IsherSinghEng7ਤਕਨੌਲੋਜੀਆਂ ਨੂੰ ਆਪਣੇ-ਆਪ ’ਤੇ ਭਾਰੂ ਨਾ ਹੋਣ ਦੇਈਏਇਨ੍ਹਾਂ ਨੂੰ ਕਾਬੂ ਕਰਨਾ ਸਿੱਖੀਏ। ਇਨ੍ਹਾਂ ਦੀ ...
(23 ਜੁਲਾਈ 2025)

 

ਇਹ ਕਹਾਵਤ, ‘ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ’, ਅੱਜ ਦੀ ਸਮੁੱਚੀ ਤਕਨੌਲੋਜੀ ਅਤੇ ਇਸਦੀਆਂ ਬਰਾਂਚਾਂ, ਖਾਸ ਕਰ ਕੇ ਕੰਪਿਊਟਰ ਸਾਇੰਸ ਅਤੇ ਅੱਗੇ ਉਸਦੀ ਉਪ ਬਰਾਂਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ’ਤੇ ਪੂਰੀ ਢੁਕਦੀ ਹੈਇਹ ਸੋਨਾ ਹੈ ਕਿਉਂਕਿ ਇਸਦੀਆਂ ਅੱਡ-ਅੱਡ ਬਰਾਂਚਾਂ ਦੇ ਸੁਮੇਲ ਰਾਹੀਂ ਮਨੁੱਖ ਥੋੜ੍ਹੇ ਸਮੇਂ ਵਿੱਚ ਹੀ ਬਹੁ-ਪੱਖੀ ਤਰੱਕੀ ਕਰ ਸਕਿਆ ਹੈਇਸ ਕਰ ਕੇ ਅੱਜ ਅਸੀਂ ਆਪਣੇ ਪੂਰਵਜਾਂ ਤੋਂ ਹਰ ਪੱਖੋਂ ਅਤੇ ਕਿਤੇ ਵੱਧ ਸਾਧਨ-ਸੰਪੰਨ, ਖ਼ੁਸ਼ਹਾਲ ਅਤੇ ਸੁਖੀ ਹਾਂਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਅੱਜ ਦਾ ਯੁਗ ਇਸ ਸੰਸਾਰ ਵਿੱਚ ਜਿਊਣ ਦਾ ਸਭ ਤੋਂ ਵਧੀਆ ਯੁਗ ਹੈ

ਪਰ 2024 ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਦੋ ਪ੍ਰਸਿੱਧ ਅਰਥ-ਸ਼ਾਸਤਰੀ ਆਪਣੀ ਸਾਂਝੀ ਕਿਤਾਬ ‘ਪਾਵਰ ਐਂਡ ਪਰੌਗਰੈੱਸ’ (2023) ਵਿੱਚ ਲਿਖਦੇ ਹਨ, “ਮੌਜੂਦਾ ਹਾਲਾਤ ਅਤੇ ਤਕਨੌਲੋਜੀਆਂ ਦੇ ਇੱਕ ਹਜ਼ਾਰ ਸਾਲ ਦੇ ਇਤਿਹਾਸ ਤੋਂ ਸਪਸ਼ਟ ਹੈ ਕਿ ਇਹ ਆਪਣੇ-ਆਪ ਵਿੱਚ ਵਿਆਪਕ ਅਤੇ ਸਰਬ-ਸਾਂਝੀ ਖੁਸ਼ਹਾਲੀ ਨਹੀਂ ਲਿਆ ਸਕਦੀਆਂਇਸ ਤਰ੍ਹਾਂ ਦੀ ਖੁਸ਼ਹਾਲੀ ਲਿਆਉਣਾ ਜਾਂ ਨਾ ਲਿਆਉਣਾ, ਇੱਕ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਾ ਹੈ।”

ਇਸ ਤਰ੍ਹਾਂ ਤਕਨੌਲੋਜੀ ਦਾ ਇਹ ਸੋਨਾ ਸਾਡੇ ਕੰਨਾਂ ਨੂੰ ਖਾ ਰਿਹਾ ਹੈ। ਆਪਾਂ ਨਾ ਇਸ ਨੂੰ ਲਾਹੁਣ ਜੋਗੇ ਨਾ ਪਹਿਨਣ ਜੋਗੇਇਸ ਸਥਿਤੀ ਨੂੰ ਹੀ ਅੰਗਰੇਜ਼ੀ ਵਿੱਚ ‘ਨਸੈਸਰੀ ਈਵਲ’, ‘ਡੈਂਜਰਅਸ ਕਨਵਿਨੀਐਂਸ’, ਦੋਧਾਰੀ ਤਲਵਾਰ ਆਦਿ ਕਿਹਾ ਜਾਂਦਾ ਹੈਅੱਜ ਸੰਸਾਰ ਆਪਣੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਸਰੋਕਾਰਾਂ ਨੂੰ ਪਿਛਾਂਹ ਕਰ ਕੇ ਤਕਨੌਲੋਜੀ ਨੂੰ ਮੁੱਖ ਰੱਖ ਰਿਹਾ ਹੈਤਕਨੌਲੋਜੀ, ਕੰਪਿਊਟਰ ਸਾਇੰਸ ਦੇ ਪ੍ਰਭਾਵ ਹੇਠ ਆਈ ਹੋਈ ਹੈ, ਜੋ ਅੱਗੇ ਏ.ਆਈ ਦੇ ਪ੍ਰਭਾਵ ਹੇਠ ਆ ਚੁੱਕੀ ਹੈਇਸ ਉਲਟੇ ਚੱਕਰ ਦੇ ਮੰਦੇ ਅਸਰ ਪ੍ਰਤੱਖ ਹੋ ਰਹੇ ਹਨ ਅਤੇ ਸਰਬ-ਸਾਂਝੀ ਭਲਾਈ ਅਤੇ ਮਨੁੱਖੀ ਬਰਾਬਰੀ ਦੇ ਹਾਮੀ, ਭਵਿੱਖ ਵਿੱਚ ਇਨ੍ਹਾਂ ਦੇ ਹੋਰ ਵਿਆਪਕ ਅਤੇ ਗੰਭੀਰ ਹੋਣ ਦੇ ਖ਼ਦਸ਼ੇ ਪਰਗਟ ਕਰ ਰਹੇ ਹਨਕਈ ਭਵਿੱਖ-ਵਕਤਾ ਤਾਂ ਏ.ਆਈ. ਨੂੰ ਮਨੁੱਖੀ ਹੋਂਦ ਲਈ ਘਾਤਕ ਹੋ ਜਾਣ ਤਕ ਦੀਆਂ ਕਿਆਸ ਅਰਾਈਆਂ ਲਾ ਰਹੇ ਹਨ

ਫਿਰ ਵੀ ਏ.ਆਈ. ਦੇ ਇਜਾਰੇਦਾਰ ਇਸ ਨੂੰ ਸੰਸਾਰ ਦੀ ਲਗਭਗ ਹਰ ਸਮੱਸਿਆ ਦਾ ਹੱਲ ਲੱਭ ਸਕਣ ਵਾਲੀ ਗਿੱਦੜ-ਸਿੰਗੀ ਗਰਦਾਨ ਰਹੇ ਹਨਆਪਣੇ ਅਸੀਮ ਮਾਇਕ ਸਾਧਨਾਂ ਅਤੇ ਅਥਾਹ ਅਸਰ-ਰਸੂਖ ਰਾਹੀਂ ਇਸਦੇ ਪਰਚਾਰ-ਪਸਾਰ ਲਈ ਪੂਰੀ ਵਾਹ ਲਾ ਰਹੇ ਹਨਇਸ ਨੂੰ ਸਮੁੱਚੀ ਤਕਨੌਲੋਜੀ ’ਤੇ ਹਾਵੀ ਕਰਨਾ ਇਨ੍ਹਾਂ ਦੀ ਹੀ ਸੋਚੀ-ਸਮਝੀ ਨੀਤੀ ਹੈ ਕਿਉਂਕਿ ਇਸ ਰਾਹੀਂ ਤਕਨੌਲੋਜੀ ਇਨ੍ਹਾਂ ਲਈ ਅੰਨ੍ਹੀ ਕਮਾਈ ਦਾ ਸੌਖਾ ਸਾਧਨ ਬਣ ਚੁੱਕੀ ਹੈਜ਼ਿਕਰਯੋਗ ਹੈ ਕਿ ਅੱਜ ਸੰਸਾਰ ਦੇ ਦਸ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਛੇ ਸਿੱਧੇ ਇਸ ਖੇਤਰ ਨਾਲ ਜੁੜੇ ਹੋਏ ਹਨ ਅਤੇ ਬਾਕੀ ਚਾਰ ਪੂਰੀ ਤਰ੍ਹਾਂ ਇਸ ’ਤੇ ਨਿਰਭਰ ਹਨਕਹਿਣ ਨੂੰ ਇਹ ਸਭ ਬਹੁਤ ਦਾਨ-ਪੁੰਨ ਕਰਦੇ ਹਨ ਅਤੇ ਵਿੱਦਿਆ, ਸਿਹਤ-ਸੰਭਾਲ, ਵਾਤਾਵਰਣ ਸਣੇ ਅਨੇਕਾਂ ਖੇਤਰਾਂ ਵਿੱਚ ਹਰ ਕਿਸਮ ਦੇ ਪਰਉਪਕਾਰ ਕਰਦੇ ਹਨ ਪਰ ਆਪਾਂ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ 150 ਕੁ ਸਾਲ ਪਹਿਲਾਂ ਦੇ ਤਕਨੌਲੋਜੀ ਦੇ ਇਜਾਰੇਦਾਰਾਂ ਨੂੰ ‘ਰੌਬਰ-ਬੈਰਨਜ’ ਕਹਿ ਕੇ ਤਰਿਸਕਾਰਿਆ ਜਾਂਦਾ ਹੈਭਾਵੇਂ ਅੱਜ ਦੇ ਇਜਾਰੇਦਾਰ ਸਿੱਧੇ ਤੌਰ ’ਤੇ ਕਾਲਖ ਦੇ ਇਸ ਟਿੱਕੇ ਤੋਂ ਬਚਣਾ ਸਿੱਖ ਗਏ ਹਨ ਪਰ ਫਰਕ ਕੋਈ ਨਹੀਂਦਲੇਰ ਲੇਖਕ ਆਪਣੀਆਂ ਕਿਤਾਬਾਂ ਅਤੇ ਲੇਖਾਂ ਵਿੱਚ ਇਹ ਗੱਲ ਖੁੱਲ੍ਹ ਕੇ ਕਹਿ ਰਹੇ ਹਨਇਨ੍ਹਾਂ ਇਜਾਰੇਦਾਰਾਂ ਨੇ ਅੱਜ ਦੇ ਸੰਸਾਰ ਨੂੰ ਏ.ਆਈ. ਦੀ ਚਕਾਚੌਂਧ ਵਿੱਚ ਗ਼ਲਤਾਨ ਕਰ ਕੇ ਅਸਲ ਸੰਸਾਰਿਕ ਲੋੜਾਂ ਅਤੇ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਅਵੇਸਲਾ ਕਰ ਰੱਖਿਆ ਹੈ

ਏ.ਆਈ. ਦੀ ਲਿਫਾਫੇਬਾਜ਼ੀ ਨੂੰ ਸਮਝਣ ਦਾ ਇੱਕ ਦ੍ਰਿਸ਼ਟਾਂਤ ਇਹ ਹੈ: ਆਪਾਂ ਇੱਕ ਵਧੀਆ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹਾਂਵੇਟਰਾਂ ਤੋਂ ਲੈ ਕੇ, ਸਫਾਈ, ਬੈਠਣ ਦਾ ਇੰਤਜ਼ਾਮ, ਸਰਵਿਸ ਦਾ ਮਿਆਰ, ਖਾਣੇ ਦਾ ਸੁਆਦ ਸਭ ਕੁਛ ਸਾਡੇ ਪਸੰਦ ਹੈਖੁਸ਼ ਹੋ ਕੇ ਅਸੀਂ ਵੇਟਰ ਨੂੰ ਅੱਛੀ ਖਾਸੀ ਟਿੱਪ ਦਿੰਦੇ ਹਾਂ। ਰੈਸਟੋਰੈਂਟ ਦੇ ਰਜਿਸਟਰ ਵਿੱਚ ਪ੍ਰਸ਼ੰਸਾ ਵੀ ਦਰਜ ਕਰਦੇ ਹਾਂ ਅਤੇ ਬਾਅਦ ਵਿੱਚ ਮਿੱਤਰਾਂ-ਦੋਸਤਾਂ ਨੂੰ ਉੱਥੇ ਜਾਣ ਦੀ ਸਿਫ਼ਾਰਿਸ਼ ਵੀ ਕਰਦੇ ਹਾਂਪਰ ਜੇ ਖਾਣੇ ਲਈ ਵਰਤੀ ਅਨੇਕਾਂ ਕਿਸਮ ਦੀ ਸਮਗਰੀ ਅਤੇ ਇਸਦੀ ਉਪਜ ਦਾ ਪੂਰਾ ਖੇਤੀ-ਬਾੜੀ ਸਿਸਟਮ, ਢੋਅ-ਢੁਆਈ ਅਤੇ ਖਾਣੇ ਦੀ ਤਿਆਰੀ ਵਿੱਚ ਵਰਤੀ ਬਿਜਲੀ/ਊਰਜਾ ਆਦਿ ਨੂੰ ਡੁੰਘਾਈ ਵਿੱਚ ਵਿਚਾਰੀਏ ਤਾਂ ਰੈਸਟੋਰੈਂਟ ਦਾ ਸਭ ਕਾਰੋਬਾਰ ਇਸ ਅੱਗੇ ਬਹੁਤ ਛੋਟਾ ਲਗਦਾ ਹੈਪਰ ਆਪਾਂ ਨੂੰ ਦਿਸ ਇਹ ਹੀ ਰਿਹਾ ਹੈ, ਕਿਉਂਕਿ ਰੈਸਟੋਰੈਂਟ ਨੇ ਇਸ਼ਤਿਹਾਰਬਾਜ਼ੀ ਰਾਹੀਂ ਪਰਚਾਰ ਬਹੁਤ ਕੀਤਾ ਹੋਇਆ ਹੈ

ਤਕਨੌਲੋਜੀ ਦੇ ਇਨ੍ਹਾਂ ਦੋਹਾਂ ਪੱਖਾਂ ਨੂੰ ਦੇਖ ਕੇ ਆਪਾਂ (ਜਨ-ਸਧਾਰਨ) ਬਹੁਤ ਦੁਬਿਧਾ ਵਿੱਚ ਹਾਂਅੱਜ ਦੇ ਸਾਧਨ-ਸੰਪੰਨ ਅਤੇ ਖ਼ੁਸ਼ਹਾਲ ਸੰਸਾਰ ਵਿੱਚ ਵੀ ਆਪਣੇ ਲਈ ਇੱਕ ਪ੍ਰਸੰਨਮਈ ਜੀਵਨ ਜਿਊਣਾ ਅਤੇ ਹੋਰਾਂ ਦੇ ਇਸ ਤਰ੍ਹਾਂ ਦੇ ਜੀਵਨ ਜਿਊਣ ਲਈ ਮਦਦਗਾਰ ਹੋਣਾ ਮੁੱਖ ਚੁਣੌਤੀ ਬਣ ਗਿਆ ਹੈਹਾਲਾਂ ਕਿ ਆਪਾਂ ਇਸ ਤਰ੍ਹਾਂ ਦੇ ਹਾਲਾਤ ਲਈ ਬਿਲਕੁਲ ਹੀ ਜ਼ਿੰਮੇਵਾਰ ਨਹੀਂ, ਫਿਰ ਵੀ ਆਪਣੇ ਸਭ ਦੇ ਜੀਵਨਾਂ ’ਤੇ ਇਨ੍ਹਾਂ ਇਜਾਰੇਦਾਰਾਂ ਵੱਲੋਂ ਲਏ ਗਏ ਅਤੇ ਲਏ ਜਾ ਰਹੇ ਫੈਸਲਿਆਂ ਦਾ ਪੂਰਾ ਅਸਰ ਹੈਇਹ ਗੱਲ ਸਾਨੂੰ ਚੰਗੀ ਲੱਗੇ ਨਾ ਲੱਗੇ ਪਰ ਸਾਡੇ ਜੀਵਨ ’ਤੇ ਅਸਰ ਪਾਉਣ ਵਾਲੀ ਹਰ ਖੋਜ, ਇਨ੍ਹਾਂ ਵੱਡੀਆਂ ਕੰਪਨੀਆਂ ਵੱਲੋਂ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈਸਾਡੀ ਵਰਤੋਂ ਲਈ ਜ਼ਰੂਰੀ ਹਰ ਜੰਤਰ ਇਨ੍ਹਾਂ ਵੱਲੋਂ ਬਣਾਇਆ ਗਿਆ ਜਾਂ ਬਣਾਇਆ ਜਾ ਰਿਹਾ ਹੈਇਹ ਅਸਲੀਅਤ ਹੈ, ਅਸੀਂ ਇਸ ਤੋਂ ਬਚ ਨਹੀਂ ਸਕਦੇ ਅਤੇ ਕੁਛ ਕਰ ਵੀ ਨਹੀਂ ਸਕਦੇਹਾਂ, ਅਸੀਂ ਇਹ ਕਰ ਸਕਦੇ ਹਾਂ ਕਿ ਇਨ੍ਹਾਂ ਦੀ ਸਦ-ਵਰਤੋਂ ਕਰਨਾ ਸਿੱਖੀਏ ਅਤੇ ਇਨ੍ਹਾਂ ਦੇ ਮੰਦੇ ਅਸਰਾਂ ਤੋਂ ਬਚਣਾ ਸਿੱਖੀਏਇਸ ਲਈ ਜ਼ਰੂਰੀ ਹੈ ਕਿ ਅਸੀਂ ਇਜਾਰੇਦਾਰਾਂ ਦੇ ਹੱਥਕੰਡਿਆਂ ਨੂੰ ਸਮਝੀਏ ਅਤੇ ਇਨ੍ਹਾਂ ਤੋਂ ਚਿਤੰਨ ਰਹੀਏਏ.ਆਈ. ਦੀ ਚਕਾਚੌਂਧ ਵਿੱਚ ਗ਼ਲਤਾਨ ਹੋ ਕੇ ਅਸਲ ਸੰਸਾਰਿਕ ਲੋੜਾਂ ਅਤੇ ਸਮੱਸਿਆਵਾਂ ਤੋਂ ਅਵੇਸਲੇ ਨਾ ਹੋਈਏਇਹ ਕਰਨ ਲਈ ਆਪਾਂ ਨੂੰ ਇਜਾਰੇਦਾਰਾਂ ਵੱਲੋਂ ਇਸ ਰਾਹੀਂ ਕੀਤੀ ਜਾ ਰਹੀ ਲੁੱਟ-ਖਸੁੱਟ ਦੇ ਤਰੀਕਿਆਂ ਬਾਰੇ ਜਾਗਰੂਕ ਹੋਣ ਦੀ ਲੋੜ ਹੈਇਸ ਲੁੱਟ-ਖਸੁੱਟ ਨਾਲ ਹੋ ਰਹੇ ਸਾਡੇ ਵਿਅਕਤੀਗਤ ਅਤੇ ਸਮੂਹਕ ਨੁਕਸਾਨ ਤੋਂ ਬਚਣ ਦੇ ਉਪਾਅ ਕਰਨੇ ਜ਼ਰੂਰੀ ਹਨਸੋ ਤਕਨੌਲੋਜੀ ਦੀ ਅੱਜ ਦੀ ਸਥਿਤੀ ’ਤੇ ਸੰਖੇਪ ਨਜ਼ਰਸਾਨੀ ਕਰਦੇ ਹਾਂ:

ਇਤਿਹਾਸਿਕ ਪੱਖੋਂ ਤਕਨੌਲੋਜੀ ਮਨੁੱਖਤਾ ਜਿੰਨੀ ਹੀ ਪੁਰਾਣੀ ਹੈਪੱਥਰ ਨਾਲ ਕੋਈ ਚੀਜ਼ ਭੰਨ ਲੈਣੀ ਅਤੇ ਵੱਟਾ ਮਾਰ ਕੇ ਦਰੱਖਤ ਤੋਂ ਫਲ ਤੋੜ ਲੈਣਾ ਵੀ ਤਕਨੌਲੋਜੀ ਹੈਉਸ ਸਮੇਂ ਤੋਂ ਸ਼ੁਰੂ ਹੋ ਕੇ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਮੇਂ ਅਤੇ ਸਥਾਨ ਅਨੁਸਾਰ ਔਜ਼ਾਰ ਅਤੇ ਜੰਤਰ ਬਣਾਉਂਦੇ ਰਹੇ ਹਨਅਬਾਦੀ ਦੇ ਵਾਧੇ ਦੀ ਦਰ ਬਹੁਤ ਘੱਟ ਹੋਣ ਕਰ ਕੇ ਤਕਨੌਲੋਜੀ ਦਾ ਵਿਕਾਸ ਵੀ ਘੱਟ ਹੋਇਆਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਦੇ ਜੀਵਨ ਅਤੇ ਅੱਜ ਤੋਂ ਤਿੰਨ ਹਜ਼ਾਰ ਪਹਿਲਾਂ ਦੇ ਜੀਵਨ ਅਤੇ ਔਜਾਰਾਂ/ਜੰਤਰਾਂ ਵਿੱਚ ਬਹੁਤਾ ਫਰਕ ਨਹੀਂ ਸੀਇਹ ਜਿਊਣ-ਢੰਗ ਨੂੰ ਸੌਖਾ ਕਰਨ ਦਾ ਵਸੀਲਾ ਵੱਧ ਅਤੇ ਲੁੱਟ-ਖਸੁੱਟ ਦਾ ਵਸੀਲਾ ਘੱਟ ਸਨ ਕਿਉਂਕਿ ਇਹ ਕੰਮ-ਸਾਰੂ ਅਤੇ ਕਿਫ਼ਾਇਤੀ ਸਨ ਔਜਾਰ, ਜੰਤਰ, ਸੰਦ ‘ਲੋੜ ਕਾਢਾਂ ਦੀ ਮਾਂ ਹੈ’ ਦੇ ਸਿਧਾਂਤਾਂ ਅਨੁਸਾਰ ਬਣਾਏ ਜਾਂਦੇ ਸਨਪਰ ਹੁਣ ਸਿਸਟਮ ਨੂੰ ਉਲਟਾ ਕਰ ਕੇ ‘ਕਾਢ ਨੂੰ ਲੋੜਾਂ ਦੀ ਮਾਂ’ ਬਣਾ ਦਿੱਤਾ ਹੈਅੱਜ ਇਸ਼ਤਿਹਾਰਬਾਜ਼ੀ ਦੇ ਜ਼ੋਰ ਨਾਲ ਉਨ੍ਹਾਂ ਗੈਰ-ਜ਼ਰੂਰੀ ਚੀਜ਼ਾਂ ਨੂੰ ਵੀ ਸਾਡੀਆਂ ‘ਲੋੜਾਂ’ ਬਣਾ ਦਿੱਤਾ ਗਿਆ ਹੈ, ਜੋ ਇਜਾਰੇਦਾਰਾਂ ਵਾਸਤੇ ਵੱਧ ਕਮਾਈ ਦਾ ਸਾਧਨ ਹੋਣ, ਭਾਵੇਂ ਜਨ-ਸਧਾਰਨ ਅਤੇ ਧਰਤੀ ਦੇ ਵਾਤਾਵਰਣ ਅਤੇ ਸ੍ਰੋਤਾਂ ਵਾਸਤੇ ਕਿੰਨੀਆਂ ਵੀ ਨੁਕਸਾਨਦਾਇਕ ਕਿਉਂ ਨਾ ਹੋਣਤਕਨੌਲੋਜੀ ਦੀ ਉਪਯੋਗਤਾ ਕਰ ਕੇ ਹੀ ਹਰ ਯੁਗ ਵਿੱਚ ਇਸ ਉੱਤੇ ਇਹੋ ਜਿਹੇ ਇਜਾਰੇਦਾਰਾਂ ਦਾ ਕਬਜ਼ਾ ਰਿਹਾ ਹੈਇਸ ਉਪਯੋਗੀ ਸਾਧਨ ਸਣੇ, ਤਾਕਤ ਦੇ ਹਰ ਸਾਧਨ ’ਤੇ ਇਜਾਰੇਦਾਰੀ ਦਾ ਕਾਬਜ਼ ਹੋਣਾ ਅਤੇ ਰਹਿਣਾ ਇੱਕ ਇਤਿਹਾਸਕ ਸਚਾਈ ਹੈਅੱਜ ਦੀ ਤਕਨੌਲੋਜੀ ਨੂੰ ਉਸੇ ਰਾਹ ’ਤੇ ਤੋਰ ਦੇਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ, ਇਹ ਕੋਈ ਨਵਾਂ ਵਰਤਾਰਾ ਨਹੀਂ

ਇਸ ਕਥਨ ਦਾ ਭਾਵ ਅੱਜ ਦੀ ਤਕਨੌਲੋਜੀ ਨੂੰ ਨਕਾਰਨਾ ਜਾਂ ਇਸਦੀ ਵਿਰੋਧਤਾ ਕਰਨਾ ਨਹੀਂਇਸਦੀ ਉਪਯੋਗਤਾ ਕਰ ਕੇ ਹੀ ਇਸ ਨੂੰ ਸੋਨੇ ਦੇ ਬਿੰਬ ਨਾਲ ਦਰਸਾਇਆ ਗਿਆ ਹੈਸਪਸ਼ਟ ਹੈ ਕਿ ਤਕਨਾਲੋਜੀ ਤਾਂ ਇੱਕ ਸਾਧਨ ਹੈ, ਇਸ ਨੂੰ ਬੁਰਾ ਕਹਿਣਾ ਹਰਗਿਜ਼ ਉਚਿਤ ਨਹੀਂਫਰਜ਼ ਕਰੀਏ ਕਿ ਇੱਕ ਕਾਰ ਹਾਈ-ਵੇ ’ਤੇ ਪਰਵਾਨਿਤ ਸਪੀਡ ਤੋਂ ਵੱਧ ਤੇਜ਼ੀ ਨਾਲ ਦੌੜ ਰਹੀ ਹੈਇਸ ਵਿੱਚ ਕਸੂਰ ਕਾਰ ਦਾ ਨਹੀਂ, ਉਸ ਡਰਾਇਵਰ ਦਾ ਹੈ ਜੋ ਆਪਣੇ ਵਕਤੀ ਹੁਲਾਸ ਵਾਸਤੇ ਤੇਜ਼-ਰਫਤਾਰੀ ਦੇ ਨੁਕਸਾਨਾਂ ਨੂੰ ਅੱਖੋਂ-ਪਰੋਖੇ ਕਰਦਾ ਹੈਤਕਨੌਲੋਜੀ ਰੂਪੀ ਕਾਰ ਦਾ ਐਕਸਲਰੇਟਰ ਦੱਬਣਾ ਕਮਾਊ ਵੀ ਹੈ ਅਤੇ ਹੁਲਾਸ-ਪੂਰਨ ਵੀ ਹੈ ਪਰ ਇਸਦੇ ਨਤੀਜੇ ਹਮੇਸ਼ਾ ਮਾਰੂ ਹੁੰਦੇ ਹਨਚੰਗਾ-ਮੰਦਾ ਤਾਂ ਇਸ ਨੂੰ ਖੁਦਗਰਜ਼ ਮੰਤਵਾਂ ਵਾਸਤੇ ਵਰਤਣ ਵਾਲਾ ਮਨੁੱਖ ਹੈ, ਜਿਸਦੀਆਂ ਕੁਦਰਤੀ ਪ੍ਰਵਿਰਤੀਆਂ ਓਹੀ ਹਨ, ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਨਇਸ ਕਰ ਕੇ ਇਸ ਨੂੰ ਕੁਰਾਹੇ ਪੈਣ ਤੋਂ ਰੋਕਣ ਦਾ ਢੰਗ ਅੱਜ ਵੀ ਅੰਕੁਸ਼ ਹੈ, ਸਖ਼ਤ ਨਿਯੰਤਰਣ ਹੈ, ਜਿਸ ਤੋਂ ਇਸਦੇ ਇਜਾਰੇਦਾਰ ਆਪਣੀਆਂ ਸ਼ਾਤਰ ਨੀਤੀਆਂ ਨਾਲ ਬਚ ਰਹੇ ਹਨਇਸ ਵਿਵਰਣ (ਵਿਆਖਿਆ) ਦਾ ਮਤਲਬ ਇਹ ਦੱਸਣਾ ਹੈ ਕਿ ਇਹ ਗਲਤ ਹੱਥਾਂ ਵਿੱਚ ਆ ਚੁੱਕੀ ਹੈ, ਜੋ ਅੱਜ ਦੇ ਯੁਗ ਵਿੱਚ ਸਹਿਣਯੋਗ ਨਹੀਂ

ਅੱਜ ਸੰਸਾਰ ਆਪਣੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਸਮੱਸਿਆਵਾਂ ਵਲ ਬਣਦਾ ਧਿਆਨ ਨਹੀਂ ਦੇ ਰਿਹਾਸਾਡੇ ਚੋਟੀ ਦੇ ਦਿਮਾਗ, ਮਾਇਕ ਸਾਧਨ ਅਤੇ ਸਮਾਂ ਤਕਨੌਲੋਜੀ ਦੇ ਵਿਕਾਸ ਅਤੇ ਪਰਚਾਰ-ਪਸਾਰ ਵਾਸਤੇ ਵਰਤੇ ਜਾ ਰਹੇ ਹਨ, ਅੱਗੋਂ ਉਸਦੇ ਵੀ ਏ.ਆਈ. ਅਤੇ ਕੰਪਿਊਟਰ ਸਾਇੰਸ ਦੇ ਖੇਤਰ ਲਈਇਸ ਖੇਤਰ ਨੂੰ ਦਿੱਤੀ ਜਾ ਰਹੀ ਨਜਾਇਜ਼ ਪਹਿਲ ਕਰ ਕੇ ਹੀ ਪਿਛਲੇ 65-70 ਸਾਲ ਤੋਂ ਖੇਤੀ-ਬਾੜੀ, ਉਦਯੋਗ, ਨਿਰਮਾਣ ਖੇਤਰ ਆਦਿ ਵਿੱਚ ਕੋਈ ਜੁਗ-ਪਲਟਾਊ ਕਾਢ ਜਾਂ ਖੋਜ ਨਹੀਂ ਕੀਤੀ ਜਾ ਸਕੀ, ਹਾਲਾਂਕਿ ਇਨ੍ਹਾਂ ਦੀ ਬਹੁਤ ਲੋੜ ਹੈਉਦਹਾਰਣ ਵਜੋਂ ਖੇਤੀ-ਬਾੜੀ ਦੀ ਸਭ ਤੋਂ ਜ਼ਰੂਰੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਫਸਲਾਂ ਵਿਕਸਿਤ ਕੀਤੀਆਂ ਜਾਣ ਜੋ ਦਾਲਾਂ ਵਾਂਗ ਹਵਾ ਵਿੱਚੋਂ ਨਾਈਟ੍ਰੋਜਨ ਦੀ ਸਿੱਧੀ ਵਰਤੋਂ ਕਰ ਸਕਣਅਨਾਜ ਅਤੇ ਖੁਰਾਕ ਦੀ ਬਰਬਾਦੀ ਨੂੰ ਰੋਕਣਾ ਵੱਡਾ ਕੰਮ ਹੈ ਅਤੇ ਇਸ ਲਈ ਕਿਸੇ ਨਵੀਂ ਕਾਢ ਦੀ ਲੋੜ ਹੀ ਨਹੀਂਐਟਮੀ ਬਿਜਲੀ ਦੇ ‘ਫਿਉਜਨ’ ਢੰਗ ਦੇ ਵਿਕਸਿਤ ਕਰਨ ਦੀ ਲੋੜ ਹੈਆਰਥਿਕ, ਸਮਾਜਿਕ ਅਤੇ ਰਾਜਨੀਤਕ ਸਿਸਟਮਾਂ ਨੂੰ ‘ਅੱਪ-ਡੇਟ’ ਕਰਨ ਦੀ ਫ਼ੌਰੀ ਲੋੜ ਹੈਵਾਤਾਵਰਣ, ਅੱਤਵਾਦ, ਪਰਵਾਸ, ਭੁੱਖ-ਮਰੀ, ਗਰੀਬੀ, ਨਾ-ਬਰਾਬਰੀ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਅੱਜ ਦੀ ਤਕਨੌਲੋਜੀ ਅਤੇ ਇਸਦੇ ਇਜਾਰੇਦਾਰ ਕਦੇ ਜ਼ਿਕਰ ਨਹੀਂ ਕਰਦੇ ਅਤੇ ਨਾ ਹੀ ਇਨ੍ਹਾਂ ਕੋਲ ਇਨ੍ਹਾਂ ਦਾ ਕੋਈ ਸਮਾਧਾਨ ਹੈ ਇਸ ਕਰ ਕੇ ਅੱਜ ਸੰਸਾਰ ਵਿੱਚ ਅਨੇਕਾਂ ‘ਏ.ਆਈ. ਐਥੀਸਿਸਟ’, ‘ਵਿਸਲ-ਬਲੋਅਰਜ਼’ ਅਤੇ ਤਕਨੌਲੋਜੀ ਨੂੰ ਕਦਰਾਂ-ਕੀਮਤਾਂ ਅਨੁਸਾਰ ਵਿਕਾਸ ਕਰਨ ਦੇ ਮੁਦਈ ਆਪਣੀਆਂ ਅਵਾਜ਼ਾਂ ਬੁਲੰਦ ਕਰ ਰਹੇ ਹਨਤਕਨੌਲੋਜੀ ਨੂੰ ਸਰਬ-ਸਾਂਝੀ ਭਲਾਈ ਲਈ ਵਰਤਣ ਲਈ ਸਰਕਾਰਾਂ ਨੂੰ ਇਸਦੇ ਨਿਜੰਤਰਣ ਲਈ ਜ਼ੋਰ ਪਾ ਰਹੇ ਹਨਇੱਥੋਂ ਤਕ ਕਿ ਯੂ.ਐੱਨ.ਓ. ਇਸ ਬਾਰੇ ਬਹੁਤ ਚਿੰਤਿਤ ਅਤੇ ਚਿਤੰਨ ਹੈ ਅਤੇ ਹਾਈ-ਪਾਵਰ ਕਮੇਟੀਆਂ ਰਾਹੀਂ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਅਗਵਾਈ ਦੇ ਰਿਹਾ ਹੈਨਿਰਸੰਦੇਹ ਇਹ ਸਭ ਸਿਫ਼ਾਰਿਸ਼ਾਂ ਅਤੇ ਸਲਾਹਾਂ ਹਨ, ਜਿਨ੍ਹਾਂ ਪਿੱਛੇ ਕੋਈ ਕਾਨੂੰਨੀ ਤਾਕਤ ਨਹੀਂਫਿਰ ਵੀ ਇਹ ਵਿਚਾਰਧਾਰਾ ਇੱਕ ਵੱਡੀ ਲਹਿਰ ਬਣ ਗਈ ਹੈ, ਜਿਸਦੇ ਚੰਗੇ ਅਸਰ ਦਿਸ ਰਹੇ ਹਨਜਿਵੇਂ ਕਿ ਪਹਿਲਾਂ ਵਿਚਾਰਿਆ ਗਿਆ ਹੈ ਕਿ ਅਸੀਂ ਏ.ਆਈ. ਸਣੇ ਸਮੁੱਚੀ ਤਕਨੌਲੋਜੀਆਂ ਦੀ ਅਸਲੀਅਤ ਤੋਂ ਭੱਜ ਨਹੀਂ ਸਕਦੇਹਾਂ, ਇਹ ਕਰ ਸਕਦੇ ਹਾਂ ਕਿ ਇਨ੍ਹਾਂ ਦੀ ਸਦ-ਵਰਤੋਂ ਕਰਨਾ ਸਿੱਖੀਏ ਅਤੇ ਨਾਲ ਹੀ ਇਨ੍ਹਾਂ ਦੇ ਮੰਦੇ ਅਸਰਾਂ ਤੋਂ ਬਚਣਾ ਸਿੱਖੀਏਸੰਸਾਰ ਪ੍ਰਸਿੱਧ ਮਨੋਵਿਗਿਆਨੀ, ਸਮਾਜ-ਸੁਧਾਰਕ, ਏ.ਆਈ. ਦੇ ਮਾਹਿਰ ਅਤੇ ਰਾਜਸੀ ਲੀਡਰ, ਆਪਣੀਆਂ ਖੋਜਾਂ ਅਤੇ ਲਿਖਤਾਂ ਰਾਹੀਂ ਇਸ ਲਈ ਢੰਗ-ਤਰੀਕੇ ਦੱਸ ਰਹੇ ਹਨ

ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਸਭ ਦੀਆਂ ਸਿੱਖਿਆਵਾਂ ਇੱਕੋ ਜਿਹੀਆਂ ਹਨ ਅਤੇ ਅੱਜ ਦੇ ਪੱਛਮੀ ਜਗਤ ਦੀ ਨਵੀਂ ਵਿਚਾਰਧਾਰਾ ‘Finding Modern Truth in Ancient Wisdom’ ਅਨੁਸਾਰ ਹਨਇਹ ਵਿਚਾਰਧਾਰਾ ਅੱਗੇ ਸਾਡੇ ਮਹਾਂ-ਪੁਰਖਾਂ ਦੀਆਂ ਚਿਰ-ਕਾਲੀ ਸਿੱਖਿਆਵਾਂ ’ਤੇ ਅਧਾਰਿਤ ਹੈਅੱਜ ਦੇ ਚੋਟੀ ਦੇ ਇਤਿਹਾਸਕਾਰ-ਫਿਲਾਸਫਰ ਯੁਵਲ ਹਰਾਰੀ ਦੀ ਇੱਕ ਮਾਅਰਕੇਦਾਰ ਨਸੀਹਤ ਹੈ ਕਿ ਅੱਜ ਗੂਗਲ ਅਤੇ ਹੋਰ ਏਜੰਸੀਆਂ ਸਾਡੀ ‘ਪਛਾਣ’ ਕਰ ਕੇ ਹੀ ਸਾਡਾ ਸ਼ੋਸ਼ਣ ਕਰ ਸਕਦੀਆਂ ਹਨਜੇ ਅਸੀਂ ‘ਆਪਣੇ-ਆਪ ਨੂੰ ਪਛਾਣਨ’ ਵਿੱਚ ਅਤੇ ਉਨ੍ਹਾਂ ਵੱਲੋਂ ‘ਸਾਨੂੰ ਪਛਾਨਣ’ ਦੀ ਦੌੜ ਵਿੱਚ ਪਿੱਛੇ ਰਹਿ ਗਏ ਤਾਂ ਸਾਡਾ ਸ਼ੋਸ਼ਣ ਲਾਜ਼ਮੀ ਹੈਜੇ ਅਸੀਂ ਤਕਨੌਲੋਜੀ ਦੇ ਮੰਦੇ ਅਸਰਾਂ ਤੋਂ ਬਚਦੇ ਹੋਏ ਇਸਦੀ ਸਦ-ਵਰਤੋਂ ਕਰ ਕੇ ਨਿਸ਼ਚਿੰਤ ਅਤੇ ਪ੍ਰਸੰਨਮਈ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਪਹਿਲੀ ਪਾਤਸ਼ਾਹੀ ਦੇ ਉਪਦੇਸ਼ ਅਨੁਸਾਰ, ਆਪਣਾ ਮੂਲ ਪਛਾਣਨਾ ਸਿੱਖੀਏKnow Thyself’, ਹਜ਼ਾਰਾਂ ਸਾਲ ਪਹਿਲਾਂ ਦੀ ਯੂਨਾਨੀ ਨਸੀਹਤ ਵੀ ਹੈਦੂਜੀ ਨਸੀਹਤ ਵਿੱਚ ਹਰਾਰੀ ਖੇਡਾਂ ਅਤੇ ਪਰਮਾਰਥ ਨੂੰ ਅਪਣਾਉਣ ਦੀ ਗੱਲ ’ਤੇ ਜ਼ੋਰ ਦਿੰਦੇ ਹਨਇਹ ਸਵੈਸੁਧਾਰ ਅਤੇ ਸਵੈਵਿਕਾਸ ਦਾ ਵਿਸ਼ਾ ਹੈ, ਜੋ ਔਖਾ ਕੰਮ ਹੈ ਪਰ ਸਾਡਾ ਮੁਢਲਾ ਫਰਜ਼ ਹੈਜੇ ਅਸੀਂ ਤਕਨੌਲੋਜੀ ਦੇ ਸੋਨੇ ਨੂੰ ਇਸ ਤਰ੍ਹਾਂ ਪਹਿਨਾਗੇ ਤਾਂ ਇਹ ਸਾਡੇ ਕੰਨਾਂ ਨੂੰ ਨਹੀਂ ਖਾਏਗਾ, ਬਲਕਿ ਸਾਡੀ ਦਿੱਖ ਨੂੰ ਨਿਖਾਰੇਗਾਹਰ ਉਮਰ ਦੇ ਬੰਦੇ ਲਈ ਕੁਛ ਹੋਰ ਸਿੱਖਿਆਵਾਂ ਇਹ ਹਨ:

1. ਮਨੁੱਖੀ ਗੁਣਾਂ ਨੂੰ ਅਪਣਾਈਏਹਮਦਰਦੀ, ਰਚਨਾਤਮਿਕਤਾ, ਸਬਰ-ਸੰਤੋਖ ਅਤੇ ਨੈਤਿਕਤਾ ਵਰਗੇ ਗੁਣਾਂ ਨੂੰ ਆਪਣੀ ਸਫਲਤਾ ਦਾ ਅਧਾਰ ਬਣਾਈਏ

2. ਤਕਨੌਲੋਜੀਆਂ ਨੂੰ ਆਪਣੇ-ਆਪ ’ਤੇ ਭਾਰੂ ਨਾ ਹੋਣ ਦੇਈਏ, ਇਨ੍ਹਾਂ ਨੂੰ ਕਾਬੂ ਕਰਨਾ ਸਿੱਖੀਏਇਨ੍ਹਾਂ ਦੀ ਸਦ-ਵਰਤੋਂ ਦਾ ਹੁਨਰ ਸਿੱਖੀਏ। ਇਨ੍ਹਾਂ ਰਾਹੀਂ ਇਜ਼ਾਰੇਦਾਰਾਂ ਵੱਲੋਂ ਲੁੱਟ ਨਾ ਹੋਈਏ

3. ਇਸ ਸਚਾਈ ਨੂੰ ਸਮਝੀਏ ਕਿ ਜੋ ਕੰਮ ਏ.ਆਈ. ਨਹੀਂ ਕਰ ਸਕਦੀ- ਜਿਵੇਂ ਕਿ ਸੰਵੇਦਨਸ਼ੀਲਤਾ, ਰਚਨਾਤਮਿਕਤਾ ਅਤੇ ਨੈਤਿਕ ਵਿਹਾਰ ਆਦਿ ਮਨੁੱਖੀ ਗੁਣ - ਉਹ ਸਾਡੀਆਂ ਤਾਕਤਾਂ ਹਨਇਨ੍ਹਾਂ ਦਾ ਹੋਰ ਵਿਕਾਸ ਕਰੀਏ

4. ਤਕਨੌਲੋਜੀ ਦੀ ਚਕਾਚੌਂਧ ਵਿੱਚ ਮਨ ਦੀ ਸਥਿਰਤਾ ਹੀ ਪ੍ਰਸੰਨਤਾ ਦਾ ਅਸਲ ਸਰੋਤ ਹੈਬਾਹਰੀ ਜਿੱਤਾਂ ਤੋਂ ਪਹਿਲਾਂ ਅੰਦਰਲੀਆਂ ਜਿੱਤਾਂ ਜ਼ਰੂਰੀ ਹਨ

5. ਏ.ਆਈ. ਸਾਡੀਆਂ ਆਦਤਾਂ ਜਾਣ ਸਕਦੀ ਹੈ, ਪਰ ਸਾਡੇ ਨਾਲ ਜ਼ਿੰਦਗੀ ਦੇ ਦੁੱਖ-ਸੁਖ ਸਾਂਝੇ ਨਹੀਂ ਕਰ ਸਕਦੀਮਨੁੱਖੀ ਰਿਸ਼ਤਿਆਂ ਦੀ ਕਦਰ ਕਰੀਏ ਅਤੇ ਇਨ੍ਹਾਂ ਦੇ ਨੈੱਟਵਰਕ ਨੂੰ ਵੱਡਾ ਅਤੇ ਤਕੜਾ ਕਰੀਏ

6. ਪਹਿਲਾਂ ਵਾਲੀਆਂ ਨੌਕਰੀਆਂ ਘਟ ਰਹੀਆਂ ਹਨ ਪਰ ਨਵੀਂਆਂ ਆ ਰਹੀਆਂ ਹਨਏ.ਆਈ. ਨਾਲ ਜੁੜੇ ਨਵੇਂ ਵਿਸ਼ੇ ਸਿੱਖੀਏ ਅਤੇ ਆਪਣੇ ਕਿੱਤਿਆਂ ਵਿੱਚ ਨਵੀਨਤਾ ਲਿਆਈਏ

7. ਬੱਚਿਆਂ ਲਈ ਤਕਨੌਲੋਜੀ ਵਿਕਾਸ ਦਾ ਸਾਧਨ ਬਣੇ, ਆਸਰਾ ਨਹੀਂ‘ਨੋ ਸਕ੍ਰੀਨ ਦਿਨ’, ਕਹਾਣੀਆਂ ਅਤੇ ਸਰੀਰਕ ਕੰਮਾਂ ਨਾਲ ਉਨ੍ਹਾਂ ਦੇ ਵਿਕਾਸ ਨੂੰ ਤਕਨੌਲੋਜੀ ਨਾਲ ਵੀ ਜੋੜੀਏ ਅਤੇ ਸੰਤੁਲਿਤ ਰੱਖੀਏ

8. ਇਸ ਜਗਤ ਵਿੱਚ ਸਧਾਰਨ ਜੀਵਨ ਅਤੇ ਉੱਚੇ-ਸੁੱਚੇ ਵਿਚਾਰ ਸਭ ਤੋਂ ਵੱਡਾ ਆਸਰਾ ਬਣਦੇ ਹਨ

9. ਪਵਿੱਤਰ ਜੀਵਨ, ਡੂੰਘੀ ਸੋਚ, ਵਿਵੇਕ ਅਤੇ ਨਿਰਮਲ ਮਨ ਖੁਸ਼ਹਾਲੀ ਦਾ ਅਧਾਰ ਹਨ, ਇਨ੍ਹਾਂ ਨੂੰ ਅਪਣਾਈਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author