਧਸ ਗਿਆ। ਬਰਫ ਦੀ ਗਹਿਰਾਈ ਦਾ ਪਤਾ ਹੀ ਨਾ ਲੱਗਾ। ਜਿਵੇਂ ਪੈਰ ਪੁੱਟਾਂ ਤਾਂ ਦੂਸਰਾ ਹੋਰ ਧਸ ਜਾਵੇ। ਬੰਗਲੇ ਤੋਂ ਕੋਈ ਚਾਰ ਪੰਜ ਫੁੱਟ ਹੇਠਾਂ ਚਲਾ ਗਿਆ। ਜਦੋਂ ਦੇਖਿਆ ਬਈ ਹੁਣ ਤਾਂ ਫਸ ਗਏ, ਐਨੀ ਠੰਢ ਵਿੱਚ ਮੱਥੇ ’ਤੇ ਪਸੀਨਾ ਆ ਗਿਆ। ਬੱਲੀ ਸਾਡੇ ਵਿੱਚੋਂ ਕੁਝ ਜ਼ਿਆਦਾ ਸਮਝਦਾਰ ਸੀ। ਉਸ ਨੇ ਮੈਨੂੰ ਇੱਥੇ ਹੀ ਰੁਕਣ ਲਈ ਕਿਹਾ। ਉਸ ਨੇ ਆਪਣੀ ਪੱਗ ਉਤਾਰੀ ਤੇ ਖੋਲ੍ਹ ਕੇ ਪੱਗ ਦਾ ਇੱਕ ਸਿਰਾ ਮੇਰੇ ਵੱਲ ਸੁੱਟਿਆ। ਪਹਿਲੀ ਵਾਰ ਤਾਂ ਪੱਗ ਦਾ ਲੜ ਫੜਿਆ ਨਾ ਗਿਆ ਤੇ ਨਿਰਾਸ਼ਾ ਹੋਰ ਵਧ ਗਈ। ਪਰ ਦੂਸਰੀ ਵਾਰ ਮੈਂ ਲੜ ਫੜ ਲਿਆ। ਦੂਸਰੇ ਪਾਸਿਓਂ ਉਨ੍ਹਾਂ ਦੋਨੋਂ ਜਣਿਆਂ ਨੇ ਜ਼ੋਰ ਦੀ ਘੁੱਟ ਕੇ ਫੜ ਲਿਆ। ਮੈਂ ਹੌਲ਼ੀ ਹੌਲ਼ੀ ਆਪਣੇ ਪੈਰ ਬਰਫ ਉੱਤੇ ਜਮਾਉਂਦਾ ਉੱਪਰ ਆ ਚੜ੍ਹਿਆ। “ਜਾਨ ਬਚੀ ਲਾਗੋਂ ਉਪਾਏ” (ਕਿ ‘ਜਾਨ ਬਚੀ ਔਰ ਲਾਖੋਂ ਪਾਏ’? ਸਹੀ ਕਿਹੜਾ ਹੈ? ਪਾਠਕ ਦੱਸਣ --- ਸੰਪਾਦਕ) ਸੋਚ ਕੇ ਰੱਬ ਦਾ ਸ਼ੁਕਰ ਮਨਾਇਆ। ਇਸ ਜੱਦੋਜਹਿਦ ਵਿੱਚ ਬਹੁਤ ਸਮਾਂ ਖਰਾਬ ਹੋਇਆ। ਜਦੋਂ ਅਸੀਂ ਮੁੱਖ ਸੜਕ ’ਤੇ ਪਹੁੰਚੇ, ਸ਼ਿਮਲੇ ਨੂੰ ਜਾਣ ਵਾਲੀ ਆਖਰੀ ਬੱਸ ਨਿਕਲ ਚੁੱਕੀ ਸੀ। ਸਰੀਰ ਨੂੰ ਝੁਣਝੁਣੀ ਛਿੜ ਗਈ ਤੇ ਉੱਪਰੋਂ ਠੰਢ ਵੀ ਵਧ ਗਈ। ਹੁਣ ਇਹੀ ਚਿੰਤਾ ਸੀ ਕਿ ਸ਼ਿਮਲੇ ਕਿਵੇਂ ਪਹੁੰਚਾਂਗੇ। ਜਿਨ੍ਹਾਂ ਦੇ ਘਰ ਰਾਤ ਰੁਕਣਾ ਸੀ, ਉਹ ਵੀ ਉਡੀਕਦੇ ਹੋਣਗੇ। ਉਦੋਂ ਕਿਹੜਾ ਮੋਬਾਇਲ ਹੁੰਦੇ ਸਨ ਕਿ ਉਨ੍ਹਾਂ ਨੂੰ ਜਾਣਕਾਰੀ ਦੇ ਦਿੰਦੇ। ਇਸੇ ਉਧੇੜ-ਬੁਣ ਵਿੱਚ ਇਹ ਵੀ ਭੁੱਲ ਗਏ ਕਿ ਸੰਗਤਰੇ ਖਾਣ ਲਈ ਬਰਫ ਵਿੱਚ ਦੱਬੇ ਸਨ।
ਐਨੇ ਵਿੱਚ ਇੱਕ ਮਿਲਟਰੀ ਟਰੱਕ ਪਿੱਛੋਂ ਆਇਆ ਤੇ ਸਾਡੇ ਹੱਥ ਦੇਣ ਤੇ ਰੁਕ ਗਿਆ। ਅਸੀਂ ਉਨ੍ਹਾਂ ਫੌਜੀ ਵੀਰਾਂ ਨੂੰ ਆਪਣੀ ਸਮੱਸਿਆ ਦੱਸੀ। ਟਰੱਕ ਦੇ ਅੱਗੇ ਜਗ੍ਹਾ ਨਹੀਂ ਸੀ, ਉਨ੍ਹਾਂ ਸਾਨੂੰ ਪਿੱਛੇ ਚੜ੍ਹਾ ਲਿਆ। ਟਰੱਕ ਦੇ ਪਾਸਿਆਂ ਤੇ ਤਰਪਾਲ ਕਿਸਮ ਦਾ ਕੱਪੜਾ ਬੰਨ੍ਹਿਆ ਹੋਇਆ ਸੀ, ਵਿੱਚ ਬੈਠਣ ਦੀ ਜਗ੍ਹਾ ਨਹੀਂ ਸੀ। ਅਸੀਂ ਕੱਪੜੇ ਦਾ ਲੜ ਫੜਕੇ ਖੜ੍ਹ ਗਏ। ਕੁਫਰੀ ਤੋਂ ਸ਼ਿਮਲੇ ਤਕ ਦਾ ਉਸ ਟਰੱਕ ਦਾ ਸਫਰ ਸਾਨੂੰ ਹੁਣ ਵੀ ਯਾਦ ਆਉਂਦਿਆਂ ਸਰੀਰ ਨੂੰ ਕੰਬਣੀ ਛਿੜ ਜਾਂਦੀ ਹੈ। ਜਿਉਂ ਜਿਉਂ ਟਰੱਕ ਭੱਜੇ, ਹਵਾ ਘੁੰਮ ਘੁੰਮ ਕੇ ਸਾਨੂੰ ਕੰਬਣੀ ਛੇੜੇ। ਤਰਪਾਲ ਦੀ ਗੰਢ ਕਿਤੇ ਖੁੱਲ੍ਹ ਗਈ ਤਾਂ ਤਰਪਾਲ ਫਾੜ੍ਹ ਫਾੜ੍ਹ ਵੱਜੇ। ਉਸੇ ਰਫਤਾਰ ਨਾਲ ਸਾਡੇ ਦੰਦ ਵੱਜਣ। ਫੌਜੀ ਵੀਰਾਂ ਨੇ ਸਾਨੂੰ ਬਾਈਪਾਸ ’ਤੇ ਉਤਾਰ ਦਿੱਤਾ। ਸਾਡੇ ਮੂੰਹੋਂ ਧੰਨਵਾਦ ਦੇ ਦੋ ਸ਼ਬਦ ਵੀ ਬੜੀ ਮੁਸ਼ਕਿਲ ਨਾਲ ਨਿਕਲੇ। ਉੱਥੋਂ ਵੀ ਘਰ ਦੂਰ ਸੀ। ਅਣਜਾਣ ਰਸਤੇ, ਸਾਰੇ ਬਰਫ ਪਈ ਹੋਈ, ਪੁੱਛਦੇ ਪੁਛਾਉਂਦੇ, ਡਿਗਦੇ ਪੈਂਦੇ ਅਸੀਂ ਰਿਸ਼ਤੇਦਾਰਾਂ ਦੇ ਘਰ ਪਹੁੰਚ ਗਏ। ਸਾਨੂੰ ਦੇਖ ਕੇ ਉਨ੍ਹਾਂ ਵੀ ਰੱਬ ਦਾ ਸ਼ੁਕਰ ਮਨਾਇਆ। ਸਾਡੀ ਆਉ ਭਗਤ ਲਈ ਕਈ ਸਬਜ਼ੀਆਂ, ਖੀਰ, ਸੂਪ ਤਿਆਰ ਕੀਤਾ ਹੋਇਆ ਸੀ। ਉਨ੍ਹਾਂ ਪਹਿਲਾਂ ਸਾਨੂੰ ਗਰਮ ਪਾਣੀ ਕਰਕੇ ਦਿੱਤਾ। ਅਸੀਂ ਮੂੰਹ ਹੱਥ ਧੋਤੇ, ਗੋਡਿਆਂ ਤਕ ਲੱਤਾਂ ਦੀ ਗਰਮ ਪਾਣੀ ਨਾਲ ਟਕੋਰ ਕੀਤੀ ਤਾਂ ਜਾ ਕੇ ਸਾਡੀ ਠੰਢ ਉੱਤਰੀ ਤੇ ਅਸੀਂ ਆਪਣੇ ਆਪ ਵਿੱਚ ਆਏ।
ਜੇਕਰ ਉਸ ਦਿਨ ਫੌਜੀ ਵੀਰ ਨਾ ਮਿਲਦੇ ਫਿਰ ਤਾਂ ਬਾਅਦ ਵਿੱਚ ਬਰਫ ਵਿੱਚੋਂ ਸਾਡੇ ਪਿੰਜਰ ਹੀ ਲੱਭਣੇ ਸਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)